ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, June 11, 2011

ਮੈਡਮ ਪਰਵੇਜ਼ ਸੰਧੂ - ਸ਼ੀਨੇ... ਤੂੰ ਮੈਨੂੰ ਚੇਤੇ ਆਵੇਂਗੀ..

ਦੋਸਤੋ! ਮੈਂ ਆਪਣੀ ਇਕ ਨਜ਼ਮ ਚ ਇੰਝ ਲਿਖਿਆ ਸੀ ਕਿ...

ਕੱਲ੍ਹ ਰਾਤ


ਹਾਂ ! ਕੱਲ੍ਹ ਰਾਤ


ਮੈਂ ਤੇਰੇਦਰਦ ਦੇ


ਜੰਗਲ ਚੋਂ ਗੁਜ਼ਰੀ ਸਾਂ


ਪਰ ਕੁਤਰੇ ਗਏ ਸਨ


ਮੇਰੀ ਚੀਖ ਦੇ....


ਇਸ ਨਜ਼ਮ ਨੂੰ ਲਿਖਣ ਸਮੇਂ ਜਿਹੜੇ ਅਹਿਸਾਸਾਂ ਮੈਨੂੰ ਚਾਰੇ ਪਾਸਿਉਂ ਵਲ਼ਿਆ ਸੀ, ਮੈਨੂੰ ਕੀ ਪਤਾ ਸੀ ਕਿ ਕੋਈ ਮੈਥੋਂ ਬਿਨਾ ਵੀ ਕਿਤੇ ਬੈਠਾ ਕਦੇ ਇਹਨਾਂ ਨੂੰ ਤਨ, ਮਨ ਤੇ ਹੰਢਾ ਵੀ ਰਿਹਾ ਹੋਵੇਗਾ। ਕੁਝ ਕੁ ਦਿਨ ਪਹਿਲਾਂ ਫੇਸਬੁੱਕ ਤੇ ਕਿਸੇ ਦੋਸਤ ਨੇ ਪੋਸਟ ਕੀਤਾ ਸੀ ਕਿ ਪੰਜਾਬੀ ਦੀ ਅਜ਼ੀਮ ਕਹਾਣੀਕਾਰਾ ਪਰਵੇਜ਼ ਸੰਧੂ ਨਾਲ਼ ਕੋਈ ਸੰਪਰਕ ਨਹੀਂ ਹੋ ਰਿਹਾ, ਉਸਦੇ ਸਾਰੇ ਸਾਹਿਤਕ ਦੋਸਤ ਪਰੇਸ਼ਾਨ ਸਨ।


ਅਚਾਨਕ ਕੱਲ੍ਹ ਮੈਨੂੰ ਪਰਵੇਜ਼ ਸੰਧੂ ਜੀ ਨੇ ਆਪਣੀ ਪਰੋਫਾਈਲ ਘੱਲੀ, ਮੈਂ ਹੈਰਾਨ ਹੋਈ....ਸੋਚਿਆ ਸ਼ਾਇਦ ਬੱਚੇ ਪਰੇਸ਼ਾਨ ਹੋਣਗੇ, ਏਸੇ ਕਰਕੇ ਫੇਸਬੁੱਕ ਤੇ ਸਰਚ ਕਰ ਰਹੇ ਹੋਣਗੇ। ਨਿੱਜੀ ਰੁਝੇਵਿਆਂ ਕਰਕੇ ਮੈਂ ਪਰੋਫਾਈਲ ਨੂੰ ਸਵੇਰੇ ਵੇਖਣ ਲਈ ਛੱਡ ਦਿੱਤਾ। ਅੱਜ ਮੈਂ ਕੁਝ ਸੁਨੇਹੇ ਵੇਖ ਹੀ ਰਹੀ ਸੀ ਕਿ ਪਰਵੇਜ਼ ਸੰਧੂ ਹੁਰੀ ਦੀ ਆਈ.ਡੀ. ਤੋਂ ਹੈਲੋਦਾ ਸੰਖੇਪ ਜਿਹਾ ਸੁਨੇਹਾ ਤੇ ਇਕ ਤਸਵੀਰ ਤੇ ਦਿਲ ਨੂੰ ਹਿਲਾ ਦੇਣ ਵਾਲ਼ੀਆਂ ਸਤਰਾਂ ਨਾਲ਼ ਕੀਤਾ ਟੈਗ ਵੀ ਮਿਲ਼ਿਆ...ਮੈਂ ਬਹੁਤ ਹੈਰਾਨ ਵੀ ਹੋਈ ਤੇ ਖ਼ੁਸ਼ ਵੀ...ਫੇਰ ਸੋਚਿਆ ਕਿ ਸ਼ਾਇਦ ਉਹਨਾਂ ਦੇ ਬੱਚੇ ਉਹਨਾਂ ਨੂੰ ਲੱਭ ਰਹੇ ਨੇ...ਮੈਂ ਪੰਜਾਬੀ ਚ ਜਵਾਬ ਲਿਖਿਆ....ਮੈਡਮ ਪਰਵੇਜ਼ ਜੀ ਦਾ ਜਵਾਬ ਆਇਆ..... ਪਤਾ ਲੱਗਿਆ ਕਿ ਇਹ ਤਾਂ ਉਹ ਖ਼ੁਦ ਹੀ ਸਨ....ਉਹਨਾਂ ਨੇ ਲਿਖਿਆ ਸੀ ਕਿ ਤਸਵੀਰ ਵਿਚਲੀ ਖ਼ੂਬਸੂਰਤ ਲੜਕੀ ਜੋ ਕਿ ਉਹਨਾਂ ਦੀ ਬੇਟੀ ਸਵੀਨਾ ਸੰਧੂ ਹੈ, ਨੂੰ ਮਾਰਚ 2011 ਵਿਚ ਕੈਂਸਰ ਜਿਹੀ ਨਾ-ਮੁਰਾਦ ਬੀਮਾਰੀ ਨੇ ਉਹਨਾਂ ਤੋਂ ਖੋਹ ਲਿਆ ਸੀ...ਮੈਂ ਕਦੇ ਤਸਵੀਰ ਵੱਲ ਵੇਖਾਂ...ਕਦੇ ਤਸਵੀਰ ਤੇ ਲਿਖਿਆ ਪੜ੍ਹਾਂ...


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਪਿੱਛੇ ਮੁੜ ਕੇ ਵੀ


ਦੇਖ ਲੈਣਾ ਸੀ


ਬਹੁਤ ਕੁਝ


ਰਹਿ ਗਿਆ ਹੈ ਪਿੱਛੇ


ਜੋ ਤੁਹਾਡੇ ਨਜ਼ਰੀ ਨਹੀਂ ਪਿਆ


ਬਹੁਤ ਕੁਝ


...ਤੇ ਸੋਚਾਂ ਇਸ ਦਾ ਕੀ ਜਵਾਬ ਲਿਖਾਂ...ਲਫ਼ਜ਼ ਕਿੱਥੋਂ ਲਿਆਵਾਂ.....ਜੇਰਾ ਕਿੱਥੋਂ ਟੋਲ਼ਾਂ....ਇਕ ਮਾਂ ਦੇ ਹਿਰਦੇ ਦੇ ਧੁਰ ਅੰਦਰੋਂ ਨਿਕਲ਼ੇ ਇਸ ਸ਼ਬਦ ਨਹੀਂ, ਦੁਹਾਈ ਸਨ.....ਉਸ ਸੱਚੇ ਰੱਬ ਅੱਗੇ ਜੀਹਨੇ ਕਲੀਆਂ ਤੋਂ ਕੋਮਲ ਉਸਦੀ ਧੀ ਨੂੰ ਕਰੁੱਤੇ ਹੀ ਖੋਹ ਲਿਆ ਸੀ....ਖ਼ੈਰ! ਦਿਲ ਕਰੜਾ ਕਰਕੇ ਜਵਾਬ ਲਿਖਿਆ ਤਾਂ ਪਰਵੇਜ਼ ਹੁਰਾਂ ਨੇ ਲਿਖਿਆ ਕਿ ਉਹ ਸਵੀਨਾ ਸੰਧੂ ( ਉਹਨਾਂ ਦੀ ਬੇਟੀ ) ਦੇ ਵਿਛੋੜੇ ਤੋਂ ਬਾਅਦ ਬਹੁਤ ਇਕੱਲੇ ਹੋ ਗਏ ਹਨ....ਤੇ ਚੁੱਪ ਰਹਿ ਕੇ ਬਸ ਸਵੀਨਾ ਦੀ ਮਿੱਠੀਆਂ ਯਾਦਾਂ ਨੂੰ ਗਲ਼ੇ ਲਾ ਉਹਦੇ ਬਾਰੇ ਲਿਖਦੇ ਰਹੇ ਹਨ....ਫੇਰ ਉਹਨਾਂ ਨੇ ਆਪਣੀਆਂ ਦੋ ਨਜ਼ਮਾਂ ਮੈਨੂੰ ਘੱਲੀਆਂ ਤੇ ਨਾਲ਼ ਪਿਆਰੀ ਜਿਹੀ ਸਵੀਨਾ ਦੀ ਫ਼ੋਟੋ ਵੀ...ਬਾਕੀ ਫ਼ੋਟੋਆਂ ਮੈਂ ਫੇਸ ਬੁੱਕ ਤੇ ਵੇਖ ਕੇ ਪਹਿਲਾਂ ਹੀ ਰੋ ਚੁੱਕੀ ਸਾਂ....
ਦਰਦ ਨੂੰ ਮਿਟਾਉਣਾ ਸੰਭਵ ਨਹੀਂ ਹੁੰਦਾ, ਪਰ ਆਖਦੇ ਨੇ ਜੇ ਉਹਨਾਂ ਨੂੰ ਕਾਗ਼ਜ਼ ਤੇ ਉਤਾਰ ਲਈਏ ਤਾਂ ਮਨ ਹਲਕਾ ਹੋ ਜਾਂਦੈ...ਇਹੀ ਪਰਵੇਜ਼ ਜੀ ਨੇ ਕੀਤਾ ਹੈ। ਅੱਜ ਦੀ ਪੋਸਟ ਵਿਚ ਸਵੀਨਾ ਨੂੰ ਯਾਦ ਕਰਦੀ ਇਕ ਮਾਂ ਦੀਆਂ ਨਜ਼ਮਾਂ ( ਜਾਂ ਮਰਸੀਏ ਆਖ ਲਈਏ ).. ਸਾਂਝੀਆਂ ਕਰ ਰਹੀ ਆਂ....ਪੰਜਾਬੀ ਦੀ ਏਨੀ ਪਿਆਰੀ ਕਹਾਣੀਕਾਰਾ ਪਰਵੇਜ਼ ਜੀ ਦੀ ਹਾਜ਼ਰੀ ਮਰਸੀਆਂ ਵਰਗੀਆਂ ਨਜ਼ਮਾਂ ਨਾਲ਼ ਲੱਗੇਗੀ...ਕਿਸਨੇ ਕਿਆਸ ਕੀਤਾ ਸੀ?? ਪਿਆਰੀ ਸਵੀਨਾ......ਤੂੰ ਪਰੀ ਸੈਂ...ਬਸ ਥੋੜ੍ਹੀ ਦੇਰ ਲਈ ਅਰਸ਼ੋਂ ..ਪਰਵੇਜ਼ ਹੁਰਾਂ ਦੇ ਵਿਹੜੇ ਉੱਤਰੀ ਸੈਂ.....ਪਰ ਤੇਰੀ ਮੰਮੀ ਦੀ ਦੁਨੀਆਂ ਤੇਰੇ ਨਾਲ਼ ਸੀ ਅਤੇ ਹੈ......ਪਰ ਪਰੀਏ ! ਕਦੇ ਉਸਦੀਆਂ ਯਾਦਾਂ ਚ ਆਉਣਾ ਨਾ ਭੁੱਲੀਂ......ਉਹ ਰੋਜ਼ ਆਪਣੇ ਹੰਝੂਆਂ ਨਾਲ਼, ਆਪਣੇ ਘਰ ਦੀ ਦਹਿਲੀਜ਼ ਤੇਰੀ ਆਮਦ ਲਈ ਰੌਸ਼ਨ ਕਰਦੀ ਹੈ....ਆਮੀਨ!


ਮੈਡਮ ਪਰਵੇਜ਼ ਸੰਧੂ ਜੀ ਦੇ ਨਾਲ਼ ਸਵੀਨਾ ਨੂੰ ਆਰਸੀ ਪਰਿਵਾਰ ਵੱਲੋਂ ਯਾਦ ਕਰਦਿਆਂ...


ਤਨਦੀਪ


******


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਨਜ਼ਮ


ਅਰਥੀ ਨੂੰ ਮੋਢਾ ਦੇਣ ਵਾਲ਼ਿਓ...


ਪਿੱਛੇ ਮੁੜ ਕੇ ਵੀ


ਦੇਖ ਲੈਣਾ ਸੀ


ਬਹੁਤ ਕੁਝ


ਰਹਿ ਗਿਆ ਹੈ ਪਿੱਛੇ


ਜੋ ਤੁਹਾਡੇ ਨਜ਼ਰੀ ਨਹੀਂ ਪਿਆ


ਬਹੁਤ ਕੁਝ


ਦੇਖਿਆ ਨਹੀ ਤੁਸੀਂ


ਬਹੁਤ ਕੁਝ ਰਹਿ ਗਿਆ ਹੈ


ਦੇਖਣ ਵਾਲਾ
ਤੁਸੀਂ ਤਾਂ ਸਿਰਫ਼ ਅਰਥੀ ਦਾ ਬੋਝ


ਹੀ ਢੋਇਆ ਹੈ


ਸਿਰਫ਼ ਬਲ਼ਦਾ


ਸਿਵਾ ਹੀ ਦੇਖਿਆ


ਜਾਂ ਬੱਸ ਕੋਈ


ਰੋਂਦੀ ਅੱਖ ਦੇਖੀ ਐ


ਜਾਂ ਸਿਰਫ਼ ਛਾਤੀ ਦੀ


ਹੂਕ ਸੁਣੀ ਐ


ਤੁਸੀਂ ਤਾਂ ਡਰ ਗਏ


ਕਿਸੇ ਦੀ ਸਜੀ ਲੋਥ


ਦੇਖ ਕੇ ਹੀ


ਤਾਹਿਓਂ ਤਾਂ ਤੁਸਾਂ ਪਿੱਛੇ


ਮੁੜ ਕੇ ਨਹੀ ਤੱਕਿਆਅਰਥੀ ਦਾ ਬੋਝ ਤਾਂ


ਸਿਰਫ਼ ਘੜੀਆਂ ਪਲਾਂ


ਦਾ ਬੋਝ ਸੀਤੁਸੀਂ ਤਾਂ ਤੁਰ ਗਏ


ਪਲਾਂ ਦਾ ਬੋਝ ਢੋਅ ਕੇ


ਕਦੀ ਮੁੜ ਕੇ ਤਾਂ ਦੇਖ ਲੈਂਦੇ


ਕਿ ਕਿੰਝ


ਢੋਦੀਆਂ ਨੇ ਜਿਉਂਦੀਆਂ ਲਾਸ਼ਾਂ


ਆਪਣਾ ਬੋਝ ਆਪੇ ..


=====


ਸ਼ੀਨੇ... ਤੂੰ ਮੈਨੂੰ ਚੇਤੇ ਆਵੇਂਗੀ..


ਨਜ਼ਮ


ਜਦ ਕਦੀ ਕਿਸੇ ਮਾਂ ਦੀ


ਹਰੀ ਕੁੱਖ ਦੇਖਾਂਗੀ


ਜਾਂ ਲੋਰੀ ਦੀ ਵਾਜ ਸੁਣਾਂਗੀ.....


ਤਾਂ ਤੂੰ ਚੇਤੇ ਆਵੇਂਗੀ......
ਜਦੋਂ ਕਦੀ ਭੋਲ਼ੀਆਂ ਅੱਖਾਂ


ਵਾਲ਼ੀ ਨੰਨ੍ਹੀ ਪਰੀ


ਸਾਹਵੇਂ ਆਏਗੀ


ਜਾਂ ਲਾਲ ਰਿਬਨਾਂ ਵਾਲ਼ੀ


ਗੁਆਂਢੀਆਂ ਦੀ ਧੀ ਦੀਆਂ


ਕਿਲਕਾਰੀਆਂ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਚਿੜੀਆਂ ਦਾ ਚੰਬਾ


ਜਾਂ ਕੁੜੀਆਂ ਦਾ ਝੁੰਡ ਤੇ


ਰੰਗਲੇ ਉੱਡਦੇ ਦੁਪੱਟੇ ਦੇਖਾਂਗੀ ...


ਜਾਂ ਨਵੀ ਵਿਆਹੀ ਦੇ


ਸੂਹੇ ਚੂੜੇ ਦੀ ਛਣਕਾਰ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ ...
ਜਦ ਕਦੀ ਮਹਿੰਦੀ ਰੱਤੜੇ ਹੱਥ..


ਫੁਲਕਾਰੀ ਨਾਲ਼ ਲਪੇਟੀ


ਮਾਂਈਏ ਪਈ ਕਿਸੇ


ਕਰਮਾਂ ਵਾਲ਼ੀ ਨੂੰ ਦੇਖਾਗੀ


ਜਾਂ ਸੁਹਾਗ ਗਾਉਦੀ ਕਿਸੇ ਮਾਂ ਨੂੰ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ
ਜਦ ਕਦੀ ਸਿਹਰਿਆਂ ਚ ਸਜਿਆ ਗੱਭਰੂ


ਜਾਂ ਬਰੂਹਾਂ ਤੇ ਢੁਕੀ ਜੰਞ ਦੇਖਾਂਗੀ


ਜਾਂ ਫੇਰ ਸਜੀ ਡੋਲੀ


ਤੇ ਬਾਪ ਦੇ ਗਲ਼ ਲੱਗੀ ਧੀ


ਜਾਂ ਆਹ ਲੈ ਮਾਏ ਸਾਂਭ ਕੁੰਜੀਆਂ


ਦਾ ਗੀਤ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਚੜ੍ਹਦਾ ਚੰਨ ਦੇਖਾਂਗੀ


ਡੁੱਬਦਾ ਸੂਰਜ ਦੇਖਾਂਗੀ


ਜਾਂ ਅਸਮਾਨਾਂ ਦੀ ਹਿੱਕ ਚੋਂ


ਵਰ੍ਹਦੀ ਬੱਦਲੀ ਨੂੰ ਦੇਖਾਂਗੀ


ਜਾਂ ਟੁੱਟਦੇ ਤਾਰਿਆਂ ਦੀ ਚੀਖ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....
ਜਦ ਕਦੀ ਅਰਥੀ ਨੂੰ ਦੇਖਾਂਗੀ


ਜਾਂ ਡੋਲੀ ਨੂੰ ਦੇਖਾਂਗੀ


ਭੈਣਾਂ ਨੂੰ ਵਿਦਾ ਕਰਦੇ ਵੀਰਾਂ ਨੂੰ ਦੇਖਾਂਗੀ


ਜਾਂ ਮੋਈ ਧੀ ਨੂੰ, ਰੋਂਦੇ ਬਾਪ ਨੂੰ ਦੇਖਾਂਗੀ


ਚੂੜਾ ਪਾਉਂਦੇ ਮਾਮੇ ਨੂੰ


ਦੁਹੱਥੜੀਂ ਪਿੱਟਦੀ ਕਿਸੇ ਮਾਂ ਨੂੰ


ਜਾਂ ਮਾਸੀ ਦੇ ਕੀਰਨੇ ਸੁਣਾਂਗੀ


ਤਾਂ ਤੂੰ ਚੇਤੇ ਆਵੇਂਗੀ....


ਤੂੰ ਚੇਤੇ ਆਵੇਂਗੀ....


ਚੇਤੇ ਆਵੇਂਗੀ........
18 comments:

gurpreet said...

Gurpreet Dhaliwal ਅਰਥੀ ਦਾ ਬੋਝ ਤਾਂ
ਸਿਰਫ ਘੜੀਆਂ ਪਲਾਂ
ਦਾ ਬੋਝ ਸੀ
ਤੁਸੀਂ ਤਾਂ ਤੁਰ ਗਏ
ਪਲਾਂ ਦਾ ਬੋਝ ਢੋਅ ਕੇ
...ਕਦੀ ਮੁੜ ਕੇ ਤਾਂ ਦੇਖ ਲੈਂਦੇ
ਕੇ ਕਿੰਝ
ਢੋਅਦੀਆਂ ਨੇ ਜਿਉਂਦੀਆਂ ਲਾਸ਼ਾਂ
ਆਪਣਾ ਬੋਝ ਆਪੇ ..

.ਕੁਲੀ ਢੋਂਦੇ ਨੇ ਭਾਰ, ਸ਼ਾਇਦ ਜਿੰਦਗੀ ਜਿਓਂਣ ਦੀ ਇੱਕ ਆਸ,ਇ ਕ ਖਾਇਸ਼ ਹੁੰਦੀ ਆ ਉਨਾ ਨੂ //ਪਰ ਅਸੀ ਉਸ ਰਬ ਦੇ ਦਿਤੇ ਦਰਦਾਂ ਨੂ ਢੋਣ ਲਈ ਜੀ ਰਹੇ ਆ/,ਉਸ ਦੇ ਦਿਤੇ ਦਰਦਾ ਦਾ ਭਾਰ. ,,love you always,beti Savina.. ,,, ,,,,

AMRIK GHAFIL said...

ਤਨਦੀਪ ਜੀ ਮੈਡਮ ਪਰਵੇਜ਼ ਸੰਧੂ ਨਾਲ ਹੋਈ ਤਾ੍ਸਦੀ ਬਾਰੇ ਪਡ਼ਕੇ ਦਿਲ ਦਰਦ ਸਮੁੰਦਰਾਂ ਚ ਗੋਤੇ ਖਾ ਰਿਹਾ ਏ...ਬਹੁਤ ਹੀ ਠੇਸ ਲੱਗੀ ਏ....ਕਵਿਤਾਵਾਂ ਨੂੰ ਅੱਖਾਂ ਦੀ ਨਮੀ ਪਡ਼ਨ ਨਹੀਂ ਦੇ ਰਹੀ....

ਤਨਦੀਪ 'ਤਮੰਨਾ' said...

ਗੁਰਪ੍ਰੀਤ ਧਾਲੀਵਾਲ ਸਾਹਿਬ ਅਤੇ ਅਮਰੀਕ ਗ਼ਾਫ਼ਿਲ ਸਾਹਿਬ!ਕੈਸਾ ਮੌਕਾ ਹੈ ਕਿ ਤੁਹਾਨੂੰ ਦੋਵਾਂ ਨੂੰ ਆਰਸੀ 'ਤੇ ਖ਼ੁਸ਼ਆਮਦੀਦ ਵੀ ਲਿਖ ਸਕਦੀ....ਜਦੋਂ ਦੀਆਂ ਸਵੀਨਾ ਦੀਆਂ ਫ਼ੋਟੋਆਂ ਵੇਖੀਆਂ ਨੇ, ਤੇ ਪਰਵੇਜ਼ ਜੀ ਦੀਆਂ ਨਜ਼ਮਾਂ ਕੱਲ੍ਹ ਦੀਆਂ ਮੇਰੇ ਇਨ ਬੌਕਸ 'ਚ ਆਈਆਂ ਨੇ, ਜਿਹੜੀ ਮੇਰੇ 'ਤੇ ਬੀਤੀ ਹੈ, ਮੈਂ ਹੀ ਜਾਣਦੀ ਆਂ ਜਾਂ ਮੇਰਾ ਸੱਚਾ ਰੱਬ। ਮੈਂ ਰੋ-ਰੋ ਕੇ ਪੜ੍ਹੀਆਂ ਨੇ....ਤੇ ਨਜ਼ਮਾਂ ਲਈ ਆਹ ਚਾਰ ਅੱਖਰ ਲਿਖਣ ਲਈ ਮੈਨੂੰ ਚਾਰ-ਪੰਜ ਘੰਟੇ ਲੱਗ ਗਏ...ਰਾਤ ਨੌਂ ਵਜੇ ਤੱਕ ਮੇਰੀਆਂ ਉਂਗਲ਼ਾਂ ਕੀਬੋਰਡ 'ਤੇ ਜੰਮ ਜਾਂਦੀਆਂ ਸਨ, ਰਾਤੀਂ ਸੌਣ ਵੇਲ਼ੇ ਮੰਮੀ ਜੀ ਨੂੰ ਸੁਣਾਉਣ ਲੱਗੀ, ਫੇਰ ਭੁੱਬੀਂ ਰੋਈ...'ਸ਼ੀਨੇ ਤੂੰ ਮੈਨੂੰ ਚੇਤੇ ਆਵੇਂਗੀ'....ਨਾ ਮੈਂ ਪੂਰੀ ਪੜ੍ਹ ਸਕੀ ਨਾ ਮੰਮੀ ਜੀ ਸੁਣ ਸਕੇ...ਫੇਰ ਉਸ ਮਾਂ ਦਾ ਜਿਗਰਾ ਜਿਸਨੇ ਸਾਰਾ ਕੁਝ ਆਪਣੀ ਰੂਹ 'ਤੇ ਝੱਲਿਆ ਹੈ, ਕਿਵੇਂ ਲਿਖਣ ਦਾ ਹੌਸਲਾ ਕੀਤਾ ਹੋਵੇਗਾ....ਇਹ ਤਾਂ ਉਹ ਜਾਣੇ ਜੀਹਨੇ ਲਿਖਿਆ ਜਾਂ ਉਹ ਜੀਹਨੇ ਹੱਥ ਫੜ ਕੁ ਲਿਖਵਾਇਐ...ਪਰ ਅੱਜ ਸਾਰਾ ਆਰਸੀ ਪਰਵੇਜ਼ ਜੀ ਦੇ ਦੁੱਖ 'ਚ ਪਰਿਵਾਰ ਉਹਨਾਂ ਦੇ ਨਾਲ਼ ਹੈ।
ਅਦਬ ਸਹਿਤ
ਤਨਦੀਪ

ਤਨਦੀਪ 'ਤਮੰਨਾ' said...

ਇਹ ਟਿੱਪਣੀ ਈਮੇਲ ਰਾਹੀਂ ਮਿਲ਼ੀ ਹੈ
-----
ਬੇਟਾ ਤਨਦੀਪ ਇਹ ਕੈਂਸਰ ਹਮੇਸ਼ਾ ਕਿਉਂ ਜਿੱਤ ਜਾਂਦਾ ਹੈ ਤੇ ਜ਼ਿੰਦਗੀ ਹਾਰ ਜਾਂਦੀ ਹੈ? ਮੇਰਾ ਵੀ ਇਕ ਭਤੀਜਾ ਕੈਂਸਰ ਨਾਲ ਜੂਝ ਰਿਹਾ ਹੈ। ਪਰਵੇਜ਼ ਸੰਧੂ ਦੀਆਂ ਕਵਿਤਾਵਾਂ ਪੜ੍ਹ ਕੇ ਮੇਰਾ ਤਾਂ ਗੱਚ ਭਰ ਆਇਆ ਹੈ।
ਤੁਹਾਡੀ ਇਕ ਪਾਠਕ
ਹਰਜੀਤ ਕੌਰ

ਤਨਦੀਪ 'ਤਮੰਨਾ' said...

ਇਹ ਟਿੱਪਣੀ ਵੀ ਈਮੇਲ ਰਾਹੀਂ ਪ੍ਰਾਪਤ ਹੋਈ ਹੈ:
-----
ਅੱਜ ਫਿਰ ਮੈਂ ਆਰਸੀ ਬਲੌਗ ਤੇ ਕੌਮੈਂਟ ਨਹੀਂ ਪੋਸਟ ਕਰ ਸਕਿਆ। ਪਰਵੇਜ਼ ਸੰਧੂ ਦੇ ਦੁਖ ਵਿੱਚ ਸ਼ਰੀਕ ਹਾਂ। ਬੜੇ ਸਾਲ ਪਹਿਲਾਂ ਅਸੀਂ ਟੋਰਾਂਟੋ ਵਿਖੇ ਇਹਨਾਂ ਨਾਲ਼ ਰੂਬਰੂ ਕੀਤਾ ਸੀ। ਉਦੋਂ ਇਹਨਾਂ ਆਪਣੇ ਬੇਟੇ ਦਾ ਸ਼ਬਦ ਚਿੱਤਰ ਸਾਡੇ ਨਾਲ਼ ਸਾਂਝਾ ਕੀਤਾ ਸੀ ਜਿਸ ਵਿੱਚ ਸੰਤਾਨ ਪ੍ਰਤੀ ਸੰਤੋਸ਼, ਗੌਰਵ ਅਤੇ ਸੁਪਨਿਆਂ ਦੀ ਗੱਲ ਬੜੇ ਹੀ ਮਮਤਾਮਈ ਅਤੇ ਉਤਸ਼ਾਹ ਮਈ ਢੰਗ ਨਾਲ਼ ਕੀਤੀ ਗਈ ਸੀ। ਪਰਵੇਜ਼ ਸੰਧੂ ਦੇ ਇਹਨਾਂ ਉਦਾਸ ਪਲਾਂ ਵਿੱਚ ਸ਼ਾਮਲ ਹੁੰਦਿਆਂ...........ਜਗਜੀਤ ਸੰਧੂ..

ਤਨਦੀਪ 'ਤਮੰਨਾ' said...

Comment in mail:
For writing about beti Savina and Parvez,,thank you Tandeep ji.It will not erase but sure it will ease our pain. I tried to write comment , but I do not know where it went? Again thanks Tandeep ji,,,,keep up good work..Gurpreet..

ਤਨਦੀਪ 'ਤਮੰਨਾ' said...

ਤਨਦੀਪ:

ਮੁਹੱਬਤ ਦੇ ਅਹਿਸਾਸ ਲਈ ਸ਼ਾਇਦ ਇਕ ਦੂਜੇ ਦਾ ਮਿਲਣਾ ਜ਼ਰੂਰੀ ਹੋਏ ਪਰ ਦਰਦ ਦਾ ਰਿਸ਼ਤਾ ਅਜੀਬ ਹੈ…ਇਸ ਰਿਸ਼ਤੇ ਲਈ ਕਿਸੇ ਸੀਮਾ ਦਾ ਬੰਧਨ ਨਹੀਂ, ਜ਼ਾਤੀ ਤੌਰ ਦੇ ਜਾਣਨ ਦੀ ਸ਼ਰਤ ਨਹੀ, ਕੇਵਲ ਦਰਦ ਦੇ ਅਹਿਸਾਸ ਦੀ ਸਾਂਝ ਲੋੜੀਂਦੀ ਹੈ।

ਪਰਵੇਜ਼ ਸੰਧੂ ਹੋਰਾਂ ਦੇ ਦਿਲ ਦੇ ਅਤਿ ਕਰੀਬ ਹੋਏ ਸਦਮੇ ਦਾ ਦਰਦ ਸ਼ਬਦਾਂ 'ਚ ਢਲ ਕੇ ਸਾਡੇ ਆਪਣੇ ਦਰਦ ਨਾਲ ਇਕਮਿੱਕ ਹੋ ਗਿਐ।

ਨਿੱਕੀ ਉਮਰੇ ਤੁਰ ਗਈ ਬੱਚੀ ਦੇ ਵਿਛੋੜੇ ਦੀ ਵੇਦਨਾ 'ਚੋਂ ਜਨਮੀਆਂ ਇਹ ਨਜ਼ਮਾਂ ਪੜ੍ਹਦਿਆਂ ਅੱਖਾਂ ਨਮ ਤੇ ਅੱਖਰ ਧੁੰਧਲੇ ਹੋ ਗਏ।

ਹੁਣ ਜਦ ਕਿ ਮੈਂ ਸ਼ਬਦਾਂ ਨੂੰ ਕਹਿ ਰਿਹਾਂ ਕਿ ਆਓ ਢਾਰਸ ਦੇ ਬੋਲ ਬਣੋ ਤਾਂ ਸਭ ਸ਼ਬਦ ਨੀਵੀਂ ਪਾਈ ਖੜੋਤੇ ਗੂੰਗੇ ਹੋ ਗਏ ਨਜ਼ਰੀ ਪੈ ਰਹੇ ਨੇ। ਅਜਿਹੇ ਪਲਾਂ ਵਿਚ ਚੁੱਪ ਦੀ ਬੋਲੀ ਵਿਚ ਅਸੀਂ ਉਹਨਾਂ ਦੇ ਦੁੱਖ ਵਿਚ ਸ਼ਰੀਕ ਹਾਂ।


ਜਸਬੀਰ ਮਾਹਲ

੧੨ ਜੂਨ ੨੦੧੧

ਤਨਦੀਪ 'ਤਮੰਨਾ' said...

Prem S Mann ji's comment from FaceBook:
I am really sorry to hear about it. I heard about it three weeks ago. I have tried to find Parvez Ji's phone number but cannot find it. I asked her sister but she did not give it to me. I do not have her email address. I only have her home address. I will write to her. She is a wonderful person. Tandeep Ji, if you have Parvez Ji's phone or email, please give me by inbox message. I will really appreciate it.

ਤਨਦੀਪ 'ਤਮੰਨਾ' said...

Prem Mann ji's Second comment from FaceBook:
ਤਨਦੀਪ ਜੀ, ਜੇ ਹੋ ਸਕੇ ਤਾਂ ਹੇਠ ਲਿਖਿਆ ਸੰਦੇਸ਼ ਪਰਵੇਜ਼ ਜੀ ਲਈ ਪੋਸਟ ਕਰ ਦੇਣਾ। ਮੈਂ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਕਰ ਸਕਿਆ। ਬੱਚਿਆਂ ਦੇ ਤੁਰ ਜਾਣ ਦਾ ਦੁੱਖ ਬਹੁਤ ਹੁੰਦਾ ਹੈ। ਕਾਸ਼ ਅਸੀਂ ਉਨ੍ਹਾਂ ਦਾ ਦੁੱਖ ਵੰਡਾ ਸਕੀਏ। ਇਕ ਵਾਕਿਆ ਹੈ ਜੋ ਮੈਂ ਇੱਥੇ ਬਿਆਨ ਕਰਦਾ ਹਾਂ: ...ਲਾਸ ਏਂਜਲਜ ਬੇਸਬਾਲ ਟੀਮ ਡਾਜਰਜ਼ ਦਾ ਪੁਰਾਣਾ ਕੋਚ ਟਾਮੀ ਲਸੋਰੜਾ ਹੈ ਜੋ ਹੁਣ ਰਿਟਾਇਰ ਹੋ ਚੁੱਕਾ ਹੈ। ਕੁਝ ਸਾਲ ਪਹਿਲਾਂ ਉਸ ਦਾ 35 ਕੁ ਸਾਲ ਦਾ ਬੇਟਾ ਕੈਂਸਰ ਨਾਲ ਪੂਰਾ ਹੋ ਗਿਆ। ਆਪਣੇ ਬੇਟੇ ਦੀ ਮੌਤ ਤੇ ਬੋਲਦਿਆਂ ਟਾਮੀ ਲਸੋਰਡਾ ਨੇ ਇਹ ਸ਼ਬਦ ਕਹੇ, "ਜੇ ਮੈਨੂੰ ਰੱਬ ਕਹਿੰਦਾ ਕਿ ਟਾਮੀ ਮੈਂ ਤੈਨੂੰ ਦੋ ਆਪਛਨਜ਼ ਦਿੰਦਾਂ। ਇਕ ਇਹ ਕਿ ਮੈਂ ਤੈਨੂੰ ਲੜਕਾ ਨਹੀਂ ਦਿਆਂਗਾ ਅਤੇ ਦੂਜੀ ਕਿ ਮੈਂ ਤੈਨੂੰ ਲੜਕਾ ਦਿਆਂਗਾ ਪਰ ਸਿਰਫ਼ 35 ਸਾਲਾਂ ਲਈ, ਤੂੰ ਦੱਸ ਤੈਨੂੰ ਕੀ ਮਨਜ਼ੂਰ ਹੈ ਤਾਂ ਮੈਂ ਕਹਿਣਾ ਸੀ ਕਿ ਮੈਨੂੰ 35 ਸਾਲਾਂ ਲਈ ਲੜਕਾ ਮਨਜ਼ੂਰ ਹੈ।" ਵਾਹਿਗੁਰੂ ਪਰਵੇਜ਼ ਜੀ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਬਖ਼ਸ਼ਣ। - ਪ੍ਰੇਮ ਮਾਨ

ਤਨਦੀਪ 'ਤਮੰਨਾ' said...

Waryam Sandhu saheb's comment from FaceBook:
Mainu Parvez Bhain di bacchi da sun ke bahut dukh hoiya, parvez! shabadan de pallu naal athroo punjhdi rehna,nahin ta ih athroo hikk te pathar ban ke jam jange.

ਤਨਦੀਪ 'ਤਮੰਨਾ' said...

Harmesh Gill ji's comment from FaceBook:
We, all stand with the Sandhu family, at the time of this hard to bear grief. Tandeep ji, opening lines written by you and Parvez Sandhi ji's elegies written in the memory of her beloved daughter, both are heart rending. I could not finish reading it. My condolences. Harmesh.

ਤਨਦੀਪ 'ਤਮੰਨਾ' said...

From Kuljeet Mann ji's wall on FaceBook: ਧੰਨਵਾਦ ਜੀ, ਮੈਂ ਇਹ ਆਸ ਕਰਦਾ ਹਾਂ ਕਿ ਪਰਵੇਜ਼ ਵਡੇਰੇ ਹਿੱਤਾਂ ਦੇ ਮੱਦੇ-ਨਜ਼ਰ ਆਪਣੀ ਗੁਜ਼ਰੀ ਪੀੜ ਦੀ ਸ਼ਿਦਤ ਨੂੰ ਸਾਹਿਤ ਵਿਚ ਮੁਨਾਰਾ ਬਣਾਇਗੀ,ਇੱਕ ਖਿੜਕੀ ਦੀ ਆਸ ਹੈ ਜੋ ਡੋਲੇ ਮੰਨ ਵਾਲੇ ਵੀ ਸਹਿਜਤਾ ਨਾਲ ਜੀ ਸਕਣ।

ਤਨਦੀਪ 'ਤਮੰਨਾ' said...

Sukhdev ji's comment received in email on FaceBook:
ਤਨਦੀਪ ਜੀ, ਮੇਰੀ ਦਾਦੀ ਛੋਟੇ ਹੁੰਦਿਆਂ ਨੂੰ ਸਾਨੂੰ ਇਕ ਕਹਾਣੀ ਸੁਣਾ ਕੇ ਕਹਿੰਦੀ ਹੁੰਦੀ ਸੀ, ਹੁਣ ਚੁੱਪ ਕਰਕੇ ਅੱਖਾਂ ਮੀਚ ਲਉ, ਤੁਹਾਡੇ ਸਰ੍ਹਾਣੇ ਪਰੀ ਖੜ੍ਹੀ ਹੈ।ਸਵੇਰੇ ਉੱਠ ਕੇ ਅਸੀਂ ਪੁੱਛਣਾ ਬੀਜੀ, ਪਰੀ ਕਿੱਥੇ ਹੈ, ਉਹਨਾਂ ਨੇ ਕਹਿਣਾ, ਪਰੀ ਤੁਹਾਡੇ ਉੱਠਣ ਤੋਂ ਪਹਿਲਾਂ ਚਲੀ ਗਈ, ਉਹਨੂੰ ਹੋਰ ਵੀ ਬਥੇਰੇ ਕੰਮ ਹੁੰਦੇ ਹਨ।
ਬਸ ਪਰਵੇਜ਼ ਭੈਣ ਜੀ ਵੀ ਇਹੀ ਸਮਝ ਲੈਣ ਜਿਵੇਂ ਤਨਦੀਪ ਜੀ ਨੇ ਲਿਖਿਆ ਵੀ ਹੈ ਕਿ ਉਹਨਾਂ ਦੀ ਬੇਟੀ ਸਵੀਨਾ ਨੂੰ ਵੀ ਬੜੇ ਕੰਮ ਸਨ, ਪਰੀ ਉੱਧਰ ਰੁੱਝ ਗਈ ਹੈ।
ਦੁੱਖ 'ਚ ਸਾਂਝੀਵਾਲ
ਸੁਖਦੇਵ

ਤਨਦੀਪ 'ਤਮੰਨਾ' said...

ਇਹ ਟਿਪੱਣੀ ਫੇਸਬੁੱਕ ਤੋਂ:
-----
ਇਹ ਦੁਖਦਾਈ ਖ਼ਬਰ ਸੁਣਕੇ ਮਨ ਉਦਾਸ ਹੋਇਆ, ਸਵੀਨਾ ਵਾਕਿਆ ਹੀ ਪਰੀ ਸੀ... ਜੋ ਥੋੜੀ ਦੇਰ ਪ੍ਰਵੇਜ਼ ਮੈਮ ਦੇ ਘਰ ਉਤਰ ਆਈ ਸੀ..... ਕੁਦਰਤ ਨੂੰ ਇਹੋ ਮਨਜ਼ੂਰ ਸੀ, ਰੱਬ ਅੱਗੇ ਸਵੀਨਾ ਦੀ ਆਤਮਾ ਲਈ ਅਰਦਾਸ ਕਰਦਾ ਹੋਇਆ, ਪ੍ਰਵੇਜ਼ ਮੈਮ ਦੇ ਦੁੱਖ ਚ ਸ਼ਰੀਕ ਹਾਂ, ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ......ਰੋਜ਼ੀ ਸਿੰਘ, ਗੁਰਦਾਸਪੁਰ

ਤਨਦੀਪ 'ਤਮੰਨਾ' said...

ਫੇਸਬੁੱਕ ਤੋਂ:
------
Major Mangat: Parvez Ji di beti bare sun k ruh kamb uthi ....eh keho jiha imtihan hai....kiven bardashat kita hou...es dard vich asin tuhade naal han Parvez Ji.

ਤਨਦੀਪ 'ਤਮੰਨਾ' said...

ਫੇਸਬੁੱਕ ਤੋਂ:
-----
Sukhwant 'sukh': ਫੁੱਲ ਟਹਿਣੀ ਨਾਲੋ ਤੋੜਣ ਲੱਗਿਆਂ, ਕੁਝ ਸੋਚਿਆ ਕਰ ਨੀ.... ਮੌਤੇ ਵੀਰਾਂ ਮਾਰੀਏ, ਤੂੰ ਜਾਵੇ ਮਰ ਨੀ....... (ਮੈਂ ਮੈਡਮ ਸੰਧੂ ਜੀ ਦੇ ਦੁੱਖ ਚ ਸ਼ਰੀਕ ਹਾਂ)

ਤਨਦੀਪ 'ਤਮੰਨਾ' said...

ਫੇਸਬੁੱਕ ਤੋਂ:
-----
Harjeet Atwal: it was so sad news and so socking that the day i came to know i could not sleep all the night. even still i feel uneasy. i am father too. hopefully parvez will overcome this tragedy. literature might help her. all the friends' good wishes are with her.

ਬਲਜੀਤ ਪਾਲ ਸਿੰਘ said...

ਪਰਵੇਜ਼ ਦਾ ਦਰਦ ਮਾਨਵਤਾ ਦਾ ਦਰਦ ਹੈ। ਬੜੇ ਦੁੱਖ ਨਾਲ ਪੜਿਆ ਹੈ ਉਹਨਾਂ ਦਾ ਦਰਦਨਾਮਾ।