ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, August 28, 2012

ਗੁਰਚਰਨ ਰਾਮਪੁਰੀ - ਨਜ਼ਮਾਂ



ਭਗੌੜੇ ਬੁੱਲ੍ਹਾਂ ਉੱਤੇ ਨਾਅਰਾ
ਨਜ਼ਮ

ਪਿਛਲਾ ਵਤਨ ਹੋ ਗਿਆ ਸੀ ਬਾਸੀ
ਉਸ ਧਰਤੀ
ਤੇ ਖ਼ੰਜਰ ਨਾਲ਼ ਲਕੀਰਾਂ ਕੱਢ ਕੇ
ਨਵੇਂ ਵਤਨ ਦੇ ਨਾਅਰੇ ਲਾਂਦੇ ਮੇਰੇ ਮਿੱਤਰੋ!
ਅਪਣੇ ਅੰਦਰ ਦਾ ਸੱਚ ਦੇਖੋ।

ਖੇਤ ਅਜੇ ਤਾਂ ਪਿਛਲੇ ਸਾਲ ਹੀ ਗਿਰਵੀ ਰੱਖਿਆ
ਜਿਸ ਦੇ ਬਦਲੇ ਲੱਖ ਰੁਪਈਆ ਲੈ ਕੇ
ਇਕ ਦਲਾਲੀ ਝੋਲ਼ੀ ਰਿਸ਼ਵਤ ਪਾ ਕੇ
ਜਾਣ-ਬੁੱਝ ਕੇ ਹੋਏ ਅਪਣੇ ਘਰੋਂ ਭਗੌੜੇ
ਚੁਸਤੀ ਕਰਕੇ ਵਤਨੋ ਦੌੜੇ।

ਕਿਸੇ ਭਗੌੜੇ ਦੇ ਬੁੱਲ੍ਹਾਂ
ਤੇ
ਅਪਣੀ ਮਿੱਟੀ ਦਾ ਨਾਅਰਾ ਨਾ ਸੋਂਹਦਾ।
======
ਤੂੰ ਅਗਨੀ ਬੀਜੀ ਤੇ ਵੱਢੀ
ਨਜ਼ਮ

ਸਾਰੀ ਉਮਰਾ ਜਿਹੜੀ ਅੱਗ ਨੂੰ ਫੂਕਾਂ ਮਾਰ ਹਵਾ ਤੂੰ ਦਿੱਤੀ
ਉਸ ਅਗਨੀ ਵਿਚ ਨਿਰਾ ਸੇਕ, ਕੋਈ ਨੂਰ ਨਹੀਂ ਸੀ
ਭੋਲ਼ੇ ਸਿਰ ਤੱਤੇ ਅਰ  ਚੁੱਲ੍ਹੇ ਠੰਡੇ ਏਸ ਨੇ ਕੀਤੇ
ਪਰ ਤੇਰੀ ਮਮਟੀ
ਤੇ ਚਾਂਦੀ ਸਿਰ ਤੇ ਕਲਗੀ ਲਾਈ।

ਲੋਕੀ ਜਦ ਬੇਗਾਨੇ ਘਰ ਨੂੰ ਤੀਲੀ ਲਾਉਂਦੇ
ਮੁਸਕਾਉਂਦੇ, ਮੁਸਕਾਉਂਦੇ ਘਰ ਨੂੰ ਆਉਂਦੇ
ਅਪਣੇ ਸੜਦੇ ਘਰ ਆ ਕੇ ਫਿਰ ਨੀਰ ਵਹਾਉਂਦੇ
ਤਾਂ ਤੂੰ ਹਸਦਾ
ਜ਼ਖ਼ਮਾਂ ਉੱਤੇ ਲੂਣ ਛਿੜਕਦਾ
ਅਰ ਤੇਜ਼ਾਬੀ ਫ਼ਿਕਰੇ ਕਸਦਾ।

ਜਦ ਉਸ ਅਗਨ ਦੀਆਂ ਲਾਟਾਂ ਵਿਚ
ਸਾਰਾ ਪਿੰਡ ਸੀ ਮਚਦਾ
ਫਿਰ ਤੇਰਾ ਘਰ ਕੀਕਰ ਬਚਦਾ?
ਤੂੰ ਅਗਨੀ ਬੀਜੀ ਤੇ ਵੱਢੀ।

ਰੱਤ ਦੇ ਹੜ੍ਹ ਵਿਚ ਗੋਤੇ ਖਾਂਦੇ ਅਪਣੇ ਪਿੰਡ ਨੂੰ
ਬਲ਼ਦਾ, ਰੋਂਦਾ ਛੱਡ ਕੇ
ਤੂੰ ਹੁਣ ਜੀਵਨ ਦੇ ਪਿੜ ਵਿੱਚੋਂ ਖਿਸਕ ਗਿਆ ਹੈਂ?
======
ਮੇਰੀ ਉੱਨ
ਨਜ਼ਮ

ਇਹ ਰੌਲ਼ਾ ਪੰਥ ਉੱਮਤ ਧਰਮ ਦਾ ਰੌਲ਼ਾ ਨਹੀਂ ਹੈ
ਮੇਰੀ ਉੱਨ ਦਾ ਹੈ।
ਪ੍ਰਸ਼ਨ ਤਾਂ ਸਿਰਫ਼ ਏਨਾ ਹੈ
ਕਿ ਮੈਨੂੰ ਕੌਣ ਮੁੰਨਦਾ ਹੈ?

ਇਹ ਤਿੱਖੀਆਂ ਕੈਂਚੀਆਂ ਮੇਰੇ ਦੁਆਲ਼ੇ ਨੱਚ ਰਹੀਆਂ ਨੇ,
ਇਹ ਲੋਭੀ ਝੋਲ਼ੀਆਂ ਮੇਰੇ ਦੁਆਲ਼ੇ ਹੌਂਕ ਰਹੀਆਂ ਨੇ
ਜੋ ਆਫ਼ਰ ਕੇ ਵੀ ਭੁੱਖੀਆਂ ਨੇ।

ਇਨ੍ਹਾਂ ਦੀ ਭੁੱਖ ਮੇਰੀ ਉੱਨ
ਤੇ ਆ ਕੇ ਵੀ ਨਹੀਂ ਮਿਟਦੀ
ਲਹੂ ਤੇ ਮਾਸ ਵੀ ਮੇਰਾ ਇਨ੍ਹਾਂ ਦੀ ਨਜ਼ਰ ਹੇਠਾਂ ਹੈ।

ਹੁਣੇ ਮੈਂ ਸੋਚਿਆ ਹੈ
ਕਿ ਇਨ੍ਹਾਂ ਦੀ ਖ਼ਾਤਰ ਬਲੀ ਚੜ੍ਹਨੋ ਚੰਗੇਰਾ ਹੈ:
ਇਨ੍ਹਾਂ ਦੀ ਖੇਡ ਨੂੰ ਸਮਝਾਂ
ਮੈਂ ਅਪਣੀ ਭੇਡ ਖ਼ੁਦ ਮਾਰਾਂ
ਕਿ ਸ਼ੇਰਾਂ ਨੂੰ ਕੋਈ ਮੁੰਨਦਾ ਨਹੀਂ ਹੈ।

No comments: