ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, September 7, 2010

ਜਸਬੀਰ ਮਾਹਲ - ਨਜ਼ਮ

ਪ੍ਰਦੇਸ ਦੀ ਖੱਟੀ

ਨਜ਼ਮ

ਜੁਆਨੀ ਪਹਿਰੇ

ਉਹ

ਲੈਣ ਆਇਆ ਪ੍ਰਦੇਸ

ਭਰਾ ਦੀ ਰਾਖ਼

ਢਲ਼ਦੀ ਉਮਰੇ

ਭਾਬੀ ਦੇ ਫੁੱਲ

ਬੁੱਢੇ ਵਾਰੇ

ਭਤੀਜੇ ਦੀਆਂ ਅਸਥੀਆਂ

ਗੋਦੀ ਵਿਚ ਰੱਖੀਆਂ

ਤਾਂ ਭਰ ਆਈਆਂ ਅੱਖੀਆਂ

............

ਜਹਾਜ਼ ਸਰਪਟ ਭੱਜਿਆ

ਕਿੰਨਾ ਕੁਝ ਪਿੱਛੇ ਛੱਡਿਆ

ਵਾਪਸ ਵਤਨ ਨੂੰ ਜਾ ਰਿਹਾ

ਆਪਣੇ ਆਪ ਨੂੰ ਮੁਖ਼ਾਤਿਬ ਸੀ ਉਹ:

ਮਰਦਾ ਕਿਉਂ ਨਹੀਂ

ਮਿੱਟੀ ਦਾ ਮੋਹ..?!?’

=====

ਯੋਧਾ

ਨਜ਼ਮ

ਬੱਦਲ਼ ਦਾ ਟੋਟਾ ਸੀ ਉਹ

ਪਰਬਤ ਸੰਗ ਜਿਸ ਮੱਥਾ ਲਾਇਆ

ਕੀ ਹੋਇਆ

ਜੇ ਜਿੱਤ ਨਾ ਸਕਿਆ

ਨੱਚਦਾ ਟੱਪਦਾ ਸੰਗ ਦਰਿਆ ਦੇ

ਵਾਪਸ ਆਇਆ

...........

ਸਾਹ ਲੈਣ ਲਈ

ਉਹ ਟੋਟਾ

ਸਾਗਰ ਵਿਚ ਰੁਕਿਆ

ਕਿੰਨੇ ਕ਼ਤਰੇ ਨਾਲ਼ ਰਲ਼ਾ ਕੇ

ਆਪਣਾ ਨਵਾਂ ਵਜੂਦ ਬਣਾ ਕੇ

ਪਰਬਤ ਦੇ ਦਰ

ਫਿਰ ਜਾ ਢੁੱਕਿਆ

=====

ਖ਼ਿਆਲ-ਅਸਲੀਅਤ-ਅਹਿਸਾਸ

ਨਜ਼ਮ

ਸੁਨਹਿਰੀ ਸੁਪਨਿਆਂ ਦੇ ਖੇਤ ਚੋਂ

ਕੋਈ ਸੁਪਨਾ ਪੁੱਟਣ ਲਈ

ਖ਼ਿਆਲਾਂ ਨੇ

ਜਦ ਵੀ ਕਦੇ

ਅਸਲੀਅਤ ਦੀ ਵਾੜ ਲੰਘੀ ਹੈ

ਮੂੰਹ ਪਰਨੇ ਡਿੱਗੇ ਮਨ ਤੇ

ਅਹਿਸਾਸ ਦੀ

ਬੜੀ ਡੂੰਘੀ ਚੋਟ ਲੱਗੀ ਹੈ

======

ਨਿਕਾਸ

ਨਜ਼ਮ

ਦੁੱਖ ਦੀ ਇਸ ਘੜੀ

ਚੁੱਪ ਨਾ ਰਹੋ

ਰਸਮੀ ਹੀ ਸਹੀ

ਦੋ ਮੋਹ ਭਿੱਜੇ ਬੋਲ ਕਹੋ

ਹੱਥ ਫੜਾਓ ਕੋਈ ਬਹਾਨਾ

ਟੁੱਟੇ ਜਿਸ ਨਾਲ਼

ਅੰਦਰਲਾ ਬੰਨ੍ਹ

ਹੰਝੂਆਂ ਦਾ ਹੜ੍ਹ ਵਗੇ

ਹੌਲ਼ਾ ਹੋਵੇ ਮਨ ਦਾ ਭਾਰ

2 comments:

rup said...

Mahal Sahib dian nikian azaman wadde arth rakhdian han

Rajinderjeet said...

'ਪਰਦੇਸ ਦੀ ਖੱਟੀ' kamaal di rachna hai.