ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, August 25, 2012

ਰਵਿੰਦਰ ਰਵੀ - ਦੋ ਨਜ਼ਮਾਂ

 ਦੋਸਤੋ! ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਦੇ ਸਰਪ੍ਰਸਤ ਪੰਜਾਬੀ ਦੇ ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਤਬੀਅਤ ਨਾਸਾਜ਼ ਹੋਣ ਕਾਰਣ ਕੁਝ ਦਿਨ ਹਸਪਤਾਲ ਰਹੇ, ਹੁਣ ਘਰ ਆ ਗਏ ਹਨ ਅਤੇ ਆਰਾਮ ਕਰ ਰਹੇ ਹਨ....ਉਹਨਾਂ ਦੇ ਆਸ਼ੀਰਵਾਦ ਸਦਕਾ ਆਰਸੀ ਕਲੱਬ ਉੱਚ-ਕੋਟਿ ਦੇ ਸਾਹਿਤਕ ਸਮਾਗਮ ਉਲ਼ੀਕਦਾ ਅਤੇ ਅਤੇ ਬਲੌਗ ਮਿਆਰੀ ਸਾਹਿਤ ਨੂੰ ਪਰਮੋਟ ਕਰਦਾ ਆ ਰਿਹਾ ਹੈ.... ਆਰਸੀ ਦੀ ਅੱਜ ਦੀ ਪੋਸਟ ਵਿਚ ਦੀਆਂ ਉਹਨਾਂ ਦੇ ਕੀਨੀਆ ਨਿਵਾਸ ( 1967-1974 ) ਦੌਰਾਨ ਲਿਖੀਆਂ, ਵਣ-ਵਾਣੀ ਕਾਵਿ-ਸੰਗ੍ਰਹਿ ਵਿੱਚੋਂ  ਦੋ ਅਤਿ ਖ਼ੂਬਸੂਰਤ ਨਜ਼ਮ ਪੋਸਟ ਕਰਕੇ ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਜਲਦ ਸਿਹਤਯਾਬੀ ਲਈ ਦੁਆ ਕਰ ਰਹੀ ਹਾਂ...  ਆਮੀਨ! ਤੁਹਾਡੀ ਕ਼ਲਮ ਨੂੰ ਸਲਾਮ, ਰਵੀ ਸਾਹਿਬ...:) ਅਦਬ ਸਹਿਤ...ਤਨਦੀਪ

**********
ਮੌਸਮਾਂ ਦਾ ਸਫ਼ਰ
ਨਜ਼ਮ

ਉਹ ਜਦੋਂ ਮੇਰੇ ਘਰ ਆਇਆ
ਉਹਦੀ ਇਕ ਅੱਖ ਵਿਚ ਸਮੁੰਦਰ
ਤੇ ਦੂਜੀ ਵਿਚ ਮਾਰੂਥਲ ਸੀ
ਉਸਨੇ ਮੈਨੂੰ ਪੁੱਛਿਆ:
ਤੈਨੂੰ ਕੀ ਚਾਹੀਦਾ ਹੈ?
........
ਮੈਂ ਕਿਹਾ:
ਥਲ ਨਾਲ਼ ਜੂਝਣ ਤੋਂ ਪਹਿਲਾਂ
ਸਮੁੰਦਰ ਦਾ ਕੇਹਾ ਆਨੰਦ?
ਤਲਾਸ਼ ਦੇ ਆਰੰਭ ਤੋਂ ਪਹਿਲਾਂ ਹੀ
ਮੰਜ਼ਿਲ ਦੀ ਪ੍ਰਾਪਤੀ
ਵਰ ਨਹੀਂ, ਸਰਾਪ ਦੇ ਤੁੱਲ ਹੈ

ਉਹ ਮੇਰੇ
ਤੇ ਖੁੱਲ੍ਹ ਕੇ ਹੱਸਿਆ
ਤੇ ਫੇਰ ਦੂਰ ਖਿਤਿਜ ਵੱਲ
ਉਂਗਲ਼ੀ ਕਰਕੇ ਕਹਿਣ ਲੱਗਾ
ਜਦ ਤੱਕ ਤੈਨੂੰ ਧਰਤੀ ਆਸਮਾਨ
ਮਿਲ਼ਦੇ ਨਜ਼ਰ ਆਉਂਦੇ ਰਹਿਣ
ਤੁਰੀਂ ਜਾਵੀਂ
ਤੇਰੀ ਹਰ ਮੁਰਾਦ ਪੂਰੀ ਹੋਵੇਗੀ!

ਮੈਂ ਬੜਾ ਭਟਕਿਆ
ਕਿਤੇ ਨਾ ਅਟਕਿਆ
ਇਕ ਖੋਹ ਜਿਹੀ ਪੈਂਦੀ ਰਹੀ
ਤੇ ਮੈਂ,
ਹਰ ਰੁੱਤ ਦੇ ਨਾਲ਼-ਨਾਲ਼ ਤੁਰਦਾ ਰਿਹਾ
ਮੇਰੇ ਰਾਹ ਵਿਚ ਜਲ ਆਏ, ਥਲ ਆਏ
ਪਰ ਮੇਰੇ ਕਦਮ ਕਿਤੇ ਵੀ ਨਾ ਰੁਕੇ

ਅੱਜ ਜਦ ਅਚਾਨਕ ਮੈਂ
ਇਕ ਮਾਸੂਮ ਬੱਚੇ ਦੀਆਂ ਅੱਖਾਂ ਵਿਚ ਵੇਖਿਆ
ਤਾਂ ਉਸਦੀਆਂ ਅੱਖਾਂ ਵਿਚ ਮੈਨੂੰ
ਆਪਣੀਆਂ ਅੱਖਾਂ ਦਾ ਅਕਸ ਨਜ਼ਰੀਂ ਆਇਆ:
ਮੇਰੀ ਇਕ ਵਿਚ ਦਰਿਆ ਸੀ
ਸਮੁੰਦਰ ਤੱਕ ਤਣਿਆ ਹੋਇਆ-
ਤੇ ਦੂਜੀ ਵਿਚ ਮਾਰੂਥਲ!

ਆਪਣੀ ਇਸ ਪ੍ਰਤੀਤੀ
ਤੇ, ਕਿ
ਜਿਸ ਨੂੰ ਮੈਂ ਬਾਹਰ ਭਾਲ਼ਦਾ ਰਿਹਾ
ਉਹ ਤਾਂ ਮੇਰੇ ਅੰਦਰ ਹੀ ਸੀ
ਜਦੋਂ ਮੈਂ ਹੈਰਾਨ ਹੋ ਕੇ ਮੁਸਕਰਾਇਆ
ਤਾਂ ਉਹ ਫਿਰ ਮੇਰੇ ਸਾਹਮਣੇ ਖੜ੍ਹਾ ਸੀ
ਉਸ ਦੀ ਇਕ ਅੱਖ ਵਿਚ ਮਾਸਹੀਣ
ਇਨਸਾਨੀ ਪਿੰਜਰ ਝੂਲਦਾ ਸੀ
ਤੇ ਦੂਜੀ ਵਿਚ ਟੁੱਟ ਰਹੇ ਆਂਡੇ
ਚੋਂ
ਇਕ ਪੰਛੀ ਬਾਹਰ ਨਿਕਲ਼ ਰਿਹਾ ਸੀ
ਉਹ ਫੇਰ ਖੁੱਲ੍ਹ ਕੇ ਹੱਸਿਆ
ਤੇ ਫਿਰ ਪੁੱਛਣ ਲੱਗਾ:
ਦੱਸ, ਹੁਣ ਕੀ ਚਾਹੀਦਾ ਹੈ?
ਮੈਂ ਕਿਹਾ:
ਹੁਣ ਤੂੰ ਮੇਰੀਆ ਅੱਖਾਂ
ਚ ਵੇਖ
ਤੇਰੀ ਜਿਸ ਅੱਖ ਵਿਚ ਆਂਡਾ ਹੈ
ਮੇਰੀ ਉਸ ਅੱਖ ਵਿਚ ਨਿਰੁੱਖਾ ਥਲ ਹੈ
ਤੇਰੀ ਜਿਸ ਅੱਖ ਵਿਚ ਪਿੰਜਰ ਹੈ
ਮੇਰੀ ਉਸ ਅੱਖ ਵਿਚ
ਸਮੁੰਦਰ ਤੱਕ ਤਣਿਆ ਦਰਿਆ ਹੈ!

ਆਂਡੇ ਤੋਂ ਪਿੰਜਰ ਦੇ ਵਿਚਕਾਰ
ਕਈ ਮੌਸਮ ਆਉਂਦੇ ਹਨ
ਤੇ ਮੈਂ
ਉਨ੍ਹਾਂ ਮੌਸਮਾਂ ਦਾ ਸਫ਼ਰ ਹਾਂ!
ਇਸ ਤੋਂ ਪਹਿਲਾਂ
ਕਿ ਮੈਂ ਉਸ ਨੂੰ ਕੁਝ ਹੋਰ ਕਹਿੰਦਾ
ਉਹ ਗ਼ਾਇਬ ਹੋ ਚੁੱਕਾ ਸੀ-
ਬਾਕੀ ਮੈਂ ਸਾਂ, ਮੇਰਾ ਸਫ਼ਰ
ਤੇ ਮੇਰੀਆਂ, ਮੇਰੇ ਨਾਲ਼ ਗੱਲਾਂ!

=====
ਆਪਣੀ ਚੁੱਪ ਆਪਣੀ ਧੁੱਪ
ਨਜ਼ਮ

ਚਾਰ ਚੁਫ਼ੇਰੇ ਚੁੱਪ ਹੈ!
ਸੰਘਣੀ ਧੁੱਪ ਹੈ!

ਜੇ ਛੋਹੀਏ ਕੋਈ ਗੱਲ
ਬੋਲ ਧੂੰਆਂ ਬਣ
ਚੁਪੀਤੇ ਪੌਣ ਵਿਚ ਘੁਲ਼ਦੇ!

ਨਜ਼ਰ, ਤੱਕਦੀ ਇਕ ਧੂੜ
ਅਰਥ
ਘੱਟੇ ਦੇ  ਵਿਚ ਰੁਲ਼ਦੇ!

ਜੇ ਕਰ ਜਾਈਏ ਚੁੱਪ
ਤਾਂ ਵਣ, ਬਨਸਪਤੀ, ਹਰਿਆਲੀ
ਭੌਂ ਅੰਦਰ ਵਲਾਂ, ਧਸਦੀ
ਜੜ੍ਹਾਂ ਦੇ ਜਾੜ, ਤਲ ਉੱਤੇ
ਅਤੇ ਸੂਰਜ
ਨੌਂ ਨੇਜ਼ੇ ਦੀ, ਵਿੱਥ ਦੇ ਉੱਤੇ!

ਨਾ ਦਿਸਦੀ ਅੱਗ
ਨਾ ਧੂੰਆਂ
ਨਾ ਭੜਕਦੇ ਭਾਂਬੜ
ਬਿਨਾਂ ਕੂੰਇਆਂ
ਇਹ ਛੱਪਰੀ ਰਾਖ਼ ਹੋ ਜਾਵੇ!

ਆਪਣੀ ਭਾਸ਼ਾ
ਕੇਹੀ ਚੁੱਪ!

ਆਪਣੀ ਧੁੱਪ
ਕੇਹਾ ਚਿੰਤਨ!
=====

No comments: