ਦੋਸਤੋ! ਅੱਜ ਇਸ ਸੂਚਨਾ ਨੂੰ ਸਭ ਨਾਲ਼ ਸਾਂਝੀ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਨਿਵਾਸੀ ਲੇਖਕ ਸਤਿਕਾਰਤ ਸੰਤੋਖ ਧਾਲੀਵਾਲ ਜੀ ਨੇ ‘ਆਰਸੀ’ ਲਈ ਬਹੁਮੁੱਲੀਆਂ ਨਜ਼ਮਾਂ ਭੇਜ ਕੇ ਸਾਡਾ ਮਾਣ ਤਾਂ ਵਧਾਇਆ ਹੀ ਹੈ, ਨਾਲ਼ ਦੀ ਨਾਲ਼ ‘ਆਰਸੀ’ ਦੇ ਮਾਣਕ ਦੀ ਸ਼ੋਭਾ ਵੀ ਵਧਾਈ ਹੈ। ਇਸ ਨਾਲ਼ ਸਾਡਾ ਸਭ ਦਾ ਸਾਹਿਤਕ ਕੱਦ ਹੋਰ ਉੱਚਾ ਹੋਇਆ ਹੈ। ਸਾਡੇ ਲਈ ਏਦੂੰ ਮਾਣ ਵਾਲ਼ੀ ਗੱਲ ਕੀ ਹੋਊ ਕਿ ਸਾਹਿਤਕ ਖੇਤਰ ‘ਚ ਵਰ੍ਹਿਆਂ ਦੇ ਤਜ਼ਰਬੇ ਵਾਲੇ ਲੇਖਕ ਸਾਹਿਬਾਨ ਸਾਨੂੰ ਸੇਧ ਤੇ ਆਸ਼ੀਰਵਾਦ ਦੇ ਰਹੇ ਹਨ। ਸਤਿਕਾਰਤ ਗੁਰਨਾਮ ਗਿੱਲ ਜੀ ਨੇ ਧਾਲੀਵਾਲ ਜੀ ਨੂੰ ‘ਆਰਸੀ’ ਦਾ ਲਿੰਕ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਕਾਵਿ-ਸੰਗ੍ਰਹਿ: ‘ਜ਼ਿੱਦ ਨਹੀਂ ਕਰੀਦੀ', ‘ਆਵਾਜ਼ਾਂ ਦਾ ਕਿਲ੍ਹਾ’ ਕਹਾਣੀ-ਸੰਗ੍ਰਹਿ: ‘ਨੱਚਦੇ ਮੋਰਾਂ ਵਾਲ਼ੀ ਚਾਦਰ’, 'ਕਰੌਸ ਲਾਈਨਜ਼' ਨਾਵਲ: 'ਉੱਖੜੀਆਂ ਪੈੜਾਂ' ਤੇ ਹਾਲ ਹੀ ਵਿਚ ਪ੍ਰਕਾਸ਼ਤ ਨਾਵਲ ‘ਸਰਘੀ’, ਧਾਲੀਵਾਲ ਜੀ ਦੀਆਂ ਪ੍ਰਮੁੱਖ ਲਿਖਤਾਂ ਵਿੱਚੋਂ ਹਨ। ਧਾਲੀਵਾਲ ਸਾਹਿਬ...ਤੁਹਾਨੂੰ ‘ਆਰਸੀ’ ਤੇ ਖ਼ੁਸ਼ਆਮਦੀਦ...ਤੁਹਾਡੀਆਂ ਭੇਜੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਵਿੱਚੋਂ ਅੱਜ ਮੈਂ ਦੋ ਨਜ਼ਮਾਂ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਉਹ ਕਹਿੰਦੇ ਹਨ
ਕਿ ਘੜਾ ਖ਼ਾਲੀ ਹੈ
ਕਿਉਂਕਿ
ਇਸ ‘ਚ ਕੋਈ
ਤਰਲ ਜਾਂ ਖ਼ੁਸ਼ਕ ਸ਼ੈਅ ਨਹੀਂ ਹੈ ।
(ਪਰ) ਇਹ ਘੜਾ ਖ਼ਾਲੀ ਨਹੀਂ ਹੈ ।
ਬਹੁਤ ਕੁੱਝ ਹੈ ਇਸਦੇ ਅੰਦਰ
ਇਸ ਨਾਲ ਸਬੰਧਤ---।
ਇਸਦੇ ਵਜੂਦ ‘ਚ
ਰੱਟਣਾਂ ਭਰੇ ਹੱਥਾਂ ਦੀ ਚੀਸ ਹੈ ।
ਇਸ ‘ਚ ਚੱਕ ਤੇ ਚੜ੍ਹਿਆ
ਘੁੰਮ ਰਿਹਾ ਹੈ
ਸ਼ਾਮ ਦੀ ਰੋਟੀ ਦਾ ਫਿਕਰ ।
ਇਸ ਅੰਦਰ ਖ਼ਾਮੋਸ਼ ਹੈ
ਜੁਮੈਟਰੀ ਦੀ ਵਿਆਕਰਨ ।
ਉਹ ਅੱਗ ਵੀ ਧੁਖ ਰਹੀ ਹੈ
ਜਿਸਦੇ ਸੀਨੇ ‘ਚ ਬਹਿ
ਇਸਨੇ ਪਕਾਇਆ ਹੈ ਆਪੇ ਨੂੰ ।
ਇਹ ਘੜਾ ਖ਼ਾਲੀ ਕਿਵੇਂ ਹੋ ਸਕਦਾ ਹੈ---?
ਇਸਦੇ ਆਸੇ ਪਾਸੇ ਜਾਂ
ਅੰਦਰ ਜੋ ਸਪੇਸ ਹੈ
ਉਹ ਤਾਂ ਬ੍ਰਹਿਮੰਡੀ ਹੈ ।
(ਪਰ) ਕੀ ਸਪੇਸ---
ਘੜੇ ‘ਚ ਹੈ ਜਾਂ ਘੜਾ ਓਸ ‘ਚ ਹੈ ?
ਘੜੇ ਨੇ ਤਾਂ ਸਮੇ ਦੀ ਠ੍ਹੋਕਰ ਨਾਲ
ਤਿੜਕਣਾ ਤੇ ਫੇਰ ਟੁੱਟਣਾ ਵੀ ਹੈ।
(ਪਰ) ਸਪੇਸ ਤਾਂ
ਨਾ ਕਦੇ ਤਿੜਕਦੀ ਹੈ
ਤੇ ਨਾ ਟੁੱਟਦੀ ਹੈ ।
ਘੜਾ ਟੁੱਟਣ ਤੇ ਉਸਤੋਂ ਪਹਿਲੋਂ ਵੀ
ਉਸਦੇ ਅੰਦਰਲੀ ਸਪੇਸ
ਤਾਂ ਬ੍ਰਹਿਮੰਡੀ ਹੁੰਦੀ ਹੈ ।
ਉਸਦੇ ਨਾਲ ਹੀ ਰਲ ਜਾਂਦੀ ਹੈ
ਰੱਟਣਾਂ ਦੀ ਚੀਸ,
ਆਥਣ ਦੀ ਰੋਟੀ ਦਾ ਫਿਕਰ
ਤੇ ਉਸਨੂੰ ਸ਼ਕਲ ਦੇਣ ਵਾਲੀ
ਜੁਮੈਟਰੀ ਦੀ ਵਿਆਕਰਨ ।
ਘੜਾ ਖ਼ਾਲੀ ਨਹੀਂ ਹੈ
ਭਾਵੇਂ ਇਸ ‘ਚ
ਕੋਈ ਤਰਲ ਜਾਂ
ਖ਼ੁਸ਼ਕ ਸ਼ੈਅ ਨਹੀਂ ਹੈ ।
=============
ਘੁੱਗੀਆਂ ਦਾ ਜੋੜਾ
ਘੁੱਗੀਆਂ ਦਾ ਜੋੜਾ
ਚੁੰਝ ‘ਚ ਚੁੰਝ ਪਾਈ
ਰੁੱਖ ਦੀ ਟਾਹਣੀ ‘ਤੇ
ਮਸਤੀ ‘ਚ
ਕਲੋਲ ਕਰ ਰਿਹਾ ਸੀ
ਮੌਸਮਾਂ ਤੋਂ ਜਰਿਆ ਨਾ ਗਿਆ
ਹਨੇਰੀ ਵਗੀ
ਰੁੱਖ ਜੜਾਂ ਤੋਂ ਹਿੱਲ ਗਿਆ।
ਜੋੜਾ ਉੜ ਕੇ ਦੂਜੇ ਰੁੱਖ ਤੇ ਜਾ ਬੈਠਾ
ਤੇ ਕਲੋਲ ਕਰਨ ਲੱਗਾ
ਸੋਚਦਾ ਹਾਂ---
ਕੇਡਾ ਮਜ਼ਬੂਤ ਹੈ
ਇਨ੍ਹਾਂ ਦਾ ਰਿਸ਼ਤਾ
ਕੋਈ ਹਨ੍ਹੇਰੀ
ਜਾਂ ਡਿੱਗਿਆ ਰੁੱਖ
ਨਹੀਂ ਡੁਲਾ ਸਕਿਆ ਇਨ੍ਹਾਂ ਨੂੰ
ਨਹੀਂ ਕਰ ਸਕਿਆ
ਇਨ੍ਹਾਂ ਨੂੰ ਇੱਕ ਦੂਜੇ ਤੋਂ ਪਰੇ
ਪਰ ਅਸੀਂ---
ਨਿੱਕੇ ਜਿਹੇ ਬੁੱਲੇ ਨਾਲ ਹੀ
ਇਸ ਤਰ੍ਹਾਂ ਪੁੱਟੇ ਜਾਂਦੇ ਹਾਂ
ਕਿ ਮੁੜ ਪੈਰ ਹੀ ਨਹੀਂ ਲਗਦੇ
ਧਰਤੀ ਤੇ
ਕੇਡੀਆਂ ਕਮਜ਼ੋਰ ਹਨ---?
ਆਦਮੀ ਦੇ ਰਿਸ਼ਤਿਆਂ ਦੀਆਂ ਜੜ੍ਹਾਂ ।
2 comments:
ਸਤਿਕਾਰਤ ਸੰਤੋਖ ਧਾਲੀਵਾਲ ਜੀ...ਬਹੁਤ-ਬਹੁਤ ਸ਼ੁਕਰੀਆ..ਅਪਣੱਤ ਨਾਲ਼ ਭਰੇ ਸ਼ਬਦਾਂ 'ਚ ਲਿਖੀਆਂ ਪਿਆਰੀਆਂ ਜਿਹੀਆਂ ਈਮੇਲਾਂ ਦਾ....ਨਾਲ਼ੇ..ਜ਼ਿੰਦਗੀ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਵੇਖ..ਖ਼ੂਬਸੂਰਤ ਫ਼ਲਸਫ਼ੇ ਨੂੰ ਨਜ਼ਮਾਂ 'ਚ ਢਾਲ਼ ਕੇ 'ਆਰਸੀ' ਤੇ ਸਭ ਨਾਲ਼ ਸਾਂਝੀਆਂ ਕਰਨ ਦਾ। ਕਈ ਵਾਰ ਪੜ੍ਹੀਆਂ ਮੈਂ ਤੁਹਾਡੀਆਂ ਨਜ਼ਮਾਂ..ਹਰ ਵਾਰ ਉਹਨਾਂ ਨੇ ਮੈਨੂੰ ਵੱਖਰੇ ਅਰਥ ਸਮਝਾਏ!!
ਇਹ ਘੜਾ ਖ਼ਾਲੀ ਨਹੀਂ ਹੈ ।
ਬਹੁਤ ਕੁੱਝ ਹੈ ਇਸਦੇ ਅੰਦਰ
ਇਸ ਨਾਲ ਸਬੰਧਤ---।
ਇਸਦੇ ਵਜੂਦ ‘ਚ
ਰੱਟਣਾਂ ਭਰੇ ਹੱਥਾਂ ਦੀ ਚੀਸ ਹੈ ।
ਇਸ ‘ਚ ਚੱਕ ਤੇ ਚੜ੍ਹਿਆ
ਘੁੰਮ ਰਿਹਾ ਹੈ
ਸ਼ਾਮ ਦੀ ਰੋਟੀ ਦਾ ਫਿਕਰ ।
ਇਸ ਅੰਦਰ ਖ਼ਾਮੋਸ਼ ਹੈ
ਜੁਮੈਟਰੀ ਦੀ ਵਿਆਕਰਨ ।
ਉਹ ਅੱਗ ਵੀ ਧੁਖ ਰਹੀ ਹੈ
ਜਿਸਦੇ ਸੀਨੇ ‘ਚ ਬਹਿ
ਇਸਨੇ ਪਕਾਇਆ ਹੈ ਆਪੇ ਨੂੰ
----
ਬਹੁਤ ਖ਼ੂਬ!!
-----
ਸਪੇਸ ਤਾਂ
ਨਾ ਕਦੇ ਤਿੜਕਦੀ ਹੈ
ਤੇ ਨਾ ਟੁੱਟਦੀ ਹੈ ।
ਘੜਾ ਟੁੱਟਣ ਤੇ ਉਸਤੋਂ ਪਹਿਲੋਂ ਵੀ
ਉਸਦੇ ਅੰਦਰਲੀ ਸਪੇਸ
ਤਾਂ ਬ੍ਰਹਿਮੰਡੀ ਹੁੰਦੀ ਹੈ ।
---
ਕਮਾਲ ਦੀ ਸੋਚ-ਉਡਾਰੀ ਹੈ...
-------
ਪਰ ਅਸੀਂ---
ਨਿੱਕੇ ਜਿਹੇ ਬੁੱਲੇ ਨਾਲ ਹੀ
ਇਸ ਤਰ੍ਹਾਂ ਪੁੱਟੇ ਜਾਂਦੇ ਹਾਂ
ਕਿ ਮੁੜ ਪੈਰ ਹੀ ਨਹੀਂ ਲਗਦੇ
ਧਰਤੀ ਤੇ
ਕੇਡੀਆਂ ਕਮਜ਼ੋਰ ਹਨ---?
ਆਦਮੀ ਦੇ ਰਿਸ਼ਤਿਆਂ ਦੀਆਂ ਜੜ੍ਹਾਂ!
---------
ਬਹੁਤ ਹੀ ਵਧੀਆ ਧਾਲੀਵਾਲ ਸਾਹਿਬ...ਬਹੁਤ ਵੱਡੀ ਚੋਟ ਤੇ ਵਿਅੰਗ ਹੈ...ਦਿਨੋ-ਦਿਨ ਤਿੜਕਦੇ ਮਾਨਵੀ ਰਿਸ਼ਤਿਆਂ 'ਤੇ...ਨਾਲ਼ ਹੀ ਜ਼ਰਾ ਕੁ ਠੇਸ ਲੱਗਣ ਤੇ ਰਿਸ਼ਤੇ ਟੁੱਟ ਜਾਣ ਦੇ ਖ਼ਦਸ਼ਾ ਦਾ ਬਹੁਤ ਭਾਵਪੂਰਣ ਪ੍ਰਗਟਾਵਾ ਹੈ!!
ਕਿਸੇ ਸੂਫ਼ੀ ਸ਼ਾਇਰ ਦੀ ਕਿਤਾਬ 'ਚ ਇੱਕ ਮੈਨਾ ਦੇ ਕਿਸੇ ਅਰਬ ਦੇਸ਼ 'ਚ ਬਹੁਤ ਸਾਲ ਕੈਦ ਹੋਣ ਦਾ ਜ਼ਿਕਰ ਆਉਂਦੈ...ਜੋ ਇੱਕ ਦਿਨ ਪਿੰਜਰਾ ਖੁੱਲ੍ਹਣ ਤੇ ਸਿੱਧੀ ਉਡਾਰੀ ਲਾਉਂਦੀ...ਆਪਣੇ ਦੇਸ਼...ਆਪਣੇ ਸਾਥੀ ਕੋਲ਼ ਪਹੁੰਚ ਗਈ ਸੀ...ਕਮਾਲ ਹੈ ਕਿ ਪੰਛੀ ਰਿਸ਼ਤਿਆਂ ਨੂੰ ਨਹੀਂ ਭੁੱਲਦੇ ਤੇ ਅਸੀਂ...ਦਿਨ 'ਚ ਕਿੰਨੀ ਵਾਰ ਵਿੱਛੜ ਜਾਣ ਨੂੰ ਕਾਹਲ਼ੇ ਪੈਂਦੇ ਹਾਂ!!
'ਆਰਸੀ' ਹੋਰ ਵੀ ਨਿਖ਼ਰ ਗਈ..ਤੁਹਾਡੀ ਆਮਦ ਤੇ ਨਜ਼ਮਾਂ ਨਾਲ਼...ਬਹੁਤ-ਬਹੁਤ ਸ਼ੁਕਰੀਆ!!
ਅਦਬ ਸਹਿਤ...
ਤਮੰਨਾ
ਧਾਲੀਵਾਲ ਜੀ, ਬਹੁਤ ਸੋਹਣੀ ਕਵਿਤਾ ਹੈ। ਤੁਸੀਂ ਸਹੀ ਲਿਖਿਆ ਹੈ ਕਿ ਮਨੁੱਖੀ ਰਿਸ਼ਤਿਆਂ ਦੀਆਂ ਜੜਾਂ ਬਹੁਤ ਕਮਜ਼ੋਰ ਹੋ ਗਈਆਂ ਹਨ। ਤਮੰਨਾ ਜੀ, ਆਰਸੀ ਤੇ ਪੋਸਟ ਕੀਤੇ ਸਾਹਿਤ ਦਾ ਪੱਧਰ ਬਹੁਤ ਵਧੀਆ ਹੈ, ਏਸੇ ਤਰ੍ਹਾਂ ਕਾਇਮ ਰੱਖਿਓ।
ਸ਼ੁੱਭ ਚਿੰਤਕ
ਕਰਮਜੀਤ ਸਿੰਘ
ਇੰਡੀਆ
===========
Respected Karamjit Singh ji..mail karke comments dein da shukriya.
Tamanna
Post a Comment