ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 6, 2008

ਗੁਰਨਾਮ ਗਿੱਲ - ਜੀਵਨ-ਚਿੰਤਨ

ਪਵਣ ਗੁਰੂ-ਪਾਣੀ ਪਿਤਾ
ਜੀਵਨ-ਚਿੰਤਨ

ਤੜਕਸਾਰ ਮੇਰੀ ਅੱਖ ਖੁੱਲ੍ਹ ਗਈ ਹੈ। ਨੀਂਦ ਪੂਰੀ ਹੋ ਜਾਣ ਕਰਕੇ ਐਵੇਂ ਬਿਸਤਰੇ ਵਿੱਚ ਪਿਆ ਸੋਚੀ ਜਾ ਰਿਹਾ ਹਾਂ। ਅਚਾਨਕ ਹੀ ‘ਪਵਣੁ ਗੁਰੂ’ ਦਾ ਸੰਕਲਪ ਮੇਰੀਆਂ ਸੋਚਾਂ ਦੇ ਸਮਾਂਤਰ ਤੁਰਨ ਲਗਦਾ ਹੈ। ਪਵਣੁ, ਗੁਰੂ ਇਸ ਕਰਕੇ ਹੈ ਕਿ ਇਹ ਜੀਵਨ ਦੀ ਚਾਲਕ ਹੈ, ਇਹ ਤਾਂ ਮੈਂ ਜਾਣਦਾ ਹਾਂ। ਪਰ ਕਿਉਂ ਅਤੇ ਕਿਵੇਂ ? ਹੁਣ ਇਹ ਪ੍ਰਸ਼ਨ ਮੇਰੀ ਸੋਚ ਦਾ ਪਿੱਛਾ ਕਰਨ ਲਗਦੇ ਹਨ।
ਮੈਂ ਆਤਮਾ, ਪਵਣ, ਸਵਾਸ, ਹਵਾ, ਰੂਹ ਜਾਂ ਪ੍ਰਾਣ ਨੂੰ, ਮਨ ਨਾਲੋਂ ਵੱਖਰਾ ਕਰਕੇ ਵੇਖਣ ਲਗਦਾ ਹਾਂ। ਬੇਸ਼ਕ ਤਨ, ਮਨ ਅਤੇ ਆਤਮਾ ਜਾਂ ਪ੍ਰਾਣ, ਮਨੁੱਖ ਦੀ ਸਮੁੱਚੀ ਹੋਂਦ ਹਨ। ਬਿਲਕੁਲ ਜਿਵੇਂ ਪਤੀ, ਪਤਨੀ ਅਤੇ ਬੱਚਾ ਇੱਕ ਪਰਿਵਾਰ ਦੀ ਸਮੁੱਚੀ ਹੋਂਦ ਹਨ। ਪਰ ਫੇਰ ਵੀ, ਉਨ੍ਹਾਂ ਦੀਆਂ ਆਪੋ ਆਪਣੀਆਂ ਸੁਤੰਤਰ ਹੋਂਦਾ ਵੀ ਹਨ। ਇਸੇ ਤਰ੍ਹਾਂ ਜੀਵ ਦੀ ਸਮੁੱਚੀ ਹੋਂਦ ਦੇ ਸਮਾਂਤਰ; ਤਨ, ਮਨ ਅਤੇ ਆਤਮਾ ਦੀਆਂ ਸੁਤੰਤਰ ਹੋਂਦਾਂ ਨੂੰ ਵੀ ਵੱਖਰਿਆਂ ਕਰਕੇ ਵੇਖਿਆ ਜਾ ਸਕਦਾ ਹੈ।
ਹਰ ਆਦਮੀ ਦੀ ਸੋਚ, ਉਸਦੀ ਬੁੱਧੀ ਦੀ ਸਮਰੱਥਾ ਅਨੁਸਾਰ ਵਿਸ਼ਾਲ ਜਾਂ ਸੀਮਤ ਹੋ ਸਕਦੀ ਹੈ। ਇਸ ਕਰਕੇ ਮੈਂ ਕਿਸੇ ਵੀ ਅੰਤਮ ਸੱਚ ਦਾ ਦਾਅਵਾ ਨਹੀਂ ਕਰਦਾ, ਸਿਰਫ ਆਪਣੇ ਵਿਚਾਰ ਸਾਂਝੇ ਕਰਦਾ ਹਾਂ !
ਕਿਸੇ ਫਲਸਫੇ ਜਾਂ ਵਿਚਾਰ ਨੂੰ ‘ਅੰਤਮ ਸੱਚ’ ਮੰਨਣ ਤੋਂ ਵੀ ਗੁਰੇਜ਼ ਕਰਨਾ ਹੀ ਬਿਹਤਰ ਹੈ, ਕਿਉਂ ਕਿ ਅਤੀਤ ਦੇ ਅੰਤਮ ਸੱਚ ਨੂੰ ਕਿਸੇ ਹੱਦ ਤੱਕ ਵਰਤਮਾਨ ਨਕਾਰ ਸਕਦਾ ਹੈ; ਅਤੇ ਵਰਤਮਾਨ ਦੇ ਸੱਚ ਨੂੰ ਭਵਿੱਖ ਨਕਾਰ ਸਕਦਾ ਹੈ। ਸਮੇਂ ਦੀ ਗਤੀ ਅਤੇ ਕੁਦਰਤ ਦੇ ਪ੍ਰਵਰਤਨ ਅਧੀਨ ਹਰ ਚੀਜ਼ ਦਾ ਬਦਲਣਾ ਅਤੇ ਵਿਕਸਣਾ ਕੁਦਰਤੀ ਨਿਯਮ ਹੈ। ਜਾਂ ਕਹਿ ਲਵੋ ਕਿ transformation is a natural process and it is unstoppable.
ਆਤਮਾ ਨੂੰ ਮੈਂ ਪੌਣ ਜਾਂ ਪ੍ਰਾਣ ਦੇ ਸੰਦਰਭ ਵਿੱਚ ਰੱਖ ਕੇ, ਤਨ ਅਤੇ ਮਨ ਤੋਂ ਜੁਦਾ ਕਰਦਾ ਹਾਂ ਹਾਲਾਂ ਕਿ ਸਵਾਸਾਂ ਤੋਂ ਬਿਨਾਂ ਤਨ ਜਾਂ ਮਨ ਦੀ ਹੋਂਦ ਸੰਭਵ ਹੀ ਨਹੀਂ। ਪ੍ਰਾਣ ਜ਼ਿੰਦਗੀ ਦਾ ਇੱਕ ਰਹੱਸ ਹੈ। ਇਸ ਤੋਂ ਬਿਨਾ ਬੰਦਾ ਇੱਕ ਲਾਸ਼ ਹੈ। ਲਾਸ਼ ਨਾਲ਼ ਰਿਸ਼ਤੇ ਨਹੀਂ ਪੁੱਗਦੇ ਅਤੇ ਨਾਂ ਹੀ ਇਹ ਬਹੁਤੀ ਦੇਰ ਸੰਭਾਲ਼ੀ ਜਾ ਸਕਦੀ ਹੈ। ਪਹਿਲਾਂ ਪ੍ਰਾਣ ਹਵਾ ਵਿੱਚ ਹਵਾ ਹੋ ਜਾਂਦੇ ਹਨ, ਫੇਰ ਸਿਵੇ ਦੇ ਸੇਕ ਨਾਲ਼ ਸਰੀਰ ਵਿਚਲਾ ਦੋ-ਤਿਹਾਈ ਪਾਣੀ ਵੀ ਹਵਾ ਵਿੱਚ ਜਾ ਰਲ਼ਦਾ ਹੈ।
ਅਸਲ ਵਿੱਚ ਪ੍ਰਾਣਾਂ ਦਾ ਭੇਦ, ਇਸਦੀ ਬਣਤਰ ਵਿਚਲੀ ਆਕਸੀਜਨ ਗੈਸ ਨਾਲ਼ ਜੁੜਿਆ ਹੋਇਆ ਹੈ। ਇਸ ਗੈਸ ਦਾ ਚਮਤਕਾਰ ਹੀ ਪ੍ਰਾਣ ਜਾਂ ਸਵਾਸ ਦਾ ਰਹਸ ਹੈ। ਬੇਹੋਸ਼ ਬੰਦਾ, ਮੂੰਹ ਵਿੱਚ ਪਾਣੀ ਪਾਉਣ ਨਾਲ਼ ਹੋਸ਼ ਵਿੱਚ ਆ ਸਕਦਾ ਹੈ, ਸਿਰਫ ਪਾਣੀ ਵਿਚਲੀ ਆਕਸੀਜਨ ਗੈਸ ਕਾਰਣ !
ਕਿਸੇ ਵੀ ਕਾਰਣ ਜਦੋਂ ਸਵਾਸ ਨਹੀਂ ਰਹਿੰਦੇ ਤਾਂ ਤਨ-ਮਨ ਦੀ ਖੇਡ ਖਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਬਾਰਸ਼ ਰਾਹੀਂ ਵ੍ਹਰ ਕੇ, ਮੁੜ ਨਦੀ-ਨਾਲਿ਼ਆਂ ਰਾਹੀਂ ਹੁੰਦਾ ਹੋਇਆ ਸਾਗਰ ਵਿੱਚ ਜਾ ਮਿਲ਼ਦਾ ਹੈ, ਇਸੇ ਤਰ੍ਹਾਂ ਹੀ ਪ੍ਰਾਣ ਹਵਾ ਵਿੱਚ ਜਾ ਰਲ਼ਦੇ ਹਨ। ਸਵਾਸਾਂ ਨੂੰ ਜੇ ਆਤਮਾ ਕਹਿ ਲਈਏ ਤਾਂ ਵੀ ਇਹ ਹਵਾ, ਹਵਾ ਵਿੱਚ ਹੀ ਜਾ ਮਿਲ਼ਦੀ ਹੈ। ਭਟਕਣ ਲਈ ਪਿੱਛੇ ਕੋਈ ਹੋਂਦ ਨਹੀਂ ਬਚਦੀ ! ਇਸ ਹਵਾ ਦਾ ਕੋਈ ਵਿਸ਼ੇਸ਼ ਹਿੱਸਾ, ਇੱਕ ਬੰਦੇ ‘ਚੋਂ ਨਿਕਲ਼ਕੇ ਕਿਸੇ ਦੂਸਰੇ ਵਿੱਚ ਨਹੀਂ ਜਾਂਦਾ। ਇਹ ਧਰਤੀ ਦੇ ਸਾਰੇ ਜੀਵਾਂ ਵਾਸਤੇ ਸਾਂਝੀ ਹੈ। ਹਵਾ ਕਦੇ ਵੰਡੀ ਨਹੀਂ ਜਾ ਸਕਦੀ, ਸਿਰਫ ਪ੍ਰਦੂਸਿ਼ਤ ਕੀਤੀ ਜਾ ਸਕਦੀ ਹੈ।
ਹਵਾ ਆਦਰ-ਮਾਣ ਦੀ ਹੱਕਦਾਰ ਹੈ। ਇਹ ਪਵਣੁ ਜਾਂ ਆਤਮਾ ਹੀ ਗੁਰੂ ਹੈ। ਇਸਦੇ ਆਸਰੇ ਹੀ ਪਰਮਾਤਮਾ ਨਾਲ਼ ਅਭੇਦ ਹੋਇਆ ਜਾ ਸਕਦਾ ਹੈ। ਪ੍ਰਮਾਤਮਾ ਦਾ ਕੋਈ ਰੂਪ ਜਾਂ ਅਕਾਰ ਨਹੀਂ ਹੈ। ਇਹ magnetic field ਵਰਗੀ ਇੱਕ ਸ਼ਕਤੀ ਹੈ ਜੋ ਬ੍ਰਹਿਮੰਡ ਦੀ ਚਾਲਕ ਹੈ। ਇਸ ਨੂੰ ਮਹਿਸੂਸਿਆ-ਅਹਿਸਾਸਿਆ ਤਾਂ ਜਾ ਸਕਦਾ ਹੈ ਪਰ ਵੇਖਿਆ ਬਿਲਕੁਲ ਨਹੀਂ ਜਾ ਸਕਦਾ। ਪ੍ਰਾਣਾਂ ਦੇ ਅਭਿਆਸ ਨਾਲ਼ ਸਰੀਰ ਵਿਚਲੀ ਜੀਵਨ-ਸ਼ਕਤੀ (vital force) ਨੂੰ ਉਤੇਜਿਤ ਕਰਕੇ, ਕਈ ਤਰ੍ਹਾਂ ਦੀਆਂ ਰੋਗੀ ਅਲਾਮਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਪੁਰਬੀ ਚਕਿਤਸਾ ਪ੍ਰਣਾਲ਼ੀਆਂ ਦਾ, ਕਿਸੇ ਵਕਤ ਪਛੱਮ ਵਿੱਚ ਮਜ਼ਾਕ ਉੜਾਇਆ ਜਾਂਦਾ ਸੀ। 1982 ਵਿੱਚ ਬ੍ਰਿਟਿਸ਼ ਮੈਡੀਕਲ ਕਾਊਂਸਲ ਦੀ ਮੀਟਿੰਗ ਵੇਲੇ ਪ੍ਰਿੰਸ ਚਾਰਲਜ਼ ਦੇ ਸ਼ਬਦਾਂ ‘ਤੇ ਕਈਆਂ ਨੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਸੀ। ਕੁੱਝ ਸਾਲਾਂ ਬਾਦ ਹੀ ਨੈਸ਼ਨਲ ਹੈਲਥ ਸਰਵਿਸ ਤਹਿਤ ਲੰਡਨ ਵਿੱਚ ਪੁਰਬੀ ਚਕਤਿਸਾ ਪ੍ਰਣਾਲ਼ੀਆਂ ਲਾਗੂ ਕਰ ਦਿੱਤੀਆਂ ਗਈਆਂ ਜਿਸ ਦਾ ਉਦਘਾਟਨ ਵੀ ਪ੍ਰਿੰਸ ਚਾਰਲਜ਼ ਨੇ ਹੀ ਕੀਤਾ ਸੀ। ਅੱਜ ਇਹ ਕਾਲਜਾਂ ਵਿੱਚ ਪੜਾਈਆਂ ਜਾਂਦੀਆਂ ਹਨ।
2008 ਦੇ ਪਹਿਲੇ ਹਫ਼ਤੇ ਹੀ ਇਹਨਾਂ ਚਕਿਤਸਿਕ ਪ੍ਰਣਾਲੀਆਂ ਨੂੰ ਬ੍ਰਿਟਿਸ਼ ਮੈਡੀਕਲ ਕਾਊਂਸਲ ਦੀ ਨਿਗਰਾਨੀ ਹੇਠ ਲਏ ਜਾਣ ਦਾ ਐਲਾਨ ਕੀਤਾ ਗਿਆ ਹੈ।
ਯੋਗਾ, ਸਿ਼ਆਟਸੂ, ਹੋਮੀਓਪੈਥੀ, ਐਕਿਊਪ੍ਰੈਸ਼ਰ, ਰੈਫਲੈਕਸੌਲੋਗੀ, ਡੂੰਘੀ ਮਾਲਿਸ਼ ਤੇ ਰੇਕੀ ; ਇਹਨਾਂ ਸਭ ਚਕਿਤਸਾਵਾਂ ਦਾ ਕੇਂਦਰੀ ਸਿਧਾਂਤ ਇੱਕੋ ਹੀ ਹੈ। ਭਾਰਤੀ ਦਰਸ਼ਨ ਵਿੱਚ ਜਿੱਥੇ ਸਰੀਰਕ ਨਦੀਆਂ ਦਾ ਜਿ਼ਕਰ ਆਉਂਦਾ ਹੈ, ਚੀਨੀ ਦਰਸ਼ਨ ਵਿੱਚ ਉਸੇ ਨੂੰ ਮੈਰੀਡੀਅਨਜ਼ (meridians) ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ।
Vital energy ਜਾਂ life force, ਪ੍ਰਾਣ, ਸਵਾਸ ਜਾਂ ਆਤਮਾ, ਇਸ ਨੂੰ ਕੁੱਝ ਵੀ ਕਹੋ ਪਰ ਇਹ ਹੈ ਉਹੀ ਊਰਜਾ ਜਿਸ ਕਾਰਣ ਹਰ ਜੀਵ ਗਤੀਸ਼ੀਲ ਹੈ। ਪੂਰਬੀ ਦਰਸ਼ਨ ਮਨੁੱਖ ਦੀ ਸਮੁੱਚੀ ਹੋਂਦ ਨੂੰ ਸੰਪੂਰਣ ਰੂਪ ਵਿੱਚ ਵੇਖਦਾ ਹੈ। ਪੂਰੇ ਸਮੂਹਕ ਰੂਪ ਵਿੱਚ। ਤਨ, ਮਨ ਅਤੇ ਆਤਮਾ ਦੀ ਇੱਕਸਾਰਤਾ ਵਿੱਚ! ਉਨ੍ਹਾਂ ਦਾ ਵਿਸ਼ਵਾਸ ਹੈ ਕਿ ਰੋਗੀ ਸਰੀਰ ਵਿੱਚ, ਮਨ ਵੀ ਅਰੋਗ ਨਹੀਂ ਰਹਿ ਸਕਦਾ ਅਤੇ ਇਸੇ ਤਰ੍ਹਾਂ ਜਿਸਦਾ ਮਨ ਰੋਗੀ ਹੈ, ਉਸਦਾ ਤਨ ਵੀ ਰੋਗੀ ਹੀ ਹੋਵੇਗਾ । ਤਨ, ਮਨ ਅਤੇ ਆਤਮਾ ਨੂੰ ਮਿਲਾ ਕੇ ਹੀ ਉਹ ਇਸ ਹੋਂਦ ਨੂੰ whole ਆਖਦੇ ਹਨ। ਇਸ ਮੁਕੰਮਲ ਹੋਂਦ (whole) ਤੋਂ ਹੀ holistic ਵਿਗਿਆਨ ਨੇ ਜਨਮ ਲਿਆ ਹੈ।
ਅਸੀਂ ਸੁੱਤੇ ਹੋਈਏ ਜਾਂ ਜਾਗਦੇ, ਪ੍ਰਾਣਾ ਦਾ ਚਲਣਾ ਕੁਦਰਤੀ ਕਰਮ ਹੈ। ਇਹ ਸਵੈਚਾਲਕ ਪ੍ਰਕਿਰਿਆ ਹੈ। ਕੁਦਰਤੀ ਨਿਯਮਾਂ ਦੀ ਸੀਮਾਂ ਵਿੱਚ ਰਹਿਕੇ ਅਸੀਂ ਪ੍ਰਾਣਾਂ ਨੂੰ ਕੁੱਝ ਸਮੇਂ ਲਈ, ਮਨ-ਇੱਛਤ ਚਾਲੇ ਤੋਰ ਸਕਦੇ ਹਾਂ। ਸਰੀਰਕ ਅਭਿਆਸ ਵਾਂਗ, ਇਹ ਪ੍ਰਾਣਾਂ ਦਾ ਅਭਿਆਸ ਹੈ ਜੋ ਸਾਡੇ ਸਰੀਰ ਅਤੇ ਦਿਮਾਗ ਦੇ ਸੈਲਾਂ ਨੂੰ ਆਕਸੀਜਨ ਰਾਹੀਂ ਸਿਹਤਯਾਬ ਰੱਖਦਾ ਹੈ। ਇਹ ਜੀਵਨ-ਸ਼ਕਤੀ ਨੂੰ ਉਤੇਜਿਤ ਕਰਕੇ, ਦੇਹੀ ਵਿਚਲੀਆਂ ਨਦੀਆਂ ਦੇ ਵਹਾਓ ਵਿਚਲੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ।
ਅਜੋਕੀਆਂ aerobic exercises ਦੀਆਂ ਜੜ੍ਹਾਂ ਯੋਗਾ ਦੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ ਨਾਲ਼ ਜੁੜੀਆਂ ਹੋਈਆਂ ਹਨ। ਆਮ ਬੋਲੀ ਵਿੱਚ ਇਸਨੂੰ ਡੂੰਘੇ ਸਾਹ ਭਰਨੇ ਕਿਹਾ ਜਾਂਦਾ ਹੈ। ਯੋਗਾ ਵਿੱਚ ਇਸ ਨੂੰ ਪ੍ਰਾਣਾਯਾਮ (pranyama) ਦਾ ਨਾਂ ਦਿੱਤਾ ਗਿਆ ਹੈ। ਇਹ stress & depression ਵਰਗੇ ਰੋਗਾਂ ਤੋਂ ਬਚਣ ਲਈ ਬੜਾ ਚੰਗਾ ਅਭਿਆਸ ਹੈ। ਬੰਦਾ ਸ਼ਾਂਤੀ ਅਤੇ ਅਨੰਦ ਅਨੁਭਵ ਕਰਦਾ ਹੈ। ਤਨੋ-ਮਨੋ ਫੁਰਤੀਲਾ ਮਹਿਸੂਸ ਕਰਦਾ ਹੈ। ਡਾਇਆਫਰਾਮ ਦੇ ਫੈਲਣ ਅਤੇ ਸੁੰਗੜਨ ਸਮੇਂ, ਪੈਂਕਰੀਆਸ ਦੀ ਮਾਲਸ਼ ਹੋਣ ਨਾਲ਼ ਸ਼ਾਇਦ ਸ਼ੱਕਰ ਰੋਗੀ ਨੂੰ ਕੁੱਝ ਲਾਭ ਹੋ ਸਕੇ।
ਇਸੇ ਤਰ੍ਹਾਂ ਵਾਰੋ-ਵਾਰੀ ਇੱਕ ਨਾਸ ਰਾਹੀਂ ਸਾਹ ਭਰਨਾ ਤੇ ਕੱਢਣਾ ਵੀ ਬੜਾ ਲਾਭਦਾਇਕ ਵਾਇਆਯਾਮ ਹੈ। ਇਸ ਨਾਲ਼ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਖਾਰਜ ਹੁੰਦੇ ਹਨ। ਤਨ-ਮਨ ਦੀ ਸ਼ੁੱਧਤਾ ਲਈ ਇਹ ਬੜਾ ਉਪਯੋਗੀ ਹੈ। ਪਵਣ ਜਾਂ ਪ੍ਰਾਣ ਨੂੰ ਜਿੰਨੀ ਮਹੱਤਤਾ ਗੁਰਬਾਣੀ ਵਿੱਚ ਦਿੱਤੀ ਗਈ ਹੈ, ਅੱਜ ਮੈਡੀਕਲ ਸਾਇੰਸ ਵਿੱਚ ਵੀ ਇਸਨੂੰ ਮਾਣਤਾ ਅਤੇ ਪੁਰਣ ਸਤਿਕਾਰ ਹਾਸਿਲ ਹੈ।
ਪਾਣੀ ਵਾਂਗ, ਹਵਾ ਵਿੱਚ ਵੀ ਬੇਅੰਤ ਸ਼ਕਤੀ ਹੈ। ਇਹ ਦੋਵੇਂ ਮਿਲਕੇ ਹੋਰ ਵੀ ਤਬਾਹੀ ਲਿਆ ਸਕਦੇ ਹਨ। ਜਦੋਂ ਠੰਡੀ ਹਵਾ, ਗਰਮ ਹਵਾ ਨਾਲ਼ ਮਿਲਦੀ ਹੈ ਤਾਂ ਬੜੇ ਤੇਜ਼ ਤੁਫਾਨ ਉਠੱਦੇ ਹਨ। ਵਿਗਿਆਨਕ ਭਾਸ਼ਾ ਵਿੱਚ ਇਹਨਾਂ ਨੂੰ jet streams ਆਖਿਆ ਜਾਂਦਾ ਹੈ। ਇਹ ਸਮੁੰਦਰੀ ਤੁਫ਼ਾਨਾਂ (cyclones) ਦਾ ਕਾਰਣ ਬਣਦੀਆਂ ਹਨ। ਉੱਤਰੀ ਧਰੁਵ ਵਿੱਚ ਹਵਾਵਾਂ ਪਛੱਮ ਤੋਂ ਪੂਰਵ ਵੱਲ ਨੂੰ ਚਲਦੀਆਂ ਹਨ। ਇਸੇ ਕਰਕੇ ਜਦੋਂ ਅਸੀਂ ਹਵਾਈ ਸਫ਼ਰ ਰਾਹੀਂ ਲੰਡਨ ਤੋਂ ਦਿੱਲੀ ਜਾਂਦੇ ਹਾਂ ਤਾਂ 8 ਘੰਟੇ ਵਿੱਚ ਪਹੁੰਚ ਜਾਂਦੇ ਹਾਂ ਪਰ ਜਦੋਂ ਵਾਪਸ ਆਉਂਦੇ ਹਾਂ ਤਾਂ ਮੁਹਰਲੀ ਹਵਾ ਹੋਣ ਕਾਰਣ ਸਾਢੇ 9 ਘੰਟੇ ਲਗਦੇ ਹਨ!
ਪ੍ਰਾਣਾਂ ਤੋਂ ਬਾਦ ਦੂਜੇ ਦਰਜੇ ਤੇ, ਜ਼ਿੰਦਗੀ ਵਿੱਚ ਪਾਣੀ ਦਾ ਮਹੱਤਵ ਹੈ। ਖ਼ੁਰਾਕ ਤੋਂ ਬਿਨਾ ਅਸੀਂ ਕਾਫੀ ਦਿਨ ਜੀ ਸਕਦੇ ਹਾਂ। ਪਰ ਪਾਣੀ ਬਿਨਾਂ ਬਹੁਤਾ ਸਮਾਂ ਨਹੀਂ ਜੀ ਸਕਦੇ । ਪਾਣੀ ਨੂੰ ਜ਼ਿੰਦਗੀ ਜਾਂ ਸ੍ਰਿਸ਼ਟੀ ਦਾ ਪਿਤਾ ਸ਼ਾਇਦ ਇਸ ਕਰਕੇ ਆਖਿਆ ਜਾਂਦਾ ਹੈ ਕਿ ਇਸ ਤੋਂ ਬਿਨਾਂ ਧਰਤੀ ਮਾਂ ਦੀ ਗੋਦ ਹਰੀ ਹੀ ਨਹੀਂ ਹੋ ਸਕਦੀ ! ਸਾਡੀ ਧਰਤੀ ਵਰਗੀਆਂ ਹੋਰ ਵੀ ਧਰਤੀਆਂ ਹਨ। ਪਰ ਪਾਣੀ ਬਿਨਾਂ ਬੰਜਰ ਹਨ, ਉਥੇ ਜੀਵਨ ਨਹੀਂ ਹੈ। ਪਾਣੀ ਹਰ ਵੇਲੇ ਵਹਾਓ ਵਿੱਚ ਰਹਿੰਦਾ ਹੈ। ਸੂਰਜ ਦੀ ਤਪਸ਼ ਨਾਲ਼ ਸਮੁੰਦਰਾਂ ਦੇ ਪਾਣੀ ਹਵਾ ਵਿੱਚ ਉੜਦੇ ਹਨ, ਬਨਾਸਪਤੀ ਅਤੇ ਜੰਗਲ ਸਾਹ ਲੈਂਦੇ ਹਨ ਤਾਂ ਪਾਣੀ ਛੱਡਦੇ ਹਨ। ਇਹੋ ਬੁਖ਼ਾਰਤ ਜਦੋਂ ਠੰਡੇ ਹੁੰਦੇ ਹਨ ਤਾਂ ਬੱਦਲ਼ਾਂ ਦਾ ਰੂਪ ਧਾਰਣ ਕਰ ਜਾਂਦੇ ਹਨ। ਵਾਤਾਵਰਣ ਵਿੱਚ ਮਿਲਕੇ ਇਹੋ ਬੱਦਲ਼ ਇੱਕ ਦੇਸ਼ ਨਾਲ਼ ਲਗਦੇ ਸਾਗਰ ਚੋਂ ਉਠੱਕੇ, ਕਿਸੇ ਦੂਰ-ਦੁਰਾਡੇ ਦੇਸ਼ ਵਿੱਚ ਪਹੁੰਚ ਕੇ ਵੀ ਵਰ੍ਹ ਸਕਦੇ ਹਨ।
ਪ੍ਰਾਣ ਅਤੇ ਪਾਣੀ ਵਿੱਚ ਅਟੁੱਟ ਸਾਂਝ ਹੈ। ਮੁੱਖ ਤੌਰ ਤੇ ਪਾਣੀ ਵਿੱਚ ਆਕਸੀਜਨ ਅਤੇ ਹਾਈਡਰੋਜਨ ਗੈਸਾਂ ਹਨ ਜਦੋਂ ਕਿ ਪ੍ਰਾਣ ਵਿੱਚ ਆਕਸੀਜਨ ਅਤੇ ਨਾਈਟਰੋਜਨ ! ਇਸ ਆਕਸੀਜਨ ਕਾਰਣ ਹੀ ਦੋਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ। ਸਾਰੀ ਧਰਤੀ ਦੇ ਜੀਵਾਂ ਦਾ ਜੀਵਨ ਇਸ ਉਪੱਰ ਹੀ ਨਿਰਭਰ ਹੈ। ਇਹੋ ਜੀਵਨ-ਦਾਤੀ ਹੈ।
ਪਾਣੀ ਇੱਕ ਬਹੁਤ ਹੀ ਅਮੁੱਲ ਪ੍ਰਕਿਰਤਕ ਦੇਣ ਹੈ। ਇਸ ਦੇ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਤ ਕਰਨਾ, ਕੁਦਰਤੀ ਨੇਮਾਂ ਦਾ ਉਲੰਘਣ ਕਰਨਾ ਹੈ । ਇਸ ਉਲੰਘਣ ਕਾਰਣ ਹੀ ਅੱਜ ਸਾਰਾ ਸੰਸਾਰ ਕਰਮਾਂ ਦਾ ਫਲ਼ ਭੁਗਤ ਰਿਹਾ ਹੈ। ਪ੍ਰਦੂਸਿ਼ਤ ਹੋ ਰਹੇ ਪਾਣੀ ਕਾਰਣ ਵਿਸ਼ਵ ਦੇ ਅਨੇਕਾਂ ਲੋਕ ਬੀਮਾਰੀਆਂ ਦੇ ਸਿ਼ਕਾਰ ਹੋ ਰਹੇ ਹਨ। ਇਸੇ ਤਰ੍ਹਾਂ ਪਵਣ ਦੇ ਪ੍ਰਦੂਸ਼ਣ ਕਾਰਣ ਬੇਸ਼ੁਮਾਰ ਲੋਕ ਰੋਗੀ ਹਨ !
ਸਰੀਰ ਦੇ ਵੱਖੋ-ਵੱਖ ਹਿੱਸਿਆਂ ਤਾਈਂ ਖੁਰਾਕੀ ਤੱਤ ਪਾਣੀ ਤੋਂ ਬਿਨਾਂ ਨਹੀਂ ਪਹੁੰਚ ਸਕਦੇ। ਇਸ ਬਿਨਾਂ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਦਾ ਨਿਕਾਸ ਵੀ ਸੰਭਵ ਨਹੀਂ ਹੈ। ਸਰੀਰਕ ਅਤੇ ਮਾਨਸਿਕ ਸਿਹਤ ਲਈ ਸ਼ੁੱਧ ਪਾਣੀ ਬੜਾ ਹੀ ਲਾਜ਼ਮੀ ਹੈ। ਇਸ ਨਾਲ਼ ਹੀ ਲਹੂ ਸਾਡੇ ਅੰਦਰ ਗ਼ਰਦਸ਼ ਕਰਦਾ ਹੈ। ਸਾਡੀ ਜਜ਼ਬਾਤੀ ਅਤੇ ਨਰਵਸ ਪ੍ਰਣਾਲੀ ਵੀ ਪਾਣੀ ਬਿਨਾਂ ਆਪਣਾ ਸੰਤੁਲਨ ਕਾਇਮ ਨਹੀਂ ਰੱਖ ਸਕਦੀ !
ਹੋ ਸਕੇ ਤਾਂ ਹਫਤੇ ਵਿੱਚ ਇੱਕ ਦਿਨ ਸਿਰਫ ਸ਼ੁੱਧ ਪਾਣੀ ਨਾਲ਼ ਹੀ ਵਰਤ ਰੱਖਣਾ ਚਾਹੀਦਾ ਹੈ। ਇਹ ਵਰਤ 6 ਘੰਟੇ ਤੋਂ 9 ਘੰਟੇ ਤੱਕ ਲਈ ਰੱਖਿਆ ਜਾ ਸਕਦਾ ਹੈ। ਵੈਸੇ ਵੀ ਦਿਹਾੜੀ ਵਿੱਚ ਦੋ ਡੰਗ ਤੁੰਨ ਕੇ ਖਾਣ ਨਾਲ਼ੋਂ, ਹਲਕੇ-ਹਲਕੇ ਚਾਰ ਡੰਗ ਕਰ ਲੈਣੇ ਵਧੇਰੇ ਉਪਯੋਗੀ ਹਨ। ਤੇ ਵਧੇਰੇ ਕਰਕੇ ਪਾਣੀ ਇਨ੍ਹਾਂ ਦੇ ਵਿਚਕਾਰ ਹੀ ਪੀਣਾ ਚਾਹੀਦਾ ਹੈ। ਸ਼ੁੱਧ ਪਾਣੀ ਨਾਲ਼ ਵਰਤ ਰੱਖਿਆਂ ਇੱਕ ਤਾਂ ਪਾਚਣ ਪ੍ਰਣਾਲੀ ਨੂੰ ਅਰਾਮ ਮਿਲਦਾ ਹੈ, ਦੂਜੇ ਸਰੀਰ ਵਿਚਲੀ ਗੰਦਗੀ ਭਾਵ ਜ਼ਹਿਰੀਲੇ ਮਾਦੇ ਪੂਰੀ ਤਰ੍ਹਾਂ ਖਾਰਜ ਹੋ ਜਾਂਦੇ ਹਨ।
ਪ੍ਰਕਿਰਤਕ ਵਾਤਾਵਰਣ ਤੋਂ ਦੂਰ ਹੋਕੇ, ਬੰਦਾ ਦੁੱਖ ਹੀ ਭੋਗਦਾ ਹੈ। ਪਸ਼ਚਾਤਾਪ ਕਰਨ ਵਾਲ਼ੇ ਇਨਸਾਨ ਫਿਰ ਵੀ ਕੁਦਰਤ ਨਾਲ਼ ਜੁੜਨ ਦਾ ਕੋਈ ਨਾ ਕੋਈ ਵਸੀਲਾ ਭਾਲ਼ ਹੀ ਲੈਂਦੇ ਹਨ। ਆਪਣੇ ਵਿਹੜਿਆਂ ਵਿੱਚ ਫਲਾਂ-ਫੁੱਲਾਂ ਦੇ ਹਰਿਆਵਲੀ ਅਤੇ ਰੰਗੀਨ ਰੁੱਖ ਲਗਾ ਕੇ। ਜਿਹਨਾਂ ਨੂੰ ਵਿਹੜੇ ਨਸੀਬ ਨਹੀਂ, ਉਹਨਾਂ ਦੇ ਕਮਰਿਆਂ ਜਾਂ ਬਾਲਕਨੀਆਂ ਵਿਚ ਰੱਖੇ ਗਮਲਿਆਂ ਵਿੱਚ ਟਹਿਕ-ਮਹਿਕ ਰਹੇ ਵੇਲ-ਬੂਟੇ ਵੇਖੇ ਜਾ ਸਕਦੇ ਹਨ ! ਅਜਿਹੇ ਲੋਕ ਦੁਨੀਆਵੀ ਕੰਮਾਂ-ਕਾਰਾਂ ਤੋਂ ਵਿਹਲ ਮਿਲਦੇ ਹੀ, ਭੀੜਾਂ ਭਰੇ ਬਜ਼ਾਰਾਂ ਵਿਚਲੇ ਰੈਸਤੋਰਾਵਾਂ ਜਾਂ ਕਲੱਬਾਂ ਵਿੱਚ ਬੈਠਣ ਨਾਲ਼ੋਂ, ਕਿਸੇ ਪਾਰਕ, ਜੰਗਲ, ਪਹਾੜ, ਦਰਿਆ ਜਾਂ ਸਮੁੰਦਰ ਕਿਨਾਰੇ ਵਿਚਰਕੇ, ਕੁਦਰਤ ਨਾਲ਼ ਇੱਕ-ਸੁਰ ਹੋਣ ਦਾ ਲਾਹਾ ਲੈਣ ਦੀ ਕੋਸਿ਼ਸ਼ ਕਰਦੇ ਹਨ ! ਇਸ ਤਰ੍ਹਾਂ ਦੀ ਸੋਚ ਵਾਲ਼ੇ ਲੋਕ ਕਦੇ ਡਿਪਰੈਸ਼ਨ ਦਾ ਸਿ਼ਕਾਰ ਨਹੀਂ ਹੁੰਦੇ ! ਉਹ ਸਾਦੀ ਖੁਰਾਕ, ਸਾਦੀਆਂ ਰਸਮਾਂ ਅਤੇ ਸਾਦੀ ਰਹਿਣੀ-ਬਹਿਣੀ ਕਾਰਣ ਸਦਾ ਪ੍ਰਸੰਨ, ਸਿਹਤਮੰਦ ਅਤੇ ਚੜ੍ਹਦੀਆਂ ਕਲਾਂ ਵਿੱਚ ਰਹਿੰਦੇ ਹਨ। ਉਹ ਕਿਸੇ ਨਾਲ਼ ਈਰਖਾ ਨਹੀਂ ਕਰਦੇ ਅਤੇ ਨਾ ਹੀ ਕਿਸੇ ਦਾ ਬੁਰਾ ਸੋਚਦੇ ਹਨ।
ਪਾਣੀ ਅਤੇ ਹਵਾ, ਇਸ ਧਰਤੀ ਉਪੱਰ ਦੋ ਵਿਸ਼ੇਸ਼ ਸ਼ਕਤੀਆਂ ਹਨ। ਸਾਗਰਾਂ ਦੇ ਪਾਣੀਆ ਦਾ ਆਵੋ-ਹਵਾ (Climate) ਉਪੱਰ ਬਹੁਤ ਵੱਡਾ ਪ੍ਰਭਾਵ ਹੈ। ਸਾਗਰ ਸੂਰਜ ਦੀ ਗਰਮੀ ਚੂਸ ਕੇ, ਫਿਰ ਉਸਨੂੰ ਹੌਲ਼ੀ-ਹੌਲ਼ੀ ਖ਼ਾਰਜ ਕਰਦੇ ਹਨ। ਇਸਤੋਂ ਇਲਾਵਾ, ਇਹ ਚੂਸੀ ਹੋਈ ਤਪਸ਼ ਨੂੰ ਦੂਸਰੇ ਭਾਗਾਂ ਤੱਕ ਲਿਜਾ ਕੇ, ਉਸ ਇਲਾਕੇ ਦੀ ਸਰਦੀ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ। ਸਮੁੰਦਰੀ ਪਾਣੀਆਂ ਦਾ ਇਹ ਸਫ਼ਰ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਹੋ ਸਕਦਾ ਹੈ। ਇਹ ਵਹਾਓ ਧਰਾਤਲ ਤੇ ਵੀ ਹੋ ਸਕਦਾ ਹੈ ਅਤੇ ਧੁਰ ਹੇਠਲੀ ਸਤਿਹ ਤੇ ਵੀ!
ਸਾਡੇ ਘਰ-ਪ੍ਰਵਾਰ, ਰਿਸ਼ਤੇ-ਨਾਤੇ, ਪਿੰਡ-ਸ਼ਹਿਰ, ਸਾਗਰ-ਪਰਬਤ, ਦੇਸ਼-ਬਦੇਸ਼; ਗੱਲ ਕੀ ਸਾਰੀ ਸ੍ਰਿਸ਼ਟੀ ਦੀ ਹੋਂਦ ਹੀ ਇਸ ‘ਪਵਣ’ ਅਤੇ ‘ਪਾਣੀ’ ਆਸਰੇ ਟਿਕੀ ਹੋਈ ਹੈ।
Organically grown ਸਬਜੀਆਂ, ਫਲਾਂ ਅਤੇ ਸਾਦੀ ਖੁਰਾਕ ਨਾਲ਼ ਅਸੀਂ ਆਪਣੇ ਅਨੁਮਈ ਕੋਸ਼ ਦੇ ਨਾਲ਼-ਨਾਲ਼, ਪ੍ਰਾਣਮਈ ਕੋਸ਼ ਨੂੰ ਵੀ ਸੰਪੂਰਣ ਤੰਦਰੁਸਤ ਰੱਖ ਸਕਦੇ ਹਾਂ। ਸ਼ੁੱਧ ਪਾਣੀ ਅਤੇ ਪਵਣ ਨੂੰ ਤਾਂ ਹੋਰ ਵੀ ਪਹਿਲ ਦੇਣੀ ਬਣਦੀ ਹੈ।

1 comment:

ਤਨਦੀਪ 'ਤਮੰਨਾ' said...

Respected Gill saheb...I really enjoyed reading this article. Bahut jaankaari milli. Thanks a lot for sharing it with us.
ਆਤਮਾ ਨੂੰ ਮੈਂ ਪੌਣ ਜਾਂ ਪ੍ਰਾਣ ਦੇ ਸੰਦਰਭ ਵਿੱਚ ਰੱਖ ਕੇ, ਤਨ ਅਤੇ ਮਨ ਤੋਂ ਜੁਦਾ ਕਰਦਾ ਹਾਂ ਹਾਲਾਂ ਕਿ ਸਵਾਸਾਂ ਤੋਂ ਬਿਨਾਂ ਤਨ ਜਾਂ ਮਨ ਦੀ ਹੋਂਦ ਸੰਭਵ ਹੀ ਨਹੀਂ। ਪ੍ਰਾਣ ਜ਼ਿੰਦਗੀ ਦਾ ਇੱਕ ਰਹੱਸ ਹੈ। ਇਸ ਤੋਂ ਬਿਨਾ ਬੰਦਾ ਇੱਕ ਲਾਸ਼ ਹੈ। ਲਾਸ਼ ਨਾਲ਼ ਰਿਸ਼ਤੇ ਨਹੀਂ ਪੁੱਗਦੇ ਅਤੇ ਨਾਂ ਹੀ ਇਹ ਬਹੁਤੀ ਦੇਰ ਸੰਭਾਲ਼ੀ ਜਾ ਸਕਦੀ ਹੈ। ਪਹਿਲਾਂ ਪ੍ਰਾਣ ਹਵਾ ਵਿੱਚ ਹਵਾ ਹੋ ਜਾਂਦੇ ਹਨ, ਫੇਰ ਸਿਵੇ ਦੇ ਸੇਕ ਨਾਲ਼ ਸਰੀਰ ਵਿਚਲਾ ਦੋ-ਤਿਹਾਈ ਪਾਣੀ ਵੀ ਹਵਾ ਵਿੱਚ ਜਾ ਰਲ਼ਦਾ ਹੈ।
Sochan ch pai gayee ke assin tan laashan naal hi rishtey nibhaiyee jaa rahey haan..:(
Bahut khoob!!

Tamanna