ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, June 23, 2011

ਮੈਡਮ ਪਰਵੇਜ਼ ਸੰਧੂ - ਸਵੀਨਾ...ਮਾਫ਼ ਕਰੀਂ ਬੱਚੀਏ.....

21 ਜੂਨ, 2011 - ...ਅੱਜ ਤਿੰਨ ਮਹੀਨੇ ਹੋ ਗਏ ਨੇ ਸਵੀਨਾ ਨੂੰ ਗਿਆਂ
ਅਕਸਰ ਮੈ ਘਰੋਂ ਬਾਹਰ ਨਿੱਕਲ ਕੇ ਸੜਕ ਵੱਲ ਦੇਖਦੀ ਹਾਂ ਕਿ ਸ਼ਾਇਦ ਉਹ ਕਿਧਰੇ ਰਾਹ ਭੁੱਲ ਕੇ ਘਰ ਆ ਜਾਵੇ

ਕਈ ਵਾਰ ਸੋਚਦੀ ਹਾਂ ਕਿ ਸ਼ਾਇਦ ਮੈ ਬੁਰੇ ਸੁਪਨੇ ਚ ਹਾਂ ............ਪਲ, ਘੜੀਆਂ, ਹਫ਼ਤੇ ਮਹੀਨਿਆਂ ਬਦਲ ਰਹੇ ਨੇ ਪਰ ਇਹ ਬੁਰਾ ਸੁਪਨਾ ਮੁੱਕਣ ਚ ਨਹੀ ਆ ਰਿਹਾਮੇਰੇ ਆਪਣੇ ਕਹਿ ਰਹੇ ਨੇ ਕਿ ਮੈਂ ਤਕੜੀ ਹੋਵਾਂ ....ਪਰ ਕਿਵੇਂ ?
ਇਹ ਕੋਈ ਨਹੀ ਦੱਸ ਰਿਹਾ .... ਤਿੰਨ ਮਹੀਨੇ ਪਹਿਲਾਂ ਅੱਜ ਦੇ ਦਿਨ ਪਹਿਲੀ ਵਾਰ ਉਹ ਆਪਣਿਆਂ ਬਿਨਾ ਇਕੱਲੀ morgue ਦੇ ਕਿਸੇ ਅਨਜਾਣ ਕਮਰੇ ਦੇ ਹਨੇਰੇ ਚ ਸੁੱਤੀ ਪਈ ਸੀ ....ਸਦਾ ਦੀ ਨੀਂਦ ਤੇ ਮੈਂ ਘਰ ਬਿਸਤਰੇ ਚ ਪਈ ਸੋਚ ਰਹੀ ਸੀ ਕਿ ਮੇਰੀ ਬੱਚੀ ਨੂੰ ਹਨੇਰੇ ਚ ਨੀਂਦ ਨਹੀਂ ਆਉਂਦੀ .......ਕੀ ਕਿਸੇ ਨੇ ਉਸ ਕਮਰੇ ਵਿਚ ਚਾਨਣ ਵੀ ਕੀਤਾ ਹੋਵੇਗਾ ਜਾਂ ਨਹੀ........
?”
ਪਰਵੇਜ਼ ਸੰਧੂ


******


ਮਾਫ਼ ਕਰੀਂ ਬੱਚੀਏ


ਨਜ਼ਮ


ਸੋਚਿਆ ਤਾਂ ਸੀ ਕਿ


ਇੱਕ ਚੰਨ ਤੇਰੇ ਟਿੱਕੇ


ਲਾ ਦਿਆਂਗੀ


ਸੋਚਿਆ ਤਾਂ ਸੀ ਕਿ


ਸੂਰਜ ਦੀਆਂ ਕਿਰਨਾਂ


ਤੇਰੇ ਰਾਹਾਂ ਚ ਵਿਛਾਅ ਦਿਆਂਗੀ


ਕੁਝ ਤਾਰਿਆਂ ਨੂੰ


ਕਹਾਂਗੀ


ਕਿ ਨ੍ਹੇਰੀਆਂ ਰਾਤਾਂ


ਮੇਰੀ ਬੱਚੀ ਦੇ ਬੂਹਿਆਂ ਤੇ


ਬੈਠੇ ਰਹਿਣਾ


ਤਾਂ ਕਿ ਮੇਰੀ


ਬੱਚੀ ਨੂੰ ਕੋਈ ਨ੍ਹੇਰੇ ਦੀ ਲੀਕ


ਡਰਾ ਨਾ ਜਾਵੇ


ਸੋਚਿਆਂ ਤਾਂ ਬਹੁਤ ਕੁਝ ਸੀ


ਪਰ ਮੇਰੀ ਬੱਚੀਏ


ਮਾਫ਼ ਕਰੀ ਮੈਨੂੰ...


ਮੈ ਆਪਣੇ ਵਾਦਿਆਂ ਤੇ ਨਹੀਂ ਉੱਤਰੀ


ਚੰਨ ਤਾਰਿਆਂ ਦੀ ਥਾਂ ਤੈਨੂੰ


ਮੌਰਗ ਦੀ ਹਨੇਰ ਕੋਠੜੀ


ਛੱਡ ਆਈ ਸਾਂ


ਮਾਫ਼ ਕਰੀ ਮੇਰੀ ਬੱਚੀਏ


ਤੇਰੀ ਝੂਠੀ ਮਾਂ


ਆਪਣੇ ਵਾਦਿਆਂ ਤੇ ਨਹੀ ਉੱਤਰੀ


ਮਾਫ਼ ਕਰੀਂ ਬੱਚੀਏ ਮਾਫ਼ ਕਰੀ ......


======


ਤਸਵੀਰਾਂ


ਨਜ਼ਮ


ਬੜਾ ਸੌਖਾ ਸੀ


ਫਰੇਮਾਂ ਦੇ ਰੰਗਾਂ ਨੂੰ ਪਰਖਣਾ


ਤੇ ਮੇਖਾਂ ਦਾ ਖ਼ਰੀਦਣਾ


ਬੜਾ ਹੀ ਅਸਾਨ ਸੀ


ਤਸਵੀਰਾਂ ਨੂੰ


ਸ਼ੀਸ਼ਿਆਂ ਵਿਚ ਜੜਨਾ


ਤੇ ਕੰਧਾਂ ਨੂੰ ਮਾਪਣਾ


ਬਹੁਤ ਸੌਖਾ ਹੈ ਇਹਨਾਂ


ਤਸਵੀਰਾਂ ਨੂੰ ਕੰਧਾਂ ਉੱਤੇ ਟੰਗਣਾ


ਤੇ ਰੱਬ ਵਾਂਗ ਪੂਜਣਾ


ਹੋ ਜਾਂਦਾ ਹੈ ਇਹ ਸਭ


ਬਹੁਤ ਹੀ ਅਸਾਨ



ਰੰਗਾ ਦਾ ਪਰਖਣਾ


ਮੇਖਾਂ ਦਾ ਖ਼ਰੀਦਣਾ


ਸ਼ੀਸ਼ਿਆਂ ਵਿਚ ਜੜ ਕੇ


ਤਸਵੀਰਾਂ ਦਾ ਕੰਧਾਂ ਤੇ


ਲਟਕਣਾ


ਪਰ ਬੜਾ ਹੀ ਔਖਾ ਹੈ


ਇਹਨਾਂ ਤਸਵੀਰਾਂ


ਦੀ ਧੂੜ ਸਾਫ਼ ਕਰਨਾ



ਪਰ ਬੜਾ ਹੀ ਔਖਾ ਹੈ


ਇਹਨਾਂ ਤਸਵੀਰਾਂ


ਦੀ ਧੂੜ ਸਾਫ਼ ਕਰਨਾ...

3 comments:

ਕਰਮ ਜੀਤ said...

ਖੂਬਸੂਰਤ ਨਜ਼ਮਾਂ.....

ਦਰਸ਼ਨ ਦਰਵੇਸ਼ said...

ਪਰਵੇਜ਼ ਇਹ ਕੀ....ਕਵਿਤਾ ਦੇ ਯੁੱਗ ਨੂੰ ਹੀ ਸਲਾਮ ਕਹਿ ਦਿੱਤੀ ਹੈ ਤੁਸੀਂ। ਇਹ ਕਵਿਤਾ ਨਹੀਂ .....ਪਰ ਹਾਂ ਇਸ ਨੂੰ ਤੁਹਾਡੇ ਬਿਨਾ ਕੋਈ ਵੀ ਤਾਂ ਨਹੀਂ ਪੇਂਟ ਕਰ ਸਕਦਾ.......ਦਰਸ਼ਨ ਦਰਵੇਸ਼।

ਤਨਦੀਪ 'ਤਮੰਨਾ' said...

ਈਮੇਲ ਰਾਹੀਂ ਮਿਲ਼ੀ ਟਿੱਪਣੀ: ਮੈਂ ਤੁਹਾਡਾ ਦੁੱਖ ਤਾਂ ਘੱਟ ਨਹੀਂ ਕਰ ਸਕਦੀ ਪਰ ਦੋ ਬੋਲ ਹਮੇਸ਼ਾਂ ਦੀ ਤਰ੍ਹਾਂ
ਬੇਸ਼ਕ ਸ਼ੀਨਾ ਮਾਂ ਤੇ ਡੈਡ ਦੀ ਅੱਖ ਦਾ ਤਾਰਾ ਸੀ, ਆਪਣੇ ਸਾਹਾਂ ਤੋਂ ਵੀ ਵੱਧ ਪਿਆਰਾ ਸੀ, ਨਿਸ਼ਚਿਤ ਸੀ ਓਹਦਾ ਜਾਣਾ, ਨਿਸ਼ਬਦ ਹਾਂ ਇਹ ਕਹਿ ਕੇ ਓਹ ਤਾਰਾ ਰੱਬ ਨੂੰ ਸਾਰਿਆਂ ਤੋਂ ਵੱਧ ਪਿਆਰਾ ਸੀ
ਸੁਰਜੀਤ, ਜਲੰਧਰ