ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, March 1, 2013

ਆਰਸੀ ‘ਤੇ ਖ਼ੁਸ਼ਆਮਦੇਦ – ਜਨਾਬ ਡਾ: ਰਵਿੰਦਰ ਜੀ - ਨਜ਼ਮਾਂ - ਭਾਗ ਪਹਿਲਾ



ਆਰਸੀ ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਡਾ: ਰਵਿੰਦਰ
ਜਨਮ: ਬਟਾਲਾ
23 ਜੁਲਾਈ, 1950
ਅਜੋਕਾ ਨਿਵਾਸ: ਬਟਾਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਾਵਿ ਸੰਗ੍ਰਹਿ- ਆਪਣੀ ਉਡੀਕ ਵਿਚ, ਨਦੀ ਪੌਣ ਖ਼ੁਸ਼ਬੋ, ਬੰਸਰੀ ਉਦਾਸ ਹੈ, ਇਕ ਜੰਗਲ ਮੇਰੇ ਅੰਦਰ, ਆਲ੍ਹਣੇ ਘਰ ਪਿੰਜਰੇ, ਮੇਰੇ ਲਈ ਨਾ ਰੁਕੋ, ਕਵਿਤਾ ਮੇਰੇ ਨਾਲ਼ ਨਾਲ਼ (ਸਮੁੱਚੀ ਸ਼ਾਇਰੀ ਦਾ ਸੰਗ੍ਰਹਿ ) ਬਾਂਸੁਰੀ ਕਯਾ ਗੀਤ ਗਾਏ (ਹਿੰਦੀ ਅਨੁਵਾਦ),
Footloose Fragrance (ਅੰਗਰੇਜ਼ੀ ਅਨੁਵਾਦ) ਪ੍ਰਕਾਸ਼ਿਤ ਹੋ ਚੁੱਕੇ ਹਨ।
ਸੰਪਾਦਨਾ: ਮਾਸਿਕ ਅੰਬਰ, ਤ੍ਰੈਮਾਸਿਕ ਵਿਕਲਪ। ਅੱਜ ਕੱਲ੍ਹ ਤ੍ਰੈਮਾਸਿਕ ਅਜੋਕੇ ਸ਼ਿਲਾਲੇਖ ਦੀ ਸੰਪਾਦਨਾ ਕਰ ਰਹੇ ਹਨ।
ਮਾਣ- ਸਨਮਾਨ:- ਡਾ: ਸਾਹਿਬ ਨੂੰ ਸਾਹਿਤਕ ਸੇਵਾਵਾਂ ਬਦਲੇ ਮੋਹਨ ਸਿੰਘ ਮਾਹਿਰ ਇਨਾਮ, ਨਰਿੰਜਨ ਸਿੰਘ ਨੂਰ ਯਾਦਗਾਰੀ ਇਨਾਮ, ਸ਼ਿਵ ਕੁਮਾਰ ਯਾਦਗਾਰੀ ਇਨਾਮ, ਬਾਵਾ ਲਾਲ ਸਾਹਿਤਕ ਮੰਚ ਇਨਾਮ ਅਤੇ ਸਮੇਂ ਸਮੇਂ ਦੇਸ਼ ਵਿਦੇਸ਼ ਦੀਆਂ ਪ੍ਰਤਿਨਿਧ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
------
ਦੋਸਤੋ! ਮੈਨੂੰ ਇਹ ਦੱਸਦਿਆਂ  ਬੜੀ ਖ਼ੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਕਵਿਤਾ ਵਿਚ ਬੇਹੱਦ ਮਕ਼ਬੂਲ ਨਾਮ ਡਾ: ਰਵਿੰਦਰ ਜੀ ਨੇ ਚੰਦ ਬਹੁਤ ਹੀ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਘੱਲ ਕੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਡਾ: ਸਾਹਿਬ ਨੇ 1977 ਤੋਂ ਬਟਾਲੇ ਵਿਚ ਬੱਚਿਆਂ ਦੇ ਮਾਹਿਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ। ਉਹ ਲੱਗਭਗ ਚਾਰ ਦਹਾਕੇ  ਤੋਂ ਕਵਿਤਾ ਲਿਖ ਰਹੇ ਹਨ। ਉਹਨਾਂ ਦੀਆਂ ਨਜ਼ਮਾਂ ਪੰਜਾਬੀ ਦੇ ਸਭ ਪ੍ਰਮੁੱਖ ਪਰਚਿਆਂ ਅਤੇ ਹਿੰਦੀ, ਉਰਦੂ ਅਤੇ ਅੰਗਰਜ਼ੀ ਭਾਸ਼ਾ ਵਿਚ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ।
------
ਉਹਨਾਂ ਨੇ ਬਹੁਤ ਸਾਰੀਆਂ ਰਾਸ਼ਟਰੀ/ ਅੰਤਰ ਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿਚ ਭਾਗ ਲਿਆ ਅਤੇ ਦੂਰਦਰਸ਼ਨ
, ਰੇਡੀਓ ਅਤੇ ਹੋਰ ਰਾਸ਼ਟਰੀ ਪੱਧਰ ਦੇ ਕਵੀ ਦਰਬਾਰਾਂ ਵਿਚ ਸ਼ਮੂਲੀਅਤ ਕੀਤੀ ਹੈ। ਜਦੋਂ ਡਾ: ਸਾਹਿਬ ਦੀਆਂ ਨਜ਼ਮਾਂ ਈਮੇਲ ਰਾਹੀਂ ਆਈਆਂ ਤਾਂ ਉਹਨਾਂ ਦੀ ਫ਼ੋਟੋ ਵੇਖਦਿਆਂ ਹੀ ਯਾਦ ਆ ਗਿਆ ਕਿ ਮੈਂ ਡਾ: ਸਾਹਿਬ ਨੂੰ ਬਚਪਨ ਵਿਚ ਦੂਰਦਰਸ਼ਨ ਅਤੇ ਸਾਹਿਤਕ ਮੰਚਾਂ ਤੋਂ ਮੁਸ਼ਾਇਰਿਆਂ ਦੀ ਸੰਚਾਲਨਾ ਅਤੇ ਸਦਾਰਤ ਕਰਦਿਆਂ ਵੇਖਿਆ ਹੋਇਆ ਸੀ। ਉਹਨਾਂ ਦੀ ਹਾਜ਼ਰੀ ਆਰਸੀ ਪਰਿਵਾਰ ਦਾ ਸੁਭਾਗ ਹੈ। ਅੱਜ ਦੀ ਇਸ ਪੋਸਟ ਵਿਚ ਉਹਨਾਂ ਦੀਆਂ ਨਜ਼ਮਾਂ ਤਿੰਨ ਭਾਗਾਂ ਵਿਚ ਵੰਡ ਕੇ ਪੋਸਟ ਕਰ ਰਹੀ ਹਾਂ...... ਆਰਸੀ ਪਰਿਵਾਰ ਵਿਚ ਰੂਹ ਤੋਂ ਜੀ ਆਇਆਂ ਨੂੰ ਡਾ: ਸਾਹਿਬ ਜੀਓ....:) ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ
********
ਨਾਂ ਤਖ਼ਤੀ

ਨਜ਼ਮ
ਮੇਰੇ ਘਰ ਦੇ ਬਾਹਰ
ਮੇਰੇ ਨਾਂ ਦੀ ਕੋਈ
ਨਾਂ ਤਖ਼ਤੀ ਨਹੀਂ

ਨਾਂ ਤਖ਼ਤੀ ਤਾਂ ਉੱਥੇ ਲੱਗੇ
ਆਪਣੇ ਸਭ ਕੁਝ ਨਾਲ਼
ਜਿੱਥੇ ਕੋਈ ਵੱਸੇ
ਏਥੇ ਤਾਂ ਮੈਂ
ਬਸ ਇਕ ਟੁਕੜਾ ਰਹਿੰਦਾ
ਬਾਕੀ ਸਭ ਕੁਝ ਤਾਂ ਰਹਿੰਦਾ
ਮੋਈਆਂ ਮਹਿਬੂਬਾਂ
ਲੰਘੇ ਮੌਸਮ
ਯਾਰਾਂ ਦੇ ਚੇਤੇ ਵਿਚ
ਕੁਝ ਆਪਣੇ ਅੰਦਰਲੇ ਨੇਰ੍ਹੇ
ਕੁਝ ਜਗਮਗ ਮਹਿਲਾਂ ਵਿਚ
ਜਿਸ ਦੇ ਮਾਲਕ ਵੀ ਨਾ ਜਾਨਣ
ਉਹਨਾਂ ਦੇ ਘਰ ਰਹਿੰਦੇ
ਇਸ ਮਹਿਮਾਨ ਦਾ ਪਤਾ ਟਿਕਾਣਾ

ਨਾਂ ਤਖ਼ਤੀ ਤਾਂ ਉੱਥੇ ਲੱਗੇ
ਜਿੱਥੋਂ ਦੇ ਸਭ ਦੁੱਖ ਸੁਖ
ਤੇਰੇ ਆਪਣੇ ਹੋਵਣ
ਜਿੱਥੋਂ ਹੋਵੇ ਤੇਰੀ ਪਛਾਣ

ਏਥੇ ਤਾਂ ਤੂੰ
ਇਕ ਚਿਹਰੇ ਤੋਂ ਵੱਧ ਕੇ ਕੁਝ ਨਹੀਂ
ਚਿਹਰਾ ਜੋ
ਬੱਸ ਤੁਰਦੇ ਫਿਰਦੇ ਜਿਸਮ ਦਾ ਹਿੱਸਾ
ਇਹ ਚਿਹਰਾ ਨਾ ਦੱਸੇ
ਤੇਰੇ ਅੰਦਰਲੇ ਮੌਸਮ ਦਾ ਹਾਲ
ਹਰ ਇਕ ਨੂੰ ਤੂੰ ਹੱਸ ਕੇ ਮਿਲਦਾ
ਆਪਣੇ ਗਲ਼ ਲੱਗ ਰੋਂਦਾ

 ਨਾਂ ਤਖ਼ਤੀ ਤਾਂ ਦੱਸੇ
ਤੇਰੇ ਅਹੁਦੇ ਸਨਦਾਂ
ਇਹ ਨਾ ਦੱਸੇ
ਕਿੰਨਾ ਪੂਰਾ ਕਿੰਨਾ ਅਧੂਰਾ
ਕਿੰਨਾ ਸ਼ਾਤਰ ਕਿੰਨਾ ਕਮੀਨਾ
ਘਰ ਵਿਚ ਵੱਸਣ ਵਾਲਾ

ਥਾਂ ਥਾਂ ਤੇ
ਖਿੱਲਰੇ ਵੰਡੇ ਬੰਦੇ ਦੀ
ਕਿੱਥੇ ਲੱਗੇ ਨੇਮ ਪਲੇਟ
ਕਿੱਥੇ ਕੋਈ ਦਸਤਕ ਦੇਵੇ
ਕਿੱਥੋਂ ਉਹਨੂੰ
ਜਦ ਜੀ ਚਾਹਵੇ ਲੱਭੇ ਕੋਈ

ਜੇ ਮੇਰੇ ਲਈ ਕੋਈ ਨੁੱਕਰ
ਅਜੇ ਵੀ ਖ਼ਾਲੀ ਤੇਰੇ ਅੰਦਰ
ਉੱਥੇ ਲਾ ਲੈ ਮੇਰੇ ਨਾਂ ਦੀ ਤਖ਼ਤੀ
ਮੇਰੀ ਨੇਮ ਪਲੇਟ
ਇਹੋ ਮੇਰਾ ਪਤਾ ਟਿਕਾਣਾ
ਇਹੋ ਮੇਰੀ ਪਹਿਚਾਣ
ਇੱਟਾਂ ਕੰਧਾਂ ਵਾਲੇ ਘਰ ਵਿਚ
ਮੈਂ ਨਾ ਰਹਿੰਦਾ
ਜੋ ਰਹਿੰਦਾ
ਉਸਦਾ ਨਾਂ ਮੈਂਨਹੀਂ
===
ਬੱਚੇ ਵੇਚਣ ਵਾਲ਼ੇ
ਨਜ਼ਮ
ਇਸ ਮੰਡੀ ਵਿਚ
ਅਸੀਂ ਵੇਚਦੇ ਹਾਂ ਬੱਚੇ
ਹਰ ਉਮਰ ਦੇ
ਪੜ੍ਹੇ ਲਿਖੇ ਅਨਪੜ੍ਹ
ਤੁਹਾਡੀ ਲੋੜ ਅਨੁਸਾਰ
ਗੋਦ ਲੈਣ ਲਈ
ਤੁਹਾਡੇ ਖੇਤਾਂ ਕਾਰਖ਼ਾਨਿਆਂ
ਕਾਲਜਾਂ ਹਸਪਤਾਲਾਂ
ਹਰ ਤਰ੍ਹਾਂ ਦੇ ਅਦਾਰਿਆਂ ਲਈ

ਅਸੀਂ ਤਿਆਰ ਕਰਦੇ ਹਾਂ ਬੱਚੇ
ਆਗਿਆਕਾਰੀ ਸੁਸ਼ੀਲ ਮਿਹਨਤੀ
ਹਰ ਉਜਰਤ
ਖਿੜੇ ਮੱਥੇ ਕਬੂਲਣ ਵਾਲੇ
ਉਹਨਾਂ ਦਾ ਬਚਪਨ ਜਵਾਨੀ
ਸਾਂਭ ਸੰਵਾਰ ਕੀਤੇ
ਉਹ ਪੂਰੇ ਤਿਆਰ
ਤੁਹਾਡੇ ਨਿੱਤ ਬਦਲਦੇ
ਮਿਆਰਾਂ ਅਨੁਸਾਰ

ਅਜੇ ਚੱਖਿਆ ਨਹੀਂ
ਇਹਨਾਂ ਮੁੰਡਿਆਂ
ਐਸ਼ ਪ੍ਰਸਤੀ ਦਾ ਸੁਆਦ
ਅਜੇ ਲੱਗੀ ਨਹੀਂ
ਇਹਨਾਂ ਕੁੜੀਆਂ ਨੂੰ
ਜ਼ਮਾਨੇ ਦੀ ਹਵਾ
ਅਜਿਹਾ ਨਵਾਂ ਨਕੋਰ
ਵਧੀਆ ਸਸਤਾ ਮਾਲ
ਹੋਰ ਕਿੱਥੋਂ ਮਿਲੇਗਾ

ਅਸੀਂ ਨਸਲ ਦਰ ਨਸਲ
ਤੁਹਾਡੀ ਖ਼ਰੀਦਦਾਰੀ
ਗ਼ੁਲਾਮੀ ਲਈ
ਹੱਥ ਬੰਨ੍ਹ ਖੜ੍ਹੇ
ਵੱਛੇ ਪਿੱਛੇ ਗਾਂ
ਬੱਚਿਆਂ ਪਿੱਛੇ ਬਾਪ ਤੇ ਮਾਂ
ਹੌਲ਼ੀ ਹੌਲ਼ੀ
ਪੂਰਾ ਵਾੜਾ ਤੁਹਾਡੇ ਨਾਂ

ਆਓ ਖ਼ਰੀਦੋ
ਕਿਰਾਏ ਤੇ ਲਓ
ਜਿੰਨੀ ਦੇਰ ਲਈ ਚਾਹੀਦੇ
ਸਾਡੇ ਬੱਚੇ
ਉਹ ਆਪ ਤੁਹਾਡੇ ਪਟੇ
ਗਲ਼ਾਂ ਚ ਪਾਉਣ ਨੂੰ ਤਿਆਰ
ਬਹੁਤ ਨਿਗੂਣੇ ਲਾਲਚਾਂ ਲਈ
ਫ਼ਿਕਰ ਨਾ ਕਰੋ
ਉਹ ਆਪਣੀ ਮਾਂ ਬੋਲੀ ਚ ਗੱਲਾਂ ਕਰਕੇ
ਤੁਹਾਨੂੰ ਸ਼ਰਮਿੰਦਾ ਨਹੀਂ ਕਰਨਗੇ
ਕਦੀ ਮਾਣ ਨਹੀਂ ਕਰਨਗੇ
ਪਿੱਛੇ ਰਹਿ ਗਏ
ਪਿੰਡ ਦੀ ਮਿੱਟੀ ਤੇ
ਤੁਹਾਡੀ ਗ਼ੁਲਾਮੀ ਨੂੰ
ਤੁਹਾਡਾ ਅਹਿਸਾਨ ਮੰਨਣਗੇ

ਸਾਡੇ ਕੋਲ਼
ਉਹਨਾਂ ਨੂੰ ਦੇਣ ਲਈ
ਹੋਰ ਹੈ ਵੀ ਕੀ ਸੀ
ਉਹਨਾਂ ਨੂੰ
ਵਿਕਣ ਜੋਗੇ ਕਰਨ ਤੋਂ ਸਿਵਾ
ਉਹ ਆ ਰਹੇ ਨੇ ਆਪ
ਤੁਹਾਡੇ ਜਗਮਗ ਕਰਦੇ ਬਜ਼ਾਰਾਂ ਵਿਚ
ਆਪਣਾ ਮੁੱਲ ਪਵਾਉਣ

ਅਸੀਂ ਭੇਜ ਰਹੇ ਹਾਂ
ਤੁਹਾਨੂੰ ਹੋਰ ਵੱਡਾ ਬਣਾਉਣ
ਤੁਹਾਡੇ ਸ਼ਕਤੀਸ਼ਾਲੀ ਰਾਜ ਦੀਆਂ ਨੀਹਾਂ
ਹੋਰ ਪੱਕੀਆਂ ਕਰਨ
ਦੁੱਧ ਮੱਖਣਾਂ ਨਾਲ਼ ਪਲ਼ੀਆਂ ਜਵਾਨੀਆਂ
ਰੌਸ਼ਨ ਦਿਮਾਗ਼
ਖ਼ੂਬਸੂਰਤ ਅਣਛੋਹ ਮੂਰਤਾਂ
ਸਿਰਫ਼ ਚੰਦ ਸਿੱਕਿਆਂ
ਰੰਗੀਨ ਸੁਪਨਿਆਂ ਦੇ ਇਵਜ਼

ਤੁਹਾਨੂੰ ਮੰਡੀ ਆਉਣ ਦੀ ਵੀ
ਕੋਈ ਲੋੜ ਨਹੀਂ
ਸਭ ਸਮਾਨ
ਆਪਣੇ ਖ਼ਰਚੇ ਤੇ
ਆਪਣੇ ਆਪ
ਤੁਹਾਡੇ ਘਰ ਪਹੁੰਚੇਗਾ

No comments: