ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, July 1, 2011

ਹਰਜਿੰਦਰ ਕੰਗ - ਨਵੇਂ ਗੀਤ-ਸੰਗ੍ਰਹਿ - 'ਆਪਾਂ ਦੋਵੇਂ ਰੁੱਸ ਬੈਠੇ' ਨੂੰ ਖ਼ੁਸ਼ਆਮਦੀਦ

...ਕੱਲੀ ਜਿੰਦੜੀ ਦੁਆਲ਼ੇ ਗੂੜ੍ਹੀ ਯਾਦਾਂ ਵਾਲ਼ੀ ਧੁੰਦ

ਉੱਤੋਂ ਸੁੰਨੀਆਂ ਹਨੇਰੀਆਂ ਸਿਆਲ਼ ਦੀਆਂ ਰਾਤਾਂ।


ਅੱਧ-ਸੁੱਤੇ ਨੈਣਾਂ ਵਿਚ ਤੇਰਾ ਬਾਲ਼ ਕੇ ਖ਼ਿਆਲ


ਵਾਰ ਵਾਰ ਤੇਰੇ ਸੁਪਨੇ ਵਿਖਾਲ਼ਦੀਆਂ ਰਾਤਾਂ।


ਕਿਹੜੇ ਅੰਬਰਾਂ ਤੇ ਚੰਨ ਮੇਰਾ ਕਰੇ ਰੁਸ਼ਨਾਈ


ਸਾਰੀ ਰਾਤ ਮੇਰੇ ਨਾਲ਼ ਰਹੀਆਂ ਭਾਲ਼ਦੀਆਂ ਰਾਤਾਂ।


ਕੰਗ ਅੱਧੇ ਪੌਣੇ ਚੰਨ ਕਦੇ ਫਿੱਕੇ ਫਿੱਕੇ ਤਾਰੇ


ਮੇਰੀ ਜਿੰਦ ਦੇ ਬਨੇਰੇ ਰਹੀਆਂ ਬਾਲ਼ਦੀਆਂ ਰਾਤਾਂ...।


...ਸ਼ਾਇਰੀ ਚ ਸ਼ੁਗਲ ਮੈਨੂੰ ਉੱਕਾ ਪਸੰਦ ਨਹੀਂ। ਸ਼ੁਹਰਤ ਸ਼ਬਦ ਮੇਰੇ ਲਈ ਬਹੁਤਾ ਆਕਰਸ਼ਕ ਨਹੀਂ, ਖ਼ਾਸ ਤੌਰ ਤੇ ਤਤਕਾਲੀ ਸ਼ੁਹਰਤ .....ਉਸਦਾ ਅਜਿਹਾ ਕਰਮ ਹੈ ਕਿ ਕੁਝ ਲਿਖਾਂ ਤਾਂ ਏਨਾ ਆਨੰਦ ਆ ਜਾਂਦੈ ਕਿ ਹੋਰ ਕੋਈ ਚਾਹਤ, ਕੋਈ ਪਿਆਸ ਨਹੀਂ ਰਹਿੰਦੀ। ਸਗੋਂ ਸ਼ੁਕਰ ਕਰਦਾ ਰਹਿੰਨਾਂ ਕਿ ਮੇਰੇ ਹਿੱਸੇ ਇਹ ਚੀਜ਼ ਆਈ ਹੈ, ਸ਼ਬਦ ਮਿਹਰਬਾਨ ਹੋਏ ਨੇ... ਹਰਜਿੰਦਰ ਕੰਗ


*****


ਦੋਸਤੋ! ਯੂ.ਐੱਸ.ਏ. ਵਸਦੇ ਸੁਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਜਨਾਬ ਹਰਜਿੰਦਰ ਕੰਗ ਸਾਹਿਬ ਦੀ ਲੇਖਣੀ ਦੀ ਮੈਂ ਕਾਇਲ ਹਾਂ । ਚਾਹੇ ਉਹਨਾਂ ਦੀਆਂ ਗ਼ਜ਼ਲਾਂ ਦਾ ਜ਼ਿਕਰ ਹੋਵੇ ਜਾਂ ਗੀਤਾਂ ਦੀ ਚਰਚਾ ਛਿੜੇ, ਸ਼ਬਦ-ਚੋਣ ਅਤੇ ਖ਼ਿਆਲ ਵਿਚਲੀ ਸਾਦਗੀ ਅਤੇ ਸੰਵੇਦਨਾ ਪਾਠਕ-ਮਨ ਨੂੰ ਦੂਰ ਕਿਧਰੇ ਅਜਿਹੇ ਸਫ਼ਰ ਤੇ ਲੈ ਜਾਂਦੇ ਹਨ, ਜਿੱਥੇ ਗਿੱਧੇ, ਭੰਗੜੇ, ਇਸ਼ਕ, ਬਿਰਹੋਂ, ਮਿਲਾਪ, ਜੁਦਾਈ, ਮਾਨਵੀ ਰਿਸ਼ਤਿਆਂ ਦਾ ਹਰ ਰੰਗ ਇੰਝ ਚੜ੍ਹ ਜਾਂਦੈ ਜਾਪਦੈ ਜਿਵੇਂ ਕਿਸੇ ਘੁਮਿਆਰ ਨੇ ਕੋਰੇ ਭਾਂਡੇ ਰੰਗ ਕੇ ਪੋਲੇ ਹੱਥੀਂ ਕੱਚੀ ਕੰਧ ਤੇ ਸਜਾ ਦਿੱਤੇ ਹੋਣ, ਜਿਵੇਂ ਕਿਸੇ ਲਲਾਰੀ ਨੇ ਦੁਪੱਟਿਆਂ ਨੂੰ ਹਲਕੇ ਪਿਆਜ਼ੀ ਰੰਗ, ਵਿਸਾਖ ਰੁੱਤੇ ਘਾਹ ਤੇ ਸੁੱਕਣੇ ਪਾਇਆ ਹੋਵੇ, ਜਿਵੇਂ ਕਿਸੇ ਚਿਤਰਕਾਰ ਨੇ ਜੰਗਲਾਂ ਦੀ ਉਦਾਸੀ ਦੂਰ ਕਰਨ ਲਈ ਇਕ ਨਦੀ ਤੇ ਕੁਝ ਘਰ ਚਿਤਰ ਦਿੱਤੇ ਹੋਣ....



ਦੋਸਤੋ...ਇਹ ਸਤਰਾਂ ਮੈਨੂੰ ਕੰਗ ਸਾਹਿਬ ਦੇ ਨਵੇਂ ਗੀਤ-ਸੰਗ੍ਰਹਿ ਆਪਾਂ ਦੋਵੇਂ ਰੁੱਸ ਬੈਠੇ ਲਈ ਲਿਖੇ ਲੇਖ ਵਿਚੋਂ ਯਾਦ ਆ ਗਈਆਂ ਨੇ, ਜਿਹੜਾ ਏਨੀ ਮਿਹਨਤ ਨਾਲ਼ ਲਿਖਣ ਦੇ ਬਾਵਜੂਦ ਮੇਰੇ ਕੰਪਿਊਟਰ ਦੀ ਹਾਰਡ-ਡਰਾਈਵ ਫੇਲ੍ਹ ਹੋ ਜਾਣ ਕਰਕੇ ਮੇਰੇ ਡਾਕੂਮੈਂਟਸ ਚੋਂ ਅਲੋਪ ਹੋ ਚੁੱਕਿਆ ਹੈ, ਇਸਦਾ ਮੈਨੂੰ ਬਹੁਤ ਜ਼ਿਆਦਾ ਅਫ਼ਸੋਸ ਹੈ। ਖ਼ੈਰ! ਲੇਖ ਤਾਂ ਦੁਬਾਰਾ ਲਿਖਿਆ ਜਾਵੇਗਾ, ਪਰ ਸਿੱਧਾ ਕੰਪਿਊਟਰ ਤੇ ਹੀ ਲਿਖਿਆ ਹੋਣ ਕਰਕੇ ਮੇਰੇ ਕੋਲ਼ ਕੋਈ ਕਾਪੀ ਵੀ ਨਹੀਂ ਰਹੀ। ਮੈਂ ਜਿਹੜੇ ਗੀਤ ਅੱਜ ਦੀ ਪੋਸਟ ਚ ਸ਼ਾਮਿਲ ਕਰ ਰਹੀ ਹਾਂ, ਉਹਨਾਂ ਨੂੰ ਵੀ ਪੋਸਟ ਕਰਨ ਚ ਦੇਰੀ ਹੋ ਗਈ ਹੈ ਕਿਉਂਕਿ ਸੋਚਿਆ ਸੀ ਕਿ ਗੀਤ ਅਤੇ ਲੇਖ ਇਕੱਠੇ ਪੋਸਟ ਕਰਾਂਗੀ, ਫੇਰ ਮੰਮੀ ਜੀ ਤੇ ਡੈਡੀ ਜੀ ਦਾ ਐਕਸੀਡੈਂਟ ਹੋ ਗਿਆ ਤੇ ਸਾਹਿਤ ਨਾਲ਼ ਜੁੜਿਆ ਸਾਰਾ ਕੰਮ ਬੰਦ ਕਰਨਾ ਪਿਆ।



ਇਹ ਖ਼ੂਬਸੂਰਤ ਗੀਤ-ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ, ਇਸਦੀ ਕੀਮਤ 140.00 ਰੁਪਏ ਅਤੇ ਕੁੱਲ ਸਫ਼ੇ 104 ਹਨ। ਤੁਸੀਂ ਇਸ ਕਿਤਾਬ ਨੂੰ ਖ਼ਰੀਦ ਕੇ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ, ਕਿਉਂਕਿ ਪੰਜਾਬੀ ਸਾਹਿਤ ਨੂੰ ਪਾਠਕਾਂ ਦੀ ਬਹੁਤ ਵੱਡੀ ਲੋੜ ਹੈ, ਲੇਖਕ ਦਿਨੋ-ਦਿਨ ਵਧਦੇ ਜਾ ਰਹੇ ਨੇ, ਪਾਠਕ ਨਜ਼ਰ ਹੀ ਨਹੀਂ ਆਉਂਦੇ ਅਤੇ ਮਿਆਰੀ ਸਾਹਿਤ, ਸੁਹਿਰਦ ਪਾਠਕਾਂ ਅਤੇ ਸਾਰਥਕ ਆਲੋਚਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ। ਜਿਹੜਾ ਵੀ ਦੋ ਅੱਖਰ ਜੋੜ ਲੈਂਦਾ, ਉਹ ਸ਼ਾਇਰ ਅਖਵਾਉਣ ਲੱਗ ਪੈਂਦਾ ਹੈ, ਤੇ ਜਿਹੜਾ ਪੰਜ-ਸੱਤ ਵਾਦ ਯਾਦ ਕਰ ਲੈਂਦਾ ਉਹ ਆਲੋਚਕ ਬਣ ਬਹਿੰਦਾ ਹੈ।



ਜਿਵੇਂ ਕਿ ਕਿਤਾਬ ਦੇ ਟਾਈਟਲ ਤੋਂ ਹੀ ਪਤਾ ਲੱਗ ਜਾਂਦਾ ਹੈ ਇਸ ਸੰਗ੍ਰਹਿ ਵਿਚ ਉਹਨਾਂ ਨੇ ਆਪਣੇ ਰਿਕਾਰਡ ਹੋ ਚੁੱਕੇ ਅਤੇ ਬਹੁਤ ਸਾਰੇ ਨਵੇਂ ਲਿਖੇ ਸਾਰੇ ਗੀਤ ਦੇ ਦਿੱਤੇ ਹਨ। ਰਿਕਾਰਡ ਹੋਏ ਗੀਤਾਂ ਵਿਚ... ਆਪਾਂ ਦੋਵੇਂ ਰੁੱਸ ਬੈਠੇ, ਅੱਜ ਵੀ ਨਈਂ ਨੱਚਣਾ, ਮੁੱਖੜਾ ਤੁਹਾਡਾ ਸਾਨੂੰ, ਮੇਰੇ ਨਾਂ ਦਾ ਫੁੱਲ ਨਾ ਪਾਵੀਂ, ਛਮ-ਛਮ ਰੋਣ ਅੱਖੀਆਂ, ਤਸਵੀਰਾਂ ਪੰਜਾਬ ਦੀਆਂ ਵਰਗੇ ਅਤਿ ਮਕਬੂਲ ਹੋ ਚੁੱਕੇ ਗੀਤ ਸ਼ਾਮਿਲ ਹਨ। ਇਹ ਕਿਤਾਬ ਪੜ੍ਹਦਿਆਂ ਬਹੁਤ ਸਾਰੇ ਗੀਤਾਂ ਨੇ ਮੇਰੇ ਮਨ ਤੇ ਅਮਿੱਟ ਛਾਪ ਛੱਡੀ ਹੈ ਤੇ ਇਹਨਾਂ ਚੋਂ ਚੰਦ ਗੀਤ ਅੱਜ ਦੀ ਪੋਸਟ ਚ ਸ਼ਾਮਿਲ ਕਰ ਰਹੀ ਹਾਂ, ਬਾਕੀ ਆਉਣ ਵਾਲ਼ੇ ਦਿਨਾਂ ਚ ਪੋਸਟ ਕਰਦੇ ਰਹਾਂਗੇ....ਆਰਸੀ ਪਰਿਵਾਰ ਵੱਲੋਂ ਕੰਗ ਸਾਹਿਬ ਨੂੰ ਏਨਾ ਵਧੀਆ ਗੀਤ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦੇਣ ਲਈ ਬਹੁਤ-ਬਹੁਤ ਮੁਬਾਰਕਬਾਦ!


ਅਦਬ ਸਹਿਤ


ਤਨਦੀਪ ਤਮੰਨਾ


********


ਗੀਤ


ਜੀਹਦੀ ਯਾਦ ਸੀਨੇ ਵਿਚ ਖ਼ੁਸ਼ਬੋ ਵਰਗੀ


ਇਕ ਕੁੜੀ ਸੀ ਉਹ ਤਾਰਿਆਂ ਦੀ ਲੋਅ ਵਰਗੀ


ਇੱਕ ਕੁੜੀ ਸੀ ਉਹ....


ਓਹਦੀ ਵੀਣੀ ਵਿਚ ਰਹਿੰਦੀਆਂ ਸੀ ਨੱਚਦੀਆਂ ਵੰਗਾਂ


ਓਹਦੇ ਮੁੱਖੜੇ ਤੇ ਪੈਲਾਂ ਜਿਹੀਆਂ ਪਾਉਂਦੀਆਂ ਸੀ ਸੰਗਾਂ


ਪਹਿਲੀ ਸੁੱਚੜੀ ਮੁਹੱਬਤਾਂ ਦੀ ਛੋਹ ਵਰਗੀ...


ਇਕ ਕੁੜੀ ਸੀ ਉਹ...



ਓਹਦੇ ਮਿੱਠੇ ਮਿੱਠੇ ਬੋਲਾਂ ਦੀ ਸੁਗੰਧ ਚੇਤੇ ਆਵੇ


ਰਾਤਾਂ ਕਾਲ਼ੀਆਂ ਚ ਮੁੱਖੜੇ ਦਾ ਚੰਦ ਚੇਤੇ ਆਵੇ


ਨਦੀ ਚਾਨਣਾਂ ਦੀ ਇਤਰਾਂ ਦੇ ਚੋਅ ਵਰਗੀ...


ਇਕ ਕੁੜੀ ਸੀ ਉਹ....



ਜਾਪੇ ਓਹਦੇ ਜਿਹਾ ਕਿਸੇ ਕਿਸੇ ਫੁੱਲ ਦਾ ਮੜੰਗਾ


ਪੀਂਘ ਅੰਬਰੀਂ ਦੁਪੱਟਾ ਜਿਵੇਂ ਉਹਦਾ ਸਤਰੰਗਾ


ਮਹਿੰਦੀ ਰੰਗੇ ਸੁਪਨੇ ਦੀ ਕਨਸੋਅ ਵਰਗੀ...


ਇਕ ਕੁੜੀ ਸੀ ਉਹ....



ਦਿਨ ਖ਼ਾਲੀ ਖ਼ਾਲੀ ਰਾਤਾਂ ਵੀ ਉਦਾਸ ਉਹਦੇ ਪਿੱਛੋਂ


ਰਹੀ ਜ਼ਿੰਦਗੀ ਚ ਗੱਲ ਨ ਕੋਈ ਖ਼ਾਸ ਓਹਦੇ ਪਿੱਛੋਂ


ਕੰਗ ਆਸ਼ਕਾਂ ਚ ਜਨਮਾਂ ਦੇ ਮੋਹ ਵਰਗੀ...


ਇਕ ਕੁੜੀ ਸੀ ਉਹ....


=====


ਗੀਤ


ਮੁੱਖੜੇ ਤੋਂ ਤਾਜ਼ੇ ਤਾਜ਼ੇ ਹੰਝੂ ਪੂੰਝੇ ਹੋਏ ਨੇ


ਬੁੱਲ੍ਹਾਂ ਤੋਂ ਮਲੂਕ ਜਿਹੇ ਹਾਸੇ ਹੂੰਝੇ ਹੋਏ ਨੇ


ਖ਼ਾਲੀ ਬਾਹਾਂ ਦੀ ਬਣਾ ਕੇ ਗਲਵੱਕੜੀ


ਉਦਾਸ ਜਿਹ ਬੈਠੀ ਹੋਈ ਏਂ...


ਮੈਨੂੰ ਦੱਸ ਦੇ ਉਹ ਗੱਲ


ਜਿਹੜੀ ਨਿੱਕੇ ਜਿਹੇ ਦਿਲ ਚ ਲੁਕੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਗੁੰਮ ਸੁੰਮ ਝਾਂਜਰਾਂ ਦੇ ਬੋਰ ਚੁੱਪ ਚੂੜੀਆਂ


ਨੈਣਾਂ ਨਾਲ਼ ਕੀਤੀਆਂ ਨਾ ਅੱਜ ਗੱਲਾਂ ਗੂੜ੍ਹੀਆਂ


ਨੀਵੀਂ ਪਾ ਕੇ ਕਿਹੜੇ ਸੋਚਾਂ ਦੇ ਸਮੁੰਦਰਾਂ


ਖ਼ੁਦ ਨੂੰ ਡੁਬੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਤੈਨੂੰ ਚੈਨ ਆਵੇਗਾ ਨਾ ਮੈਨੂੰ ਚੈਨ ਆਵੇਗਾ


ਦਿਲ ਚ ਦਬਾਇਆਂ ਦੁੱਖ ਰੋਗ ਬਣ ਜਾਏਗਾ


ਖੋਲ੍ਹ ਜਿੰਦਰਾ ਤਿਊੜੀਆਂ ਦਾ ਦਿਲ ਵਾਲ਼ਾ


ਬੂਹਾ ਕਾਹਤੋਂ ਢੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



ਤੇਰੇ ਮੇਰੇ ਦੁੱਖ-ਸੁੱਖ ਗੱਲਾਂ-ਬਾਤਾਂ ਸਾਂਝੀਆਂ


ਕੰਗ ਤੋਂ ਉਦਾਸੀਆਂ ਇਹ ਝੱਲੀਆਂ ਨਈਂ ਜਾਂਦੀਆਂ


ਝੂਠੀ ਮੂਠੀ ਮੁਸਕਾਨ ਦੀ ਪਛਾੜੀ ਕਿਹੜੇ


ਦੁੱਖੜੇ ਪਰੋਈ ਬੈਠੀ ਏਂ...


ਮੈਨੂੰ ਦੱਸ ਦੇ ਉਹ ਗੱਲ....



=====


ਗੀਤ


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ।


ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....



ਧੀਆਂ ਬਣ ਕੇ ਡੋਲੀ ਚੜ੍ਹਦੀਆਂ, ਨੂੰਹਾਂ ਬਣ ਕੇ ਸੜਦੀਆਂ ਨੇ


ਹੁੰਦੀਆਂ ਸਨ ਇਹ ਸਤੀ ਕਦੇ ਹੁਣ ਬਲੀ ਦਾਜ ਦੀ ਚੜ੍ਹਦੀਆਂ ਨੇ


ਸਦੀਆਂ ਡੂੰਘੇ ਜ਼ਖ਼ਮ ਪੁਰਾਣੇ ਭਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ...

ਰਾਜੇ ਜੰਮਣ ਵਲ਼ੀ ਦੇ ਹੁਣ ਖ਼ੁਦ ਜੰਮਣ
ਤੇ ਰੋਕਾਂ ਨੇ


ਕੀ ਦੱਸੀਏ ਕਿੱਦਾਂ ਕੁੱਖਾਂ ਦੀ ਬੇਅਦਬੀ ਕੀਤੀ ਲੋਕਾਂ ਨੇ


ਐਡੇ ਵੱਡੇ ਦੁੱਖੜੇ, ਦੁੱਖੜੇ ਜਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....

ਕੋਮਲ ਕੋਮਲ ਕਲੀਆਂ ਜੱਗ ਵਿਚ ਘੁੱਟ ਘੁੱਟ ਕੇ ਨਿੱਤ ਮਰਨ ਵੇ ਰੱਬਾ


ਮਾਪੇ ਵੀ ਨਿਰਮੋਹੇ ਹੋ ਗਏ ਤੂੰ ਹੀ ਦੱਸ ਕੀ ਕਰਨ ਵੇ ਰੱਬਾ


ਪੁੱਤਰਾਂ ਵਾਗੂੰ ਕੰਗ ਕਿਉਂ ਚਾਅ ਕਰ ਨਈਂ ਹੁੰਦੇ ਕੁੜੀਆਂ ਦੇ...


ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....
====


ਗੀਤ


ਮੈਨੂੰ ਦੁੱਖ ਸੁੱਖ ਪੁੱਛਦਾ ਦੱਸਦਾ ਹੈ, ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ


ਮੇਰੇ ਸੁਪਨਿਆਂ ਦੇ ਵਿਚ ਵਸਦਾ ਹੈ, ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ



ਕਿਉਂ ਤੁਰ ਗਿਆ ਦੇਸ਼ ਬਿਗਾਨੇ ਤੂੰ, ਹੁਣ ਮੁੜ ਆ ਕਿਸੇ ਬਹਾਨੇ ਤੂੰ


ਭੁੱਲ ਜਾਵੀਂ ਨਾ ਇਸ ਮਿੱਟੀ ਨੂੰ, ਇਹਦੀ ਦਿੱਤੀ ਲੋਰੀ ਮਿੱਠੀ ਨੂੰ


ਮੇਨੂੰ ਗਲਵੱਕੜੀ ਵਿਚ ਕੱਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਤੇਰੇ ਬਾਝੋਂ ਤੇਰੀ ਮਾਂ ਤੁਰ ਗਈ, ਲੈਂਦੀ ਹੋਈ ਤੇਰਾ ਨਾਂ ਤੁਰ ਗਈ


ਸਭ ਖਿੰਡ-ਪੁੰਡ ਤੇਰੇ ਯਾਰ ਗਏ, ਕੁਝ ਦੂਰ ਉਡਾਰੀ ਮਾਰ ਗਏ


ਸਭ ਕਿੱਸੇ ਮੇਨੂੰ ਦੱਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਤੂੰ ਆਵੀਂ ਸ਼ਗਨ ਮਨਾਵਾਂਗੇ, ਕੋਈ ਸੁਪਨਾ ਕਿਤੇ ਵਿਆਵਾਂਗੇ


ਕੋਈ ਧੀ ਸੰਧੂਰ ਸਜਾਵੇ ਜਦ, ਜਾਂ ਨੂੰਹ ਕੋਈ ਪਿੰਡ ਵਿਚ ਆਵੇ ਜਦ


ਕਿਤੇ ਮਿਲ਼ ਜਾ ਜੀਅ ਤਰਸਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...



ਸੁੱਖ ਮੰਗੀਂ ਪੁੱਤਰਾਂ ਧੀਆਂ ਦੀ, ਪਿੰਡ ਆਪਣੇ ਦੇ ਸਭ ਜੀਆਂ ਦੀ


ਤੇਰਾ ਪਿੰਡ ਵਸੇਗਾ ਬੱਚਿਆਂ ਵਿਚ, ਕੰਗ ਕੋਠੀਆਂ ਪੱਕਿਆਂ ਕੱਚਿਆਂ ਵਿਚ


ਮੇਰੇ ਸਿਰ ਉੱਤੇ ਹੱਥ ਰੱਖਦਾ ਹੈ...


ਪਿੰਡ ਰੋਂਦਾ ਹੈ ਪਿੰਡ ਹੱਸਦਾ ਹੈ...







4 comments:

Surinder Kamboj said...

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ ।
ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ ।

ਰੂਹ ਨੂੰ ਝੰਜੋੜ ਦਿੰਦਾ ਹੈ ਇਹ ਗੀਤ,, ਸਾਰੇ ਹੀ ਗੀਤ ਖੂਬਸੂਰਤ ਹਨ ।

Surinder Kamboj said...

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ ।
ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ ।

ਰੂਹ ਨੂੰ ਝੰਜੋੜ ਦਿੰਦਾ ਹੈ ਇਹ ਗੀਤ,, ਸਾਰੇ ਹੀ ਗੀਤ ਖੂਬਸੂਰਤ ਹਨ ।

ਕਰਮ ਜੀਤ said...

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ, ਪਰ ਨਹੀਂ ਹੁੰਦੇ ਕੁੜੀਆਂ ਦੇ।

ਪੇਕੇ ਸਹੁਰੇ ਹੁੰਦੇ ਨੇ ਕਿਉਂ ਘਰ ਨਹੀਂ ਹੁੰਦੇ ਕੁੜੀਆਂ ਦੇ

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ....

ਸਾਰੇ ਗੀਤ ਬਹੁੱਤ ਵਧੀਆ ਨੇ, ਪਰ ਇਹ ਗੀਤ ਰੌਗਟੇ ਖੜ੍ਹੇ ਕਰ ਦਿੰਦਾ ਹੈ..... ਸ਼ੁਕਰੀਆ ਤਨਦੀਪ ਜੀ ਸਾਂਝਾਂ ਕਰਨ ਲਈ...

parvez said...

ਬਹੁਤਾ ਨਹੀ ਕਹਾਂਗੀ ਬੱਸ ਐਨਾ ਹੀ ਕਿ I am very proud of him