ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, April 15, 2011

ਡਾ: ਸੁਹਿੰਦਰਬੀਰ - ਆਰਸੀ ‘ਤੇ ਖ਼ੁਸ਼ਆਮਦੀਦ - ਗੀਤ

ਸਾਹਿਤਕ ਨਾਮ: ਡਾ: ਸੁਹਿੰਦਰਬੀਰ

ਅਜੋਕਾ ਨਿਵਾਸ: ਯੂ.ਐੱਸ.ਏ/ਅੰਮ੍ਰਿਤਸਰ


ਪ੍ਰਕਾਸ਼ਿਤ ਕਿਤਾਬਾਂ: ਉੱਘੇ ਕਵੀ ਅਤੇ ਕਾਵਿ-ਆਲੋਚਕ ਡਾ: ਸੁਹਿੰਦਰਬੀਰ ਸਾਹਿਬ ਦੀਆਂ ਕਾਵਿ-ਪੁਸਤਕਾਂ: ਵੇਦਨਾ ਦਾ ਸ਼ਿਲਾਲੇਖ, ਤਾਰਾ ਤਾਰਾ ਅੱਥਰੂ, ਹਾੜ੍ਹ ਸਿਆਲ, ਰੁੱਖ, ਦੁੱਖ ਅਤੇ ਮਨੁੱਖ, ਸੋਨ-ਸੁਨਹਿਰੀ ਡਲ਼ੀਆਂ, ਜੀਵਨੀ: ਇਨਕਲਾਬ ਦਾ ਬਾਨੀ ਸ਼ਹੀਦ ਭਗਤ ਸਿੰਘ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਨਾਲ਼ ਹੀ ਉਹ ਆਲੋਚਨਾ ਦੇ ਖੇਤਰ ਚ ਪੰਜ ਵਡਮੁੱਲੀਆਂ ਕਿਤਾਬਾਂ ਦਾ ਯੋਗਦਾਨ ਵੀ ਦੇ ਚੁੱਕੇ ਹਨ।



ਦੋਸਤੋ! ਮੇਰੀ ਬੜੀ ਦੇਰ ਦੀ ਤਮੰਨਾ ਸੀ ਕਿ ਸੁਹਿੰਦਰਬੀਰ ਸਾਹਿਬ ਦੀ ਹਾਜ਼ਰੀ ਆਰਸੀ ਤੇ ਜ਼ਰੂਰ ਲੱਗੇ, ਕਿਉਂਕਿ ਬਚਪਨ ਚ ਉਹਨਾਂ ਦੇ ਗੀਤ ਮੈਂ ਦੂਰਦਰਸ਼ਨ ਤੋਂ ਸੁਣੇ ਹੋਏ ਸਨ। ਇਤਫ਼ਾਕਨ ਉਹਨਾਂ ਨਾਲ਼ ਫੇਸਬੁੱਕ ਸੰਪਰਕ ਹੋਇਆ ਤਾਂ ਉਹਨਾਂ ਨੇ ਅੱਧ-ਬੋਲ ਮੇਰੀ ਬੇਨਤੀ ਦਾ ਮਾਣ ਰੱਖਦਿਆਂ, ਆਪਣੀਆਂ ਰਚਨਾਵਾਂ ਆਰਸੀ ਲਈ ਘੱਲ ਦਿੱਤੀਆਂ, ਮੈਂ ਉਹਨਾਂ ਦੀ ਦਿਲੋਂ ਮਸ਼ਕੂਰ ਹਾਂ। ਉਂਝ ਤਾਂ ਡਾ: ਸਾਹਿਬ ਨਜ਼ਮ ਅਤੇ ਗ਼ਜ਼ਲ ਦੀ ਵਿਧਾ ਤੇ ਵੀ ਬਹੁਤ ਕੰਮ ਕੀਤਾ ਹੈ, ਪਰ ਅੱਜ ਦੀ ਪੋਸਟ ਚ ਉਹਨਾਂ ਦੇ ਕੁਝ ਬੇਹੱਦ ਖ਼ੂਬਸੂਰਤ ਗੀਤ ਸ਼ਾਮਿਲ ਕਰ ਰਹੀ ਹਾਂ, ਨਜ਼ਮਾਂ ਅਤੇ ਗ਼ਜ਼ਲਾਂ ਅਗਲੀ ਪੋਸਟ ਚ ਸਾਂਝੀਆਂ ਕਰਾਂਗੇ। ਉਹਨਾਂ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਗੀਤ


ਨਦੀਏ ਨੀ ਨਦੀਏ!


ਚਲ ਖਾਂ ਕਿਨਾਰਿਆਂ ਤੋਂ ਪਰਾਂ ਹੋ ਕੇ ਵਗੀਏ


ਪਰਬਤਾਂ-ਪਹਾੜੀਆਂ 'ਚੋਂ ਨੱਚ ਨੱਚ ਆਈ ਨੀ


ਜੋਗੀਆਂ ਦੇ ਦਰਾਂ ਉੱਤੇ ਅਲਖ ਜਗਾਈ ਨੀ


ਉੱਜੜੇ ਮਜ਼ਾਰਾਂ 'ਤੇ ਚਿਰਾਗ਼ ਬਣ ਜਗੀਏ...


ਨਦੀਏ ਨੀ ਨਦੀਏ...



ਮਹਿਕ-ਮੁਸਕਾਨ ਤੇਰੀ ਬੱਦਲਾਂ ਦੀ ਭੂਰ ਨੀ


ਧੋਈ ਜਾਵੇ ਸਮਿਆਂ ਨੇ ਪਾਏ ਜੋ ਨਾਸੂਰ ਨੀ


ਦੁੱਖਾਂ ਦੀਆਂ ਵਾਦੀਆਂ 'ਚੋਂ ਪੌਣ ਬਣ ਲੰਘੀਏ...


ਨਦੀਏ ਨੀ ਨਦੀਏ...



ਤੇਰੇ ਪੈਰਾਂ ਸਾਹਵੇਂ ਵਿਛੀ ਸੱਜਰੀ ਜ਼ਮੀਨ ਨੀ


ਪਲਕਾਂ 'ਚ ਗੁੰਦੇ ਹੋਏ ਸੁਪਨੇ ਰੰਗੀਨ ਨੀ


ਯਾਦਾਂ ਦੀਆਂ ਗੰਢਾਂ ਵਿਚ ਖੇੜਾ ਕੋਈ ਬੰਨ੍ਹੀਏ...


ਨਦੀਏ ਨੀ ਨਦੀਏ...



ਪੈਰਾਂ ਵਿਚ ਬੇੜੀਆਂ ਤੇ ਪਲਕਾਂ 'ਤੇ ਪਹਿਰਾ ਨੀ


ਪੁੰਨਿਆ ਦੀ ਰਾਤ ਨੂੰ ਹਨੇਰਾ ਕਿੰਨਾ ਗਹਿਰਾ ਨੀ


ਅੱਲਾਹ ਦੇ ਦੁਆਰ ਜਾ ਕੇ ਖ਼ੈਰ-ਸੁੱਖ ਮੰਗੀਏ...


ਨਦੀਏ ਨੀ ਨਦੀਏ...


=====


ਗੀਤ


ਸੁਬਹ ਤੇ ਸ਼ਾਮ ਦੇ ਨੇ ਰੰਗ ਭਾਵੇਂ ਇਕੋ ਜਿਹੇ


ਸ਼ਾਮਾਂ ਸਾਨੂੰ ਬਹੁਤ ਨੇ ਪਿਆਰੀਆਂ


ਸੁਬਹ-ਸਵੇਰ ਵੇਲੇ ਖ਼ਾਬ ਜੋ ਵੀ ਚਿਤਵੀਏ


ਸ਼ਾਮ ਤਾਈਂ ਖੁੱਲ੍ਹਣ ਪਟਾਰੀਆਂ


ਸੁਬਹ ਤੇ ਸ਼ਾਮ ਦੇ ਨੇ....



ਨਿੱਕੇ ਨਿੱਕੇ ਭਰਮ ਅਸਾਂ ਕਾਲਜੇ 'ਚ ਪਾਲ਼ ਲਏ ਨੇ


ਸ਼ਾਮਾਂ ਹੋਣ ਬਹੁਤ ਹੀ ਉਦਾਸੀਆਂ


ਨੱਕੋ-ਨੱਕ ਭਰੇ ਹੋਏ ਨੈਣਾਂ ਦੇ ਕਟੋਰੇ ਹੁਣ


ਖੇੜੇ ਵਿਚ ਰੂਹਾਂ ਨੇ ਨਹਾਤੀਆਂ


ਧਰਤੀ ਦੇ ਕੋਨਿਆਂ ਨੂੰ ਗਾਹ ਕੇ ਹੈ ਦੇਖ ਲਿਆ


ਫੁੱਲਾਂ ਦੀਆਂ ਖਿੜੀਆਂ ਕਿਆਰੀਆਂ. . .


ਸੁਬਹ ਤੇ ਸ਼ਾਮ ਦੇ ਨੇ....



ਦੇਹੀ ਦੇ ਜੰਜਾਲ਼ ਹੋਣ ਵਾਸਨਾ ਦੀ ਹੱਦ ਤੀਕ


ਰੂਹਾਂ ਪਰ ਏਸਤੋਂ ਨਿਆਰੀਆਂ


ਗਲ਼ੀ ਗਲ਼ੀ ਲੰਘ ਕੇ ਫ਼ਕੀਰਾਂ ਦੇਖ ਲਿਆ ਏ


ਪਰ-ਥਾਏਂ ਹੋਣ ਦੁਸ਼ਵਾਰੀਆਂ


ਆਪਣੀ ਹੀ ਕੰਬਲੀ ਦਾ ਨਿੱਘ ਏ ਪਿਆਰਾ ਸਦਾ


ਫ਼ਾਲਤੂ ਨੇ ਲਾ ਕੇ ਪਰ੍ਹਾਂ ਮਾਰੀਆਂ. . .


ਸੁਬਹ ਤੇ ਸ਼ਾਮ ਦੇ ਨੇ....



ਸੁਬਹ ਦੇ ਰੰਗ ਕੱਚੀ ਉਮਰ-ਵਰੇਸ ਵਾਂਗ


ਸ਼ਾਮ ਤਾਈਂ ਰੂਪ ਨੇ ਵਟਾਂਵਦੇ


ਜੋਬਨੇ ਦੇ ਪੈਰ ਪਾਣੀ ਹੋਣ ਜਿਉਂ ਹੜ੍ਹ ਦੇ


ਧਰਤੀ ਤੋਂ ਉੱਚਾ ਨੇ ਉਠਾਂਵਦੇ


ਸ਼ਾਮ ਵੇਲੇ ਝੂਠ ਦੇ ਨਕਾਬ ਲਾਹ ਕੇ ਸੁੱਟ ਦਈਏ


ਸੱਚ ਦੀਆਂ ਚੜ੍ਹਨ ਖ਼ੁਮਾਰੀਆਂ. . .


ਸੁਬਹ ਤੇ ਸ਼ਾਮ ਦੇ ਨੇ....



ਅੰਬਰਾਂ ਦੇ ਤਾਰਿਆਂ 'ਚ ਸੈਆਂ ਹੀ ਇਸ਼ਾਰੇ ਹੋਣ


ਅਬਰਕੀ ਰੰਗਾਂ ਦੀ ਵੀ ਭਾਹ


ਕਾਮਨਾ ਤੇ ਵਾਸਨਾ ਦੇ ਚਿੱਕੜ 'ਚ ਫਾਥੇ ਹੋਏ


ਕਾਲ ਵਿਚ ਹੋਵਣੇ ਫ਼ਨਾਹ


ਰੂਹ ਦੀਆਂ ਦੌਲਤਾਂ ਅਸੀਮ ਉਹੀ ਘੜੀਆਂ ਨੇ


ਫ਼ੱਕਰਾਂ ਦੇ ਨਾਲ਼ ਜੋ ਗੁਜ਼ਾਰੀਆਂ


ਸੁਬਹ ਤੇ ਸ਼ਾਮ ਦੇ ਨੇ....


=====


ਗੀਤ


ਜੇ ਧੀਆਂ ਨੂੰ ਕੁੱਖ ਵਿਚ ਮਾਰ ਮੁਕਾਉਗੇ


ਸੋਹਣਾ ਜਿਹਾ ਸੰਸਾਰ ਇਹ ਕਿਵੇਂ ਵਸਾਉਗੇ ?


ਧੀ ਹੋਵੇ ਤਾਂ ਘਰ ਵਿਚ ਲੱਛਮੀ ਆਉਂਦੀ ਹੈ


ਕੁਲ ਦੁਨੀਆ ਨੂੰ ਚੱਜ-ਆਚਾਰ ਸਿਖਾਉਂਦੀ ਹੈ


ਧੀ ਬਿਨ ਸੱਭਿਅਤਾ ਤੋਂ ਸੱਖਣੇ ਹੋ ਜਾਉਗੇ. . .


ਜੇ ਧੀਆਂ ਨੂੰ ਕੁੱਖ ਵਿਚ....



ਸਦੀਆਂ ਤੋਂ ਧੀਆਂ ਨੂੰ ਮਾਰ ਮਕਾਉਂਦੇ ਰਹੇ


ਸਿਰ ਸ਼ਮਲੇ ਦੀ ਝੂਠੀ ਧੌਂਸ ਜਮਾਉਂਦੇ ਰਹੇ


ਧੀਆਂ ਬਿਨ ਦੁੱਖੜੇ ਕਿਸ ਕੋਲ਼ ਵੰਡਾਉਗੇ?. . .


ਜੇ ਧੀਆਂ ਨੂੰ ਕੁੱਖ ਵਿਚ....



ਤੁਸੀਂ ਪੰਜਾਬ ਦੇ ਜਾਏ ਆਲਮ ਫ਼ਾਜ਼ਲ ਹੋ


ਆਲਮ ਫ਼ਾਜ਼ਲ ਹੀ ਧੀਆਂ ਦੇ ਕ਼ਾਤਿਲ ਹੋ


ਥੋੜ੍ਹ-ਦਿਲੇ-ਮਨ ਤੋਂ ਕਦ ਰਾਹਤ ਪਾਉਗੇ ?. . .


ਜੇ ਧੀਆਂ ਨੂੰ ਕੁੱਖ ਵਿਚ....



ਨੰਨ੍ਹੀਆਂ ਛਾਵਾਂ ਦੀ ਜੇ ਖ਼ੈਰ ਮਨਾਉਂਦੇ ਹੋ


ਥੋਥੀਆਂ ਰੀਤਾਂ ਲਈ ਕਿਉਂ ਸੀਸ ਝਕਾਉਂਦੇ ਹੋ?


ਧੀ ਆਵੇਗੀ ਜਦ ਇਹ ਜਾਲ਼ ਉਠਾਉਗੇ. . .


ਜੇ ਧੀਆਂ ਨੂੰ ਕੁੱਖ ਵਿਚ....



ਅੱਜ ਪੰਜਾਬੀਓ ਤੁਸੀਂ ਅਮੀਰ ਸਦਾਉਂਦੇ ਹੋ


ਆਦਮ ਵੇਲੇ ਦੀ ਪਰ ਰੀਤ ਨਿਭਾਉਂਦੇ ਹੋ


ਜ਼ਿਹਨੀ ਗ਼ੁਰਬਤ ਤੋਂ ਕਦ ਮੁਕਤੀ ਪਾਉਗੇ?. . .


ਜੇ ਧੀਆਂ ਨੂੰ ਕੁੱਖ ਵਿਚ....


=====


ਗੀਤ


ਪਰਦੇਸਾਂ ਨੂੰ ਜਾਵਣ ਵਾਲੇ, ਫਿਰ ਕਦ ਫੇਰਾ ਪਾਏਂਗਾ?


ਅਸਤ ਹੋਏ ਅੰਮੜੀ ਦੇ ਸੁਪਨੇ, ਫਿਰ ਕਦ ਆਣ ਜਗਾਏਂਗਾ?



ਚੁੱਲ੍ਹੇ ਵਿਚ ਅੱਗ ਠੰਡੀ ਹੋਈ, ਸੇਕ ਕਲੇਜੇ ਲੱਗਿਆ ਏ


ਬਾਪੂ ਦੀ ਅੱਖ ਵਿਚੋਂ ਹੁਣ ਤਾਂ, ਹੜ੍ਹ ਹੰਝੂਆਂ ਦਾ ਵਗਿਆ ਏ


ਪੱਥਰ ਹੋ ਗਈ ਮਾਂ ਦੀ ਸੂਰਤ, ਮੁੜ ਕਦ ਆ ਪਿਘਲਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....



ਕੰਧਾਂ ਤੋਂ ਉੱਚੀਆਂ ਹੋਈਆਂ ਨੇ, ਨਿੱਕਿਆਂ ਘਰ ਵਿਚ ਵੇਲਾਂ


ਤੇਰੇ ਜਾਣ 'ਤੇ ਭੁਰ-ਚੁਰ ਗਈਆਂ, ਝਾਂਜਰਾਂ ਅਤੇ ਹਮੇਲਾਂ


ਕਦ ਝਾਂਜਰ ਦੇ ਬੋਰਾਂ ਅੰਦਰ, ਦਿਲ ਦੇ ਤਾਲ ਵਜਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....



ਚਾਰ ਸਿਆੜ ਜੋ ਰਹਿੰਦ-ਖੂੰਦ੍ਹ ਸੀ, ਉਹ ਵੀ ਗਿਰਵੀ ਕਰਤੇ ਨੇ


ਗ਼ੁਰਬਤ ਦੀ ਦਲਦਲ ਵਿਚ ਖੁੱਭਿਆਂ, ਜ਼ਹਿਰ ਜੀਭ 'ਤੇ ਧਰ ਲਏ ਨੇ


ਬੰਜਰ ਹੋ ਗਏ ਚਿਹਰਿਆਂ ਉੱਤੇ, ਕਦ ਮੁਸਕਾਨ ਲਿਆਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....



ਮਾਂ ਧਰਤੀ ਦਾ ਗਹਿਰਾ ਦੁੱਖੜਾ, ਵੇਖ ਨਾ ਕਿਸੇ ਸੁਖਾਵੇ


ਅਪਣੀ ਕੁੱਖ 'ਚੋਂ ਜਨਮੇ-ਮੌਲੇ, ਬੈਠ ਨਾ ਗੋਦ ਖਿਡਾਵੇ


ਕਦ ਧਰਤੀ ਨੂੰ ਏਸ ਸਰਾਪ ਤੋਂ, ਆ ਕੇ ਮੁਕਤ ਕਰਾਏਂਗਾ?


ਪਰਦੇਸਾਂ ਨੂੰ ਜਾਵਣ ਵਾਲੇ....


=====


ਗੀਤ


ਇਸ ਪਰਦੇਸਣ ਧਰਤੀ ਦੀਆਂ, ਕਿਉਂ ਨਿਰਮੋਹੀ ਥਾਵਾਂ?


ਜਾਨ ਦੁੱਖਾਂ ਵਿਚ ਪਾ ਆਪੇ ਹੀ, ਪਲ ਪਲ ਮੁੱਕਦੀ ਜਾਵਾਂ


ਇਸ ਪਰਦੇਸਣ ਧਰਤੀ ਦੀਆਂ....



ਇਸ ਨਿਰਮੋਹੀ ਧਰਤੀ ਉਤੇ, ਕੋਈ ਨਾ ਸਾਕ-ਸਕੀਰੀ


ਦਿਲ ਦਾ ਦਰਦ ਵੰਡਾਵਣ ਵਾਲਾ, ਨਾ ਸੱਜਣ-ਦਿਲਗੀਰੀ


ਗਿੱਲੇ ਗਰਨੇ ਵਾਂਗੂੰ ਧੁੱਖ ਧੁੱਖ, ਅਪਣੀ ਜੂਨ ਹੰਢਾਵਾਂ...


ਇਸ ਪਰਦੇਸਣ ਧਰਤੀ ਦੀਆਂ....



ਯਾਦ ਸਹੇਲੀਆਂ-ਸਖੀਆਂ ਆਵਣ, ਹੱਸ ਹੱਸ ਉਮਰ ਬਿਤਾਈ


ਚਾਰ ਜਮਾਤਾਂ ਪੜ੍ਹ-ਲਿਖ ਕੇ ਵੀ, ਅਨਪੜ੍ਹ ਹਾਂ ਅਖਵਾਈ


ਪੂਰਬ ਦੇ ਚਾਨਣ ਦੀ ਸਰਘੀ, ਕਾਲਖ਼ ਵਿਚ ਸਮਾਵਾਂ ...


ਇਸ ਪਰਦੇਸਣ ਧਰਤੀ ਦੀਆਂ....



ਪਾਲ਼ ਪੋਸ ਕੇ ਮਾਪਿਆਂ ਤੋਰੀ, ਮਿਲਿਆ ਨਹੀਂ ਟਿਕਾਣਾ


ਰੂਹ ਦਾ ਹਾਲ ਹੈ ਕੱਲ-ਮਕੱਲੇ, ਪੰਛੀ ਦਾ ਤੜਫਾਣਾ


ਬਿਖੜੇ ਰਾਹਾਂ ਦੇ ਵਿਚ ਪੈ ਕੇ, ਸਬਰ ਪਈ ਅਜ਼ਮਾਵਾਂ. . .


ਇਸ ਪਰਦੇਸਣ ਧਰਤੀ ਦੀਆਂ....



ਪਲਕਾਂ ਵਿਚ ਕੱਜਲਾ ਸੋਹਵੇ ਨਾ ਪੈਰੀਂ ਝਾਂਜਰ ਛਣਕੇ


ਮਿੱਟੀ ਵਿਚ ਮਿਲ ਮਿੱਟੀ ਹੋਏ, ਗਲ ਗਾਨੀ ਦੇ ਮਣਕੇ


ਜੋਬਨ ਰੁੱਤ ਦੀਆਂ ਰੀਝਾਂ-ਸੱਧਰਾਂ, ਕਿਸ ਭੱਠੀ ਵਿਚ ਪਾਵਾਂ?...


ਇਸ ਪਰਦੇਸਣ ਧਰਤੀ ਦੀਆਂ....


*****

4 comments:

Surinder Kamboj said...

ਬਹੁਤ ਖੂਬ ਜੀ ........
ਜੇ ਧੀਆਂ ਨੂੰ ਕੁੱਖ ਵਿੱਚ ਮਾਰ ਮੁਕਾਓਗੇ ।
ਸੋਹਣਾ ਜਿਹਾ ਸੰਸਾਰ ਕਿਵੇਂ ਵਸਾਓਗੇ ।
....ਸਮਾਜ ਲਈ ਚੰਗਾ ਸੁਨੇਹਾ ਹੈ ।

Anonymous said...

~~~ਬਹੁਤ ਖੂਬ ਜੀ --~~

SIMRAN said...

amazing poetry....!!!!

ਦਰਸ਼ਨ ਦਰਵੇਸ਼ said...

ਪਿਆਰੇ ਸੁਹਿੰਦਰ,
ਸਾਰੇ ਗੀਤ ਹੀ ਮੇਰੇ ਮਨ ਨਾਲ ਕੋਈ ਸਾਂਝ ਜਿਹੀ ਪਾ ਗਏ ਨੇ। ਹਰ ਕਿਸੇ ਦਾ ਕੁੱਝ ਨਾਂ ਕੁੱਝ ਇਹਨਾਂ ਗੀਤਾਂ ਅੰਦਰ ਲੁਕਕੇ ਬੈਠਾ ਹੈ। ਜੇ ਤੂੰ ਇਜ਼ਾਜਤ ਦੇਵੇਂ ਤਾਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਨੂੰ ਕਿਧਰੇ ਨਾ ਕਿਧਰੇ ਵਰਤ ਸਕਾਂ ਜੇ ਕੋਈ ਮੌਕਾ ਮੇਲ ਹੋਇਆ ਤਾਂ !