ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, September 6, 2010

ਰਵਿੰਦਰ ਰਵੀ - ਨਜ਼ਮ

ਸੱਸੀ, ਸਾਹਿਬਾਂ ਤੇ ਹੀਰ ਦੀ ਊਲ ਜਲੂਲ ਤਸਵੀਰ

ਨਜ਼ਮ

ਤੂੰ ਹਰ ਔਰਤ ਵਾਂਗ

ਇਕ ਘਰ ਦੀ ਇੱਛਾ ਪ੍ਰਗਟ ਕੀਤੀ, ਤਾਂ ਮੈਂ

ਇਕ ਝੀਲ ਚੁੱਕ ਲਿਆਇਆ, ਤੇ ਤੈਨੂੰ

ਇਸ ਦੇ ਖਿਤਿਜ ਵਿਚ ਘੁੰਮਦੇ ਕੰਢਿਆਂ ਦੁਆਲ਼ੇ

ਵਿਛੀ ਹੋਈ ਧਰਤੀ ਤੇ ਝੁਕਿਆ ਹੋਇਆ, ਅਸਮਾਨ ਵਿਖਾਇਆ,

ਇਸ ਘਰ ਵਿਚ ਦਰਾਂ ਤੇ ਦੀਵਾਰਾਂ ਦੀ ਗੁੰਜਾਇਸ਼ ਨਹੀਂ ਸੀ!!!

............

ਮੈਂ ਤੇਰੇ ਮੇਰੇ ਰਿਸ਼ਤੇ ਨੂੰ

ਖੁੱਲ੍ਹੀਆਂ ਹਵਾਵਾਂ ਵਿਚ ਮਹਿਕਾਂ ਵਾਂਗ ਖਿੱਲਰਦੇ,

ਫ਼ੈਲਦੇ, ਮਿਲਦੇ, ਸਾਹ ਲੈਂਦੇ, ਧੜਕਦੇ ਵੇਖਿਆ ਸੀ,

ਪਰ ਤੂੰ ਕਿਹਾ:

ਝੀਲ ਦੇ ਪਾਣੀ ਵਿਚ ਖੜੋਤ ਹੈ,

ਇਹ ਸਾਡਾ ਘਰ ਕਿਵੇਂ ਹੋ ਸਕਦੀ ਹੈ?”

............

ਮੈਂ ਤੇਰੀਆਂ ਅੱਖਾਂ ਵਿਚ ਡੂੰਘੀ ਨੀਝ ਨਾਲ ਤੱਕਿਆ

ਆਪਣੇ ਅੰਦਰ ਫੜਫੜਾਇਆ

ਤੇ ਅੰਬਰ ਨੂੰ ਉਡਾਣ ਬਣਾ ਕੇ,

ਸੋਮੇ ਤੋਂ ਤੁਰ, ਸਮੁੰਦਰ ਵਿਚ ਸਮਾਇਆ,

ਦਰਿਆ ਚੁੱਕ ਲਿਆਇਆ -

ਦਰਿਆ ਦੇ ਪਾਣੀ ਵਿਚ ਘੁਲ਼ੀ ਜੰਮਣਹਾਰੀ ਮਿੱਟੀ ਨੂੰ, ਤੂੰ

ਗੰਦੀਆਖਿਆ

ਤੇ ਸਮੁੰਦਰ ਨੂੰ ਖਾਰਾ”,

ਤੇਰੀ ਪਿਆਸ ਨੂੰ ਇਹ ਸਭ ਕੁਝ ਰਾਸ ਨਾ ਆਇਆ!

.............

ਮੈਂ ਤੇਰੇ ਡੂੰਘੇ ਨੈਣਾਂ ਵਿਚ ਵੇਖਦਿਆਂ

ਤੇਰੀਆਂ ਜ਼ੁਲਫ਼ਾਂ ਨੂੰ ਛੰਡਿਆ, ਹਿਲਾਇਆ

ਮੇਰੀ ਦੀਵਾਨਗੀ ਨੇ ਹਰ ਤਰਫ਼

ਘਨਘੋਰ ਘਟਾਵਾਂ ਦਾ ਸਿਲਸਿਲਾ ਫ਼ੈਲਾਇਆ,

ਤਾਂ ਤੂੰ ਡਰ ਕੇ ਮੇਰੇ ਨਾਲ਼ ਆ ਜੁੜੀ -

ਤੈਨੂੰ ਘਟਾਵਾਂ ਦੀ ਗਰਜ,

ਤੇ ਬਿਜਲੀ ਦੀ ਕੜਕ ਤੋਂ ਭੈਅ ਆਉਂਦਾ ਸੀ,

ਤੈਨੂੰ ਇਨ੍ਹਾਂ ਦੇ ਹੇਠ ਫ਼ੈਲਿਆ ਨ੍ਹੇਰਾ ਵੀ ਨਹੀਂ ਭਾਉਂਦਾ ਸੀ

.............

ਤੂੰ ਹੁਣ ਚਾਨਣ ਦੀ ਇੱਛਾ ਕੀਤੀ,

ਮੈਂ ਕਲਮ ਚੁੱਕੀ ਤੇ ਉਸ ਦੀ ਰੌਸ਼ਨੀ ਨਾਲ਼,

ਸੂਰਜ ਬਣਾਇਆ -

ਚੁੰਧਿਆਈਆਂ ਅੱਖੀਆਂ ਨਾਲ ਤੂੰ ਕਿਹਾ:

ਇਹ ਕਿਹਾ ਚਾਨਣ ਹੈ! ਨਿਰਾ ਅੱਗ ਦਾ ਗੋਲ਼ਾ -

ਕਿਰਨਾਂ ਦੇ ਤੀਰ ,

ਥਲ ਉੱਤੇ ਫ਼ੈਲਿਆ -

ਮੈਂ ਇਸ ਵਿਚ ਸੜ, ਬਲ਼, ਰਿੱਝ, ਮੁੱਕ ਜਾਵਾਂਗੀ!

ਮੈਂ ਮਰਨਾ ਨਹੀਂ ਚਾਹੁੰਦੀ!

ਮੈਨੂੰ ਸਿਰਫ਼ ਮੇਰੇ ਜੋਗੀ ਥਾਂ ਦੇ ਦੇ,

ਜਿੱਥੇ ਮੈਂ ਆਪਣਾਂ ਆਪ ਬਣ ਕੇ ਜੀਅ ਸਕਾਂ!”,

...................

ਮੈਂ ਤੈਨੂੰ ਦੂਰ ਅੰਬਰ ਤੇ ਚੜ੍ਹੇ ਸੂਰਜ ਦੀ ਲੋਅ ਵਿਚ,

ਦਰਿਆਵਾਂ, ਥਲਾਂ ਨਾਲ ਤੋਰਦਾ,

ਸਮੁੰਦਰ ਤੱਕ ਲੈ ਆਇਆ -

ਝੀਲ ਵੀ ਮੇਰੇ ਨਾਲ਼ ਹੀ ਸੀ,

ਮੇਰੀਆਂ ਅੱਖਾਂ ਵਿਚ,

ਮੇਰੇ ਦਿਲ ਚੋਂ ਛਲਕਦੀ

ਮੈਂ ਕਿਹਾ:

ਸਾਡਾ ਸਾਥ ਏਨਾ ਕੁ ਹੀ ਸੀ!

ਨਾ ਤੂੰ ਝੀਲ ਵਿਚ ਤਰੀ,

ਨਾ ਦਰਿਆ ਸੰਗ ਤੁਰੀ,

ਨਾ ਸਮੁੰਦਰ ਵਿਚ ਸਮਾਈ,

ਨਾ ਸੂਰਜ ਨਾਲ਼ ਚੜ੍ਹੀ

ਧਰਤੀ ਨੂੰ ਛੂਹ ਕੇ ਵੀ ਤੂੰ ਨਿਛੁਹ ਰਹੀ

ਅਸਮਾਨ ਦੀ ਉਚਾਈ ਵੀ ਤੂੰ

ਆਪਣੀਆਂ ਨਜ਼ਰਾਂ ਵਿਚ ਨਾ ਸਮਾਅ ਸਕੀ!!!

ਤੂੰ ਇੰਜ ਕਰ,

ਸੱਸੀ, ਸਾਹਿਬਾਂ ਤੇ ਹੀਰ ਦੇ ਜੁਦੇ ਜੁਦੇ ਰੰਗਾਂ ਤੋਂ -

ਇੱਕ ਇਕਾਈ ਵਿਚ ਬੱਝੀ

ਇਕ ਨਵੀਂ ਤਸਵੀਰ ਬਣਾ

ਤੇ ਮੁਸਕਰਾ................

..................ਮੈਂ ਜ਼ਰੂਰ ਪਰਤਾਂਗਾ

ਜਦੋਂ ਮੇਰੇ ਅੰਦਰਲੇ

ਪੁੰਨੂੰ, ਮਿਰਜ਼ੇ ਤੇ ਰਾਂਝੇ ਦੇ ਤਿੰਨੇ ਰੰਗ, ਆਪਸ ਵਿਚ ਘੁਲ਼ ਕੇ,

ਇਕ ਇਕਾਈ, ਇਕ ਤਸਵੀਰ ਬਣ ਚੁੱਕੇ ਹੋਣਗੇ!

ਅਲਵਿਦਾ!!!!!!!!!!!!!!!


1 comment:

rup said...

ਰਵੀ ਸਾਿਹਬ ਦੀ ਇਹ ਨਜ਼ਮ ਨਵੇਂ ਇਹਸਾਸਾਂ ਦਾ ਇਹਸਾਸ ਕਰਵਾਂਉਂਦੀ ਹੈ