ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, September 13, 2012

ਕਮਲ ਦੇਵ ਪਾਲ - ਨਜ਼ਮਾਂ ( Special thanks to Erhard Loblein for this painting )

ਵਿਰਾਸਤ

ਨਜ਼ਮ
ਅਸੀਂ ਪਿੰਡਾਂ 'ਚ ਸਾਂ ,
ਉਨ੍ਹਾਂ ਨੇ ਇਸ ਹੱਦ ਤੱਕ 
ਸਾਨੂੰ ਜ਼ਲੀਲ ਕੀਤਾ
ਅਸੀਂ ਸ਼ਹਿਰਾਂ ਵੱਲ ਪਰਤੇ
ਅਸੀਂ ਸ਼ਹਿਰਾਂ 'ਚ ਸਾਂ ,
ਉਨ੍ਹਾਂ ਸਾਡੀ ਨਾਨੀ 
ਚੇਤੇ ਕਰਵਾ ਦਿੱਤੀ
ਅਸੀਂ ਜੰਗਲਾਂ ਵੱਲ ਦੌੜੇ
ਅਸੀਂ ਜੰਗਲਾਂ 'ਚ ਸਾਂ ,
ਉਨ੍ਹਾਂ ਸਾਡੀ ਮਿੱਟੀ 
ਬਹੁਤ ਪਲੀਤ ਕੀਤੀ
ਅਸੀਂ ਬਾਗੀ ਹੋ ਗਏ
ਅਸੀਂ ਬਾਗੀ ਲਗਦੇ ਸਾਂ ,
ਉਨ੍ਹਾਂ ਸਾਡੇ ਸੀਨੇ ਨਾਪੇ
'
ਤੇ ਫਿਰ ਗੋਲੀ ਦਾਗੀ
ਅਸੀਂ ਰਕਤ ਹੋ ਗਏ
ਅਸੀਂ ਰਕਤ ਹੋ ਗਏ ਸਾਂ ,
ਉਨ੍ਹਾਂ ਆਪਣੇ ਘਰਾਂ 'ਤੇ
ਸ਼ੱਕ ਦੀ ਨਿਗਾਹ ਫੇਰੀ
ਅਸੀਂ ਨਾੜਾਂ 'ਚ ਵਗਣ ਲੱਗੇ

ਅਸੀਂ ਨਾੜਾਂ 'ਚ ਵਗਦੇ ਸਾਂ ,
ਉਨ੍ਹਾਂ ਬਹੁਤ ਯਤਨ ਕੀਤੇ 
ਜ਼ਰਾ ਸੋਚੋ ... ਆਪਣੀਆਂ ਨਾੜਾਂ -
ਕੌਣ ਕੱਟਦਾ ਹੈ?
ਹੁਣ ਕਰੋ ਸਾਡਾ ,
ਕੀ ਕਰਦੇ ਹੋ
ਅਸੀਂ ਤੁਹਾਡੀਆਂ ਰਗਾਂ ਵਿਚ
ਦੌੜਦਾ ਲਹੂ ਹਾਂ
=====

ਉਲਾਂਭਾ

ਨਜ਼ਮ
ਮੈਂ ਤੇਰੀ ਸੋਚ ਦੇ 
ਹਾਣ ਦਾ ਨਹੀਂ ਹੋ ਸਕਿਆ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਤੇਰੇ ਬਲ਼ਦੇ ਅੱਖਰਾਂ 
ਵਰਗਾ ਨਹੀਂ ਬਣ ਸਕਿਆ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਹਥਿਆਰਬੰਦ ਘੋਲ਼ਾਂ '
ਸ਼ਾਮਿਲ ਨਹੀਂ ਸਾਂ
ਤੇਰਾ ਉਲਾਂਭਾ ਸਿਰ ਮੱਥੇ
ਮੈਂ ਮੌਜੂਦਾ ਹਾਕਮਾਂ ਦੀ
ਮਾਂ, ਭੈਣ ਨਹੀਂ ਕਰਦਾ 
ਤੇਰਾ ਉਲਾਂਭਾ ਸਿਰ ਮੱਥੇ
ਮੈਂ ਆਮ ਆਦਮੀਆਂ 
ਵਰਗਾ ਬੰਦਾ ਹਾਂ 
ਤੇਰਾ ਉਲਾਂਭਾ ਸਿਰ ਮੱਥੇ
ਸਿਰ ਮੱਥੇ 
ਤੇਰੇ ਸਾਰੇ ਇਲਜ਼ਾਮ
ਜੋ ਜੋ ਤੂੰ ਮੇਰੇ
ਸਿਰ ਮੜ੍ਹੇ ਹਨ
ਮੈਂ ਆਮ ਆਦਮੀਆਂ ਦੀਆਂ 
ਦੁਖਦੀਆਂ ਰਗਾਂ ਛੇੜਦਾ ਹਾਂ
ਤਾਂ ਜੋ ਉਹ 
ਪੀੜ ਮਹਿਸੂਸ ਕਰਨ 
'
ਤੇ ਚੀਕ ਮਾਰਨ
ਆਪਣੇ ਦੁੱਖਾਂ ਦੇ 
ਕਾਰਨ ਲੱਭਣ
ਦੁੱਖਾਂ ਦਾ ਇਲਾਜ
ਉਨ੍ਹਾਂ ਤੈਥੋਂ , ਮੈਥੋਂ 
ਪੁੱਛ ਕੇ ਨਹੀਂ ਕਰਵਾਉਣਾ
ਆਹ ਚੁੱਕ ਆਪਣਾ ਉਲਾਂਭਾ...
ਏਥੋਂ ਤੁਰਦਾ ਬਣ...

1 comment:

ਦਰਸ਼ਨ ਦਰਵੇਸ਼ said...

ਕਮਲ ਦੇਵ ਪਾਲ.....ਕਿਉਂ ਕਰਦਾ ਹੈ ਆਪਣੀਆਂ ਹੀ ਨਜ਼ਮਾਂ ਅੰਦਰਲੇ ਸਹਿਜ ਰਸ ਦੇ ਦਰਸ਼ਨ, ਹਰ ਰੋਜ਼ ਇਹਨਾਂ ਦੀ ਤਾਸੀਰ ਪੀਣ ਤੋਂ ਪਹਿਲਾਂ ........!!