ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, April 30, 2011

ਅਜ਼ੀਮ ਸ਼ੇਖਰ – ਗੀਤ

ਸ਼ੇਖਰ ਜੀ! ਮੈਂ ਤੁਹਾਡੀ ਇਕ ਗੱਲ ਦੇ ਜਵਾਬ ਚ ਲਿਖਿਆ ਸੀ ਕਿ ਜੇ ਅਸੀਂ ਚਾਹੀਏ ਤਾਂ ਤੁਹਾਡੀਆਂ ਕਿਤਾਬਾਂ ਦੀ ਸ਼ਿਪਮੈਂਟ ਰਸਤੇ ਚੋਂ ਹੀ ਗ਼ਾਇਬ ਕਰ ਦੇਈਏ, ਪਰ ਤੁਸੀਂ ਨਹੀਂ ਮੰਨੇ....ਗੱਲ ਹਾਸੇ ਚ ਹੀ ਟਾਲ਼ ਦਿੱਤੀ...ਤੇ ਆਹ ਲਓ! ਹੁਣ ਸਬੂਤ ਦੇ ਤੌਰ ਤੇ ਜਿਹੜਾ ਗੀਤ ਮੈਂ ਆਰਸੀ ਤੇ ਪੋਸਟ ਕਰਨ ਲੱਗੀ ਆਂ...ਘੱਲਿਆ ਤਾਂ ਤੁਸੀਂ ਕਿਤੇ ਹੋਰ ਸੀ...ਪਰ ਅਸੀਂ ਵੀ ਰਸਤੇ ਵਿੱਚੋਂ ਹੀ ਗ਼ਾਇਬ ਕਰ ਲਿਆ...:) ਅਜੇ ਵੀ ਮੰਨਦੇ ਹੋਂ ਕਿ ਨਹੀਂ ਕਿ ਥੋੜ੍ਹੀ ਬਹੁਤੀ ਜਾਦੂਗਰੀ ਤਾਂ ਸਾਨੂੰ ਵੀ ਆਉਂਦੀ ਹੈ ??


ਤੁਹਾਡੇ ਗ਼ਜ਼ਲ-ਸੰਗ੍ਰਹਿ ਹਵਾ ਨਾਲ਼ ਖੁੱਲ੍ਹਦੇ ਬੂਹੇ 14 ਮਈ ਨੂੰ ਰਿਲੀਜ਼ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਹੋਣ, ਇਸ ਕਿਤਾਬ ਦੀ ਤੁਹਾਡੇ ਬਾਕੀ ਦੋਸਤਾਂ ਦੀ ਤਰ੍ਹਾਂ ਮੈਨੂੰ ਵੀ ਬੜੀ ਉਡੀਕ ਸੀ। ਇਸ ਸਮਾਗਮ ਦੀ ਵਿਸਤਾਰਤ ਜਾਣਕਾਰੀ ਆਰਸੀ ਸੂਚਨਾਵਾਂ ਤੇ ਪੋਸਟ ਕਰ ਦਿੱਤੀ ਗਈ ਹੈ, ਸਮੂਹ ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ! ਆਸ ਹੈ ਕਿ ਇਸ ਕਿਤਾਬ ਵਿਚਲੀਆਂ ਪਿਆਰੀਆਂ-ਪਿਆਰੀਆਂ ਗ਼ਜ਼ਲਾਂ ਨਾ ਸਿਰਫ਼ ਵਰ੍ਹਿਆਂ ਤੋਂ ਬੰਦ ਪਏ ਬੂਹੇ ਹੀ ਖੋਲ੍ਹਣਗੀਆਂ, ਬਲਕਿ ਵਧੀਆ ਅਤੇ ਮਿਆਰੀ ਸਾਹਿਤ ਦੀਆਂ ਪਿਆਸੀਆਂ ਰੂਹਾਂ ਨੂੰ ਨਸ਼ਿਆਉਣ ਲਈ ਸੰਦਲੀ, ਸੀਤਲ ਹਵਾ ਵੀ ਅੰਦਰ ਆਵੇਗੀ। ਨਾਲ਼ ਹੀ ਇਸ ਬੇਹੱਦ ਖ਼ੂਬਸੂਰਤ ਗੀਤ ਲਈ ਵੀ ਵਧਾਈਆਂ ਕਬੂਲ ਕਰੋ, ਮੈਨੂੰ ਯਾਦ ਹੈ ਕਿ ਇਸ ਗੀਤ ਦਾ ਮੁੱਖੜਾ ਤੁਸੀਂ ਮੈਨੂੰ ਕੋਈ ਡੇਢ-ਦੋ ਕੁ ਸਾਲ ਪਹਿਲਾਂ ਫ਼ੋਨ ਤੇ ਸੁਣਾਇਆ ਸੀ। ਤੁਹਾਡੀ ਕਲਮ ਨੂੰ ਸਲਾਮ!


ਅਦਬ ਸਹਿਤ


ਤਨਦੀਪ ਤਮੰਨਾ


******


ਗੀਤ


ਤੇਰਾ ਦਰਦ ਤਾਂ ਏਨਾ ਜ਼ਾਲਿਮ ਏ, ਏਹ ਸਾਹ ਤਾਂ ਕਦੋਂ ਦੇ ਮੁੱਕ ਜਾਂਦੇ,
ਅਸੀਂ ਡੇਰਾ ਵਸਦੀ ਦੁਨੀਆਂ ਤੋਂ, ਚੁੱਪ-ਚਾਪ ਕਦੋਂ ਦੇ ਚੁੱਕ ਜਾਂਦੇ,
ਤੇਰੇ ਗ਼ਮ ਤਾਂ ਜਿੰਦ ਮੁਕਾ ਜਾਂਦੇ, ਸਨ ਚੀਸਾਂ ਲੰਮੀ ਉਮਰ ਦੀਆਂ,
ਮਿਲ਼ੀਆਂ ਨੇ ਸਾਨੂੰ ਮਾਵਾਂ ਤੋਂ ਪਰ 'ਸੀਸਾਂ ਲੰਮੀ ਉਮਰ ਦੀਆਂ...


ਮਿਲ਼ੀਆਂ ਨੇ ਸਾਨੂੰ....ਪੀੜਾਂ ਸੰਗ ਰਿਸ਼ਤੇ ਜੋੜੇ ਨੇ, ਤੇਰੇ ਹਿਜਰ ਦੀਆਂ ਕੁੜਮਾਈਆਂ ਨੇ,
ਹੁਣ ਏਹੀ ਪੀੜਾਂ ਲਗਦੀਆਂ ਨੇ, ਜਿਉਂ ਸਕੀ ਮਾਂ ਦੀਆਂ ਜਾਈਆਂ ਨੇ,
ਰਾਤਾਂ ਨੂੰ ਹੰਝੂ ਭਰਦੇ ਨੇ ਹੁਣ ਫੀਸਾਂ ਲੰਮੀ ਉਮਰ ਦੀਆਂ....
ਮਿਲ਼ੀਆਂ ਨੇ ਸਾਨੂੰ....ਦਿਲ ਤੂੰ ਦੱਸ ਕੀਹਦਾ ਨਈਂ ਕਰਦਾ, ਹੱਸ-ਹੱਸ ਕੇ ਉਮਰ ਗੁਜ਼ਾਰਨ ਨੂੰ,
ਕੀ ਕਰੀਏ ਹਰ ਰੁੱਤ ਮਿਲ਼ਦੀ ਹੈ, ਰੀਝਾਂ ਦੇ ਬਾਗ਼ ਉਜਾੜਨ ਨੂੰ,
ਅਸੀਂ ਮਨੋਂ ਕਰਨੀਆਂ ਨਈਂ ਚਾਹੀਆਂ ਕਦੇ ਰੀਸਾਂ ਲੰਮੀ ਉਮਰ ਦੀਆਂ...
ਮਿਲ਼ੀਆਂ ਨੇ ਸਾਨੂੰ....ਤੇਰੀ ਯਾਦ ਚੁਰਾ ਕੇ ਲੈ ਜਾਵੇ, ਮੋਤੀ ਨਿੱਤ ਸੁੱਚੇ ਸਾਹਾਂ ਦੇ,
ਤੇਰੀ ਗ਼ੈਰ-ਹਾਜ਼ਰੀ ਬਣ ਜਾਵੇ, ਸੁਪਨੇ ਸ਼ੇਖਰ ਦੀਆਂ ਬਾਹਾਂ ਦੇ,
ਨਿੱਤ ਪਲਕਾਂ ਓਹਲੇ ਸੁਲਘਦੀਐਂ ਬਖ਼ਸ਼ੀਸ਼ਾਂ ਲੰਮੀ ਉਮਰ ਦੀਆਂ...


ਮਿਲ਼ੀਆਂ ਨੇ ਸਾਨੂੰ....
1 comment:

Surinder Kamboj said...

ਇਹ ਗੀਤ ਬਹੁਤ ਪਿਆਰਾ ਲੱਗਾ....
"ਮਿਲੀਆਂ ਨੇ ਸਾਨੂੰ ਮਾਵਾਂ ਤੋਂ ਪਰ ਸੀਸਾਂ ਲੰਮੀ ਉਮਰ ਦੀਆਂ"......ਬਹੁਤ ਹੀ ਪਿਆਰੇ ਸ਼ਬਦ