ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 10, 2008

ਸ਼ਿਵਚਰਨ ਜੱਗੀ ਕੁੱਸਾ - ਵਿਅੰਗ

ਬਖਤੌਰੇ ਦੀ ਭਈਏ ਨਾਲ ਗੁਫ਼ਤਗੂ
ਵਿਅੰਗ


ਬਿਹਾਰੀ 'ਭਈਏ' ਨੂੰ ਪੰਜਾਬ ਵਿਚ ਆਮ ਪੇਂਡੂ 'ਬੱਈਆ' ਕਹਿ ਕੇ ਬੁਲਾਉਂਦੇ ਹਨ। ਭਈਆ ਪੰਜਾਬ ਵਿਚ ਆ ਕੇ ਪੰਜਾਬੀ ਬੋਲਣੀ ਸਿੱਖੇ ਚਾਹੇ ਨਾ ਸਿੱਖੇ, ਪਰ ਸਾਡੇ ਪੰਜਾਬੀ ਉਸ ਦੀ 'ਭਾਸ਼ਾ' ਜਰੂਰ ਬੋਲਣ ਦੀ ਕੋਸਿ਼ਸ਼ ਕਰਦੇ ਹਨ। ਆਵੇ ਚਾਹੇ ਨਾ ਆਵੇ, ਇਹ ਵੱਖਰੀ ਗੱਲ ਹੈ! ਆਪਣੇ ਪੰਜਾਬੀ ਇਤਨੇ 'ਦਿਲ-ਦਰਿਆ' ਹਨ ਕਿ ਭਈਏ ਨੂੰ ਪੰਜਾਬੀ ਬੋਲਣ ਦੀ ਆਦਤ ਨਹੀਂ ਪਾਉਂਦੇ, ਸਗੋਂ ਹਿੰਦੀ ਦੀ ਅਹੀ-ਤਹੀ ਜ਼ਰੂਰ ਫੇਰਨਗੇ। ਸਾਰਾ ਪਿੰਡ ਇੱਕ ਭਈਏ ਨੂੰ ਪੰਜਾਬੀ ਬੋਲਣ ਦੀ ਆਦਤ ਨਹੀਂ ਪਾ ਸਕਦਾ, ਜਦ ਕਿ ਇਕੱਲਾ ਭਈਆ ਸਾਰੇ ਪਿੰਡ ਨੂੰ ਹਿੰਦੀ ਨਹੀਂ ਬਲਕਿ 'ਭਈਆਣੀ' ਬੋਲੀ ਬੋਲਣ ਲਾ ਲੈਂਦਾ ਹੈ! ਵੱਡੇ ਬਾਈ ਗੁਰਦਾਸ ਮਾਨ ਦੀ ਕਹੀ ਗੱਲ ਸੱਚੀ ਹੈ ਕਿ ਹਰ ਦੇਸ਼ ਦਾ ਬੰਦਾ ਦਾਰੂ ਪੀ ਕੇ ਆਪਣੀ-ਆਪਣੀ ਭਾਸ਼ਾ ਬੋਲਦਾ ਹੈ, ਇਹ ਸਿਰਫ਼ ਇੱਕ ਪੰਜਾਬੀ ਹੀ ਹੈ ਕਿ ਪੀ ਕੇ ਅੰਗਰੇਜ਼ੀ ਨੂੰ ਹੀ ਮੂੰਹ ਮਾਰੂ। ਜੇ ਮੇਰੇ ਵਰਗੇ ਨੂੰ ਅੰਗਰੇਜ਼ੀ ਨਾ ਵੀ ਆਉਂਦੀ ਹੋਵੇਗੀ ਤਾਂ ਪੀ ਕੇ "ਪੈਰ-ਮਿੱਧ" ਅੰਗਰੇਜ਼ੀ ਜ਼ਰੂਰ ਬੋਲੂ! ਜਾਂ ਰੋਅਬ ਪਾਉਣ ਲਈ ਅੰਗਰੇਜ਼ੀ ਦੀ "ਖੁਰ-ਵੱਢ" ਜ਼ਰੂਰ ਕਰੂ।
ਪੰਜਾਬੀ, ਬਾਬਾ ਫ਼ਰੀਦ, ਬਾਬਾ ਕਬੀਰ, ਸਾਈਂ ਬੁੱਲ੍ਹੇ ਸ਼ਾਹ, ਬਾਹੂ, ਬਾਬਾ ਵਾਰਿਸ ਸ਼ਾਹ, ਸ਼ਾਹ ਹੁਸੈਨ, ਪੀਲੂ, ਕਾਦਰ ਯਾਰ, ਪ੍ਰੋ਼ਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਸਰਬ ਰਾਮ ਫਿ਼ਲੌਰੀ, ਧਨੀ ਰਾਮ ਚਾਤ੍ਰਿਕ, ਬਾਬੂ ਰੱਜਬ ਅਲੀ, ਫਿ਼ਰੋਜਉ਼ਦੀਨ, ਸਿ਼ਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ, ਸੰਤ ਸਿੰਘ ਸੇਖੋਂ, ਨਾਨਕ ਸਿੰਘ, ਬਲਵੰਤ ਗਾਰਗੀ, ਸੁਰਜੀਤ ਪਾਤਰ ਅਤੇ ਜਸਵੰਤ ਸਿੰਘ ਕੰਵਲ ਦਾ ਰਸਤਾ ਛੱਡ ਕੇ, ਬਾਊ ਗੰਗਾ ਰਾਮ ਅਤੇ ਤਾਊ ਜਮਨਾ ਦਾਸ ਵਾਲਾ ਰਸਤਾ ਅਖ਼ਤਿਆਰ ਕਰੀ ਜਾ ਰਹੇ ਹਨ! ਭਾਸ਼ਾ ਸਿੱਖਣੀ ਕੋਈ ਵੀ ਮਾੜੀ ਨਹੀਂ, ਪਰ ਅਗਲੇ ਦੀ ਚੋਪੜੀ ਦੇਖ ਕੇ ਆਪਣੀ ਰੁੱਖੀ ਵੀ ਪਰ੍ਹੇ ਵਗਾਹ ਮਾਰਨੀ ਕਿਧਰਲੀ ਸਮਝਦਾਰੀ ਜਾਂ ਭਲਮਾਣਸੀ ਹੈ? ਬਾਬੇ ਫ਼ਰੀਦ ਮੁਤਾਬਿਕ, "ਰੁਖੀ ਸੁਖੀ ਖਾਇਕੈ ਠੰਢਾ ਪਾਣੀ ਪੀਉ।। ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਈ ਜੀਓ।।" ਅਨੁਸਾਰ ਚੱਲਣਾ ਹੀ ਲਾਇਕੀ ਹੈ! ਬਿਗਾਨੀ ਚੀਜ਼ ਹਰ ਹੱਦ ਤੱਕ ਬਿਗਾਨੀ ਹੀ ਰਹੇਗੀ, ਕਦਾਚਿੱਤ ਆਪਣੀ ਨਹੀਂ ਬਣੇਗੀ। ਅੱਗਾ ਦੌੜ ਪਿੱਛਾ ਚੌੜ ਕਰਨ ਦਾ ਫ਼ਾਇਦਾ? ਸਿਰਫ਼ ਫ਼ੁਕਰਪੁਣਾ? ਜਾਂ ਮੂਰਖਤਾਈ? ਆਪਣੇ ਪਾਇਆ ਹੋਇਆ ਝੱਗਾ ਆਪ ਪਾੜਨ ਵਾਲੇ ਨੂੰ ਤਮਾਸ਼ਬੀਨਾਂ ਤੋਂ ਇਲਾਵਾ ਕੋਈ 'ਸੂਰਮਾ' ਨਹੀਂ ਕਹਿੰਦਾ!
ਇਕ ਵਾਰੀ ਮੈਂ ਇਕ ਗੱਲ ਸੁਣੀ ਸੀ ਕਿ ਕਿਸੇ ਚਿੜੀ ਅਤੇ ਘੁੱਗੀ ਦੀ ਯਾਰੀ ਸੀ। ਇੱਕੋ ਦਰੱਖਤ 'ਤੇ ਹੀ ਰਹਿੰਦੀਆਂ ਅਤੇ ਖੁਸ਼ੀ-ਖ਼ੁਸ਼ੀ ਦਿਨ ਬਤੀਤ ਕਰਦੀਆਂ। ਬਾਤਾਂ ਪਾਉਂਦੀਆਂ ਅਤੇ ਹੱਸਦੀਆਂ ਖੇਡਦੀਆਂ। ਸਮਾਂ ਪਾ ਕੇ ਦੋਹਾਂ ਨੇ ਆਂਡੇ ਦਿੱਤੇ ਅਤੇ ਬੱਚੇ ਵੀ ਕੱਢ ਲਏ। ਦੋਹਾਂ ਨੇ ਸਕੀਮ ਬਣਾਈ ਕਿ ਕਿਸੇ ਦੂਸਰੇ ਦੇਸ਼ ਦੀ ਸੈਰ ਕੀਤੀ ਜਾਵੇ। ਬੱਚਿਆਂ ਨੂੰ ਚਿੜੀ ਦੀ ਭੈਣ ਕੋਲ ਛੱਡਿਆ ਜਾਵੇ। ਸਕੀਮ ਪਾਸ ਹੋ ਗਈ। ਬੱਚਿਆਂ ਨੂੰ ਚਿੜੀ-ਮਾਸੀ ਕੋਲ ਛੱਡ ਦਿੱਤਾ ਗਿਆ। ਘੁੱਗੀ ਅਤੇ ਚਿੜੀ ਦੂਸਰੇ ਦੇਸ਼ ਸੈਰ-ਸਪਾਟੇ ਲਈ ਨਿਕਲ ਤੁਰੀਆਂ। ਮਹੀਨੇ ਦਾ ਸਮਾਂ ਗੁਜ਼ਰ ਗਿਆ। ਦੋਹਾਂ ਨੇ ਵਾਪਿਸੀ ਕਰ ਲਈ। ਬੱਚਿਆਂ ਲਈ ਅਤੇ ਬੱਚਿਆਂ ਦੀ ਚਿੜੀ-ਮਾਸੀ ਲਈ ਤੋਹਫ਼ੇ ਖ਼ਰੀਦ ਲਏ। ਜਦੋਂ ਚਿੜੀ ਅਤੇ ਘੁੱਗੀ ਬੱਚਿਆਂ ਪਾਸ ਪਹੁੰਚੀਆਂ ਤਾਂ ਉਹ ਘੋਰ ਹੈਰਾਨ ਹੋ ਗਈਆਂ! ਰੱਫ਼ੜ ਇਹ ਪਿਆ ਕਿ ਬੱਚੇ ਨਾ ਤਾਂ ਪੂਰੀ ਚਿੜੀ ਦੀ ਭਾਸ਼ਾ ਬੋਲਣ ਅਤੇ ਨਾ ਹੀ ਪੂਰੀ ਘੁੱਗੀ ਵਾਲੀ! ਬੜੀਆਂ ਦੁਖੀ ਹੋਈਆਂ। ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਉਹ ਬੱਚਿਆਂ ਨੂੰ ਚਿੜੀ ਆਖ ਕੇ ਬੁਲਾਉਣ ਕਿ ਘੁੱਗੀ? ਸਿਆਪਾ ਖੜ੍ਹਾ ਹੋ ਗਿਆ। ਘੁੱਗੀ ਨੇ ਸਿਆਣੇ ਕਾਂ ਨੂੰ ਬੁਲਾਇਆ। ਘੁੱਗੀ ਨੇ ਕਾਂ ਨੂੰ ਬੇਨਤੀ ਕੀਤੀ ਕਿ ਬੱਚੇ ਨਾ ਚਿੜੀ ਵਾਲੀ ਭਾਸ਼ਾ ਬੋਲਦੇ ਹਨ ਅਤੇ ਨਾ ਹੀ ਘੁੱਗੀ ਵਾਲੀ, ਇਹਨਾਂ ਨੂੰ ਕੀ ਆਖ ਕੇ ਬੁਲਾਇਆ ਜਾਵੇ? ਸਿਆਣੇ ਕਾਂ ਨੇ ਫ਼ੈਸਲਾ ਦਿੱਤਾ ਕਿ ਭੈਣ ਜੀ ਇਹਨਾਂ ਨੂੰ ਨਾ ਚਿੜੀ ਅਤੇ ਨਾ ਹੀ ਘੁੱਗੀ ਕਿਹਾ ਜਾਵੇ, ਸਗੋਂ ਇਹਨਾਂ ਨੂੰ "ਚਿਰੜਘੁੱਗ" ਆਖ ਕੇ ਪੁਕਾਰਿਆ ਜਾਵੇ! ਫ਼ੈਸਲਾ ਸਰਬ-ਸੰਮਤੀ ਨਾਲ ਮੰਨ ਲਿਆ ਗਿਆ। ਬੱਚਿਆਂ ਨੂੰ 'ਚਿਰੜਘੁੱਗ' ਆਖ ਕੇ ਬੁਲਾਇਆ, ਸਨਮਾਨਿਆਂ ਜਾਣ ਲੱਗਾ। ਚਿੜੀਆਂ ਵੀ ਖੁਸ਼ ਅਤੇ ਘੁੱਗੀਆਂ ਵੀ ਬਾਗੋਬਾਗ!
ਬਿਲਕੁਲ ਇਹੋ ਹਾਲਤ ਪੰਜਾਬ ਵਿਚ ਪੰਜਾਬੀਆਂ ਅਤੇ ਭਈਆਂ ਦੀ ਹੈ। ਭਈਏ ਵੀ ਖੁਸ਼ ਅਤੇ ਪੰਜਾਬੀ ਵੀ ਖੁਸ਼! ਭਈਏ ਤਾਂ, ਤਾਂ ਖੁਸ਼ ਹਨ ਕਿ ਅਸੀਂ "ਆਕੜਖਾਨ" ਪੰਜਾਬੀਆਂ ਨੂੰ ਆਪਣੀ ਬੋਲੀ ਬੋਲਣ ਲਾ ਲਿਆ ਹੈ ਅਤੇ ਪੰਜਾਬੀ ਤਾਂ ਖੁਸ਼ ਕਿ ਸਾਨੂੰ 'ਹਿੰਦੀ' ਬੋਲਣੀ ਆ ਗਈ ਹੈ। ਬੋਲਦੇ ਉਹ ਚਾਹੇ 'ਟੋਚਨ-ਪਾਊ' ਹੀ ਹਨ।
ਇਕ ਵਾਰ ਅਸੀਂ ਕਈ 'ਪੜ੍ਹੇ-ਲਿਖੇ' ਦੋਸਤ ਦਿੱਲੀ ਨੇੜੇ ਢਾਬੇ 'ਤੇ ਰੋਟੀ ਖਾਣ ਬੈਠ ਗਏ। ਮੇਰਾ ਦੋਸਤ ਢਾਬੇ ਵਾਲੇ ਨੂੰ ਆਖਣ ਲੱਗਿਆ, "ਕਾਕੇ ਰੋਟੀ ਜ਼ਰਾ ਰਾੜ੍ਹ ਕਰ ਦੇਨੀ!" ਢਾਬੇ ਵਾਲੇ ਨੂੰ ਸਮਝ ਨਾ ਆਈ ਕਿ ਪੰਜਾਬੀ "ਰਾੜ੍ਹ ਕਰ" ਕਿਸ ਨੂੰ ਆਖ ਰਹੇ ਸਨ? ਉਹ ਢਾਬੇ ਵਾਲਾ ਪੁੱਛੇ, "ਸਾਹਬ ਜੀ ਰਾੜ੍ਹ ਕਰ ਕਿਆ ਹੋਤਾ ਹੈ?" ਸਾਨੂੰ ਇਹ ਨਾ ਸਮਝ ਲੱਗੇ ਬਈ ਅਸੀਂ "ਰਾੜ੍ਹ ਕੇ" ਨੂੰ ਹਿੰਦੀ ਵਿਚ ਕੀ ਕਹੀਏ? ਆਸੇ ਪਾਸੇ ਨਜ਼ਰ ਮਾਰੀ ਕਿ ਸ਼ਾਇਦ ਕੋਈ "ਰਾੜ੍ਹ ਕੇ" ਦਾ ਮਤਲਬ ਦੱਸਣ ਵਾਲਾ ਹੀ ਮਿਲ ਜਾਵੇ? ਪਰ ਮਿਹਨਤ ਪੱਲੇ ਨਾ ਪਈ। ਫਿਰ ਮੇਰਾ ਮਿੱਤਰ ਝੂਠਾ ਜਿਹਾ ਪੈ ਕੇ ਕਹਿਣ ਲੱਗਿਆ, "ਜੈਸੀ ਹੈਂ, ਆਨੇ ਦੋ ਯਾਰ-ਖਾਲੇਂਗੇ!" ਜਦ ਅਸੀਂ ਦਿੱਲੀ ਆ ਕੇ ਸਾਡੇ ਫ਼ੌਜੀ ਕਰਨਲ, ਮਾਮੇਂ ਦੇ ਮੁੰਡੇ ਨੂੰ ਪੁੱਛਿਆ ਤਾਂ ਉਹ ਹੱਸ ਕੇ ਕਹਿਣ ਲੱਗਿਆ, "ਤੁਸੀਂ ਸਾਰੇ ਹੀ ਧੂਹ-ਘੜ੍ਹੀਸ ਸੀ? ਆਖ ਦਿੰਦੇ, ਰੋਟੀ ਜ਼ਰਾ ਸੇਕ ਕਰ ਲਿਆਈਏ!" ਤਾਂ ਅਸੀਂ ਛਿੱਥੇ ਜਿਹੇ ਪੈ ਗਏ। ਫ਼ਰਕ ਸਿਰਫ਼ 'ਸੇਕ' ਅਤੇ 'ਰਾੜ੍ਹ' ਦਾ ਸੀ।
ਮੈਂ ਹੁਣ ਤੱਕ ਸਤਾਰਾਂ ਕਿਤਾਬਾਂ (ਨਾਵਲ ਅਤੇ ਕਹਾਣੀ-ਸੰਗ੍ਰਹਿ) ਲਿਖ ਚੁੱਕਾ ਹਾਂ, ਪਰ ਮੈਨੂੰ ਹੁਣ ਤੱਕ ਹਿੰਦੀ ਵਿਚ "ਰਿਸ਼ੀ" ਨਹੀਂ ਲਿਖਣਾ ਆਉਂਦਾ। ਦਸਵੀਂ ਜਮਾਤ ਵਿਚ ਕਿਸੇ ਦੀ ਹਿਸਾਬ ਵਿਚੋਂ, ਕਿਸੇ ਦੀ ਸਾਇੰਸ ਵਿਚੋਂ ਅਤੇ ਕਿਸੇ ਦੀ ਅੰਗਰੇਜ਼ੀ ਵਿਚੋਂ ਕੰਪਾਰਟਮੈਂਟ ਆਈ ਸੀ, ਪਰ ਮੇਰੀ ਹਿੰਦੀ ਵਿਚੋਂ ਆ ਗਈ ਸੀ। ਘਰਦਿਆਂ ਨੇ ਸੁੱਕੇ ਛਿੱਤਰਾਂ ਨਾਲ ਕੁੱਟਿਆ ਸੀ ਕਿ ਸਾਡਾ ਮੁੰਡਾ ਐਡਾ ਨਲਾਇਕ? ਜਿਹੜਾ ਹਿੰਦੀ ਵਿਚੋਂ ਹੀ ਰਹਿ ਗਿਆ?
ਦਸਵੀਂ ਜਮਾਤ ਵਿਚ ਜਦ ਹਿੰਦੀ ਦੇ ਅਧਿਆਪਕ, ਸੱਤਪਾਲ ਗੁਪਤਾ ਮੋਗੇ ਵਾਲੇ ਨੇ ਮੈਨੂੰ ਕੁੱਟਣਾ ਹੁੰਦਾ, ਉਹ ਮੈਨੂੰ ਖੜ੍ਹਾ ਕਰ ਲੈਂਦਾ ਅਤੇ ਬਲੈਕ-ਬੋਰਡ ਉਪਰ "ਰਿਸ਼ੀ" ਲਿਖਣ ਲਈ ਆਖਦਾ। ਇਕ ਵਾਰ ਮੈਂ "ਰਿਸ਼ੀ" ਬਣਾ ਜਿਹਾ ਤਾਂ ਲਿਆ, ਪਰ ਮੈਨੂੰ ਇਹ ਨਾ ਪਤਾ ਲੱਗੇ ਕਿ "ਰਿਸ਼ੀ ਜੀ ਮਹਾਰਾਜ" ਨੂੰ ਸਿਹਾਰੀ ਲੱਗਣੀ ਹੈ ਕਿ ਬਿਹਾਰੀ? ਮੈਂ ਜੱਕੋ ਤੱਕੀ ਵਿਚ ਸਿਹਾਰੀ ਅਗਲੇ ਪਾਸੇ ਪਾ ਦਿੱਤੀ। ਗੁਪਤਾ ਜੀ ਨੇ ਸਿਹਾਰੀ ਅਗਲੇ ਪਾਸੇ ਪਾਉਣ ਦਾ ਕਾਰਨ ਪੁੱਛਿਆ ਤਾਂ ਮੈਂ ਸੋਚਿਆ ਕਿ ਕੁੱਟ ਤਾਂ ਪੈਣੀ ਹੀ ਪੈਣੀ ਹੈ, ਕਿਉਂ ਨਾ ਗੱਲ ਹਾਸੇ ਪਾ ਲਈ ਜਾਵੇ? ਮੈਂ ਉੱਤਰ ਦਿੱਤਾ, "ਮਾਸਟਰ ਜੀ-ਇਹ ਸਿਹਾਰੀ ਮੈਂ ਅਗਲੇ ਪਾਸੇ ਤਾਂ ਪਾਈ ਹੈ ਕਿ ਰਿਸ਼ੀ ਜੀ ਕਿਤੇ ਭੱਜ ਨਾ ਜਾਣ!" ਇਤਨਾ ਕਹਿਣ ਦੀ ਦੇਰ ਸੀ ਕਿ ਗੁਪਤਾ ਜੀ ਦੇ ਹੱਥ ਵਾਲਾ ਡੰਡਾ ਮੇਰੇ ਮੌਰਾਂ ਵਿਚ ਵਰ੍ਹਨ ਲੱਗ ਪਿਆ।

ਇਸੇ ਤਰ੍ਹਾਂ ਹੀ ਬਖਤੌਰੇ ਦੀ ਪਿੰਡ ਵਿਚ ਇਕ ਨਵੇਂ ਨਵੇਂ ਆਏ ਭਈਏ ਨਾਲ ਸੱਥ ਵਿਚ ਹੀ ਮੁਲਾਕਾਤ ਹੋ ਗਈ। ਕਈ ਜਾਣੇ ਸੱਥ ਵਿਚ ਭਈਏ ਦੁਆਲੇ ਇਕੱਠੇ ਹੋਏ ਬੈਠੇ ਸਨ, ਜਿਵੇਂ ਭਈਆ ਕੋਈ ਮੰਤਰੀ ਸੀ। ਪਿੰਡ ਵਿਚ ਨਵਾਂ ਜੀਅ ਸੀ। ਹਰ ਕੋਈ ਭਈਏ ਬਾਰੇ ਉੱਤਸੁਕਤਾ ਰੱਖਦਾ ਸੀ।
ਬਖਤੌਰਾ ਉਸ ਭਈਏ ਨਾਲ ਗੁਫ਼ਤਗੂ ਕਰਨ ਲੱਗ ਪਿਆ।
-"ਕਿਆ ਨਾਂਮ ਹੈ ਬਈਆ ਆਪਣਾ?"
-"ਜੀ ਰਘੂ ਰਾਮ!"
-"ਕਿਹਨਾਂ ਕੇ ਆਏ ਹੈਂ?"
-"ਜੀ ਗੀਲੋਂ ਕੇ।"
-"ਕੌਣ ਸਾ ਪਿੰਡ ਹੈ?"
-"ਜੀ ਪੀਂਡ ਹਮਾਰਾ ਹੈ ਹਰਸ਼ ਨਗਰ।"
-"ਕਿੱਧਰ ਪੜਤਾ ਹੈ ਯੇਹ?" ਨੰਜੂ ਨੇ ਗਰਦੌਰੀ ਕਰਨ ਵਾਲਿਆਂ ਵਾਂਗ ਪੁੱਛਿਆ।
-"ਜੀ ਬਿਹਾਰ ਮੇਂ।"
-"ਫੌਜੀ ਲੇਕਰ ਆਇਆ ਹੋਗਾ ਤੁਮਕੋ?" ਪੂਰਨਾਂ ਖੈਹਰ੍ਹਾ ਬੋਲਿਆ।
-"ਜੀ-ਫੋਜੀ ਹੀ ਲੇਕਰ ਆਯਾ।"
-"ਕੱਲਾ ਈ ਆਏ ਹੋ ਜਾਂ ਪ੍ਰਵਾਰ ਸਾਥ?"
-"ਜੀ ਅਕੇਲਾ ਹੀ ਇਧਰ ਆਇਆ ਹੂੰ।"
-"ਵਿਆਹ ਹੂਆ ਹੈ?" ਨੀਲੂ ਨੇ ਵਿਚ ਪੈ ਕੇ ਪੁੱਛਿਆ।
-"ਹਾਂ ਜੀ।"
-"ਘਰਵਾਲੀ?"
-"ਜੀ ਉਧਰ ਹੀ ਹੈ।"
-"ਬਿਹਾਰ ਮੇਂ?"
-"ਹਾਂ ਜੀ।"
-"ਕੋਈ ਉੜੰਗ ਕਰ ਲੇ ਜਾਵੇਗਾ-ਐਧਰ ਈ ਮੰਗਵਾਲੇ।" ਭਾਲਾ ਬਾਈ ਬੋਲਿਆ।
ਭਈਆ ਸਮਝਿਆ ਤਾਂ ਸ਼ਾਇਦ ਪੂਰੀ ਗੱਲ ਨਹੀਂ ਸੀ। ਪਰ ਫਿਰ ਵੀ ਹੱਸ ਪਿਆ।
-"ਕਾਮ ਕਰ ਦੱਬ ਕਰ-ਫਿਰ ਘਰਵਾਲੀ ਮੰਗਵਾ ਲੇਨਾ-ਕਿੰਨੇ ਭੈਣ ਭਾਈ ਹੋ?"
-"ਜੀ ਆਠ।"
-"ਬੂੜ੍ਹੇ ਬੁੜੀ ਕੋ ਹੋਰ ਕੋਈ ਕਾਮ ਨਹੀਂ ਥਾ?" ਸੁੱਚੇ ਸੂਰਮੇ ਨੇ ਕਿਹਾ।
ਭਈਆ ਫਿਰ ਹੱਸ ਪਿਆ।
-"ਪੜ੍ਹਿਆ ਲਿਖਿਆ ਵੀ ਹੈਂ ਕੁਛ?" ਮਾਸਟਰ ਸੁਰਿੰਦਰ ਰਾਮ ਬੋਲਿਆ।
-"ਜੀ ਨਹੀ।"
-"ਕਿਤਨੀ ਉਮਰ ਮੇ ਸਕੂਲ ਜਾਤਾ ਹੈ ਤੁਮਾਰੇ?" ਨਿੰਮੀ ਨੇ ਮਰਦਮ-ਸੁਮਾਰੀ ਕਰਨ ਵਾਲਿਆਂ ਵਾਂਗ ਸੁਆਲ ਕੀਤਾ।
-"ਜੀ ਯਹੀ ਕੋਈ ਚਾਰ ਪਾਂਚ ਸਾਲ ਕਾ।"
ਗਿੱਲਾਂ ਦੇ ਫ਼ੌਜੀ ਨੇ ਭਈਏ ਨੂੰ ਦੂਰੋਂ ਹਾਕ ਮਾਰੀ।
-"ਉਏ ਬਈਆ! ਐਥੇ ਬੈਠਾ ਹੈਂ-ਕਾਮ ਤੁਮਾਰਾ ਫੁੱਫੜ ਕਰੇਗਾ?"
-"ਜਾਹ ਬਈਆ-ਵੱਜ ਗਈ ਤੁਮ ਕੋ ਹਾਕ।" ਬਖਤੌਰਾ ਬੋਲਿਆ।
ਭਈਆ ਉਠ ਕੇ ਤੁਰ ਚੱਲਿਆ।
-"ਫੌਜੀ ਸੇ ਬਚ ਕਰ ਰਹੀਂ-ਪੈਰੋਂ ਸੇ ਛੇਤੀ ਹੀ ਮੀਟੀ ਕਾਢਣ ਲੱਗ ਜਾਤਾ ਹੈ।" ਬਖਤੌਰੇ ਨੇ ਕੰਨ ਕੀਤੇ।
-"ਇਸ ਕੀ ਡਾਂਗ ਖਤਰਨਾਕੀ ਹੈ-ਔਰ ਨਾ ਚਿੱਬ ਪਾ ਦੇ ਤੇਰੀ ਪੁੜਪੜੀ ਮੇਂ।"
-"ਬਈਆ ਬਚ ਕਰ ਰਹਿਣਾ-ਯੇਹ ਫੌਜੀ ਕੂਟਤਾ ਘੱਟ ਔਰ ਘੜੀਸਾ ਘੜ੍ਹੀਸੀ ਜਾਅਦੇ ਕਰਤਾ ਹੈ।"
-"ਉਏ ਕਾਹਨੂੰ ਇਹਨੂੰ ਹੌਲ ਪਾਈ ਜਾਨੇ ਐਂ ਗਵੱਜੀਓ-ਭਈਆ ਨਾ ਭਜਾ ਦਿਓ!" ਦੂਰੋਂ ਫੌਜੀ ਨੇ ਹੋਕਰਾ ਮਾਰਿਆ।
ਭਈਆ 'ਭਿੰਨ-ਭਿੰਨ' ਕਰਦਾ ਭੱਜਿਆ ਹੀ ਜਾ ਰਿਹਾ ਸੀ।
-"ਚੱਲ ਉਏ ਬਈਆ-ਯੇਹ ਤੋ ਵਿਹਲੇ ਹੈਂ-ਤੂੰ ਤਾਂ ਕੋਈ ਕਾਮ ਕਰ ਲੀਆ ਕਰ-ਚੱਲ ਮੱਝੋਂ ਕੋ ਛੱਪੜ ਪਰ ਲੇ ਕਰ ਜਾਹ ਔਰ ਬਲਦੋਂ ਕੋ ਸੰਨ੍ਹੀ ਰਲਾ-ਠਰਕ ਮੱਤ ਭੋਰਿਆ ਕਰ ਇਨਕੇ ਸਾਥ-ਯੇਹ ਤੋ ਵਿਗੜੇ ਹੂਏ ਈ ਹੈਂ-ਤੁਮ ਕੋ ਵੀ ਵਿਗਾੜ ਦੇਂਗੇ-ਇਨਕਾ ਲਟਰਮ ਪਟਰਮ ਮੱਤ ਸੁਨਿਆ ਕਰ-ਇਨਹੇਂ ਤੋ ਨੂੰਹ ਲਿਆਨੀ ਨਹੀਂ ਧੀ ਤੋਰਨੀ ਨਹੀਂ-ਤੁਮ ਤੋ ਆਪਣੇ ਟੱਬਰ ਕਾ ਫਿਕਰ ਕਰਿਆ ਕਰੋ-ਯੱਕੜ ਮਾਰਨਾ ਛੋੜੋ ਔਰ ਕਾਮ ਕਰੋ।" ਫੌਜੀ ਭਈਏ ਨੂੰ ਮੱਤਾਂ ਦੇਈ ਜਾ ਰਿਹਾ ਸੀ। ਮਾਸਟਰ ਸੁਰਿੰਦਰ ਰਾਮ ਫੌਜੀ ਦੀ ਹਿੰਦੀ 'ਤੇ ਅੰਦਰੋ ਅੰਦਰੀ ਹੱਸ ਰਿਹਾ ਸੀ।
ਭਈਆ ਮੱਝਾਂ ਖੋਲ੍ਹਣ ਜਾ ਲੱਗਿਆ।

2 comments:

ਤਨਦੀਪ 'ਤਮੰਨਾ' said...

Kussa Saheb..I wish I were talented like you te meri Hindjabi te muharat hundi tan tippni tuhadey hi andaaz ch karni si...Ajj post karn ton baad viang pher parheya...I rippled with laughter.
ਇਕ ਵਾਰ ਮੈਂ "ਰਿਸ਼ੀ" ਬਣਾ ਜਿਹਾ ਤਾਂ ਲਿਆ, ਪਰ ਮੈਨੂੰ ਇਹ ਨਾ ਪਤਾ ਲੱਗੇ ਕਿ "ਰਿਸ਼ੀ ਜੀ ਮਹਾਰਾਜ" ਨੂੰ ਸਿਹਾਰੀ ਲੱਗਣੀ ਹੈ ਕਿ ਬਿਹਾਰੀ? ਮੈਂ ਜੱਕੋ ਤੱਕੀ ਵਿਚ ਸਿਹਾਰੀ ਅਗਲੇ ਪਾਸੇ ਪਾ ਦਿੱਤੀ। ਗੁਪਤਾ ਜੀ ਨੇ ਸਿਹਾਰੀ ਅਗਲੇ ਪਾਸੇ ਪਾਉਣ ਦਾ ਕਾਰਨ ਪੁੱਛਿਆ ਤਾਂ ਮੈਂ ਸੋਚਿਆ ਕਿ ਕੁੱਟ ਤਾਂ ਪੈਣੀ ਹੀ ਪੈਣੀ ਹੈ, ਕਿਉਂ ਨਾ ਗੱਲ ਹਾਸੇ ਪਾ ਲਈ ਜਾਵੇ? ਮੈਂ ਉੱਤਰ ਦਿੱਤਾ, "ਮਾਸਟਰ ਜੀ-ਇਹ ਸਿਹਾਰੀ ਮੈਂ ਅਗਲੇ ਪਾਸੇ ਤਾਂ ਪਾਈ ਹੈ ਕਿ ਰਿਸ਼ੀ ਜੀ ਕਿਤੇ ਭੱਜ ਨਾ ਜਾਣ!" ਇਤਨਾ ਕਹਿਣ ਦੀ ਦੇਰ ਸੀ ਕਿ ਗੁਪਤਾ ਜੀ ਦੇ ਹੱਥ ਵਾਲਾ ਡੰਡਾ ਮੇਰੇ ਮੌਰਾਂ ਵਿਚ ਵਰ੍ਹਨ ਲੱਗ ਪਿਆ।
Danda tan mauraan ch vajjna hi si..jadon shrartan eho jehiaan si...:)

Keep it up!! Punjabi sahit ton tuhadey ton bahut umeedan hann..:)

Tamanna

Rishi Gulati said...

ਜੱਗੀ ਬਾਈ ਜੀ, ‘ਕੱਲੇ ਤੁਸੀਂ ਹੀ ਮੈਨੂੰ ਮਿਲੇ ਹੋ, ਜਿਹਨਾਂ ਨੇ ਮੇਰੀ ਸਮੱਸਿਆ ਨੂੰ ਸਮਝਿਆ ਹੈ | ਜਦ ਸਕੂਲ ਵਿੱਚ ਹਿੰਦੀ ਵਾਲੇ ਕੈਦੇ ਤੇ “ਰੀ” “ਰੀਸ਼ੀ” ਪੜਿਆ ਤਾਂ ਕਈ ਸਾਲ ਉਵੇਂ ਹੀ ਹਿੰਦੀ ਵਿੱਚ ਨਾਮ ਲਿਖਦਾ ਰਿਹਾ | ਪਰ ਕਈਆਂ ਨੂੰ ਪੜਨ ਦੀ ਸਮੱਸਿਆ ਰਹਿੰਦੀ ਸੀ | ਪਹਿਲਾਂ ਪਹਿਲ ਜਦ ਲਿਖਣਾ ਸ਼ੁਰੂ ਕੀਤਾ ਤਾਂ ਸ਼ੁਰੂਆਤ ਹਿੰਦੀ ਵਿੱਚ ਕੀਤੀ ਸੀ ਪਰ ਨਾਮ ਦੀ ਸਮੱਸਿਆ ਬਰਕਰਾਰ ਸੀ ਤੇ ਆਰਟੀਕਲ ਹਿੰਦੀ ਵਿੱਚ ਲਿਖਕੇ ਥੱਲੇ ਆਪਣਾ ਨਾਮ ਅੰਗਰੇਜ਼ੀ ਵਿੱਚ ਲਿਖਦਾ ਹੁੰਦਾ ਸੀ | ਬਾਈ ਜੀ ਹਾਸੋ ਹੀਣੀ ਗੱਲ ਇਹ ਹੈ ਕਿ ਮੈਗਜ਼ੀਨ ਵਿੱਚ ਵੀ ਆਰਟੀਕਲ ਹਿੰਦੀ ਤੇ ਨਾਮ ਅੰਗਰੇਜ਼ੀ ਵਿੱਚ ਛਪਦਾ ਹੁੰਦਾ ਸੀ | ਹੁਣ ਬਾਈ ਜੀ, ਪੜਾਈ ਛੱਡਿਆਂ ਜੁੱਗੜੇ ਬੀਤ ਗਏ ਹਨ ਤੇ ਹਿੰਦੀ ਵਿੱਚ ਲਿਖਣਾ ਵੀ ਛੱਡ ਚੁੱਕਾ ਹਾਂ ਪਰ ਇਹ ਨਾਮ ਦੀ ਅੱਜ ਤੱਕ ਸਮਝ ਨਹੀਂ ਆਈ ਕਿ ਕਿੰਝ ਲਿਖਾਂ ? ਖ਼ੈਰ ! ਅੱਜ ਆਪਜੀ ਦੀ ਰਚਨਾ ਨੇ ਬਚਪਨ ਯਾਦ ਕਰਵਾ ਦਿੱਤਾ | ਸ਼ੁਕਰੀਆ ਬਾਈ |

ਰਿਸ਼ੀ ਗੁਲਾਟੀ, ਫਰੀਦਕੋਟ (ਪੰਜਾਬ)