ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, September 2, 2012

ਜਤਿੰਦਰ ਔਲਖ - ਲਘੂ ਨਜ਼ਮਾਂ



ਲਘੂ ਨਜ਼ਮਾਂ
ਜੇ ਤੂੰ ਕਹੇਂ ਪਾੜ ਦੇਵਾਂ
ਧੁਖਦੇ ਅਤੀਤ ਦੇ ਵਰਕੇ
ਜੇ ਤੂੰ ਕਹੇਂ ਸਮੇਟ ਲਵਾਂ
ਉੱਖੜੇ ਉੱਖੜੇ ਸਾਹ
======
ਹਨੇਰੀ ਝੰਭੇ ਰੁੱਖ 'ਤੇ
ਆ ਬੈਠੀ ਸਫ਼ੈਦ ਚਿੜੀਆਂ ਦੀ ਡਾਰ
ਨਿਪੱਤਰੀਆਂ ਟਾਹਣੀਆਂ 'ਤੇ
ਹੋ ਗਈ ਦੀਪਮਾਲ਼ਾ
=====
ਸੁੰਦਰਾਂ! ਤੇਰੇ ਰੰਗ ਮਹਿਲੀਂ
ਆਏ ਜੋਗੀ
ਕਿਲਕਾਰੀ ਬਦਲੀ
ਸੋਗੀ ਹਟਕੋਰਿਆਂ ਵਿ
=====
ਦੇਰ ਬਾਅਦ ਫਰੋਲੇ ਖ਼ਤ
ਯਾਦ ਆਏ
ਨਾਜ਼ੁਕ ਕਿਨਾਰਿਆਂ ਨੂੰ
ਖਰੂਦੀ ਵਹਿਣਾਂ ਨਾਲ਼ ਰਿਸ਼ਤੇ
====
ਪੜ੍ਹੀ ਆਸਾ ਦੀ ਵਾਰ
ਭਰ ਆਇਆ ਮਨ
ਰੂਹ ਜਾਣਾ ਚਾਹੇ
ਸੌਰ ਮੰਡਲ ਦੇ ਪਾਰ
=====
ਪਰੇਸ਼ਾਨ ਨਾ ਹੋਵੋ
ਅਣਚਾਹਿਆ ਮਹਿਮਾਨ ਹਾਂ
ਹਨੇਰੀ ਗੁਫ਼ਾ 'ਚੋਂ ਆਇਆ
ਆਦਮਖ਼ੋਰ ਨਹੀਂ
=====
ਹਵਾਏ! ਮੈਨੂੰ ਵੀ ਲੈ ਚੱਲ
ਰੇਤ ਨਹੀ, ਖ਼ੁਸ਼ਬੋਈ ਹਾਂ
ਦੂਰ ਤੱਕ ਨਾਲ਼ ਜਾ...
ਬਿਖਰ ਜਾਵਾਂਗੀ
=====
ਪੁਰਾਣੇ ਬੋਹੜ ਦੀ ਦਾਹੜੀ ਨਾਲ਼
ਲਾਲ ਕੱਪੜਾ ਬੰਨ੍ਹ
ਵਰਮੀ 'ਤੇ ਕੱਚੀ ਲੱਸੀ ਡੋਲ੍ਹ
ਪਰਤ ਗਈ ਸੁਪਨਮਈ ਸੰਸਾਰ '
=====
ਉਹ ਤਾਂ ਪੌਣ ਹੈ
ਜੂਏ 'ਚ ਹਾਰੀ ਦਰੋਪਤੀ ਨਹੀ
ਕਿ ਭਰੀ ਸਭਾ '
ਕਰ ਦੇਵੋ ਨਗਨ
=====
ਸੁੱਤ-ਉਨੀਂਦੇ ਨੈਣਾਂ '
ਖ਼ੁਸ਼ਕ ਹੋਏ ਪਾਣੀ
ਅੱਜ ਦਿਨ ਹੈ ਸਮਾਜ ਵਿਗਿਆਨ ਦੇ
ਪੀਰੀਅਡ ਜਿਹਾ ਨੀਰਸ
======
ਧੁਖ ਰਹੇ ਖੰਡਰਾਤ 'ਤੇ ਦੀਵਾ ਜਗਾ
ਪਰਤ ਜਾਵੀਂ ਝੀਲ ਵਿਚਲੇ
ਸ਼ਿਕਾਰਿਆਂ ਦੀ ਅਰਾਮਗਾਹ '
ਤੇ ਕਹੀਂ ....
ਰੁੱਤ ਬਦਲੀ ਹੈ
( ਨੋਟ: ਦੋਸਤੋ! ਪਿਛਲੇ ਕਈ ਦਿਨਾਂ ਤੋਂ ਯੂਨੀਕੋਡ 'ਚ ਊੜੇ ਉੱਪਰ ਅੱਧਕ ਟਾਈਪ ਕਰਦਿਆਂ ਬਿੰਦੀ ਜਿਹੀ ਬਣ ਰਹੀ ਹੈ, ਇਸ ਗ਼ਲਤੀ ਵੱਲ ਮੇਰਾ ਧਿਆਨ ਹੈ, ਕਿਰਪਾ ਕਰਕੇ ਇਸਨੂੰ ਅੱਧਕ ਹੀ ਪੜ੍ਹਿਆ ਜਾਵੇ....ਧੰਨਵਾਦ )

1 comment:

ਦਰਸ਼ਨ ਦਰਵੇਸ਼ said...

ਪੜ੍ਹਨ ਵਾਲੇ ਨੂੰ ਕਦੇ ਕਦੇ ਬਹੁਤ ਜ਼ਿਆਦਾ ਜੋੜਦੀਆਂ, ਕਦੇ ਕਦੇ ਬਹੁਤ ਜ਼ਿਆਦਾ ਤੋੜਦੀਆਂ ਹਨ ਇਹ ਨਜ਼ਮਾਂ..?