ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 19, 2012

ਕੇਹਰ ਸ਼ਰੀਫ਼ - ਨਜ਼ਮ

ਦੋਸਤੋ! ਜਰਮਨੀ ਵਸਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ਼ ਸਾਹਿਬ ਨੇ ਆਪਣੀ ਇਹ ਨਜ਼ਮ ਮੈਨੂੰ ਆਰਸੀ ਲਈ 14 ਮਾਰਚ ਨੂੰ ਘੱਲੀ ਸੀ, ਪਰ ਰੁਝੇਵੇਂ ਜ਼ਿਆਦਾ ਹੋਣ ਕਰਕੇ ਇਸਨੂੰ ਅੱਜ ਵੇਖ ਅਤੇ ਪੋਸਟ ਕਰ ਸਕੀ ਹਾਂ.......ਮੈਂ ਇਕੋ ਵਕ਼ਤ ਤੇ ਕਈ ਕਿਤਾਬਾਂ ਤੇ ਕੰਮ ਕਰ ਰਹੀ ਹੋਣ ਕਰਕੇ ਬਲੌਗ ਅਪਡੇਟ ਹੋਣ ਅਤੇ ਤੁਹਾਡੀਆਂ ਰਚਨਾਵਾਂ ਪੋਸਟ ਹੋਣ ਵਿਚ ਹੁਣ ਦੇਰੀ ਹੋਣਾ ਸੁਭਾਵਿਕ ਹੀ ਹੈ, ਤੇ ਈਮੇਲਾਂ ਦੇ ਜਵਾਬ ਵੀ ਫ਼ਿਲਹਾਲ ਨਹੀਂ ਦੇ ਸਕਾਂਗੀ... ਖ਼ਿਮਾ ਦੀ ਜਾਚਕ ਹਾਂ....ਆਸ ਹੈ ਕਿ ਇਹਨਾਂ ਆਉਣ ਵਾਲ਼ੇ ਕੁਝ ਮਹੀਨਿਆਂ ਵਿਚ ਤੁਸੀਂ ਮੇਰੀ ਖ਼ਾਮੋਸ਼ੀ ਦਾ ਬੁਰਾ ਨਹੀਂ ਮਨਾਉਗੇ ਅਤੇ ਕਿਤਾਬਾਂ ਦੇ ਪ੍ਰੌਜੈਕਟ ਨੇਪਰੇ ਚਾੜ੍ਹਨ ਵਾਸਤੇ ਹਮੇਸ਼ਾ ਦੀ ਤਰ੍ਹਾਂ ਮੇਰੀ ਹੌਸਲਾ ਅਫ਼ਜ਼ਾਈ ਕਰਦੇ ਰਹੋਗੇ....ਬਹੁਤ-ਬਹੁਤ ਸ਼ੁਕਰੀਆ ਜੀ...ਅਦਬ ਸਹਿਤ....ਤਨਦੀਪ

*****


ਵਿਕਾਊ ਵਸਤਾਂ


ਨਜ਼ਮ


ਜਿਹੜੇ ਮੁਲਕੀਂ ਤੂੰ ਚੱਲ ਆਇਐਂ,


ਏਥੇ ਸਾਰੇ ਰੰਗ ਵਿਕਦੇ ਨੇ।


ਅਮਨ ਦੀਆਂ ਗੱਲਾਂ ਤੂੰ ਸੁਣਦੈਂ,


ਪਰ ਤੋਪਾਂ ਤੇ ਬੰਬ ਵਿਕਦੇ ਨੇ



ਕਲਾ ਕਿਰਤ ਦਾ ਵੀ ਮੁੱਲ ਪੈਂਦੈ,


ਮੁੱਲ ਪੈਂਦਾ ਕੁਝ ਮਿਹਨਤ ਦਾ ਵੀ,


ਹਰ ਪਾਸੇ ਤਕਨੀਕ ਦਾ ਰੌਲ਼ਾ,


ਤੌਰ ਤਰੀਕੇ ਢੰਗ ਵਿਕਦੇ ਨੇ



ਮਹਿਕ ਵਿਹੂਣੇ ਲੋਕਾਂ ਨੂੰ ਕੋਈ


ਕੀ ਆਖੇ ਤੇ ਕਿੰਜ ਸਮਝਾਵੇ,


ਹਾਸੇ ਦੀ ਮੁਸਕਾਨ ਐ ਫ਼ਿੱਕੀ,


ਫ਼ਿੱਕੇ-ਖਾਰੇ ਹੰਝ ਵਿਕਦੇ ਨੇ



ਧਰਤੀ ਤੇ ਜੋ ਤੁਰਿਆ ਜਾਂਦਾ,


ਉਹ ਵੀ ਸੁਣਦਾ ਉੱਚੀਆਂ ਵਾਜਾਂ,


ਊਠ ਤੇ ਚੜ੍ਹਿਆ ਰੌਲ਼ਾ ਪਾਉਂਦੈ,


ਕਹਿੰਦਾ ਲੈ ਲਉ ਵੰਝ ਵਿਕਦੇ ਨੇ



ਕੱਛੇ ਮਾਰ ਬਾਰੂਦ ਦੀ ਗੰਢੜੀ,


ਢੂੰਡਣ ਤੁਰਿਆ ਨਵੀਆਂ ਮੰਡੀਆਂ,


ਵਿਸ਼ਵੀਕਰਣ ਦਾ ਪਿੰਡ ਬਣਾ ਲਿਆ,


ਹੁਣ ਸਾਰੇ ਹੀ ਸੰਦ ਵਿਕਦੇ ਨੇ



ਪਰਿਵਾਰਾਂ ਦੀਆਂ ਟੁੱਟਦੀਆਂ ਤੰਦਾਂ,


ਮੋਹ ਦਾ ਨਾਮ ਨਿਸ਼ਾਨ ਮਿਟ ਰਿਹਾ,


ਇਹ ਰਾਹ ਦੱਸ ਕਿਹੜੇ ਥਾਂ ਜਾਣਾ,


ਹੁਣ ਸਾਰੇ ਹੀ ਪੰਧ ਵਿਕਦੇ ਨੇ



ਕਿੱਥੋਂ ਤੱਕ ਨਿੱਘਰੇਗਾ ਬੰਦਾ,


ਕਿਧਰੇ ਵੀ ਕੋਈ ਅੰਤ ਦਿਸੇ ਨਾ,


ਤਾਣੀ ਦੀ ਤਾਂ ਗੱਲ ਹੀ ਛੱਡ ਦੇ,


ਏਥੇ ਤਾਂ ਹੁਣ ਤੰਦ ਵਿਕਦੇ ਨੇ



ਹੁਣ ਤਾਂ ਵੈਰ ਹਵਾਵਾਂ ਨਾਲ਼ ਹੈ,


ਸਾਰਾ ਬ੍ਰਹਿਮੰਡ ਕਾਲ਼ਾ ਕੀਤਾ,


ਉਡਦੀਆਂ ਡਾਰਾਂ ਨੂੰ ਲਾਹ ਲੈਂਦੇ,


ਗਲ਼ੀ ਗਲ਼ੀ ਫੇਰ ਖੰਭ ਵਿਕਦੇ ਨੇ








2 comments:

ਸੁਰਜੀਤ said...

Bahut Khoobsoorat nazam...

Darshan Darvesh said...

ਦੇਰ ਬਾਦ ਵਧੀਆ ਕਵਿਤਾ ਪੜ੍ਹੀ ਹੈ ਮੁਬਾਰਕ !