ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 22, 2008

ਡਾ: ਗੁਰਮਿੰਦਰ ਸਿੱਧੂ - ਨਜ਼ਮ

ਦੋਸਤੋ! ਅੱਜ ਇਹ ਸੂਚਨਾ ਵੀ ਬੜੇ ਮਾਣ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਸਤਿਕਾਰਤ ਮੈਡਮ ਡਾ: ਗੁਰਮਿੰਦਰ ਸਿੱਧੂ ਜੀ ਨੇ ਪਹਿਲੀ ਵਾਰ ‘ਆਰਸੀ’ ਦੀ ਅਦਬੀ ਮਹਿਫਲ਼ ‘ਚ ਸ਼ਿਰਕਤ ਕਰਕੇ ਸਾਡਾ ਮਾਣ ਹੋਰ ਵੀ ਵਧਾ ਦਿੱਤਾ ਹੈ।ਕਿੱਤੇ ਵਜੋਂ ਉਹ ਐਮ.ਬੀ.ਬੀ.ਐਸ. , ਡੀ.ਸੀ.ਐਚ.(ਬੱਚਿਆਂ ਦੇ ਮਾਹਿਰ) ਹਨ।

ਡਾ:ਗੁਰਮਿੰਦਰ ਸਿੱਧੂ ਜੀ ਦੇ ਕਾਵਿ ਸੰਗ੍ਰਹਿ ‘ਚ 'ਹੰਝੂ ਭਿੱਜਿਆ ਮੌਸਮ (1988) ‘ਤਾਰਿਆਂ ਦੀ ਛਾਵੇਂ’ (1990) ‘ਮੱਸਿਆ ਤੇ ਗੁਲਾਬੀ ਲੋਅ’ (1994) ‘ਬੁੱਕਲ਼ ਵਿਚਲੇ ਸੂਰਜ’ (2000) ਤੇ ਵਰਤਕ ‘ਚ ‘ ਨਾ! ਮੰਮੀ ਨਾ’ ਸ਼ਾਮਿਲ ਹਨ।‘ਨਾ!ਮੰਮੀ ਨਾ’ ਕੰਨਿਆ ਭਰੂਣ ਹੱਤਿਆ ਤੋਂ ਲੋਕਾਂ ਨੂੰ ਵਰਜਣ ਸਬੰਧੀ ਇਹ ਚਿੱਠੀ-ਨੁਮਾ ਰਚਨਾ ਲੱਗਭੱਗ ਹਰ ਰਿਸਾਲੇ ਅਖ਼ਬਾਰ ਨੇ ਛਾਪੀ।ਹਿੰਦੀ ਦੇ ‘ਦੈਨਿਕ-ਭਾਸਕਰ’ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਵਿੱਚ ਅਨੁਵਾਦ ਛਪੇ।‘ਇੰਡੀਅਨ ਐਕਸਪਰੈਸ’ ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਦੋ ਵਾਰ ਛਪਿਆ ਅਤੇ ਪੰਜਾਬੀ ਟ੍ਰਿਬਿਊਨ ਦੇ ‘ਕਲਾ ਝਰੋਖੇ’ ਵਿੱਚ ਸੁਪ੍ਰਸਿੱਧ ਨਾਟਕਕਾਰ ਸ: ਗੁਰਸ਼ਰਨ ਸਿੰਘ ਨੇ ਇਹਨੂੰ ਸ਼ਾਹਕਾਰ ਕਵਿਤਾ ਦਾ ਮਾਣ ਦਿੱਤਾ ।

ਕਵਿਤਾਵਾਂ ਤੇ ਆਧਾਰਿਤ ਨਾਟਕ “ਚਿੜੀ ਦੀ ਅੰਬਰ ਵੱਲ ਉਡਾਣ” ਅਨੀਤਾ ਸ਼ਬਦੀਸ਼ ਵਲੋਂ ਵੱਖ ਵੱਖ ਸਟੇਜਾਂ ’ਤੇ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ , ਇਸਦੇ 6 ਸ਼ੋਅ ਇੰਗਲੈਂਡ ਵਿੱਚ ਹੋਏ।ਗੀਤ *ਨਾ ਮੰਮੀ ਨਾ* ਟੈਲੀਫਿਲਮ “ਕੰਮੋ” ਵਿੱਚ ਲੱਗਿਆ ਅਤੇ ਦੇਸ਼-ਵਿਦੇਸ਼ ਦੇ ਟੀਵੀ ਚੈਨਲਾਂ ਤੇ ਵਾਰ ਵਾਰ ਦਿਖਾਇਆ ਗਿਆ।ਇਹਨਾਂ ਯਤਨਾਂ ਨਾਲ ਕਿੰਨੀਆਂ ਹੀ ਕੁੜੀਆਂ ਕੁੱਖ ਵਿੱਚ ਕਤਲ ਹੋਣ ਤੋਂ ਬਚਾਈਆਂ ਜਾ ਸਕੀਆਂ ਜਿਹਨਾਂ ਦੇ ਸਬੂਤ ਕਿਤਾਬ 'ਨਾ!ਮੰਮੀ ਨਾ' ਵਿੱਚ ਪੇਸ਼ ਹਨ।

ਪਾਸ਼ ਯਾਦਗਾਰੀ ਐਵਾਰਡ, ਐਵਾਰਡ ਆਫ ਆਨਰ, ਸਰਟੀਫਿਕੇਟ ਆਫ ਮੈਰਿਟ ਡਾ:ਜਸਵੰਤ ਗਿੱਲ ਐਵਾਰਡ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ,ਲਾਭ ਸਿੰਘ ਚਾਤ੍ਰਿਕ ਐਵਾਰਡ, ਐਵਾਰਡ ਆਫ ਐਕਸੀਲੈਂਸ, ਮਾਲਵੇ ਦਾ ਮਾਣ ਐਵਾਰਡ ,ਰਾਣੀ ਸਾਹਿਬ ਕੌਰ ਪੁਰਸਕਾਰ, (ਵਿਰਾਸਤ ਦਾ ਮਾਣ) ਪੰਜਾਬੀ ਸੱਥ ਲਾਂਬੜਾਂ, ਪਿੰਡ ਦਾ ਮਾਣ ਐਵਾਰਡ,ਮਾਤਾ ਮਾਨਸ ਕੌਰ ਐਵਾਰਡ , ਅਦਾਰਾ ਮਹਿਰਮ ਗਰੁੱਪ ਆਫ ਪਬਲਿਕੇਸ਼ਨਜ਼ ਗਿਆਨੀ ਦਿੱਤ ਸਿੰਘ ਪੁਰਸਕਾਰ,ਵਿਸ਼ਵਾਨਾਥ ਤਿਵਾੜੀ ਐਵਾਰਡ,ਪੰਜਾਬ ਰਤਨ ਐਵਾਰਡ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਮਿਲ਼ੇ ਸਨਮਾਨਾਂ ‘ਚੋਂ ਕੁੱਝ ਹਨ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ‘ਚੋਂ ਦੋ ਬੇਹੱਦ ਖ਼ੂਬਸੁਰਤ ਨਜ਼ਮਾਂ ਨੂੰ ‘ਆਰਸੀ’ ਤੇ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ।ਡਾ: ਸਾਹਿਬਾ ਦੀ ਹਾਜ਼ਰੀ ਨਾਲ਼ ‘ਆਰਸੀ’ ਦੇ ਸਾਹਿਤਕ ਪੈਂਡੇ ਹੋਰ ਰੌਸ਼ਨ ਹੋ ਗਏ ਹਨ। ਬਹੁਤ-ਬਹੁਤ ਸ਼ੁਕਰੀਆ!

ਇਸ ਪੀੜ ਨੂੰ ਕਿਹੜਾ ਨਾਂ ਦੇਵਾਂ ?
ਨਜ਼ਮ


ਇਸ ਪੀੜ ਨੂੰ ਕਿਹੜਾ ਨਾਂ ਦੇਵਾਂ ?
ਇਹਨੂੰ ਕਿਸ ਆਂਦਰ ਵਿੱਚ ਥਾਂ ਦੇਵਾਂ?
ਜ਼ਖਮਾਂ ਦੀ ਸਿਖਰ ਦੁਪਹਿਰ ਹੈ ਇਹ
ਇਹਨੂੰ ਕਿਸ ਬੱਦਲ ਦੀ ਛਾਂ ਦੇਵਾਂ ?
ਵੰਝਲੀ ਦਾ ਜਿਹੜਾ ਵੈਰੀ ਸੀ
ਵੰਝਲੀ ਦਾ ਮਾਲਕ ਬਣ ਬੈਠਾ
ਸਭ ਹੇਕਾਂ , ਹੂਕਾਂ ਹੋ ਗਈਆਂ
ਉਹਨੂੰ ਕਿਉਂ ਰਾਂਝਣ ਦਾ‘ਨਾਂ’ਦੇਵਾਂ ?
ਸਭ ਬੋਟ ਅਲੂੰਏ ਟੁੱਕ ਦਿੱਤੇ
ਟੁੱਕ ਕੇ ਫਿਰ ਧੁੱਪੇ ਸੁੱਟ ਦਿੱਤੇ
ਅਣਜੰਮੀਆਂ ਬੱਚੀਆਂ ਤੜਪਦੀਆਂ
ਮੈਂ ਕਿੱਥੋਂ ਮਹਿਰਮ ਮਾਂ ਦੇਵਾਂ ?
ਅੱਖੀਆਂ ਦਾ ਵਣਜ ਸਹੇੜ ਲਿਆ
ਅੱਖੀਆਂ ਦੇ ਵਪਾਰੀ ਆਏ ਨਾ
ਇਸ ਮੰਡੀ ਵਿੱਚ ਹੱਡ ਵਿਕਦੇ ਨੇ
ਦਿਲ ਦੇ ਦੇਵਾਂ, ਜਾਂ ਨਾ ਦੇਵਾਂ ?
ਇਹ ਦਰਦ ਧੁਰਾਂ ਤੋਂ ਸਾਡਾ ਸੀ
ਇਸ ਦਰਦ ਦੀ ਲਾਟ ਸਲਾਮਤ ਹੈ
ਇਹ ਸੇਕ ਵੀ ਹੈ ਇਹ ਚਾਨਣ ਵੀ
ਉਹ ‘ਨਾਂਹ’ ਦੇਵੇ ਮੈਂ ‘ਹਾਂ’ ਦੇਵਾਂ
ਰੇਤੇ ਨੇ ਪਾਣੀ ਜੀਰ ਲਏ
ਨੈਣਾਂ ਵਿੱਚ ਨਦੀਆਂ ਆ ਗਈਆਂ
ਸੋਹਣੀ ਨੂੰ ਡੰਗਿਆ ਨਾਗਾਂ ਨੇ
ਇਸ ਰੁੱਤ ਨੂੰ ਕਿਹੜਾ ਨਾਂ ਦੇਵਾਂ ?
===============

ਕੁੜੀ ਹੁਣ ਕੋਈ ਖਤ ਨਹੀਂ ਲਿਖੇਗੀ
ਨਜ਼ਮ

ਕੁੜੀ ਹੁਣ ਜਾਣ ਗਈ ਹੈ
ਕਿ ਕਿੰਨੀ ਕੁ ਪੀਡੀ ਹੈ
ਤੇਰੇ ਵਾਅਦਿਆਂ ਦੀ ਗੰਢ
ਤੇ ਕਿੰਨਾ ਕੁ ਗੂੜ੍ਹਾ ਹੈ
ਤੇਰੀ ਮੁਹੱਬਤ ਦਾ ਰੰਗ
ਲੱਭ ਲਿਆ ਹੈ ਉਹਨੇ
ਆਕਾਸ਼-ਗੰਗਾ ਤੋਂ ਪਰ੍ਹਾਂ ਦੀ ਹੋ ਕੇ
ਆਪਣੇ ਘਰ ਵੱਲ ਨੂੰ ਜਾਂਦਾ ਰਾਹ
ਤੇ ਖੁਰਚ ਲਈਆਂ ਨੇ
ਗੁਲਾਬੀ ਤਲੀਆਂ ਉੱਤੋਂ
ਉਡੀਕਾਂ ਦੀਆਂ ਰੇਖਾਵਾਂ
ਮਿਥ ਲਿਆ ਹੈ ਉਹਨੇ ਵੀ ਖੇਡਣਾ
ਰੰਗਾਂ ਨਾਲ, ਰੁੱਤਾਂ ਨਾਲ
ਵਾਅਦਿਆਂ ਨਾਲ, ਇਰਾਦਿਆਂ ਨਾਲ
ਸਿੱਖ ਲਿਆ ਹੈ ਉਹਨੇ ਵੀ ਪਰਚਣਾ
ਸ਼ਬਦਾਂ ਦੇ ਛਣਕਣੇ ਨਾਲ
ਅਰਥਾਂ ਦੇ ਮਣਕਣੇ ਨਾਲ
ਤੇ ਆ ਗਈਆਂ ਨੇ ਉਹਨੂੰ ਵੀ ਵੰਡਣੀਆਂ ਚੂਲੀਆਂ
ਮਿਰਗ-ਛਲ ਦੀ ਸ਼ਰਬਤੀ ਝੀਲ ਵਿੱਚੋਂ
ਇਸ ਲਈ ਰਾਹੀਆ!
ਆਪਣੀ ਗਠੜੀ ਵਿੱਚ ਬੰਨ੍ਹ
ਦੋ ਪਲਾਂ ਦੇ ਵਸਲ ਦਾ ਸਰਾਪ
ਤੇ ਸੁਰਮਈ ਨੈਣਾਂ ਵਿੱਚੋਂ ਡਲ੍ਹਕੇ
ਦੋ ਪਾਣੀ-ਰੰਗੇ ਮੋਤੀ
ਤੇ ਤੁਰਦਾ ਹੋ..
ਜਾਹ…ਜਾਹ…
ਇੰਜ ਪਿੱਛੇ ਭਉਂ ਭਉਂ ਕੇ
ਵਫਾ ਦੇ ਚਿਹਰੇ ਤੋਂ ਬਿਰਹਾ ਦੇ ਨਕਸ਼ ਨਾ ਟੋਲ
ਕੁੜੀ ਹੁਣ ਕੋਈ ਖਤ ਨਹੀਂ ਲਿਖੇਗੀ
ਕੁੜੀ ਹੁਣ ਕੋਈ ਵੀ ਖਤ ਨਹੀਂ ਲਿਖੇਗੀ।

4 comments:

ਤਨਦੀਪ 'ਤਮੰਨਾ' said...

Respected Madam Gurminder Sidhu ji...bahut hi sphniaan nazaman bhejiaan ne tussi..I thank you for sending e your poems and those beautiful mails.

ਸਭ ਬੋਟ ਅਲੂੰਏ ਟੁੱਕ ਦਿੱਤੇ
ਟੁੱਕ ਕੇ ਫਿਰ ਧੁੱਪੇ ਸੁੱਟ ਦਿੱਤੇ
ਅਣਜੰਮੀਆਂ ਬੱਚੀਆਂ ਤੜਪਦੀਆਂ
ਮੈਂ ਕਿੱਥੋਂ ਮਹਿਰਮ ਮਾਂ ਦੇਵਾਂ ?
ਅੱਖੀਆਂ ਦਾ ਵਣਜ ਸਹੇੜ ਲਿਆ
ਅੱਖੀਆਂ ਦੇ ਵਪਾਰੀ ਆਏ ਨਾ
ਇਸ ਮੰਡੀ ਵਿੱਚ ਹੱਡ ਵਿਕਦੇ ਨੇ
ਦਿਲ ਦੇ ਦੇਵਾਂ, ਜਾਂ ਨਾ ਦੇਵਾਂ ?
--------
ਰੇਤੇ ਨੇ ਪਾਣੀ ਜੀਰ ਲਏ
ਨੈਣਾਂ ਵਿੱਚ ਨਦੀਆਂ ਆ ਗਈਆਂ
ਸੋਹਣੀ ਨੂੰ ਡੰਗਿਆ ਨਾਗਾਂ ਨੇ
ਇਸ ਰੁੱਤ ਨੂੰ ਕਿਹੜਾ ਨਾਂ ਦੇਵਾਂ ?

Bahut khoob!! Bahut dard bhareya hai ehna nazaman ch tussi...

ਇਸ ਲਈ ਰਾਹੀਆ!
ਆਪਣੀ ਗਠੜੀ ਵਿੱਚ ਬੰਨ੍ਹ
ਦੋ ਪਲਾਂ ਦੇ ਵਸਲ ਦਾ ਸਰਾਪ
ਤੇ ਸੁਰਮਈ ਨੈਣਾਂ ਵਿੱਚੋਂ ਡਲ੍ਹਕੇ
ਦੋ ਪਾਣੀ-ਰੰਗੇ ਮੋਤੀ
ਤੇ ਤੁਰਦਾ ਹੋ..
ਜਾਹ…ਜਾਹ…
ਇੰਜ ਪਿੱਛੇ ਭਉਂ ਭਉਂ ਕੇ
ਵਫਾ ਦੇ ਚਿਹਰੇ ਤੋਂ ਬਿਰਹਾ ਦੇ ਨਕਸ਼ ਨਾ ਟੋਲ
ਕੁੜੀ ਹੁਣ ਕੋਈ ਖਤ ਨਹੀਂ ਲਿਖੇਗੀ
ਕੁੜੀ ਹੁਣ ਕੋਈ ਵੀ ਖਤ ਨਹੀਂ ਲਿਖੇਗੀ।

Kamaal kar ditti Madam tussi tan aah gall likh ke...no more emotional exploitation!! That's the way it should be..I love these lines!! Ikk vaar pher tuhanu te tuhadi kalam nu salaam!! Jald hi phone vi kraangi...hope you and uncle ji have reached India safe and sound.

Tamanna

ਤਨਦੀਪ 'ਤਮੰਨਾ' said...

I liked both poems written by Gurminder Sidhu ji. Her poetry always conveys a message.

Regards
Harpal Singh Sodhi
India

M S Sarai said...

Dr Gurminder Sidhu Jio
Your poetry is a mind blowing. It is wonderful to see you on Aarsi. Keep it up.
Mota Singh Sarai
UK

Gurmeet Brar said...

Gurminder Didi
bahut time baad tuhadi koi poem padhi.Tuhadi sensetivity kamaak di hai.Dil tumbvi rachna hai
Gurmeet Brar
Sriganganagar(Rajasthan)