ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, August 20, 2010

ਸੁਖਿੰਦਰ - ਨਜ਼ਮ

ਗਲੋਬਲੀਕਰਨ

ਨਜ਼ਮ - 1

ਸੁਣ ਰਹੇ ਹੋ?

ਮੈਂ ਚੀਖ ਰਿਹਾ ਹਾਂ-

..........

ਜਾਣਦਾ ਹੋਇਆ ਵੀ ਕਿ

ਕਵਿਤਾ ਵਿੱਚ ਚੀਖਣਾ ਮਨ੍ਹਾਂ ਹੈ

..........

ਵੀਅਤਨਾਮ ਦੀ ਜੰਗ ਦੇ ਦਿਨੀਂ

ਬੌਬ ਡਿਲਨ ਨੇ ਵੀ ਸਥਿਤੀ ਨੂੰ ਸਮਝਦਿਆਂ

ਅਕੂਸਟਿਕ ਗਿਟਾਰ ਨੂੰ, ਇਲੈਕਟ੍ਰਿਕ ਗਿਟਾਰ

ਬਦਲ ਦਿੱਤਾ ਸੀ

...........

ਨਸਲਵਾਦ ਦੀ ਹਨੇਰੀ ਸਾਹਮਣੇ

ਮਾਰਟਿਨ ਲੂਥਰ ਕਿੰਗ ਨੇ

ਮੇਰੇ ਕੋਲ ਇੱਕ ਸੁਪਨਾ ਹੈਸ਼ਬਦ ਬੋਲਦਿਆਂ

ਮਨੁੱਖੀ ਭਾਵਨਾਵਾਂ ਦਾ ਮੀਲਾਂ ਲੰਬਾ

ਪਹਾੜ ਖੜ੍ਹਾ ਕਰ ਦਿੱਤਾ ਸੀ

..............

ਸਮਾਜ ਨੂੰ ਚੰਬੜੇ ਕਾਕਰੋਚ ਦੇਖਦਿਆਂ

ਮਾਓ-ਜ਼ੇ-ਤੁੰਗ ਨੇ

ਸਭਿਆਚਾਰਕ ਇਨਕਲਾਬ ਦੀ ਚੇਤਨਾ ਜਗਾਉਣ ਲਈ

ਹਜ਼ਾਰਾਂ ਮੀਲਾਂ ਦਾ ਸਫ਼ਰ ਤਹਿ ਕੀਤਾ ਸੀ

................

ਨੌਜੁਆਨ ਦਿਲਾਂ ਵਿੱਚ

ਇਨਕਲਾਬ ਦੀ ਜਾਗ ਲਗਾਉਣ ਲਈ

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ

ਅਸੈਂਬਲੀ ਵਿੱਚ ਬੰਬ ਦਾ ਧਮਾਕਾ

ਕਰਨਾ ਪਿਆ ਸੀ

................

ਮਹਾਂ ਭਾਰਤ ਦੀ ਜੰਗ ਵੇਲੇ

ਦੋਸਤ ਅਤੇ ਦੁਸ਼ਮਣ ਦੀ

ਸਹੀ ਪਹਿਚਾਣ ਕਰਵਾਉਣ ਲਈ

ਕ੍ਰਿਸ਼ਨ ਨੂੰ ਅਰਜੁਨ ਸੰਗ

ਲੜਾਈ ਦੇ ਮੈਦਾਨ ਵਿੱਚ ਹੀ

ਸੰਵਾਦ ਰਚਾਉਣਾ ਪਿਆ ਸੀ

...............

ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਲਈ

ਬਾਬਾ ਨਾਨਕ ਜਿਹੇ ਕਰਮ ਯੋਗੀ ਨੇ ਵੀ

ਬਾਬਰ ਵਰਗੇ ਜ਼ਾਲਮ ਨੂੰ

ਕੈਦਖ਼ਾਨੇ ਵਿੱਚ ਬੰਦ ਹੁੰਦਿਆਂ ਵੀ

ਵੰਗਾਰਿਆ ਸੀ

...............

ਮਨੁੱਖੀ ਇਤਿਹਾਸ ਕਦੀ ਮਰਦਾ ਨਹੀਂ

ਇਤਿਹਾਸ ਸਾਡੀ ਚੇਤਨਾ ਦੇ

ਕਣ ਕਣ ਵਿੱਚ ਜਿਉਂਦਾ ਹੈ

ਇਤਿਹਾਸ ਦੀਆਂ ਪੌੜੀਆਂ ਚੜ੍ਹ ਚੜ੍ਹ ਕੇ

ਅਸੀਂ ਤੁਰਨਾ ਸਿੱਖਦੇ ਹਾਂ

.............

ਆਪਣੇ ਸਮਿਆਂ ਦੀਆਂ ਚੁਣੌਤੀਆਂ ਨਾਲ ਲੜਨ ਲਈ

ਆਪਣੀ ਜ਼ਿੰਦਗੀ ਨੂੰ ਅਰਥਾਂ ਨਾਲ ਭਰਨ ਲਈ

ਸਾਨੂੰ, ਮਨੁੱਖੀ ਇਤਿਹਾਸ ਦੇ ਤਹਿਖ਼ਾਨਿਆਂ ਵਿੱਚ

ਬਾਰ ਬਾਰ ਉਤਰਨਾ ਪਵੇਗਾ

..............

ਆਪਣੇ ਮਨਾਂ ਦੀਆਂ ਤਖਤੀਆਂ ਉੱਤੇ

ਸ਼ਿਲਾਲੇਖਾਂ ਵਾਂਗ ਉੱਕਰੇ

ਮਨੁੱਖੀ ਇਤਿਹਾਸ ਦੇ ਸੁਨਹਿਰੀ ਕਾਰਨਾਮਿਆਂ ਤੋਂ

ਗਰਦ ਗੁਬਾਰ ਨੂੰ ਮੁੜ, ਮੁੜ ਝਾੜਨ ਲਈ

ਸਾਨੂੰ, ਮਨੁੱਖੀ ਇਤਿਹਾਸ ਦੀਆਂ ਗੁਫ਼ਾਵਾਂ ਵਿੱਚ

ਵਾਰ, ਵਾਰ ਉਤਰਨਾ ਪਵੇਗਾ

............

ਸੁਣ ਰਹੇ ਹੋ?

ਮੈਂ ਚੀਖ ਰਿਹਾ ਹਾਂ-

...........

ਜਾਣਦਾ ਹੋਇਆ ਵੀ ਕਿ

ਕਵਿਤਾ ਵਿੱਚ ਚੀਖਣਾ ਮਨ੍ਹਾਂ ਹੈ

=====

ਗਲੋਬਲੀਕਰਨ

ਨਜ਼ਮ -2

ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੀਆਂ

ਕੰਧਾਂ ਦੇ ਉਹਲੇ

ਸੱਪਾਂ ਦੀਆਂ ਖੁੱਡਾਂ ਨਾ ਬਣਨ ਦਿਓ-

..............

ਇਨ੍ਹਾਂ ਰਾਹਾਂ ਤੋਂ ਤਾਂ

ਉਨ੍ਹਾਂ ਲੋਕਾਂ ਨੇ ਹਨੇਰੇ ਸਵੇਰੇ ਲੰਘਣਾ ਹੈ

ਜਿਨ੍ਹਾਂ ਦੀਆਂ ਰੂਹਾਂ, ਇਨ੍ਹਾਂ ਘਰਾਂ

ਗੂੰਜਦੇ ਸ਼ਬਦਾਂ ਦੀ ਤਾਲ ਤੇ ਨੱਚਦੀਆਂ ਹਨ

ਜਿਨ੍ਹਾਂ ਦੇ ਤਨ, ਮਨ ਨੂੰ

ਇਨ੍ਹਾਂ ਗੁੰਬਦਾਂ, ਮੀਨਾਰਾਂ ਚੋਂ ਉਠਦੇ

ਸੰਗੀਤ ਰੂਪੀ, ਸ਼ਬਦਾਂ ਦੇ ਝਰਨਿਆਂ

ਨਹਾ ਕੇ, ਧਰਵਾਸ ਮਿਲਦਾ ਹੈ

ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੀਆਂ

ਕੰਧਾਂ ਦੇ ਓਹਲੇ

ਸੱਪਾਂ ਦੀਆਂ ਖੁੱਡਾਂ ਨਾ ਬਣਨ ਦਿਓ-

................

ਜਿਨ੍ਹਾਂ ਲੋਕਾਂ ਨੇ ਕੰਧਾਂ ਤੇ ਲਿਖੇ

ਸੱਚ ਨੂੰ ਪੜ੍ਹਣ ਤੋਂ ਅੱਖਾਂ ਮੀਟੀਆਂ ਹਨ

ਉਨ੍ਹਾਂ ਭੋਲਿਆਂ ਦਿਆਂ ਜਿਸਮਾਂ ਤੇ ਲੱਗੇ

ਇਨ੍ਹਾਂ ਸੱਪਾਂ ਦੇ ਡੰਗ ਤੱਕ ਸਕਦੇ ਹੋ

ਉਨ੍ਹਾਂ ਦੇ ਜਿਸਮਾਂ ਚ ਵਹਿੰਦੇ ਖ਼ੂਨ ਦਾ ਰੰਗ

ਲਾਲ ਤੋਂ ਨੀਲਾ ਹੋ ਗਿਆ ਹੈ

ਉਨ੍ਹਾਂ ਲੋਕਾਂ ਦੇ ਕਬਰਿਸਤਾਨ ਬਣੇ

ਘਰਾਂ ਚ ਹੁਣ, ਉੱਲੂ ਬੋਲਦੇ ਹਨ

............

ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੀਆਂ

ਕੰਧਾਂ ਦੇ ਓਹਲੇ

ਸੱਪਾਂ ਦੀਆਂ ਖੁੱਡਾਂ ਨਾ ਬਣਨ ਦਿਓ-

...............

ਵੇਲੇ ਕੁਵੇਲੇ ਇਨ੍ਹਾਂ ਖੁੱਡਾਂ ਚੋਂ ਬਾਹਰ ਆਉਂਦੇ

ਫੁੰਕਾਰੇ ਮਾਰਦੇ, ਮੂੰਹਾਂ ਚੋਂ ਜ਼ਹਿਰ ਥੁੱਕਦੇ

ਜ਼ਹਿਰੀ ਸੱਪਾਂ ਨੇ ਨਹੀਂ ਤੱਕਣਾ

ਸੜਕਾਂ ਤੇ ਤੁਰ ਰਿਹਾ ਕੋਈ

ਬੱਚਾ, ਜੁਆਨ, ਬੁੱਢਾ, ਮਰਦ ਜਾਂ ਔਰਤ ਹੈ

ਉਨ੍ਹਾਂ ਨੇ ਤਾਂ ਆਪਣੀ ਆਦਤ ਪੁਗਾਂਦੇ ਹੋਏ

ਡੰਗ ਮਾਰ ਦੇਣਾ ਹੈ

ਆਦਮੀ ਅਤੇ ਸੱਪ ਦਰਮਿਆਨ

ਸਦੀਆਂ ਤੋਂ ਚੱਲ ਰਹੇ, ਦੁਸ਼ਮਣੀ ਦੇ

ਇਤਿਹਾਸ ਨੂੰ, ਮੁੜ ਸਿਰਜਣਾ ਹੈ

..............

ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੀਆਂ

ਕੰਧਾਂ ਦੇ ਓਹਲੇ

ਸੱਪਾਂ ਦੀਆਂ ਖੁੱਡਾਂ ਨਾ ਬਣਨ ਦਿਓ-

.............

ਇਹ ਕੈਸੀ ਬਦਚਲਣ ਹਵਾ ਵਗ ਰਹੀ ਹੈ

ਹਰ ਕਸਬੇ, ਹਰ ਸ਼ਹਿਰ, ਹਰ ਦੇਸ਼

ਸੱਪ ਪਲ਼ ਰਹੇ ਹਨ, ਬਸ ਹੁਣ

ਫ਼ਰਕ ਏਨਾ ਹੈ ਕਿ ਉਹ

ਆਪਣੀਆਂ ਖੁੱਡਾਂ ਚੋਂ ਨਿਕਲ

ਮਨੁੱਖਾਂ ਦੇ ਦਿਮਾਗ਼ਾਂ ਵਿੱਚ ਆਣ ਬੈਠੇ ਹਨ

ਜਿੱਥੇ, ਉਹ ਨਿੱਕੇ, ਨਿੱਕੇ ਸਪੋਲ਼ੀਏ ਬਣ

ਦਿਨ ਰਾਤ ਕੁਰਬਲ਼, ਕੁਰਬਲ਼ ਕਰਨ

ਅਤੇ ਸਮਾਂ ਲੱਗਦਿਆਂ ਹੀ

ਹੱਥਾਂ ਚ ਬੰਦੂਕਾਂ, ਮਸ਼ੀਨ ਗੰਨਾਂ, ਗਰਨੇਡ ਲੈ

ਅੱਲਾ-ਹੂ-ਅਕਬਰ, ਬਜਰੰਗ ਬਲੀ,

ਵਾਹਿਗੁਰੂ, ਵਾਹਿਗੁਰੂ ਜਾਂ ਜੀਸ਼ ਜੀਸ਼ ਦਾ

ਜਾਪ ਕਰਦਿਆਂ, ਕ਼ਾਤਿਲ ਬਣ

ਸੜਕਾਂ ਤੇ ਦਨਦਨਾਂਦੇ ਹਨ

ਤੇ ਫਿਰ, ਬਸ

ਬਾਗ਼ਾਂ ਚ ਖਿੜੇ ਫੁੱਲ ਮੁਰਝਾਅ ਜਾਣ

ਵਿਹੜਿਆਂ ਚ ਚੋਗਾ ਚੁਗਦੀਆਂ ਚਿੜੀਆਂ

ਦਹਿਲਕੇ ਚੀਂ ਚੀਂ ਕਰ ਉੱਠਣ

ਮਾਵਾਂ ਦੀ ਗੋਦੀ ਚੜ੍ਹੇ ਬਾਲ

ਡਰ ਨਾਲ ਵਿਲਕਣ ਲੱਗ ਜਾਂਦੇ

ਹੱਸਦੇ-ਵਸਦੇ ਘਰਾਂ ਚ ਫਿਰ

ਬਿਖਰੀਆਂ ਹੁੰਦੀਆਂ ਨੇ ਹਰ ਪਾਸੇ

ਲਹੂ ਨਾਲ ਭਿੱਜੀਆਂ, ਵੱਢੀਆਂ, ਟੁੱਕੀਆਂ

ਬੱਚਿਆਂ, ਜੁਆਨਾਂ, ਬੁੱਢਿਆਂ ਦੀਆਂ ਲਾਸ਼ਾਂ

............

ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ਦੀਆਂ

ਕੰਧਾਂ ਦੇ ਓਹਲੇ

ਸੱਪਾਂ ਦੀਆਂ ਖੁੱਡਾਂ ਨਾ ਬਣਨ ਦਿਓ-

.................

ਨਹੀਂ ਤਾਂ, ਮਾਵਾਂ, ਧੀਆਂ, ਭੈਣਾਂ, ਭਾਬੀਆਂ ਦੇ

ਸਿਰਾਂ ਤੋਂ ਉੱਡਦੇ, ਦੁਪੱਟੇ, ਫੁਲਕਾਰੀਆਂ

ਲਾਸ਼ਾਂ ਦੇ ਕਫ਼ਨਾਂ ਵਿੱਚ ਬਦਲਦੇ ਤੱਕ

ਪੱਥਰਾਂ ਦੇ ਬੁੱਤਾਂ ਚ ਢਲ਼

ਤੁਸੀਂ, ਜ਼ਿੰਦਗੀ ਦੇ ਆਖਰੀ

ਪਲ ਹੰਢਾਉਗੇ...

.............

ਉਦੋਂ ਬਸ, ਹੌਂਸਲਾ ਦੇਣ ਲਈ ਤੁਹਾਨੂੰ

ਅੱਖਾਂ ਚ ਵਗ ਰਹੇ ਨਿਰਮਲ ਪਾਣੀਆਂ ਦਾ

ਗੰਗਾ, ਜਮਨਾ, ਰਾਵੀ, ਝਨਾਅ ਜਿਹਾ

ਠਾਠਾਂ ਮਾਰਦਾ ਕੋਈ ਦਰਿਆ ਹੋਵੇਗਾ

.............

ਤੇ ਤੁਸੀਂ, ਉਸ ਵਿੱਚ

ਰੇਤ ਦੇ ਕਿਣਕੇ ਜਿਹੀ

ਆਪਣੀ ਹੋਂਦ ਲੈ ਕੇ

ਡੁੱਬ ਜਾਓਗੇ


1 comment:

Tarlok Judge said...

ਸੁਖਿੰਦਰ ਜੀ ਤੁਹਾਡੀਆਂ ਕਵਿਤਾਵਾਂ ਨੇ ਮਨ ਮੋਹ ਲਿਆ
ਰੂਹ ਚੀਖਣਾ ਚਾਹੁੰਦੀ ਹੈ
ਜਾਣਦੇ ਹੋਇਆਂ ਵੀ
ਕਿ ਟਿੱਪਣੀ ਕਰਦੇ ਵੀ
ਚੀਖਣਾ ਮਨ੍ਹਾਂ ਹੈ
ਸਤਿਕਾਰ ਨਾਲ - ਤਰਲੋਕ