ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, January 31, 2012

ਕਮਲ ਦੇਵ ਪਾਲ – ਆਰਸੀ ‘ਤੇ ਖ਼ੁਸ਼ਆਮਦੀਦ – ਗ਼ਜ਼ਲ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਕਮਲ ਦੇਵ ਪਾਲ


ਅਜੋਕਾ ਨਿਵਾਸ: ਕੈਲੇਫੋਰਨੀਆ, ਯੂ.ਐੱਸ.ਏ.


ਪ੍ਰਕਾਸ਼ਿਤ ਕਿਤਾਬਾਂ: ਇਕ ਗ਼ਜ਼ਲ ਅਤੇ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਨ ਅਧੀਨ ਹਨ।


----


ਦੋਸਤੋ! ਕੈਲੇਫੋਰਨੀਆ, ਯੂ.ਐੱਸ.ਏ. ਵਸਦੇ ਸ਼ਾਇਰ ਕਮਲ ਦੇਵ ਪਾਲ ਜੀ ਨੇ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਘੱਲ ਕੇ ਆਰਸੀ ਪਰਿਵਾਰ ਨਾਲ਼ ਪਲੇਠੀ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੀ ਹਾਜ਼ਰੀ ਆਰਸੀ ਦਾ ਸੁਭਾਗ ਹੈ। ਉਹਨਾਂ ਨਾਲ਼ ਮੇਰਾ ਸੰਪਰਕ ਕੋਈ ਛੇ ਕੁ ਮਹੀਨੇ ਪਹਿਲਾਂ ਫੇਸਬੁੱਕ ਰਾਹੀਂ ਹੋਇਆ ਸੀ। ਮੈਂ ਬਲੌਗ ਨਾਲ਼ ਜੁੜੇ ਦੋਸਤਾਂ ਨੂੰ ਇਹ ਦੱਸਣਾ ਵੀ ਜ਼ਰੂਰੀ ਸਮਝਦੀ ਹਾਂ ਕਿ ਪਾਲ ਸਾਹਿਬ ਹੁਣ ਫੇਸਬੁੱਕ ਤੇ ਚਲਦੇ ਆਰਸੀ ਸਾਹਿਤਕ ਕਲੱਬ ਦੇ ਉਹ ਕੋ-ਐਡਮਿਨ ਵੀ ਹਨ।
...........
......ਕਮਲ ਪਾਲ ਉਹਨਾਂ ਗ਼ਜ਼ਲਗੋਆਂ ਵਿੱਚੋਂ ਹੈ ਜਿਨਾਂ ਨੇ ਪੰਜਾਬੀ ਗ਼ਜ਼ਲ ਦਾ ਮੂੰਹ ਮੱਥਾ ਸੰਵਾਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ.... ਜਦ ਪੰਜਾਬ ਵਿਚ ਗ਼ਜ਼ਲ ਲਹਿਰ ਸਿਖ਼ਰ ਤੇ ਸੀ ਤਾਂ ਉਸਦੇ ਮੋਹਰੀਆਂ ਵਿੱਚ ਗਿਣਿਆ ਜਾਣ ਵਾਲਾ ਨਾਮ ਹੈ ਕਮਲ ਪਾਲ ....ਗ਼ਜ਼ਲ ਦੇ ਪ੍ਰੰਪਰਿਕ ਮਾਪਦੰਡਾਂ ਤੇ ਪਹਿਰਾ ਦੇਣ ਦੇ ਹਾਮੀ ਹਨ ਤੇ ਖ਼ਿਆਲਾਂ ਦੀ ਜਦੀਦੀਅਤ ਅਤੇ ਪੁਖ਼ਤਗੀ ਦੇ ਕਾਇਲ ਨੇ ਕਮਲ ਪਾਲ।।ਗ਼ਜ਼ਲ ਦੇ ਹਰ ਪੱਖ ਤੇ ਅਬੂਰ ਹਾਸਿਲ ਹੈ...ਇਕ ਉਸਤਾਦ ਗ਼ਜ਼ਲਗੋ ਹੋਣ ਦੇ ਬਾਵਜੂਦ ਆਜ਼ਾਦ ਨਜ਼ਮ ਕਹਿਣ ਦਾ ਇੱਕ ਵੱਖਰਾ ਹੀ ਢੰਗ ਹੈਉਹਨਾਂ ਦੀਆਂ ਕਵਿਤਾਵਾਂ ਅਜੋਕੀ ਕਵਿਤਾ ਨਾਲੋ ਇੱਕ ਅਲੱਗ ਮੁਹਾਂਦਰਾ ਰੱਖਦੀਆਂ ਨੇ... ਇਕ ਬਹੁਤ ਹੀ ਵਿਲੱਖਣ ਵਿਚਾਰਧਾਰਾ ਨਾਲ ਜੁੜੀ ਹੋਈ ਅਦਬੀ ਹਸਤੀ ਹੈ ਕਮਲ ਪਾਲ....---- ਅਮਰੀਕ ਗ਼ਾਫ਼ਿਲ।


...........
ਪਾਲ ਸਾਹਿਬ
ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਗ਼ਜ਼ਲਾਂ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਅਤੇ ਧੰਨਵਾਦੀ ਬਣਾਉਂਦੇ ਰਹਿਣਗੇ। ਉਹਨਾਂ ਦਾ ਬੇਹੱਦ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ


*****


ਗ਼ਜ਼ਲ


ਇਸ ਜ਼ਿੱਲਤ 'ਚੋਂ ਨਿਕਲਣ ਦਾ ਜੇਕਰ ਕਰਦੇ ਪਰਿਆਸ ।


ਅਪਣੇ ਘਰ ਵਿਚ ਏਸ ਤਰਾਂ ਨਾ ਕਟਦੇ ਕਾਰਾਵਾਸ।ਰੋਜ਼ ਨਜ਼ਰਬੰਦੀ ਦੇ ਤੇਵਰ ਲੈ ਕੇ ਆਉਂਦੀ ਸ਼ਾਮ ,


ਚੰਗਾ ਹੁੰਦਾ ਜੇਕਰ ਸਾਨੂੰ ਮਿਲ ਜਾਂਦਾ ਬਨਵਾਸ।ਜਿੰਨੀ ਵਾਰੀ ਛੂਹ ਛੂਹ ਦੇਖੇ ਹਨ ਤਿਤਲੀ ਦੇ ਰੰਗ ,


ਓਨੀ ਵਾਰੀ ਕੁਝ ਗੁੰਮਣ ਦਾ ਹੋਇਆ ਹੈ ਅਹਿਸਾਸ।ਹੋਰ ਵੀ ਅਪਣਾ ਅਪਣਾ ਲੱਗਣ ਲਗਿਆ ਅਪਣਾ ਪਿੰਡ ,


ਅਪਣੇ ਪਿੰਡੋਂ ਜਿਸ ਦਿਨ ਤੋਂ ਹਾਂ ਕਰ ਆਏ ਪਰਵਾਸ।ਪੂਰੇ ਸ਼ਹਿਰ 'ਚ ਚਰਚਾ ਹੈ ਇਹ ਜੋ ਬੰਦਾ ਸੀ ਆਮ ,


ਤੇਰੇ ਨਾਲ ਬਿਤਾ ਕੇ ਕੁਝ ਪਲ ਹੋ ਚਲਿਆ ਹੈ ਖ਼ਾਸ।ਪਾਣੀ ਦੇ ਵਿਚ ਖੁਲ੍ਹ ਚੁੱਕੀ ਹੈ ਇਕ ਤੂੜੀ ਦੀ ਪੰਡ ,


ਤਾਂ ਹੀ ਉਲ਼ਝ ਰਹੇ ਨੇ ਰਿਸ਼ਤੇ ਤਿੜਕ ਰਹੇ ਵਿਸ਼ਵਾਸ।ਦਾਣਾ ਦਾਣਾ ਚੁਗਦੇ ਪੰਛੀ ਇੱਕ ਸ਼ਿਕਾਰੀ ਦੇਖ ,


ਖੰਭਾਂ ਨਾਲ਼ ਉਡਾ ਕੇ ਲੈ ਗਏ ਅਪਣੀ ਅਪਣੀ ਆਸ।ਖੂਨ ਜਿਗਰ ਦਾ ਦੇਵੋ ਇਸ ਨੂੰ ਤੇ ਸੋਚਾਂ ਦੀ ਪਾਣ ,


ਸ਼ਾਇਰੀ ਦੇ ਵਿਚ ਕੁਝ ਕੁਝ ਕਰਨਾ ਪੈਂਦਾ ਹੈ ਅਭਿਆਸ।ਆਪੇ ਰੱਜੀ ਧਾਈ ਜਿਸਦੇ ਆਪੇ ਬੱਚੇ ਜੀਣ ,


ਉਸ ਮਹਿਫ਼ਲ ਨੂੰ 'ਪਾਲ' ਕਦੇ ਵੀ ਆ ਸਕਦਾ ਨਾ ਰਾਸ।


======


ਗ਼ਜ਼ਲ


ਆਪ ਇਹ ਕੀ ਕਰ ਗਏ ਹੋ ਇੱਕ ਹੀ ਨਖ਼ਰੇ ਦੇ ਨਾਲ਼।


ਆਪ ਦੀ ਚਰਚਾ ਸ਼ੁਰੂ ਉਹ ਕਰ ਦਏ ਮਤਲੇ ਦੇ ਨਾਲ਼।ਰਾਂਗਲੇ ਪਲ ਸ਼ੋਖੀਆਂ ਕਿਉਂ ਜਾਗਿਆ ਤਾਂ ਉਡ ਗਏ ,


ਜਾਗ ਕੇ ਨਿਤ ਲੜ ਪਵਾਂ ਮੈਂ ਆਪਣੇ ਸੁਪਨੇ ਦੇ ਨਾਲ਼।ਚਿਕ ਦੇ ਪਿੱਛੋਂ ਝਾਕ ਕੇ ਕੁਝ ਆਖ ਜਾਂਦੇ ਹੋ ਤੁਸੀਂ ,


ਇਸ ਤਰਾਂ ਵੀ ਪੇਸ਼ ਨਾ ਆਇਆ ਕਰੋ ਪਰਦੇ ਦੇ ਨਾਲ਼।ਇਸ਼ਕ਼ ਹੈ ਤਲਵਾਰ ਦੀ ਜੇ ਧਾਰ ਤੋਂ ਵੀ ਖ਼ਤਰਨਾਕ ,


ਸਿਖ ਲਿਆ ਹੈ ਹੁਣ ਅਸੀਂ ਵੀ ਜੂਝਣਾ ਖ਼ਤਰੇ ਦੇ ਨਾਲ਼।ਆਪ ਜੀਓ ਦੂਜਿਆਂ ਨੂੰ ਜੀਣ ਦਾ ਮੌਕਾ ਦਿਓ ,


ਜੀਣ ਦਾ ਆਇਆ ਸਲੀਕਾ ਪਰ ਬੜੇ ਅਰਸੇ ਦੇ ਨਾਲ਼।ਕੱਲ੍ਹ ਤੋਂ ਸੱਚੀਂ ਤੁਹਾਨੂੰ ਭੁੱਲ ਜਾਣਾ ਹੈ ਅਸੀਂ ,


ਕੱਲ੍ਹ ਤੋਂ ਫਿਰ ਯਾਦ ਆਵੋਗੇ ਤੁਸੀਂ ਭੁਲਣੇ ਦੇ ਨਾਲ਼।ਆ ਕੇ ਉਹ ਇਕਰਾਰ ਉੱਤੇ ਜਾਣ ਦੀ ਕਰਦੇ ਰਹੇ ,


ਪਿਆਰ ਵਿਚ ਵੀ ਪੇਸ਼ ਉਹ ਆਉਂਦੇ ਰਹੇ ਸਰਫੇ ਦੇ ਨਾਲ਼।ਸੁਕ ਗਈ ਤਾਂ ਰੇਤ ਹੀ ਰਹਿ ਜਾਏਗੀ ਇਸਦੀ ਸਜ਼ਾ ,


ਬੇ-ਵਜ੍ਹਾ ਹੀ ਰੁਸ ਗਈ ਹੈ ਇਹ ਨਦੀ ਚਸ਼ਮੇ ਦੇ ਨਾਲ਼।ਪਿਆਸ ਕਿੰਨੀ 'ਪਾਲ' ਨੂੰ ਹੈ ਲਾ ਨਾ ਅੰਦਾਜ਼ਾ ਮਹਿਜ਼ ,


ਉਹ ਗੁਜ਼ਾਰਾ ਕਰ ਲਵੇਗਾ ਇੱਕ ਹੀ ਤੁਪਕੇ ਦੇ ਨਾਲ਼।


=====


ਗ਼ਜ਼ਲ


ਸੰਘਰਸ਼ ਦੇ ਬਿਨਾ ਕਦ, ਜਾਗਣ ਨਸੀਬ ਸਾਡੇ ।


ਮੋਢੇ 'ਤੇ ਧਰ ਦਿਓ ਹੁਣ, ਹੱਕ਼ ਦੀ ਸਲੀਬ ਸਾਡੇਕੁਝ ਲੋਕ ਜ਼ੁਲਮ, ਦਹਿਸ਼ਤ ਦੇ ਨਾਲ਼ ਜੂਝਦੇ ਹਨ,


ਕੁਝ ਹੇਰ ਫੇਰ ਕਰਕੇ , ਲਿਖਦੇ ਅਦੀਬ ਸਾਡੇਜੇ ਪਲਟਣਾ ਹੈ ਤਖ਼ਤਾ, ਜ਼ਾਰਾਂ ਤੇ ਨਾਜ਼ੀਆਂ ਦਾ,


ਆਪਾਂ ਵੀ ਤੁਰ ਪਏ ਹਾਂ , ਆਵੋ ਕਰੀਬ ਸਾਡੇਪੁੱਤਰ, ਭਰਾ, ਭਤੀਜੇ , ਬਣਦੇ ਸ਼ਰੀਕ ਆਖਿਰ,


ਕਿੰਨੇ ਕਰੀਬ ਦਿਲ ਦੇ , ਰਿਸ਼ਤੇ ਅਜੀਬ ਸਾਡੇਮੁਖ਼ਬਰ ਘਰਾਂ 'ਚ ਜਦ ਤਕ, ਸੁਗਰੀਵ 'ਤੇ ਭਵੀਸ਼ਣ,


ਇਹ ਰਾਮ-ਰਾਜ ਤਦ ਤਕ, ਚੱਟੂ ਨਸੀਬ ਸਾਡੇਲੋਕੀ ਗ਼ਰੀਬ ਜੇ ਹਨ, ਲੋਕਾਂ ਦਾ ਦੋਸ਼ ਵੀ ਹੈ ,


ਕਿਉਂ ਆਖਦੇ ਨੇ ਹਰ ਥਾਂ, ਖੋਟੇ ਨਸੀਬ ਸਾਡੇਹੋਇਆ ਖ਼ਰਾਬ ਮੌਸਮ, ਬਦਲੋ ਵੀ ਆ ਕੇ ਰੁੱਤੋ,


ਕਿਉਂ ਹੋਰ ਹੋ ਰਹੇ ਹਨ, ਸੁਪਨੇ ਗ਼ਰੀਬ ਸਾਡੇਧਰਤੀ ਦਾ ਕੁੱਲ ਰਕਬਾ , ਵੰਡਾਂਗੇ ਸਾਰਿਆਂ ਵਿਚ,


ਇਕ ਵਾਰ ਆ ਗਈ ਜਦ , ਹੱਥੀਂ ਜ਼ਰੀਬ ਸਾਡੇਤੂੰ 'ਪਾਲ' ਖ਼ੁਦ ਸਮਝ ਕੇ , ਸਮਝਾ ਦੇ ਲੋਕ ਸਾਰੇ ,


ਲਿਖਦੇ ਨੇ ਸਾਮਰਾਜੀ, ਕਿੱਦਾਂ ਨਸੀਬ ਸਾਡੇ


======


ਗ਼ਜ਼ਲ


ਪਿਆਰ ਮੁਹੱਬਤ ਸਾਰੇ ਰਿਸ਼ਤੇ ਅਪਣੀ ਥਾਂ ।


ਭੈਣ, ਭਰਾ, ਪਤਨੀ, ਮਾਂ, ਬੱਚੇ ਅਪਣੀ ਥਾਂਚੋਰ ਝਕਣ ਮੁਨਸਿਫ਼ ਤੋਂ ਮੁਨਸਿਫ਼ ਚੋਰਾਂ ਤੋਂ,


ਸਾਰੇ ਜਾਪਣ ਸੱਚੇ ਸੁੱਚੇ ਅਪਣੀ ਥਾਂ।ਖ਼ਾਲੀ ਮੁੜ ਕੇ ਤੇਰੇ ਦਰ ਤੋਂ ਖ਼ੈਰ ਬਿਨਾ,


ਝਕਦੇ ਝਕਦੇ ਫ਼ੱਕਰ ਪਰਤੇ ਅਪਣੀ ਥਾਂਤੁੱਲੇ ਨੇ ਲੁੱਟੇ ਵਿਉਪਾਰੀ ਯੁਗਤਾਂ ਨਾਲ਼,


ਸੋਹਣੀ ਨੇ ਸੌਦਾਗਰ ਲੁੱਟੇ ਅਪਣੀ ਥਾਂਫੁੱਲ ਗੁਲਾਬੀ , ਲਾਲ , ਬਸੰਤੀ ਤੇ ਪੀਲ਼ੇ ,


ਗੁਲਸ਼ਨ ਦੇ ਵਿਚ ਸਾਰੇ ਫ਼ਬਦੇ ਅਪਣੀ ਥਾਂਹੰਝੂ , ਵਰਖਾ , ਝਾਂਜਰ ਦਾ ਕੋਈ ਮੇਲ਼ ਨਹੀਂ,


ਫਿਰ ਵੀ ਤਿੰਨੇ ਛਮ ਛਮ ਕਰਦੇ ਅਪਣੀ ਥਾਂ।ਕਹਿਰ ਮਚਾਉਂਦੇ 'ਪਾਲ' ਤਿਰੇ ਘਰ ਰਖਵਾਲੇ,


ਸੰਨ੍ਹ ਲਗਾ , ਪਹਿਰੇ 'ਤੇ ਖੜ੍ਹਦੇ ਅਪਣੀ ਥਾਂ


=====


ਗ਼ਜ਼ਲ


ਆਪ ਦੇਖੇ ਹਨ ਅਸੀਂ ਕੁਝ ਹਾਦਸੇ।


ਰਸਤਿਆਂ ਨੇ ਖਾ ਲਏ ਹਨ ਕਾਫ਼ਲੇ।ਕ਼ਤਲ ਹੁੰਦੇ ਹਨ ਕਦੇ ਕੁਰਸੀ ਲਈ,


ਖ਼ੂਨ ਵੰਹਿਦੇ ਹਨ ਖ਼ੁਦਾ ਦੇ ਵਾਸਤੇ।ਮਿਟ ਗਏ ਜੋ ਜੋ ਸਮੇਂ ਦੀ ਧੂੜ ਵਿਚ,


ਆਪ ਜ਼ੁੰਮੇਵਾਰ ਸਨ ਉਹ ਕਾਫ਼ਲੇ।ਬੋਲਦੇ ਹਾਂ ਖ਼ਾਸ ਪੰਜਾਬੀ ਅਸੀਂ,


ਲਿਖ ਰਹੇ ਹਾਂ ਮਾਤ ਭਾਸ਼ਾ ਵਾਸਤੇ।ਆਉਣ ਵਾਲਾ ਵਕ਼ਤ ਕਰਦਾ ਇੰਤਜ਼ਾਰ,


ਮੇਟ ਕੇ ਆਵੋ ਦਿਲਾਂ ਦੇ ਫਾਸਲੇ।ਲੋਕਤੰਤਰ ਬਾਗ਼ ਦੀ ਰਾਖੀ ਲਈ,


ਰੋਕ ਦੇਵੋ ਤੋਤਿਆਂ ਦੇ ਦਾਖਲੇ।ਰਲ ਗਏ ਹਨ ਚੋਰ ਤੇ ਰਾਖੇ ਜਦੋਂ,


ਜਾਗਦੇ ਰਹਿਣਾ ਲੋਕੋ! ਜਾਗਦੇ।ਇਸ ਤਰਾਂ ਪਰੇਸ਼ਾਨ ਨਾ ਹੁੰਦਾ ਕਦੀ,


ਬੋਲਿਆ ਮਿੱਠਾ ਜੇ ਹੁੰਦਾ ਆਪ ਨੇ।'ਪਾਲ' ਦੇ ਜੇਕਰ ਤੁਸੀਂ ਹੁੰਦੇ ਕਰੀਬ,


ਉਹ ਬੜਾ ਨਜ਼ਦੀਕ ਹੁੰਦਾ ਆਪ ਦੇ।


=====


ਗ਼ਜ਼ਲ


ਬਾਜ਼ਾਂ ਦੇ ਪਰ ਜੇ ਕੱਟੋਂ, ਤਾਂ ਸ਼ੁਕਰ ਹੈ ਤੁਹਾਡਾ।


ਚਿੜੀਆਂ ਨੂੰ ਵਰਜਦੇ ਹੋ, ਇਹ ਜਬਰ ਹੈ ਤੁਹਾਡਾ।ਪੈਰਾਂ 'ਚ ਬੇੜੀਆਂ ਹਨ, ਤਾਂ ਵੀ ਹੈ ਮੜਕ ਪੂਰੀ,


ਆਵਾਮ ਦੇ ਦਿਲਾਂ ਵਿਚ, ਕੁਝ ਕਦਰ ਹੈ ਤੁਹਾਡਾ।ਸਾਨੂੰ ਨਦੀ ਕਿਨਾਰੇ ਦੇ ਰੁੱਖ ਵਾਂਗ ਸਮਝੋ,


ਵਸਦੇ ਰਹੋ ਸਲਾਮਤ , ਬਸ ਫ਼ਿਕਰ ਹੈ ਤੁਹਾਡਾ।ਹਰ ਜ਼ੁਲਮ ਤੇ ਤਸ਼ੱਦਦ ਝਲ ਕੇ ਰਹੇ ਸਲਾਮਤ,


ਭਾਰਤ ਦੇ ਐ ਸਪੂਤੋ , ਇਹ ਸਬਰ ਹੈ ਤੁਹਾਡਾ।ਹਾਲੇ ਤੁਸੀਂ ਤਾਂ ਅਪਣਾ ਵਿਰਸਾ ਪਛਾਣਿਆ ਹੈ ,


ਇਸ ਦੇਸ਼ ਦੀ ਹਵਾ ਵਿਚ ਹੁਣ ਜ਼ਿਕਰ ਹੈ ਤੁਹਾਡਾ।ਸਾਡੇ ਦਿਲਾਂ ਦੀ ਸੀਰਤ ਹੈ ਪਾਣੀਆਂ ਤੋਂ ਨਿਰਮਲ,


ਸਾਡੀ ਵਫ਼ਾ 'ਤੇ ਸ਼ੱਕ ਹੈ ? ਇਹ ਕੁਫ਼ਰ ਹੈ ਤੁਹਾਡਾ।ਹੈ ਸੋਚ 'ਪਾਲ' ਸਾਡੀ ਕਿ ਬਖ਼ਸ਼ 'ਤੇ ਸਿਤਮਗਰ ,


ਇਸ ਦੇ ਤੁਸੀਂ ਨਾ ਕਾਬਲ ਇਹ ਹਸ਼ਰ ਹੈ ਤੁਹਾਡਾ।5 comments:

ਤਨਦੀਪ 'ਤਮੰਨਾ' said...

ਦੋਸਤੋ! ਨਿਊ ਯੌਰਕ, ਯੂ.ਐੱਸ.ਏ. ਵਸਦੇ ਪ੍ਰਸਿੱਧ ਲੇਖਕ ਸੁਰਿੰਦਰ ਸੋਹਲ ਜੀ ਨੇ ਆਰਸੀ ਬਲੌਗ 'ਤੇ ਕਮਲ ਦੇਵ ਪਾਲ ਸਰ ਦੀਆਂ ਗ਼ਜ਼ਲਾਂ ਪੜ੍ਹ ਕੇ ਬਹੁਤ ਹੀ ਖ਼ੂਬਸੂਰਤ ਲੇਖ ਨਾਲ਼ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ, ਕਮਲ ਸਰ ਦਾ ਆਰਸੀ 'ਤੇ ਹਾਰਦਿਕ ਅਭਿਨੰਦਨ ਕੀਤਾ ਹੈ। ਮੈਂ ਸੋਹਲ ਵੀਰ ਜੀ ਦੀ ਦਿਲੋਂ ਮਸ਼ਕੂਰ ਹਾਂ, ਜਿਨ੍ਹਾਂ ਨੇ ਏਨੇ ਰੁਝੇਵਿਆਂ ਦੇ ਬਾਵਜੂਦ ਹਾਜ਼ਰੀ ਲਵਾਈ ਹੈ।
----
ਲੇਖ ਵੱਡਾ ਹੋਣ ਕਰਕੇ ਟਿੱਪਣੀਆਂ ਵਿਚ ਪੋਸਟ ਨਹੀਂ ਹੋ ਸਕਿਆ, ਉਸਨੂੰ ਅੱਜ ਦੀ 1 ਫਰਵਰੀ, 2012 ਦੀ ਨਵੀਂ ਅਤੇ ਵੱਖਰੀ ਪੋਸਟ ਵਿਚ ਲਗਾ ਦਿੱਤਾ ਗਿਆ ਹੈ। ਲੇਖ ਪੜ੍ਹਨ ਲਈ ਅੱਜ ਦੀ ਪੋਸਟ ਜ਼ਰੂਰ ਵੇਖੋ ਜੀ..ਸ਼ੁਕਰੀਆ।
ਅਦਬ ਸਹਿਤ
ਤਨਦੀਪ

ਤਨਦੀਪ 'ਤਮੰਨਾ' said...

This comment is from the FaceBook
.......
Amarjit Kaur 'Hirdey' ਸਾਰੀਆਂ ਹੀ ਗ਼ਜ਼ਲਾਂ ਬਹੁਤ ਪਿਆਰੀਆਂ ਨੇ ji
12 hours ago · Unlike · 1

renu said...

ਜਿੰਨੀ ਵਾਰੀ ਛੂਹ ਛੂਹ ਦੇਖੇ ਹਨ ਤਿਤਲੀ ਦੇ ਰੰਗ
ਉੰਨੀ ਵਾਰੀ ਕੁਝ ਗੁੰਮਣ ਦਾ ਹੋਇਆ ਹੈ ਅਹਿਸਾਸ


ਵਾਹ ਵਾਹ !!


ਸੁਕ ਗਈ ਤਾਂ ਰੇਤ ਹੀ ਰਹੀ ਜਾਏਗੀ ਇਸਦੀ ਸਜਾ
ਬੇਵਜ੍ਹਾ ਹੀ ਰੁੱਸ ਗਈ ਹੈ ਇਹ ਨਦੀ ਚਸ਼੍ਮੇ ਦੇ ਨਾਲ

ਹਰ ਗ਼ਜ਼ਲ ਦੀ ਆਪੋ ਆਪਣੀ ਖੂਬਸੂਰਤੀ ਹੈ | ਲਾ-ਜਵਾਬ ਗ਼ਜਲਾਂ ਨਾਲ ਕਮਲ ਦੇਵ ਪਾਲ ਜੀ ਦੀ ਪਹਿਲੀ ਹਾਜ਼ਿਰੀ ਆਰਸੀ ਲਈ ਬੇਹਦ ਸ਼ੁਭ-ਸੰਕੇਤ ਹੈ |

'ਆਰਸੀ ਪਰਿਵਾਰ' ਇਸ ਲਈ ਵਧਾਈ ਦਾ ਪਾਤਰ ਹੈ !

AMRIK GHAFIL said...

ਕਮਲ ਪਾਲ ਜੀ ਦੀਆਂ ਗ਼ਜ਼ਲਾਂ ਪਡ਼ਦਿਆਂ ਸੁਰਿੰਦਰ ਸੋਹਲ ਨੇ ਜਿਨਾਂ ਮਹਿਫਿਲਾਂ ਦੀ ਗੱਲ ਕੀਤੀ ਹੈ.. ਮੈਂ ਖ਼ੁਦ ਨੂੰ ਉਹਨਾਂ ਮਹਿਫਿਲਾਂ ਵਿੱਚ ਬੈਠਿਆਂ ਮਹਿਸੂਸ ਕੀਤਾ...ਇਹ ਉਹ ਹੀ ਮਹਿਫ਼ਿਲਾਂ ਸਨ ਜਿਨਾਂ ਨੂੰ ਮਾਣਦਿਆਂ ਹੀ ਅਸੀ ਕਲਮ-ਝਰੀਟ ਬਣੇ ਸੀ...ਮਹਿਫਿਲਾਂ ਤੋਂ ਬਾਦ ਹੁੰਦੀ ਅਦਬੀ ਨੇਕ-ਝੋਕ ਤੇ ਉਸਤਾਦਾਂ ਦੀਆਂ ਸੰਗਤ ਚੋਂ ਸਿਖੀਆਂ ਬਹੁਤ ਸਾਰੀਆਂ ਗੱਲਾਂ ਚੇਤਿਆਂ ਦੇ ਕੈਨਵਸ ਤੇ ਫਿਰ ਉੱਭਰ ਆਈਆਂ ਨੇ...ਕਮਲ ਪਾਲ ਜੀ ਦਾ ਆਪਣਾ ਵੱਖਰਾ ਹੀ ਰੰਗ ਜੋ ਉਹਨਾਂ ਮਹਿਫ਼ਿਲਾਂ ਦੌਰਾਨ ਹੁੰਦਾ ਸੀ ਉਹ ਅਜ ਵੀ ਬਰਕਰਾਰ ਹੈ..ਉਹ ਅਜ ਵੀ ਓਸੇ ਵਿਚਾਰਧਾਰਾ ਨੂੰ ਅੰਗ ਸੰਗ ਰਖਦੇ ਨੇ...ਜਿਸ ਵਿਲੱਖਣ ਵਿਚਾਰਧਾਰਾ ਨਾਲ ਉਹ ਜੁਡ਼ੇ ਨੇ..ਉਹ ਹਾਰੀ ਸਾਰੀ ਗ਼ਜ਼ਲਗੋ ਦੇ ਵੱਸ ਦੀ ਗੱਲ ਨਹੀਂ...ਤਕਨੀਕ ਦੀ ਕਦੀਮੀਅਤ ਅਤੇ ਖਿਆਲ ਦੀ ਜਿੱਦਤ ਕਮਲ ਜੀ ਦਾ ਖ਼ਾਸਾ ਹੈ.... ਸਾਰੀਆ ਗ਼ਜ਼ਲਾਂ ਹੀ ਬੇਹੱਦ ਖ਼ੂਬਸੂਰਤ ਨੇ.... ਕਮਲ ਜੀ ਦੀ ਹਾਜ਼ਰੀ ਨਾਲ ਆਰਸੀ ਦਾ ਗੌਰਵ ਹੋਰ ਵਧਿਆ ਹੈ....ਇਸ ਖੂਬਸੂਰਤ ਪੋਸਟ ਲਈ ਕਮਲ ਜੀ ਤੇ ਤਨਦੀਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ....

AMRIK GHAFIL said...

ਕਮਲ ਪਾਲ ਜੀ ਦੀਆਂ ਗ਼ਜ਼ਲਾਂ ਪਡ਼ਦਿਆਂ ਸੁਰਿੰਦਰ ਸੋਹਲ ਨੇ ਜਿਨਾਂ ਮਹਿਫਿਲਾਂ ਦੀ ਗੱਲ ਕੀਤੀ ਹੈ.. ਮੈਂ ਖ਼ੁਦ ਨੂੰ ਉਹਨਾਂ ਮਹਿਫਿਲਾਂ ਵਿੱਚ ਬੈਠਿਆਂ ਮਹਿਸੂਸ ਕੀਤਾ...ਇਹ ਉਹ ਹੀ ਮਹਿਫ਼ਿਲਾਂ ਸਨ ਜਿਨਾਂ ਨੂੰ ਮਾਣਦਿਆਂ ਹੀ ਅਸੀ ਕਲਮ-ਝਰੀਟ ਬਣੇ ਸੀ...ਮਹਿਫਿਲਾਂ ਤੋਂ ਬਾਦ ਹੁੰਦੀ ਅਦਬੀ ਨੇਕ-ਝੋਕ ਤੇ ਉਸਤਾਦਾਂ ਦੀਆਂ ਸੰਗਤ ਚੋਂ ਸਿਖੀਆਂ ਬਹੁਤ ਸਾਰੀਆਂ ਗੱਲਾਂ ਚੇਤਿਆਂ ਦੇ ਕੈਨਵਸ ਤੇ ਫਿਰ ਉੱਭਰ ਆਈਆਂ ਨੇ...ਕਮਲ ਪਾਲ ਜੀ ਦਾ ਆਪਣਾ ਵੱਖਰਾ ਹੀ ਰੰਗ ਜੋ ਉਹਨਾਂ ਮਹਿਫ਼ਿਲਾਂ ਦੌਰਾਨ ਹੁੰਦਾ ਸੀ ਉਹ ਅਜ ਵੀ ਬਰਕਰਾਰ ਹੈ..ਉਹ ਅਜ ਵੀ ਓਸੇ ਵਿਚਾਰਧਾਰਾ ਨੂੰ ਅੰਗ ਸੰਗ ਰਖਦੇ ਨੇ...ਜਿਸ ਵਿਲੱਖਣ ਵਿਚਾਰਧਾਰਾ ਨਾਲ ਉਹ ਜੁਡ਼ੇ ਨੇ..ਉਹ ਹਾਰੀ ਸਾਰੀ ਗ਼ਜ਼ਲਗੋ ਦੇ ਵੱਸ ਦੀ ਗੱਲ ਨਹੀਂ...ਤਕਨੀਕ ਦੀ ਕਦੀਮੀਅਤ ਅਤੇ ਖਿਆਲ ਦੀ ਜਿੱਦਤ ਕਮਲ ਜੀ ਦਾ ਖ਼ਾਸਾ ਹੈ.... ਸਾਰੀਆ ਗ਼ਜ਼ਲਾਂ ਹੀ ਬੇਹੱਦ ਖ਼ੂਬਸੂਰਤ ਨੇ.... ਕਮਲ ਜੀ ਦੀ ਹਾਜ਼ਰੀ ਨਾਲ ਆਰਸੀ ਦਾ ਗੌਰਵ ਹੋਰ ਵਧਿਆ ਹੈ....ਇਸ ਖੂਬਸੂਰਤ ਪੋਸਟ ਲਈ ਕਮਲ ਜੀ ਤੇ ਤਨਦੀਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ....