ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 20, 2011

ਸੁਖਿੰਦਰ - ਨਜ਼ਮ

ਸੁਖਿੰਦਰ ਜੀ! ਇਹ ਸਾਰੀਆਂ ਨਜ਼ਮਾਂ ਬਹੁਤ ਖ਼ੂਬਸੂਰਤ ਹਨ। ਔਰਤ ਦੇ ਚੇਤਨ, ਅਵਚੇਤਨ ਮਨ ਦੀਆਂ ਵੱਖਰੀਆਂ-ਵੱਖਰੀਆਂ ਅਵੱਸਥਾਵਾਂ ਤੁਸੀਂ ਬਹੁਤ ਸੂਖ਼ਮਤਾ ਨਾਲ਼ ਇਹਨਾਂ ਨਜ਼ਮਾਂ ਵਿਚ ਢਾਲ਼ੀਆਂ ਹਨ। ਮੇਰੇ ਅਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਕਬੂਲ ਕਰੋ ਜੀ। ਨਾਲ਼ ਹੀ ਨਵੀਂ ਕਿਤਾਬ ਸਿੱਧੀਆਂ ਸਪੱਸ਼ਟ ਗੱਲਾਂ ਦੀ ਪ੍ਰਕਾਸ਼ਨਾ ਦੀਆਂ ਵਧਾਈਆਂ। ਹਾਜ਼ਰੀ ਲਵਾਉਣ ਲਈ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

======

ਦਵੰਦ

ਨਜ਼ਮ

ਪਤੀ ਦੀ ਨਿੰਦਿਆ ਬਾਰੇ

ਉਹ, ਇੱਕ ਵੀ

ਸ਼ਬਦ ਸੁਣਨ ਲਈ

ਤਿਆਰ ਨਹੀਂ-

ਪਰ, ਉਸ ਦੀਆਂ

ਆਪਣੀਆਂ ਅੱਖਾਂ ਚੋਂ

ਹਰ ਪਲ, ਦੁੱਖਾਂ ਦਾ ਦਰਿਆ

ਵਹਿੰਦਾ ਰਹਿੰਦਾ ਹੈ

ਦੁੱਖ, ਜੋ ਉਸ ਤੋਂ

ਦੱਸੇ ਨਹੀਂ ਜਾਂਦੇ...

======

ਸੁਆਲ

ਨਜ਼ਮ

ਹਰ ਵਾਰ, ਉਹ ਆਖਦੀ :

ਤੂੰ ਮੇਰੇ ਬਾਰੇ ਵੀ ਕੁਝ

ਕਿਉਂ ਨਹੀਂ ਪੁੱਛਦਾ ?

ਮੇਰੀ ਵੀ ਇੱਕ ਹੋਂਦ ਹੈ

ਅਹਿਸਾਸਾਂ, ਭਾਵਨਾਵਾਂ

ਇੱਛਾਵਾਂ, ਨਿਰਾਸ਼ਾਵਾਂ ਨਾਲ਼

ਭਰੀ ਹੋਈ

ਉਹ ਆਖਦੀ :

ਮੇਰੇ ਬਾਰੇ ਵੀ ਕਦੀ ਪੁੱਛ

ਪਰੰਪਰਾਵਾਂ ਦੇ ਕੰਡਿਆਂ ਤੇ ਤੁਰਦੀ

ਮੈਂ ਪਲ, ਪਲ ਕਿਵੇਂ ਮਰਦੀ ਹਾਂ

ਮੇਰੀਆਂ ਧੜਕਣਾਂ ਚ ਵੀ ਕਦੀ ਸੁਣ

ਮੇਰੀਆਂ ਉਦਾਸੀਆਂ ਦੇ ਬੋਲ

ਚੀਨਾ, ਚੀਨਾ ਹੋਏ

ਮੇਰੇ ਸੁਪਨਿਆਂ ਦੀਆਂ

ਮੇਰੇ ਹੀ ਜ਼ਿਹਨ ਵਿੱਚ ਖੁੱਭੀਆਂ

ਕਿਰਚਾਂ ਦੀਆਂ ਨੋਕਾਂ, ਕਦੀ

ਮਹਿਸੂਸ ਕਰ

ਕੀ ਕਰਨੇ ਨੇ ਮੈਂ, ਸ਼ੌਰੀਲੇ

ਸੂਰਜ ਮੰਡਲ ਤੋਂ

ਅਗਾਂਹ ਜਾਣ ਦੇ ਚਰਚੇ

ਮੈਂ ਤਾਂ ਸਦੀਆਂ ਤੋਂ

ਇਹ ਬੋਲ ਸੁਣਨ ਲਈ

ਬੇਤਾਬ ਬੈਠੀ ਹਾਂ :

ਔਰਤ ਵੀ

ਸਾਹ ਲੈਂਦਾ

ਹੱਡਮਾਸ ਦਾ

ਇੱਕ ਪੁਤਲਾ ਹੈ

======

ਹਨੇਰਾ ਹੋਣ ਤੋਂ ਬਾਅਦ

ਨਜ਼ਮ

ਉਹ, ਅਕਸਰ

ਯਾਦ ਕਰਦੀਆਂ ਨੇ ਮੈਨੂੰ

ਜ਼ਰਾ ਕੁ ਹਨੇਰਾ ਹੋਣ ਤੋਂ ਬਾਅਦ-

ਜਿਵੇਂ ਕਿਤੇ

ਉਨ੍ਹਾਂ ਅੰਦਰ

ਤਨਹਾਈ ਦਾ ਕੋਈ

ਜਵਾਲਾਮੁਖੀ ਫਟ ਗਿਆ ਹੋਵੇ

ਅਚਾਨਕ-

ਵਰ੍ਹਿਆਂ ਤੋਂ ਬੁੱਲ੍ਹਾਂ ਉੱਤੇ ਲੱਗੇ

ਪਰੰਪਰਾਵਾਂ ਦੇ ਜੰਗਾਲੇ ਹੋਏ ਜਿੰਦਰੇ

ਇੱਕੋ ਹੀ ਝਟਕੇ ਨਾਲ਼

ਚੀਨਾ, ਚੀਨਾ ਕਰਦਿਆਂ

........

ਉਹ, ਧੀਮੀ ਜਿਹੀ

ਸੁਰ ਬਣਾ ਕੇ

ਆਖਦੀਆਂ :

ਲੈ ਚੱਲ ਸਾਨੂੰ ਕਿਤੇ

ਪਰ, ਨਾਲ਼ ਨਾਲ਼ ਤੁਰਦਿਆਂ

ਉਹ, ਗਵਾਚ ਜਾਂਦੀਆਂ ਹਨ

ਕਿਸੇ ਮੌਨ ਅਵਸਥਾ ਵਿੱਚ

ਜਿਵੇਂ, ਗੌਤਮ ਵਾਂਗ

ਜ਼ਿੰਦਗੀ ਜਿਉਣ ਦੇ

ਅਰਥ ਲੱਭ ਰਹੀਆਂ ਹੋਣ

======

ਸਾਰੰਸ਼

ਨਜ਼ਮ

ਬੱਚੇ ਦੇ ਹਾਸੇ ਨਾਲ਼

ਹਾਸਾ ਮਿਲਾਂਦਿਆਂ, ਉਹ

ਇੰਝ ਜਾਪ ਰਹੀ ਸੀ

ਜਿਵੇਂ, ਆਪ ਵੀ ਅਜੇ

ਹੱਸਣਾ ਸਿੱਖ ਰਹੀ ਹੋਵੇ;

ਮਨ ਦੀਆਂ ਉਦਾਸੀਆਂ ਦੇ

ਕੈਦਖ਼ਾਨੇ ਵਿੱਚੋਂ, ਉੱਡਣ ਦਾ

ਵੱਲ ਸਿੱਖ ਰਹੀ ਹੋਵੇ

..........

ਉਹ ਆਖਦੀ :

ਬੱਚੇ ਦੀਆਂ ਅੱਖਾਂ, ਅਜੇ

ਪਹਿਚਾਣ ਕਰਨੀ

ਸਿੱਖ ਰਹੀਆਂ ਹਨ

ਪਹਿਚਾਣ ਕਰਨੀ

ਸਿੱਖ ਜਾਣਗੀਆਂ, ਤਾਂ

ਹੁੰਗਾਰਾ ਭਰਨਾ ਵੀ

ਸਿੱਖ ਜਾਣਗੀਆਂ

ਹੁੰਗਾਰਾ ਭਰਨਗੀਆਂ, ਤਾਂ

ਅਹਿਸਾਸਾਂ, ਭਾਵਨਾਵਾਂ ਦਾ

ਇਜ਼ਹਾਰ ਕਰਨਾ ਵੀ

ਸਿੱਖ ਜਾਣਗੀਆਂ

ਉਹ ਆਖਦੀ :

ਸ਼ਬਦਾਂ ਦਾ ਜਨਮ ਹੋਣ ਤੋਂ ਪਹਿਲਾਂ

ਅਹਿਸਾਸ ਅਤੇ ਭਾਵਨਾਵਾਂ ਹੀ

ਜਨਮ ਲੈਂਦੇ ਹਨ-

ਮਨ ਦੀਆਂ ਹਨੇਰੀਆਂ ਗੁਫ਼ਾਵਾਂ ਚ ਉੱਠਦੇ

ਤੂਫ਼ਾਨਾਂ ਅਤੇ ਵਾਵਰੋਲਿਆਂ ਦਾ

ਪ੍ਰਗਟਾਅ ਕਰਦੇ ਹੋਏ

ਬੱਚੇ ਦੀਆਂ ਭਾਵਨਾਵਾਂ

ਅਤੇ ਅਹਿਸਾਸਾਂ ਨਾਲ਼

ਤਾਲ ਮਿਲ਼ਾ ਰਹੀ

ਉਹ, ਇੰਝ ਜਾਪ ਰਹੀ ਸੀ

ਜਿਵੇਂ, ਉਹ

ਆਪ ਵੀ, ਅਹਿਸਾਸਾਂ

ਅਤੇ ਭਾਵਨਾਵਾਂ ਦੀ

ਤਰਜਮਾਨੀ ਕਰਨੀ

ਸਿੱਖ ਰਹੀ ਹੋਵੇ

........

ਮਨ ਦੇ ਗੁੰਬਦ ਵਿਚਲੇ

ਅਸੀਮ ਖ਼ਲਾਅ ਅੰਦਰ

ਉੱਡ ਰਹੇ ਜੁਗਨੂੰਆਂ ਵਾਂਗ

ਜ਼ਿੰਦਗੀ ਦੇ ਅਰਥਾਂ ਦਾ

ਸਾਰੰਸ਼ : ਜਗਣਾ-ਬੁਝਣਾ

ਸਿੱਖ ਰਹੀ ਹੋਵੇ

1 comment:

Dee said...

ਸੁਖਿੰਦਰ ਜੀ, ਤੁਹਾਡੀ ਪੱਗ ਦਾ ਰੰਗ ਸੋਹਣਾਂ ਤੇ ਨਜ਼ਮਾਂ ਵੀ ਗੁਲਾਬੀ ਹਨ ॥
ਬਹੁਤ ਵਧੀਆ,ਵਿਸ਼ਾਲ