ਜਗਜੀਤ ਜੀਓ! ਤੁਹਾਡੀਆਂ ਨਵੇਂ ਘਰ ਦੀ ਬਗ਼ੀਚੀ ਵਿੱਚ ਲਿਖੀਆਂ ਕਵਿਤਾਵਾਂ ਪੜ੍ਹ ਕੇ ਲਗਦੈ ਕਿ ਤੁਹਾਡੀ ਅਤੇ ਦਵਿੰਦਰ ਪੂਨੀਆ ਜੀ ਦੀ M.Sc. Agriculture ਨੇ ਇਕ ਵਾਰੀ ਫੇਰ ਰੰਗ ਲਿਆ ਰਹੀ ਹੈ...ਸਿਲੇਬਸ ਮੁੜ ਤੋਂ ਯਾਦ ਆ ਰਿਹਾ ਹੈ :) ਸੱਚ ਦੱਸਣਾ ਕਿ ਪੂਨੀਆ ਸਾਹਿਬ ਨੇ ਕਿੰਨੀ ਵਾਰ ਇਨ੍ਹਾਂ ਨੂੰ ਸੁਣ ਕੇ, ਖ਼ਾਸ ਕਰਕੇ ਨਦੀਨਾਂ ਵਾਲ਼ੀ ਨਜ਼ਮ ਸੁਣ ਕੇ ਵਾਹ-ਵਾਹ ਕੀਤੀ ਸੀ? ਬਈ, ਪੀ.ਏ.ਯੂ ਦੇ ਦੋ ਜ਼ਹੀਨ ਸ਼ਾਇਰ ਮਿਲ਼ ਬੈਠਣ ਤੇ ਵਾਹ-ਵਾਹ ਤਾਂ ਹੋਣੀ ਹੀ ਹੈ ਨਾ..:) ਸੱਚ ਆਖਾਂ, ਇਹਨਾਂ ਨਜ਼ਮਾਂ ( ਖ਼ਾਸ ਤੌਰ ‘ਤੇ ਨਦੀਨਾਂ ਵਾਲ਼ੀ ) ਨੂੰ ਪੜ੍ਹਦਿਆਂ, ਮਾਣਦਿਆਂ, ਮੈਨੂੰ ਨਾਲ਼ੇ ਪਾਬਲੋ ਨੇਰੂਦਾ ਦੀ ਰੂਹ ਵੀ ਮੁਸਕਰਾਉਂਦੀ, ਤੁਹਾਡੇ ਦੋਵਾਂ ਦੇ ਨੇੜੇ-ਨੇੜੇ ਤੁਰਦੀ ਫਿਰਦੀ ਮਹਿਸੂਸ ਹੋਈ ਹੈ..:)ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!
ਮਹਿਕੇ ਮਹਿਕੇ
ਖਿੜੇ ਖਿੜੇ
ਫੁੱਲਾਂ ਦਾ ਮਰਨਾ
ਵਾਹ! ਵਾਹ!! ਵਾਹ!! ਤੇ ਨਾਲ਼ੇ ਤੁਹਾਡੇ ਆਖਣ ਅਨੁਸਾਰ, ਅੱਧਕ ਵਾਲ਼ੀ ‘ਕੱਮਾਲ’ ਹੈ, ਸੰਧੂ ਸਾਹਿਬ! ਇਹਨਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਦਿਲੀ ਮੁਬਾਰਕਬਾਦ ਕਬੂਲ ਕਰੋ ਜੀ.... ਆਰਸੀ ‘ਤੇ ਹਾਜ਼ਰੀ ਲਵਾਉਣ ਲਈ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਸੋਗ
ਇੱਕ ਖਾਲ਼ ਵਿੱਚ ਤੈਰਦੀਆਂ ਫੁੱਲ ਪੱਤੀਆਂ ਵੇਖ ਕੇ ਇਹ ਮਹਿਸੂਸ ਹੋਇਆ:
ਨਜ਼ਮ
ਹਵਾ ਵਗੀ
ਫ਼ੁਲਵਾੜੀ ਅੰਦਰ
ਨਿੱਕੀਆਂ ਨਿੱਕੀਆਂ ਮੌਤਾਂ ਹੋਈਆਂ
ਜਲ ‘ਤੇ ਹੋ ਅਸਵਾਰ ਅਰਥੀਆਂ
ਖਾਲ਼ੀਓ-ਖਾ਼ਲੀ...
ਰਾਹ ਕਿਨਾਰੇ ਰੁੱਖ ਖਲੋਤੇ ਹੱਥ ਬੰਨ੍ਹ ਕੇ
ਵਗੀ ਹਨੇਰੀ ਦਾ ਵੀ ਬੋਲ ਸੀ ਭਾਰਾ ਭਾਰਾ
ਏਸ ਜਨਾਜ਼ੇ ਵਿੱਚ ਭਲਾ ਮੈਂ
ਕਿਵੇਂ ਖਲੋਣਾ ਕਿਥਾਂ ਖਲੋਣਾ
ਕਹਿਣਾ ਰੋਣਾ ਜਾਂ ਚੁੱਪ ਹੋਣਾ
ਨਾਲ਼ ਹਨੇਰੀ ਸ਼ਿਕਵਾ ਕਰਨਾ
ਸ਼ੁੱਭ ਨਹੀਂ ਹੁੰਦਾ ਵੇਖ ਹਵਾਏ!
ਮਹਿਕੇ ਮਹਿਕੇ
ਖਿੜੇ ਖਿੜੇ
ਫੁੱਲਾਂ ਦਾ ਮਰਨਾ
=====
ਜੈ ਨਦੀਨ
ਨਜ਼ਮ
ਜੁਗ ਜੁਗ ਜੀਣ....
ਜੁਗ ਜੁਗ ਜੀਣ....
ਧਰਤੀ ਉਪਰ ਬੂਟ ਨਦੀਨ
ਧਰਤੀ ਹੇਠਾਂ ਕਿਰਮ ਮਹੀਨ
ਦਾਤਰ ਚੱਲੇ ਜ਼ਹਿਰਾਂ ਪਈਆਂ
ਇਹ ਨਾ ਮੁੱਕੇ
ਫ਼ਸਲਾਂ ਨਾਲ਼ ਹੀ ਜੀ ਪੈਂਦੇ ਨੇ
ਆਪਣੀ ਰੁੱਤੇ
ਮੰਦੇ ਚੰਗੇ ਜਿਵੇਂ ਵੀ ਲਗਦੇ
ਰਹਿਣ ਖੜੋਤੇ ਪਕੜ ਜ਼ਮੀਨ
ਜੁਗ ਜੁਗ ਜੀਣ...
ਇਹ ਵੀ ਸੁਹਣੇ ਸੁਹਣੇ ਲਗਦੇ
ਜੇਕਰ ਉਗਦੇ ਸਾਡੇ ਰਾਹੀਂ
ਇਹਨਾਂ ਦੇ ਫੁੱਲਣ ਮੌਲਣ ਨੂੰ
ਸਾਡੇ ਘਰਾਂ ‘ਚ ਗਮਲੇ ਨਾਹੀਂ
ਅਸੀਂ ਟੀਰੀਆਂ ਨਜ਼ਰਾਂ ਵਾਲੇ
ਕਿਸ ਸੁੰਦਰਤਾ ਦੇ ਸ਼ੌਕੀਨ
ਜੁਗ ਜੁਗ ਜੀਣ....
ਜੁਗ ਜੁਗ ਜੀਣ....
ਧਰਤੀ ਉਪਰ ਬੂਟ ਨਦੀਨ
ਧਰਤੀ ਹੇਠਾਂ ਕਿਰਮ ਮਹੀਨ
2 comments:
ਬਹੁਤ ਵਧੀਆ ਰਚਨਾ, ਮਜਾ ਆ ਗਿਆ ਜੀ ।
ਲੇਖਕ - ਰਵੀ ਸਚਦੇਵਾ ਮੈਲਬੋਰਨ ਆਸਟੇ੍ਲੀਆ
ਈਮੇਲ - ravi_sachdeva35@yahoo.com
ਫੋਨ ਨੰਬਰ - 0411365038
ਵੈਬ ਬਲੋਗ – www.ravisachdeva.blogspot.com
ਸੰਧੂ ਸਾਹਿਬ ਦੀਆਂ ਲੈ ਬੱਧ ਕਵਿਤਾਵਾਂ ਤੇ ਸੱਜਰੇ ਖ਼ਿਆਲ ਵਾਰ-ਵਾਰ ਪੜ੍ਹਨ ਨੂੰ ਜੀ ਕਰਦਾ ਹੈ...
Post a Comment