ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 7, 2008

ਸ਼ਿਵਚਰਨ ਜੱਗੀ ਕੁੱਸਾ - ਵਿਅੰਗ

ਕਿੰਨੇ ਆਲ਼ਾ ਕਰਵਾਉਣੈਂ...?
(ਵਿਅੰਗ)

ਸ਼ਰਧਾ ਸਿਉਂ ਵਿਚਾਰੇ ਨੇ ਪਹਿਲਾਂ ਡੁਬਈ ਵਿਚ ਪੱਥਰ ਢੋਏ, ਫਿਰ ਸਾਊਦੀ ਅਰਬ ਵੀ ਚਾਰ ਕੁ ਸਾਲ ਬੱਜਰੀ ਚੁੱਕੀ। ਸਾਲ ਕੁ ਲਿਬਨਾਨ ਵਿਚ ਵੀ ਲਾਇਆ। ਆਖਰ ਅੱਠ-ਦਸ ਸਾਲ ਕਮਾਈ ਕਰਨ ਤੋਂ ਬਾਅਦ ਪਿੰਡ ਆ ਗਿਆ। ਬਾਹਰ ਤੁਰੇ ਫਿਰੇ ਬੰਦੇ ਦਾ ਪਿੰਡ ਵਿਚ ਕਿੱਥੇ ਜੀਅ ਲੱਗਦੈ? ਤੁਰਦਾ ਫਿਰਦਾ ਉਹ ਛਾਂਗੇ ਏਜੰਟ ਕੋਲ ਚਲਾ ਗਿਆ।
-"ਸਾਸਰੀਕਾਲ ਜੀ...!"
-"ਸਾਸਰੀਕਾਲ...!!" ਛਾਂਗਾ, ਸ਼ਰਧਾ ਸਿੰਘ ਨੂੰ ਬੜਾ ਉੱਡ ਕੇ ਮਿਲਿਆ। ਮੁਰਗੀ ਜਿਉਂ ਦਰਵਾਜੇ 'ਤੇ ਆ ਗਈ ਸੀ।
-"ਸੁਣਾਓ-ਹੁਕਮ ਕਰੋ?"
-"ਛਾਂਗਾ ਜੀ ਬਾਹਰ ਜਾਣੈਂ!"
-"ਬਾਹਰ...? ਬਾਹਰ ਤਾਂ ਬਾਹਲੇ ਐ-ਕਿਹੜੇ ਬਾਹਰ ਜਾਣੈਂ?"
-"ਜਿੱਥੇ ਤੁਸੀਂ ਭੇਜ ਦਿਉਂਗੇ।"
-"ਅਸੀਂ ਤਾਂ ਤੈਨੂੰ ਜਿੱਥੇ ਕਹੇਂ ਭੇਜ ਦਿਆਂਗੇ-ਪਰ ਕਿੰਨੇ ਕੁ ਪੈਸੇ ਲਾਉਣ ਦਾ ਇਰਾਦੈ?"
-"ਜੀ ਹੈਗੈ-ਪੰਜ ਸੱਤ ਲੱਖ ਤਾਂ।"
-"ਪੰਜ ਜਾਂ ਸੱਤ?" ਛਾਂਗੇ ਨੇ ਇਕ ਗੱਲ ਹੀ ਸੁਣਨੀ ਚਾਹੀ।
-"ਤੁਸੀਂ ਪੰਜ ਈ ਰੱਖੋ!"
-"ਇੰਗਲੈਂਡ?"
-"ਧੰਨ ਭਾਗ-ਧੰਨ ਭਾਗ!"
ਖ਼ੈਰ! ਪੰਜ ਲੱਖ ਵਿਚ ਭਲੇ ਵੇਲਿਆਂ ਵਿਚ ਸ਼ਰਧਾ ਸਿੰਘ ਇੰਗਲੈਂਡ ਆ ਗਿਆ। ਇੱਥੇ ਆ ਕੇ ਫਿਰ ਉਹ ਹੀ ਇੱਟਾਂ-ਵੱਟਿਆਂ ਨਾਲ ਮੱਥਾ ਮਾਰਿਆ। ਦਸ ਕੁ ਸਾਲਾਂ ਵਿਚ ਸ਼ਰਧਾ ਸਿੰਘ ਨੇ ਇਕ ਬੀਬੀ ਨਾਲ ਆਰਜ਼ੀ ਜਿਹਾ ਵਿਆਹ ਕਰ ਲਿਆ ਅਤੇ ਪੱਕੀ ਮੋਹਰ ਲੱਗ ਗਈ। ਕੰਮ ਉਸ ਨੇ ਹੱਡ ਭੰਨਵਾਂ ਕੀਤਾ। ਪੈਸਾ ਵੀ ਜੋੜਿਆ ਅਤੇ ਆਰਜ਼ੀ ਬੀਬੀ ਤੋਂ ਮਸਾਂ ਹੀ ਖਹਿੜਾ ਛੁਡਾਇਆ। ਦਸਾਂ ਸਾਲਾਂ ਵਿਚ ਉਸ ਨੇ ਦੋ ਮਕਾਨ ਖਰੀਦੇ। ਇਕ-ਇਕ ਮਕਾਨ ਲੈ ਕੇ ਦੋਨੋਂ ਧਿਰਾਂ ਸੰਤੁਸ਼ਟ ਹੋ ਗਈਆਂ ਅਤੇ ਸਰਬ-ਸੰਮਤੀ ਨਾਲ ਤਲਾਕ ਹੋ ਗਿਆ।
ਸ਼ਰਧਾ ਸਿਉਂ ਨੇ ਚਾਰ ਸਾਲਾਂ ਵਿਚ ਪਿੰਡ ਠੋਕ ਕੇ, ਸਿਰ ਕੱਢਵੀਂ ਕੋਠੀ ਪਾਈ ਅਤੇ ਕੋਠੀ ਦੇ ਮਹੂਰਤ 'ਤੇ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦਾ ਮਨ ਬਣਾਇਆ। ਸਾਡੇ ਪੰਜਾਬੀਆਂ ਵਿਚ ਸ਼ਰਧਾ ਬਹੁਤ ਹੈ! ਦਾਨ ਕਰਨ ਦੀ ਰੁਚੀ ਹੱਦੋਂ ਵੱਧ! ਉਸ ਨੇ ਆਪਣੇ ਤਾਏ ਦੇ ਮੁੰਡੇ ਸਾਧੂ ਸਿੰਘ ਨੂੰ ਆਪਣੀ ਸੁੱਖੀ ਹੋਈ ਸੁੱਖ ਬਾਰੇ ਦੱਸਿਆ ਤਾਂ ਸਾਧੂ ਸਿੰਘ ਨੇ ਉਸ ਦੀ ਮੁਸ਼ਕਿਲ ਤੁਰੰਤ ਹੱਲ ਕਰ ਦਿੱਤੀ।
-"ਪ੍ਰਵਾਹ ਹੀ ਨਾ ਮੰਨ-ਆਪਣੀ ਸੰਤ ਗੜਬੜਾ ਸਿਉਂ ਨਾਲ ਬੜੀ ਬਣਦੀ ਐ-ਖੰਡ ਪਾਠ ਤਾਂ ਉਹ ਬੜੀ ਸ਼ਰਧਾ ਨਾਲ ਕਰਦੈ।" ਉਸ ਨੇ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਦੱਸਿਆ।
-"ਅੱਛਾ...!"
-"ਹਾਂ! ਤੂੰ ਫਿ਼ਕਰ ਨਾ ਕਰ-ਕੱਲ੍ਹ ਨੂੰ ਆਪਾਂ ਗੜਬੜਾ ਸਿਉਂ ਕੋਲੇ ਚੱਲਾਂਗੇ।"
ਅਗਲੇ ਦਿਨ ਦੋਵੇਂ ਸੰਤ ਗੜਬੜਾ ਸਿਉਂ ਦੇ ਡੇਰੇ ਚਲੇ ਗਏ। ਡੇਰਾ ਬੜਾ ਵਿਸ਼ਾਲ ਸੀ। ਡੇਰੇ ਦੇ ਇਕ ਪਾਸੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਸ਼ੋਭਿਤ ਸਨ ਅਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਡੇਰੇ ਵਿਚ ਕਿਧਰੇ ਟਰੱਕ, ਕਿਧਰੇ ਮੋਟਰ ਸਾਈਕਲ, ਕਿਧਰੇ ਟਰੈਕਟਰ, ਸਾਈਕਲਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਦੋਨਾਂ ਨੇ ਜਾ ਕੇ ਸੰਤ ਗੜਬੜਾ ਸਿਉਂ ਨੂੰ ਨਮਸਕਾਰ ਕੀਤੀ। ਸੰਤ ਗੜਬੜਾ ਸਿਉਂ ਆਪਣੇ ਲੰਮੇ ਵਾਲ ਖਿਲਾਰੀ ਮੰਜੇ 'ਤੇ ਚੌਂਕੜਾ ਮਾਰੀ ਬੈਠਾ ਸੀ। ਦਾਹੜਾ ਉਸ ਦਾ ਧੁੰਨੀ ਤੱਕ ਲੰਮਾ, ਹਵਾ ਵਿਚ ਲਹਿਰਾ ਰਿਹਾ ਸੀ।
ਸਾਧੂ ਸਿਉਂ ਨੇ ਸ਼ਰਧਾ ਸਿਉਂ ਦੀ ਖ਼ਾਹਿਸ਼ ਦੱਸੀ ਤਾਂ ਗੜਬੜਾ ਸਿਉਂ ਵਾਲਾਂ ਦੀ ਜੁਲਫ਼ ਪਿੱਛੇ ਸੁੱਟ ਕੇ ਮੁਸਕਰਾ ਪਿਆ।
-"ਉਏ ਪ੍ਰੇਮੀਓਂ...! ਆਖੰਡ ਪਾਠ ਕਰਵਾਓ-ਜਗਰਾਤਾ ਕਰਵਾਓ-ਸੁਖਮਨੀ ਸਾਹਿਬ ਦਾ ਪਾਠ ਕਰਵਾਓ-ਅਸੀਂ ਸਾਰੀਆਂ ਕਲਾਂ ਈ ਸਪੂਰਨ ਐਂ...!" ਉਸ ਨੇ ਆਪਣਾ ਖੁੱਲ੍ਹਾ-ਡੁੱਲ੍ਹਾ ਚੋਲਾ ਸੰਭਾਲਦਿਆਂ ਆਖਿਆ।
-"ਨਹੀਂ ਜੀ ਕਰਵਾਉਣਾ ਤਾਂ ਖੰਡ ਪਾਠ ਈ ਐ।" ਸਾਧੂ ਸਿਉਂ ਨੇ ਆਖਿਆ।
-"ਅਸੀਂ ਕਦੋਂ ਕਿਹੈ ਬਈ ਨਾ ਕਰਵਾਓ? ਅਸੀਂ ਤਾਂ ਹਮੇਸ਼ਾ ਇਹੀ ਉਪਦੇਸ਼ ਦਿੰਨੇ ਐਂ ਬਈ ਜੋ ਮਰਜੀ ਐ ਕਰਵਾਓ-ਪਰ ਕਿਸੇ ਪੱਖ ਦੇ ਕੱਟੜ ਧਾਰਨੀ ਨਾ ਬਣੋਂ-ਸਾਡਾ ਤਾਂ ਇਹੀ ਸਬਕ ਐ-ਪਰ ਤੁਸੀਂ ਕਰਵਾਉਣਾ ਕਿੰਨੇ ਆਲੈ...?" ਉਸ ਨੇ ਮੰਜੇ ਤੋਂ ਪਾਸਾ ਮਾਰਿਆ ਤਾਂ ਚੂਲਾਂ ਨੇ ਦੁਹਾਈ ਮਚਾ ਦਿੱਤੀ। ਉਸ ਦੀਆਂ ਗੱਡੇ ਦੀ ਸਧਵਾਈ ਵਰਗੀਆਂ ਲੱਤਾਂ ਨੰਵਾਰ ਦੇ ਮੰਜੇ 'ਚ ਖੁੱਭ-ਖੁੱਭ ਜਾਂਦੀਆਂ ਸਨ।
-"ਕਿੰਨੇ ਆਲੇ ਦਾ ਕੀ ਮਤਬਲ ਜੀ?" ਸਾਧੂ ਸਿਉਂ ਦਾ ਮੂੰਹ ਅੱਡਿਆ ਹੋਇਆ ਸੀ। ਉਸ ਨੂੰ ਕੋਈ ਸਮਝ ਨਾ ਆਈ।
ਸੰਤ ਗੜਬੜਾ ਸਿਉਂ ਉਚੀ-ਉਚੀ ਹੱਸ ਪਿਆ।
-"ਉਏ ਕਮਲਿਓ...! ਆਖੰਡ ਪਾਠ ਦੀ ਵੀ ਭੇਟਾ ਲੱਗਦੀਐਂ-ਸਾਡੇ ਵੀ ਢਿੱਡ ਲੱਗੇ ਹੋਏ ਐ-ਨਾਲੇ ਹੈ ਲੋਕਾਂ ਨਾਲੋਂ ਵੱਡੇ-ਹੋਰ ਸਾਡੇ ਬਾਪੂ ਦੇ ਟਰੱਕ ਨ੍ਹੀ ਚੱਲਦੇ-ਅਸੀਂ ਵੀ ਸੰਗਤਾਂ ਤੋਂ ਈ ਛਕਣੈਂ!"
-"ਤੁਸੀਂ ਈ ਦੱਸੋ ਜੀ।" ਸ਼ਰਧਾ ਸਿਉਂ ਨੇ ਦੋਵੇਂ ਹੱਥ ਜੋੜ ਲਏ।
-"ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ?" ਸਾਧੂ ਸਿਉਂ ਵੀ ਨਾਲ ਹੀ ਬੋਲ ਪਿਆ।
-"ਕੀ-ਕੀ ਭੇਟਾ ਚੱਲਦੀ ਐ ਜੀ ਅੱਜ ਕੱਲ੍ਹ ਖੰਡ ਪਾਠਾਂ ਦੀ?"
-"ਭੇਟਾ ਵੀ ਜੈਜ ਈ ਐ-ਕੋਈ ਖ਼ਾਸ ਮਹਿੰਗਾਈ ਨ੍ਹੀ ਹੋਈ-!"
-"ਤਾਂ ਵੀ ਸੰਤ ਜੀ-ਰਛਨਾਂ 'ਚੋਂ ਤਾਂ ਫ਼ੁਰਮਾਓ...!"
-"ਭੇਟਾ, ਇਕਵੰਜਾ ਸੌ-'ਕੱਤੀ ਸੌ ਤੇ ਇੱਕੀ ਸੌ ਚੱਲਦੀ ਐ।" ਗੜਬੜਾ ਸਿਉਂ ਨੇ ਮੂੰਹ ਜ਼ਬਾਨੀ ਹੀ ਦੱਸਿਆ।
-"ਇਹਨਾਂ 'ਚ ਫ਼ਰਕ ਕੀ ਐ ਜੀ?"
ਸੰਤ ਫਿਰ ਹੱਸ ਪਿਆ।
-"ਜੇ ਤਾਂ ਤੁਸੀਂ ਕਰਵਾਉਣੈਂ ਇੱਕੀ ਸੌ ਆਲਾ-ਫੇਰ ਤਾਂ ਸਾਡੇ ਬੰਦੇ ਆਉਣਗੇ ਤੇ ਆਖੰਡ ਪਾਠ ਪ੍ਰਕਾਸ਼ ਕਰ ਕੇ ਤੀਜੇ ਦਿਨ ਭੋਗ ਪਾ ਦੇਣਗੇ-ਘਾਣੀਂ ਖਤਮ।"
-"ਤੇ 'ਕੱਤੀ ਸੌ ਆਲੇ 'ਚ ਕੀ-ਕੀ ਆਉਂਦੈ ਜੀ?"
-"ਉਹ ਫਿਰ 'ਕੱਤੀ ਸੌ ਆਲੇ 'ਚ-ਰੱਬ ਥੋਡਾ ਭਲਾ ਕਰੇ...ਆਖੰਡ ਪਾਠ ਦੇ ਭੋਗ 'ਤੇ ਆਪਣੇ ਸੇਵਕ ਵਾਜੇ ਛੈਣੇ ਤੇ ਢੋਲਕੀ ਵੀ ਖੜਕਾਉਣਗੇ ਤੇ ਕੱਚੀ ਬਾਣੀ ਗਾਉਣਗੇ।"
-"ਕੱਚੀ ਬਾਣੀ ਕੀ ਹੁੰਦੀ ਐ ਜੀ...?" ਸਾਰੀ ਉਮਰ ਇੱਟਾਂ ਢੋਣ ਵਾਲੇ ਸ਼ਰਧਾ ਸਿਉਂ ਨੂੰ ਕੱਚੀ ਬਾਣੀ ਬਾਰੇ ਕੋਈ ਗਿਆਨ ਨਹੀਂ ਸੀ।
-"ਕੱਚੀ ਬਾਣੀ...?" ਸੰਤ ਆਮ ਆਦਤ ਮੂਜਵ ਹੱਸ ਪਿਆ, "ਜਿਹੜੀ ਅੱਜ ਕੱਲ੍ਹ ਆਮ ਪ੍ਰਚੱਲਤ ਰੀਤ ਐ-ਸਾਰੇ ਸੰਤ ਮਹਾਂਪੁਰਖ਼ ਅੱਜ ਕੱਲ੍ਹ ਕੱਚੀ ਬਾਣੀ ਈ ਗਾਉਂਦੇ ਐ-।" ਗੜਬੜਾ ਸਿਉਂ ਨੇ 'ਸੰਤ-ਮਹਾਂਪੁਰਖਾਂ' ਦਾ ਗੁਣ ਦੱਸਿਆ।
-"ਪਰ ਫੇਰ ਵੀ ਮਹਾਰਾਜ-ਚਾਨਣਾ ਤਾਂ ਪਾਓ-ਸਾਨੂੰ ਕਲਯੁਗੀ ਜੀਵਾਂ ਨੂੰ ਕੀ ਪਤੈ?" ਸਾਧੂ ਸਿਉਂ ਬੋਲਿਆ।
-"ਕੱਚੀ ਬਾਣੀ ਉਹ ਹੁੰਦੀ ਐ-ਬਈ ਬਾਣੀ 'ਚੋਂ ਇਕ ਅੱਧੀ ਪੰਗਤੀ ਲੈ ਲੈਣੀ-ਤੇ ਉਸੇ ਪੰਗਤੀ ਵਿਚ ਆਪਣੇ ਪੱਲਿਓਂ ਹੋਰ ਤੁਕਾਂ ਦੀ ਘੁੱਸਪੈਂਠ ਕਰੀ ਜਾਣੀ-ਚਿਮਟੇ ਖੜਕਾਈ ਜਾਣੇ-ਢੋਲਕੀ ਕੁੱਟੀ ਜਾਣੀ-ਆਈ ਗੱਲ ਸਮਝ 'ਚ?"
-"ਕਾਹਨੂੰ ਜੀ! ਅਸੀਂ ਥੋਨੂੰ ਦੱਸਿਆ ਤਾਂ ਹੈ ਬਈ ਅਸੀਂ ਪਾਪੀ ਲੋਕ-ਸਾਨੂੰ ਥੋਡੇ ਰੀਤੀ ਰਿਵਾਜਾਂ ਦਾ ਕੀ ਪਤੈ-ਥੋਡੀਆਂ ਮਹਾਰਾਜ ਤੁਸੀਂ ਜਾਣੋਂ!" ਸਾਧੂ ਸਿਉਂ ਨੇ ਖੁੱਲ੍ਹੇ ਹੱਥ ਫਿਰ ਜੋੜ ਲਏ।
-"ਜਮਾਂ ਈ ਕਮਲੇ ਓਂ...ਉਏ ਚਿਮਟਾ ਚੰਦਾ...!"
-"ਜੀ ਮਹਾਰਾਜ ਜੀ...?"
-"ਐਥੋਂ ਆਬਦਾ ਸੰਦ ਜਿਆ ਤਾਂ ਲਿਆ!"
-"ਕਿਹੜਾ ਸੰਦ ਮਹਾਰਾਜ...?" ਚੇਲਾ ਹੈਰਾਨੀ ਨਾਲ ਭਮੱਤਰ ਗਿਆ।
-"ਉਏ ਆਬਦਾ ਚਿਮਟਾ ਲਿਆ-ਸ਼ਰਧਾਲੂਆਂ ਨੂੰ ਕੱਚੀ ਬਾਣੀ ਬਾਰੇ ਦੱਸੀਏ।" ਸੰਤ ਜੀ ਖਿਝ ਗਏ।
-"ਲਿਆਇਆ ਜੀ...!" ਚੇਲਾ ਚਿਮਟਾ ਚੁੱਕ ਲਿਆਇਆ।
-"ਇਹ ਸ਼ਰਧਾਲੂ ਪ੍ਰੇਮੀ ਵਲੈਤੋਂ ਆਏ ਐ-ਵਜਾ ਕੇਰਾਂ-ਇਹ ਸਾਡਾ ਚੇਲਾ ਗੁਰਮਖੋ ਆਖੰਡ ਪਾਠਾਂ ਤੇ ਜਗਰਾਤਿਆਂ ਵਿਚ ਚਿਮਟਾ ਵਜਾਉਣ 'ਚ ਮਸ਼ਹੂਰ ਐ!"
-"ਵਾਹ ਜੀ ਵਾਹ...!" ਸਾਧੂ ਸਿਉਂ ਨੇ ਚੇਲੇ ਵੱਲ ਵੀ ਹੱਥ ਜੋੜ ਨਮਸਕਾਰ ਕੀਤੀ।
ਗੜਬੜਾ ਸਿਉਂ ਨੇ ਵਾਜਾ ਸੁਰ ਕੀਤਾ ਤਾਂ ਚੇਲੇ ਨੇ ਚਿਮਟਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸਾਧੂ ਸਿਉਂ ਅਤੇ ਸ਼ਰਧਾ ਸਿਉਂ ਹੱਥ ਜੋੜੀ ਥੋੜਾ ਪਿੱਛੇ ਹਟ ਗਏ, ਮਤਾਂ ਚੇਲਾ ਚਿਮਟਾ ਵਜਾਉਂਦਾ-ਵਜਾਉਂਦਾ ਨਾਸਾਂ ਹੀ ਨਾਂ ਭੰਨ ਦੇਵੇ। ਉਹ ਕਾਂ ਉਡਾਉਣ ਵਾਲਿਆਂ ਵਾਂਗ ਚਿਮਟਾ ਉਪਰ ਨੂੰ ਲਹਿਰਾ-ਲਹਿਰਾ ਕੇ ਵਜਾ ਰਿਹਾ ਸੀ। ਜਦੋਂ ਵਾਜਾ ਅਤੇ ਚਿਮਟਾ ਸੁਰ ਹੋ ਗਏ ਤਾਂ ਸੰਤ ਗੜਬੜਾ ਸਿਉਂ ਨੇ ਹੇਕ ਚੁੱਕੀ।
-"ਜੀ ਕਾਲ਼ੀ ਹੋਗੀ ਨਾਮ ਤੋਂ ਬਿਨਾ...!" ਨਾਲ ਹੀ ਚੇਲੇ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਜਦੋਂ ਸੰਤ ਗੜਬੜਾ ਸਿਉਂ "ਕਾਲੀ ਹੋਗੀ ਨਾਮ ਤੋਂ ਬਿਨਾ...!" ਤੋਂ ਅੱਗੇ ਨਾ ਤੁਰਿਆ ਤਾਂ ਸਾਧੂ ਸਿਉਂ ਨੇ ਉਸ ਨੂੰ ਠੱਲ੍ਹ ਪਾਈ।
-"ਹੁਣ ਮਹਾਰਾਜ 'ਕਵੰਜਾ ਸੌ ਆਲੇ 'ਤੇ ਵੀ ਚਾਨਣਾ ਪਾ ਦਿੰਦੇ-ਭਰਮ ਭੁਲੇਖਾ ਨ੍ਹੀ ਰਹਿੰਦਾ।"
-"ਉਹ ਇਕਵੰਜਾ ਸੌ ਆਲੇ 'ਚ ਤਾਂ ਭਾਈ ਇਉਂ ਐਂ-ਬਈ ਜਿੰਨੇ ਪਾਠੀ ਬੈਠਣਗੇ-ਸਭ ਕੇਸੀ 'ਸ਼ਨਾਨ ਕਰ ਕੇ ਬੈਠਣਗੇ-ਭੋਗ ਵੀ ਸਹੀ ਟੈਮ 'ਤੇ ਪਾਉਣਗੇ-ਬਾਣੀ ਤੇ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਧੁਰ ਕੀ ਬਾਣੀ ਦਾ ਕੀਰਤਨ ਸੰਗਤ ਨੂੰ ਸਰਬਣ ਕਰਵਾਉਣਗੇ ਤੇ...ਆਹ ਗੱਲ ਐ ਭਾਈ...!"
-"ਮੈਨੂੰ ਲੱਗਦੈ ਸ਼ਰਧਾ ਸਿਆਂ ਬਈ 'ਕੱਤੀ ਸੌ ਆਲਾ ਈ ਠੀਕ ਐ-ਲੈਣਾ ਤਾਂ ਇਹਨਾਂ ਨੇ ਰੱਬ ਦਾ ਨਾਂ ਈ ਐ-ਚਾਹੇ ਕੱਚੀ ਬਾਣੀ 'ਚੋਂ ਲੈ ਲੈਣ ਤੇ ਚਾਹੇ ਬਾਬੇ ਦੀ ਬਾਣੀ 'ਚੋਂ-ਉਸ਼ਤਤ ਤਾਂ ਰੱਬ ਦੀ ਈ ਐ-ਬੰਦੇ ਦਾ ਮਨ ਸੱਚਾ ਹੋਣਾ ਚਾਹੀਦੈ ਤੇ ਨੀਅਤ ਸਾਫ਼ ਹੋਣੀ ਚਾਹੀਦੀ ਐ-।" ਸਾਧੂ ਸਿਉਂ ਨੇ ਸ਼ਰਧਾ ਸਿਉਂ ਦੇ ਕੰਨ ਵਿਚ ਕਿਹਾ।
-"ਆਹੋ! ਗੱਲ ਤੇਰੀ ਸੋਲ੍ਹਾਂ ਆਨੇ ਐਂ-ਨਾਲੇ 'ਖੰਡ ਪਾਠ ਤੋਂ ਬਾਅਦ ਆਏ ਗਏ ਦੀ ਸੇਵਾ ਵੀ ਕਰਨੀ ਐਂ-ਜਿਹੜਾ ਦੋ ਹਜਾਰ ਬਚੂਗਾ-ਉਹ ਓਧਰ ਕੰਮ ਆਜੂ...!"
-"ਠੀਕ ਐ ਜੀ-ਅਸੀਂ 'ਕੱਤੀ ਸੌ ਆਲਾ ਈ ਕਰਵਾਲਾਂਗੇ-ਪਰ ਤੁਸੀਂ ਤਾਂ ਦਰਸ਼ਣ ਦਿਓਂਗੇ?" ਸਾਧੂ ਸਿਉਂ ਨੇ ਗੜਬੜਾ ਸਿਉਂ ਨੂੰ ਪੁੱਛਿਆ।
-"ਇਹ ਗੱਲ ਤੁਸੀਂ ਮੇਰੇ ਸੈਕਟਰੀ ਨਾਲ ਕਰ ਲਓ।" ਸੰਤ ਜੀ ਉਠ ਕੇ ਤੁਰ ਪਏ।
-"ਮਹਾਰਾਜ ਖੰਡ ਪਾਠ ਦੀ ਤਰੀਕ ਤਾਂ ਦਰਜ ਕਰ ਲੈਂਦੇ।"
-"ਉਹ ਵੀ ਮੇਰਾ ਸੈਕਟਰੀ ਈ ਕਰ ਲਊਗਾ-ਬਈ ਉਲਝਣ ਸਿਆਂ...!" ਉਸ ਨੇ ਆਪਣੇ ਸਕੱਤਰ ਨੂੰ ਹਾਕ ਮਾਰੀ। ਸਕੱਤਰ ਹਾਜ਼ਰ ਸੀ। ਨਾਂ ਤਾਂ ਸੈਕਟਰੀ ਸਾਹਿਬ ਦਾ ਸੁਰਜਣ ਸਿਉਂ ਸੀ, ਪਰ ਸੰਤ ਜੀ 'ਉਲਝਣ ਸਿਉਂ' ਹੀ ਆਖ ਕੇ ਖ਼ੁਸ਼ ਹੁੰਦੇ।
-"ਆਹ ਪ੍ਰੇਮੀ ਵਲੈਤ ਤੋਂ ਆਏ ਐ-ਇਹਨਾਂ ਦੇ ਆਖੰਡ ਪਾਠ ਦੀ ਮਿਤੀ ਲਿਖ ਤੇ ਬਾਕੀ ਗੱਲ ਕਰ-ਮੇਰੇ ਪੂਜਾ ਪਾਠ ਦਾ ਟੈਮ ਹੋ ਗਿਆ।" ਤੇ ਸੰਤ ਗੜਬੜਾ ਸਿਉਂ ਕਮਰੇ ਅੰਦਰ ਵੜ ਗਿਆ।
-"ਆਜੋ ਸੰਗਤੋ-ਆਜੋ...!" ਸਕੱਤਰ ਉਹਨਾਂ ਨੂੰ ਆਪਣੇ ਦਫ਼ਤਰ ਅੰਦਰ ਲੈ ਗਿਆ।
-"ਕਿੱਦਣ ਦੀ ਤਰੀਕ ਲਿਖੀਏ?"
-"ਤੁਸੀਂ ਦੱਸੋ ਸਕੱਟਰੀ ਜੀ-ਪੁੱਛਣ ਤਾਂ ਥੋਨੂੰ ਆਏ ਐਂ-ਤੁਸੀਂ ਸਾਥੋਂ ਪੁੱਛਣ ਲੱਗਪੇ?"
-"ਮੱਸਿਆ ਆਲੇ ਦਿਨ ਭੋਗ ਪਾਮਾਂਗੇ-ਦਿਨ ਵੀ ਸ਼ੁਭ ਐ ਤੇ ਮੌਸਮ ਵੀ ਸੋਹਣੈਂ।"
-"ਠੀਕ ਐ ਜੀ-ਤੇ ਭੋਗ 'ਤੇ ਅਸੀਂ ਸੰਤ ਜੀ ਦੇ ਦਰਸ਼ਣ ਵੀ ਕਰਨਾ ਲੋਚਦੇ ਐਂ।"
-"ਦਰਸ਼ਣ...? ਸੱਤ ਬਚਨ...! ਕਿੰਨੇ ਆਲੇ ਦਰਸ਼ਣ ਕਰਨੇ ਐਂ?" ਉਸ ਨੇ ਕਾਪੀ ਤੋਂ ਨਜ਼ਰਾਂ ਪੱਟ ਕੇ ਪੁੱਛਿਆ।
-"ਕੀ ਮਤਬਲ ਜੀ...?" ਸਾਧੂ ਸਿਉਂ ਸਤੰਭ ਹੋਇਆ ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ।
-"ਮੇਰਾ ਮਤਲਬ ਦਰਸ਼ਣ ਗਿਆਰਾਂ ਸੌ ਆਲੇ? ਇੱਕੀ ਸੌ ਆਲੇ ਜਾਂ 'ਕੱਤੀ ਸੌ ਆਲੇ?" ਸਕੱਤਰ ਨੇ ਪੈੱਨ ਮੂੰਹ ਵਿਚ ਪਾ ਲਿਆ। ਲਗਾਤਾਰ ਇੱਕੋ ਮੁੱਛ ਨੂੰ ਵਟਾ ਦਿੰਦਾ ਰਿਹਾ ਹੋਣ ਕਰਕੇ ਉਸ ਦੀ ਮੁੱਛ ਉਸਤਰੇ ਵਾਂਗ ਖੜ੍ਹੀ ਸੀ।
-"ਇਹ ਅੱਡੋ ਅੱਡੀ ਰੇਟ ਕਾਹਦੇ ਐਂ ਜੀ?" ਸਾਧੂ ਸਿਉਂ ਦੇ ਪੈਰ ਘੁਕੀ ਜਾ ਰਹੇ ਸਨ ਅਤੇ ਸਿਰ ਚਕਰੀ-ਗੇੜੇ ਪਿਆ ਹੋਇਆ ਸੀ।
-"ਜੇ ਤਾਂ ਦਰਸ਼ਣ ਗਿਆਰਾਂ ਸੌ ਆਲੇ ਕਰਨੇ ਐਂ-ਤਾਂ, ਤਾਂ ਸੰਤ ਜੀ ਆਉਣਗੇ ਤੇ ਥੋਨੂੰ ਤੇ ਪ੍ਰਬਾਰ ਨੂੰ ਆਸ਼ੀਰਬਾਦ ਦੇ ਕੇ ਤੁਰੰਤ ਈ ਮੁੜ ਆਉਣਗੇ-ਜੇ ਇੱਕੀ ਸੌ ਆਲੇ ਕਰਨੇ ਐਂ-ਤਾਂ ਸੰਤ ਜੀ ਭੋਗ ਤੱਕ ਅੜਕਣਗੇ-ਤੇ ਜੇ ਦਰਸ਼ਣ ਕਰਨੇ ਐਂ 'ਕੱਤੀ ਸੌ ਆਲੇ-ਤਾਂ ਸੰਤ ਜੀ ਸਵੇਰੇ ਅੰਮ੍ਰਿਤ ਵੇਲੇ ਈ ਆਪ ਜੀ ਦੇ ਗ੍ਰਹਿ ਵਿਖੇ ਚਰਨ ਪਾਉਣਗੇ-ਭੋਗ ਪੈਣ ਤੋਂ ਬਾਅਦ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਕਥਾ ਕੀਰਤਨ ਵੀ ਜੱਥੇ ਦੇ ਨਾਲ ਰਲ ਕੇ ਆਪ ਕਰਨਗੇ ਤੇ ਸਾਰੇ ਪ੍ਰਬਾਰ ਨੂੰ ਆਸ਼ੀਰਬਾਦ ਵੀ ਦੇਣਗੇ-ਜੇ ਘਰ ਪ੍ਰਬਾਰ 'ਚ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਐ-ਕੋਈ ਦੁੱਖ ਤਕਲੀਪ ਐ ਤਾਂ ਸੰਤ ਜੀ ਮੰਤਰ ਛੰਤਰ ਵੀ ਦੇ ਸਕਦੇ ਐ-!"
-"ਸਕੱਟਰੀ ਜੀ ਤੁਸੀਂ ਇਉਂ ਕਰੋ-ਖੰਡ ਪਾਠ ਇੱਕੀ ਸੌ ਆਲਾ ਲਿਖਲੋ ਤੇ ਸੰਤ ਜੀ ਦੇ ਦਰਸ਼ਣ 'ਕੱਤੀ ਸੌ ਆਲੇ ਕਰਲੋ-ਠੀਕ ਐ ਜੀ...?" ਸਾਧੂ ਸਿਉਂ ਬੋਲਿਆ।
-"ਠੀਕ ਤਾਂ ਸ਼ਰਧਾਲੂਓ ਤੁਸੀਂ ਦੱਸਣੈਂ-!" ਸਕੱਤਰ ਨੇ ਠੁਣਾਂ ਉਹਨਾਂ ਦੇ ਸਿਰ ਹੀ ਭੰਨਿਆਂ।
ਸ਼ਰਧਾ ਸਿਉਂ ਸਾਧੂ ਸਿਉਂ ਵੱਲ ਝਾਕਿਆ। ਸਾਧੂ ਸਿਉਂ ਨੇ ਆਪਣਾ ਮੂੰਹ ਸ਼ਰਧਾ ਸਿਉਂ ਦੇ ਕੰਨ ਕੋਲ ਕਰ ਲਿਆ।
-"ਸ਼ਰਧਾ ਸਿਆਂ! ਬੇਬੇ ਦੀਆਂ ਉੱਲਾਂ ਵੱਜਦੀਐਂ-ਤੇ ਮੇਰੇ ਆਲੀ ਮੇਲੋ ਨੂੰ ਵੀ ਕਦੇ ਕਦੇ ਦੌਰਾ ਜਿਆ ਪੈ ਜਾਂਦੈ-ਸੰਤ ਨਾਲੇ ਤਾਂ ਕੋਈ ਟੂਣਾਂ ਟਾਮਣ ਕਰਜੂ ਤੇ ਨਾਲੇ ਖੰਡ ਪਾਠ ਹੋਜੂ-ਠੀਕ ਐ...?"
-"ਠੀਕ ਐ...!" ਸ਼ਰਧਾ ਸਿਉਂ ਨੇ ਹਾਮੀ ਭਰ ਦਿੱਤੀ।
-"ਹਾਂ ਸਕੱਟਰੀ ਜੀ-ਬਿਲਕੁਲ ਠੀਕ ਐ-ਬੜਾ ਧੰਨਵਾਦ ਥੋਡਾ।" ਸਾਧੂ ਅਤੇ ਸ਼ਰਧਾ ਸਿੰਘ ਅਤੀਅੰਤ ਬਾਗੋਬਾਗ ਸਨ। ਉਹਨਾਂ ਦੇ ਆਖੰਡ ਪਾਠ 'ਤੇ 'ਸੰਤ ਜੀ' ਨੇ ਆਉਣਾ 'ਪ੍ਰਵਾਨ' ਕਰ ਲਿਆ ਸੀ। ਉਹ ਹੱਥ ਜੋੜਦੇ ਅਤੇ ਧੰਨ-ਧੰਨ ਕਰਦੇ ਘਰ ਨੂੰ ਤੁਰ ਪਏ। ਡੇਰੇ ਅੰਦਰ ਸਕੱਤਰ ਅਤੇ ਸੰਤ ਜੀ ਦੇ ਕੁਤਕੁਤੀਆਂ ਨਿਕਲੀ ਜਾ ਰਹੀਆਂ ਸਨ...!

1 comment:

ਤਨਦੀਪ 'ਤਮੰਨਾ' said...

Mr Kussa's writings contain comedic and satirical material. Please use your discretion..:) Mainu laggda hun ton baad mainu Aarsi te viang laun ton pehlan eh note launa peya karna. Ajj dobara parheya...pher onna hi hassi!!

ਜਦੋਂ ਵਾਜਾ ਅਤੇ ਚਿਮਟਾ ਸੁਰ ਹੋ ਗਏ ਤਾਂ ਸੰਤ ਗੜਬੜਾ ਸਿਉਂ ਨੇ ਹੇਕ ਚੁੱਕੀ।
-"ਜੀ ਕਾਲ਼ੀ ਹੋਗੀ ਨਾਮ ਤੋਂ ਬਿਨਾ...!" ਨਾਲ ਹੀ ਚੇਲੇ ਨੇ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਜਦੋਂ ਸੰਤ ਗੜਬੜਾ ਸਿਉਂ "ਕਾਲੀ ਹੋਗੀ ਨਾਮ ਤੋਂ ਬਿਨਾ...!"
----

-"ਜੇ ਤਾਂ ਦਰਸ਼ਣ ਗਿਆਰਾਂ ਸੌ ਆਲੇ ਕਰਨੇ ਐਂ-ਤਾਂ, ਤਾਂ ਸੰਤ ਜੀ ਆਉਣਗੇ ਤੇ ਥੋਨੂੰ ਤੇ ਪ੍ਰਬਾਰ ਨੂੰ ਆਸ਼ੀਰਬਾਦ ਦੇ ਕੇ ਤੁਰੰਤ ਈ ਮੁੜ ਆਉਣਗੇ-ਜੇ ਇੱਕੀ ਸੌ ਆਲੇ ਕਰਨੇ ਐਂ-ਤਾਂ ਸੰਤ ਜੀ ਭੋਗ ਤੱਕ ਅੜਕਣਗੇ-ਤੇ ਜੇ ਦਰਸ਼ਣ ਕਰਨੇ ਐਂ 'ਕੱਤੀ ਸੌ ਆਲੇ-ਤਾਂ ਸੰਤ ਜੀ ਸਵੇਰੇ ਅੰਮ੍ਰਿਤ ਵੇਲੇ ਈ ਆਪ ਜੀ ਦੇ ਗ੍ਰਹਿ ਵਿਖੇ ਚਰਨ ਪਾਉਣਗੇ-ਭੋਗ ਪੈਣ ਤੋਂ ਬਾਅਦ ਹੁਕਮਨਾਮੇ ਦੀ ਵਿਆਖਿਆ ਵੀ ਕਰਨਗੇ-ਕਥਾ ਕੀਰਤਨ ਵੀ ਜੱਥੇ ਦੇ ਨਾਲ ਰਲ ਕੇ ਆਪ ਕਰਨਗੇ ਤੇ ਸਾਰੇ ਪ੍ਰਬਾਰ ਨੂੰ ਆਸ਼ੀਰਬਾਦ ਵੀ ਦੇਣਗੇ-ਜੇ ਘਰ ਪ੍ਰਬਾਰ 'ਚ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਐ-ਕੋਈ ਦੁੱਖ ਤਕਲੀਪ ਐ ਤਾਂ ਸੰਤ ਜੀ ਮੰਤਰ ਛੰਤਰ ਵੀ ਦੇ ਸਕਦੇ ਐ-!"
Main sochdi haan jinna eho jehe pakhandiaan te tava laggey onna hi ghatt hai. Ehna lokan di samaj nu sirf ikko dein hai..oh hai...Bimaar Mansikta!!

Tamanna