ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, September 16, 2012

ਸੁਰਜੀਤ - ਨਜ਼ਮਾਂਸੁਰਖ਼ ਜੋੜੇ ਚ ਸਜੀ ਕੁੜੀ
ਨਜ਼ਮ
ਸੁਰਖ਼  ਜੋੜੇ ਚ ਸਜੀ ਕੁੜੀ
ਅੱਖਾਂ ਵਿਚ ਕੁਛ
ਜਗਦਾ ਬੁਝਦਾ
ਕੈਨਵਸ  ਤੇ ਕੁਛ
ਬਣਦਾ ਮਿਟਦਾ  !

ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟ ਕੇ
ਛੱਡ ਜਾਂਦੀ ਹੈ
ਖੂੰਜਿਆਂ ਚ ਖੇਡੀਆਂ ਲੁਕਣ-ਮੀਟੀਆਂ
ਵਿਹੜੇ ਵਿਚ ਉਡੀਕਦੀਆਂ ਸਖੀਆਂ
ਸੰਦੂਕ ਵਿਚ ਪਈਆਂ ਰੰਗ ਬਿਰੰਗੀਆਂ ਚੁੰਨੀਆਂ
ਅਲਮਾਰੀ ਚ ਪਈਆਂ ਕਿਤਾਬਾਂ
ਕਿਤਾਬਾਂ ਚ ਪਏ ਖ਼ਤ
ਖ਼ਤਾਂ ਚ ਪਏ ਨਿਹੋਰੇ
ਕੁਛ ਹਾਸੇ-
ਕੁਛ ਰੋਸੇ
ਅੱਖਾਂ ਚੋਂ ਕੇਰੇ ਹੰਝੂ !

ਕੱਕੀ ਕੈਨਵਸ ਤੇ
ਕਿੰਨਾ ਕੁਝ ਸਮੇਟੀ
ਮਹਿੰਦੀ ਰੱਤੇ ਪੈਰੀਂ
ਹੌਲ਼ੀ ਹੌਲ਼ੀ ਪੱਬ ਧਰਦੀ
ਘਰ ਦੀ ਦਹਿਲੀਜ਼ ਟੱਪ
ਇਕ ਪੁਲਾਂਘ ਵਿਚ
ਕਰ ਜਾਂਦੀ ਹੈ ਤੈਅ
ਕਿੰਨੇ ਲੰਮੇ ਫ਼ਾਸਲੇ
ਰਿਸ਼ਤਿਆਂ ਦੇ
ਮਰਿਆਦਾਵਾਂ ਦੇ
ਰਸਮਾਂ ਦੇ
ਸਲੀਕਿਆਂ ਦੇ
ਮੁਹਾਂਦਰਿਆਂ ਦੇ
ਤੇ ਜਿਸਮਾਂ ਦੇ ...
=====
ਆਜ਼ਾਦੀ
ਨਜ਼ਮ
...
ਤੇ ਇਕ ਦਿਨ
ਪਿੰਜਰਾ ਖੁੱਲ੍ਹ ਗਿਆ 
ਪੰਛੀ ਉੱਡ ਗਿਆ !

ਏਡੀ ਖ਼ੁਸ਼ੀ 
ਉਸਨੂੰ ਸਮਝ ਨਾ ਆਵੇ
ਹੁਣ ਉਹ ਕੀ ਕਰੇ
ਧਰਤੀ ਤੇ ਲੇਟੇ 
ਚੁੰਝ ਖੋਲ੍ਹੇ
ਉੱਚੀ ਉੱਚੀ ਬੋਲੇ !

ਉੱਪਰ ਤੱਕਿਆ
ਅਨੰਤ ਆਕਾਸ਼ !
ਆਹਾ !

ਪੰਛੀ ਨੇ ਹਵਾ ਵਿਚ
ਗੋਤਾ ਲਾਇਆ
ਬੱਦਲਾਂ ਤੋਂ ਪਾਰ 
ਉਸਨੇ ਉੱਡਣਾ ਚਾਹਿਆ

ਪਰ ਆਪਣੇ ਖੰਭਾਂ ਦਾ ਭਾਰ
ਉਸਤੋਂ ਚੁੱਕ ਨਾ ਹੋਇਆ
ਘਰ ਦੀ ਛੱਤ ਤੋਂ ਉਪਰ
ਉਸਤੋਂ ਉੱਡ ਨਾ ਹੋਇਆ ...

1 comment:

ਦਰਸ਼ਨ ਦਰਵੇਸ਼ said...

ਜਿਹਨ ਲਾਉਂਦਾ ਉੱਚੀਆਂ ਉਡਾਰੀਆਂ........!