ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, September 6, 2012

ਦਰਸ਼ਨ ਦਰਵੇਸ਼ - ਨਜ਼ਮਾਂ


( Special thanks for this beautiful painting - Maria Zeldis )
ਸ਼ਾਇਰੀ ਦੀ ਉਦਾਸੀ
ਨਜ਼ਮ
ਜ਼ਰਾ ਸਹੁੰ ਖਾ ਕੇ ਦੱਸ
ਤੂੰ-
ਸ਼ਾਇਰ ਨੂੰ ਮੁਹੱਬਤ ਕਰਦੀ ਏਂ
ਕਿ-
ਉਹਦੀ ਸ਼ਾਇਰੀ ਨੂੰ

ਉਹ ਜਦੋਂ ਸ਼ਾਇਰੀ ਕਰਦੈ
ਤਾਂ ਸ਼ਬਦਾਂ ਦੇ ਕੋਸੇ ਪਾਣੀ ਨੂੰ
ਵਹਾਉਣ ਲੱਗ ਪੈਂਦੈ
ਤੇ ਮੋਹ ਦੇ ਪਾਣੀ
ਕੋਸੇ ਹੀ ਹੁੰਦੇ ਨੇ ਹਾਨਣੇ!

ਸ਼ਾਇਰੀ ਨੂੰ ਮਿਲ਼ਣ ਵੇਲ਼ੇ
ਉਹ ਆਪਣੇ ਲਹੂ ਨੂੰ ਵੀ
ਬੀਜਣ ਤੋਂ ਗੁਰੇਜ਼ ਨਹੀਂ ਕਰਦਾ
ਤੇ-
ਲਹੂ ਬੀਜ ਕੁ ਉੱਗਮੀ ਸ਼ਾਇਰੀ
ਚੋਂ
ਗੁਲਦਾਊਦੀ ਦੀ ੳਮੀਦ ਰੱਖਣੀ
ਤੇਰਾ ਵਡੱਪਣ ਹੀ ਹੋਵੇਗਾ

ਸ਼ਾਇਰੀ ਨੂੰ ਉਡੀਕਦਾ ਉਹ
ਸੁੱਕੇ ਪੱਤਿਆਂ ਨੂੰ ਭੋਰ-ਭੋਰ
ਵਕ਼ਤ ਨਹੀਂ ਬਿਤਾਉਂਦਾ
ਤੇ ਨਾ ਹੀ
ਵਹੀ ਫੜ ਕੇ
ਸ਼ਬਦਾਂ ਦਾ ਹਿਸਾਬ ਕਰਨ ਲੱਗਦੈ

ਸ਼ਾਇਰੀ ਨੂੰ ਉਡੀਕਦਾ ਤਾਂ ਉਹ
ਹਰ ਲਿਬਾਸ ਲਾਹ ਸੁੱਟਦੈ
ਤੇ ਆਪਣੀ ਚੁੱਪ ਨੂੰ
ਇਉਂ ਤਿੜਕਾ ਦਿੰਦੈ
ਜਿਉਂ ਸਭ ਕੁੱਝ ਹੀ
ਬੇ-ਤਰਤੀਬ ਹੋ ਗਿਆ ਹੋਵੇ
ਇਹੋ ਜਿਹੀ ਬੇ-ਤਰਤੀਬੀ

ਉਹਦੀ ਉਦਾਸੀ ਨੂੰ ਭਲਾ
ਕਿਵੇਂ ਵਰਜੇਂਗੀ?

ਸ਼ਾਇਰ ਜਦੋਂ ਤੈਨੂੰ ਮਿਲ਼ਦੈ
ਤਾਂ ਆਪਣੀ
ਪੂਰੀ ਦੀ ਪੂਰੀ ਚੁੱਪ ਪਹਿਨ ਕੇ
ਉਦੋਂ ਤਾਂ ਉਹ
ਆਪਣੇ ਮੈਲ਼ੇ ਕਮਰੇ ਨੂੰ ਵੀ
ਨਿਚੋੜ ਕੇ ਮਿਲ਼ਦੈ
ਤੇ ਤੇਰੇ ਸਿਰ
ਚੁੰਮਣਾਂ ਦਾ ਏਨਾ ਕਰਜ਼ ਚਾੜ੍ਹ ਦਿੰਦੈ
ਜਿਹੜਾ ਤੈਂ
ਕਦੀ ਉਤਾਰ ਨਹੀਂ ਸਕਣਾ
ਇਹੋ ਜਿਹੇ ਕਰਜ਼ ਦੀ ਸ਼ਹਿਨਸ਼ਾਹੀ
ਤੂੰ-
ਤਿਆਗ ਵੀ ਨਹੀਂ ਸਕਦੀ

ਤੈਨੂੰ ਉਡੀਕਦਾ ਸ਼ਾਇਰ
ਤਲ਼ੀਆਂ ਦੀਆਂ ਲਕੀਰਾਂ
ਤੇ ਵੀ
ਮੁਸਕਰਾਉਂਦੈ
ਤੇ ਬੁੱਲ੍ਹਾਂ ਦੀਆਂ ਸੀਟੀਆਂ ਸੰਗ
ਸੰਵਾਦ ਰਚਾਉਂਦੈ
ਇਹੋ ਜਿਹੇ ਸੰਵਾਦਾਂ ਸੰਗ
ਉਹਦਾ ਵਰਚੇ ਰਹਿਣਾ
ਤੈਨੂੰ-
ਪਿਆਰਾ ਜਿਹਾ ਵੀ ਲਗਦਾ ਹੋਵੇਗਾ

ਕਦੀ ਤੂੰ
ਸ਼ਾਇਰ ਦੀਆਂ ਨਜ਼ਮਾਂ ਦਾ
ਨਸੀਬ ਬਣਦੀ ਏਂ
ਕਦੀ ਸ਼ਾਇਰ ਤੇਰਾ ਨਸੀਬ ਬਣਦੈ
ਉਹਦੀ ਸ਼ਾਇਰੀ ਦੀ ਉਦਾਸੀ
ਤੇਰੀ ਦਹਿਲੀਜ਼
ਤੇ
ਵਿਲਕਦੀ ਏ

ਜ਼ਰਾ ਸਹੁੰ ਖਾ ਕੇ ਦੱਸ
ਤੂੰ-
ਸ਼ਾਇਰ ਨੂੰ ਮੁਹੱਬਤ ਕਰਦੀ ਏਂ
ਕਿ-
ਉਹਦੀ ਸ਼ਾਇਰੀ ਨੂੰ....
=====
ਜੀਣਾ ਮਰਨਾ
ਨਜ਼ਮ
ਮੈਂ
ਉਸਨੂੰ ਵੇਖਿਆ, ਮੁਸਕਾਇਆ
ਮੁਹੱਬਤ ਲਈ ਅਪਣਾਇਆ
ਤੇ ਕੁਝ ਵੀ ਨਾ ਸੋਚਿਆ
ਬੋਲ ਬੰਜਰ ਹੋ ਗਏ
ਮਨ ਦਾ ਸਾਗਰ ਸ਼ਾਂਤ
ਜਿਵੇਂ
ਮੇਰੇ ਥਲ ਦੀ ਅਉਧ ਹੀ ਮੁੱਕ ਗਈ
ਸਾਹਾਂ ਦੀ ਭਟਕਣ ਰੁਕ ਗਈ

ਉਹ ਵੀ ਮੇਰੇ ਵੱਲ ਵੇਖੀ
ਮੁਸਕਾਈ
ਮੁਹੱਬਤ ਦੀ ਭਰ ਕੇ ਗਵਾਹੀ
ਪਰ ਕੁਝ ਨਾ ਬੋਲੀ
ਬੋਲ ਨਿਹੱਥੇ ਹੋ ਗਏ
ਚਿਹਰਾ ਚੇਤਿਆਂ ਚ ਖੁਰ ਗਿਆ
ਉਸਦਾ ਰੇਗਿਸਤਾਨ
ਬਣ ਗਿਆ ਦਰਿਆ
ਮਿਰਗਜਲ..
ਝੀਲ ਚ ਤਬਦੀਲ ਹੋ ਗਿਆ

ਮੈਂ ਜਦੋਂ ਕੁਝ ਨਹੀਂ ਸੋਚਿਆ
ਉਦੋਂ ਜੀਅ ਰਿਹਾ ਸੀ
ਉਹ ਜਦੋਂ ਕੁਝ ਨਾ ਬੋਲੀ
 ਗਾ ਰਹੀ ਸੀ
ਅਸੀਂ ਦੋਵੇਂ
ਮਦਹੋਸ਼ੀ ਚ ਮਰਨ ਜਾ ਰਹੇ ਸੀ....

1 comment: