ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 30, 2012

ਜਗਜੀਤ ਸੰਧੂ - ਨਜ਼ਮ

ਮੈਂ ਸੱਖਣਾ ਹੀ ਆਇਆ ਹਾਂ

ਨਜ਼ਮ


ਨਾ ਤੂੰ ਭੈਅ ਨਾ ਰੱਖ
ਮੈਂ ਸੱਖਣਾ ਹੀ ਆਇਆ ਹਾਂ
ਮੇਰੀ ਲਾਲਸਾ
ਮੇਰੀ ਹਉਂ
ਮੇਰੇ ਅਰਮਾਨ
ਬੂਹੇ ਲਾਗੇ ਟੰਗੇ
ਮੇਰੇ ਹੈਟ ਚ ਪਏ ਨੇ
ਨਾ ਬੇਨਤੀ
ਨਾ ਹੁਕ਼
ਨਾ ਫ਼ਤਵਾ
ਇਹ ਸਭ ਮੇਰੀ ਹਉਂ ਤੇਵਰ ਜੁ ਹੋਏ
..........
ਇਹਨਾਂ ਦੀ ਗ਼ੈਰ ਹਾਜ਼ਰੀ ਚ ਮੈਂ ਕੁਝ ਕਹਿਣਾ ਹੈ
ਪਰ ਜਦ ਵੀ ਮੈਂ ਕੁਝ ਕਹਿਣਾ ਚਾਹਿਆ...
ਜਿਵੇਂ.... ਅੱਜ ਕਿੰਨੇ ਪਿਆਰੇ ਫੁੱਲ ਖਿੜੇ ਨੇ
ਤੂੰ ਕਿਆਰੀ ਵੱਲ ਝਾਕੀ
ਉੱਥੇ ਨਹੀਂ ਯਾਰ ਮੇਰੇ ਅੰਦਰ....ਹੁਣ ਇਹ ਕਹਿਣ ਦੀ ਲੋੜ ਹੁੰਦੀ ਹੈ ਭਲਾ??
ਜਾਂ..... ਕਿੰਨੀ ਨਮੀ ਹੈ, ਅੱਜ
ਇਸ ਤੋਂ ਪਹਿਲਾਂ ਕਿ ਮੈਂ ਕਹਿੰਦਾ ਤੇਰੇ ਬੁੱਲ੍ਹਾਂ ਤੇ-
ਤੂੰ ਕੂਲਰ ਬੰਦ ਕਰ ਦਿੱਤਾ
ਦੇਖ ਫਿਰ ਇੱਕ ਫਾਸਿਲਾ ਤਾਂ ਹੈ
ਤੇਰੀ ਤੇ ਮੇਰੀ ਕੁਰਸੀ ਦਰਮਿਆਨ
ਮੇਜ਼ ਕੁ ਜਿੰਨਾ
ਪਰ ਸਾਡੇ ਵਰਗੇ
ਲੱਗ ਮਤੇ ਦੇ ਲੋਕਾਂ ਲਈ
ਇਹ ਫਾਸਲਾ ਨਹੀਂ
ਬਚੀ ਖੁਚੀ ਨੇੜਤਾ ਹੁੰਦੀ ਹੈ
..........
ਚੱਲ ਆ.... ਆਪਾਂ
ਗੁੰਮ ਚੁੱਕੇ ਤੇ ਅਫ਼ਸੋਸ
ਗੁੰਮ ਰਹੇ ਤੇ ਪੜਚੋਲ
ਅਤੇ ਇਸ ਬਚੇ ਖੁਚੇ ਤੇ ਮਾਣ ਕਰੀਏ
..........
ਹੋਰ ਮੈਂ ਕਹਿਣਾ ਸੀ ਕਿ
ਮੈਂ ਰੁੱਖ ਨਹੀਂ
ਪੰਜਵੀਂ ਰੁੱਤ ਅਤੇ ਤੇਹਰਵੇਂ ਮਹੀਨੇ ਦਾ ਅਨੁਭਵੀ
ਮੈਂ ਮਰਦ ਹਾਂ
ਤਪਦੇ- ਠਰਦੇ ਜਾਣਦਾ
ਕਦੀ ਮਨ ਰਾਹੀਂ
ਕਦੇ ਜੁੱਸੇ ਰਾਹੀਂ
............
ਜੁੱਸੇ ਰਾਹੀਂ ਮੈਂ ਜਾਣਿਆ:
-
ਕਿ ਤੇਰੇ ਅੰਦਰ ਲਾਵਾ ਹਾਵੀ ਹੈ
ਅਤੇ ਬਾਹਰ ਨਦੀਆਂ
-
ਕਿ ਤੇਰੇ ਬਦਨ ਦੀ ਊਚ-ਨੀਚ
ਕਦ ਪਹਾੜੀ ਹੁੰਦੀ ਹੈ, ਕਦ ਪਠਾਰੀ
-
ਕਿ ਝਨਾਅ ਨੇ ਸੁਹਣੀ ਨਹੀਂ
ਉਸਦੀ ਪਿਆਸ ਪੀਣੀ ਸੀ
-
ਕਿ ਥਲ ਨੇ ਸੱਸੀ ਨਹੀਂ
ਉਸਦਾ ਸੇਕ ਠਾਰਨਾ ਸੀ
...........
ਸ਼ਾਇਦ ਤੂੰ ਵੀ ਕੁਝ ਕਹਿਣਾ ਹੋਵੇ
ਕਿ ਅੱਜ ਵੀ ਰਹੇਂਗੀ ਸਦਾ ਵਾਂਗ
ਬੋਲਾਂ ਚ ਸੰਜਮੀ
..........
ਵੇਖ ਰਿਹਾ ਹਾਂ
ਬੁੱਕਲ਼ ਚ ਪਿਆ ਸੱਜਾ ਹੱਥ
ਕਿਰ ਚੁੱਕੀ ਹੈ ਜਿਸ ਚੋਂ
ਅਲਵਿਦਾ
........
ਪਤਾ ਨਹੀਂ ਕਦ ਕੱਜ ਲਿਆ
ਇਸਦਾ ਖ਼ਾਲੀਪਨ
ਖੱਬੇ ਹੱਥ ਨਾਲ਼



1 comment:

ਤਨਦੀਪ 'ਤਮੰਨਾ' said...

This comment is also from the FB
---
Kamal Pall ‎---------
ਦੇਖ ਇਕ ਫਾਸਿਲਾ ਤਾਂ ਹੈ
ਤੇਰੀ ਤੇ ਮੇਰੀ ਕੁਰਸੀ ਦਰਮਿਆਨ
ਮੇਜ਼ ਕੁ ਜਿੰਨਾ
ਪਰ ਸਾਡੇ ਵਰਗੇ
ਅਲੱਗ ਮਤੇ ਦੇ ਲੋਕਾਂ ਲਈ
ਇਹ ਫਾਸਿਲਾ ਨਹੀਂ
ਬਚੀ ਖੁਚੀ ਨੇੜਤਾ ਹੁੰਦੀ ਹੈ |
--------
" ਮੈਂ ਸੱਖਣਾ ਹੀ ਆਇਆ ਹਾਂ "...ਜਗਜੀਤ ਸੰਧੂ ਦੁਆਰਾ ਰਚਿਤ ਇਕ ਖੂਬਸੂਰਤ ਨਜ਼ਮ ਹੈ ....ਇਹ ਫਾਸਿਲਾ ਨਹੀਂ..ਬਚੀ ਖੁਚੀ ਨੇੜਤਾ ਹੈ ..ਚੰਗਾ ਲੱਗਿਆ..pall
6 hours ago · Unlike · 1