ਦੋਸਤੋ! ਅੱਜ ਸੋਚਿਆ ਕਿਉਂ ਨਾ ਮਰਹੂਮ ਕਵੀ ‘ਆਸੀ’ ਜੀ ਦੀ ਕੋਈ ਨਾ ਕੋਈ ਨਜ਼ਮ ਸਭ ਨਾਲ਼ ਸਾਂਝੀ ਕੀਤੀ ਜਾਵੇ। ਉਹਨਾਂ ਦੀਆਂ ਸਾਰੀਆਂ ਨਜ਼ਮਾਂ ਮੈਨੂੰ ਬੇਹੱਦ ਪਸੰਦ ਹਨ। ਛੋਟੇ ਜਿਹੇ ਜੀਵਨ-ਸਫ਼ਰ ‘ਚ ( ਸਤੰਬਰ 11,1964 – ਨਵੰਬਰ 3, 2001) ਉਹਨਾਂ ਨੇ ਐਸੀਆਂ ਨਜ਼ਮਾਂ ਲਿਖੀਆਂ ਹਨ ਕਿ ਮੈਂ ਬਹੁਤੀ ਵਾਰ ਉਨ੍ਹਾਂ ਦੀ ਸੋਚਾਂ ਦੀ ਉੱਚੀ ਕਾਵਿ-ਉਡਾਰੀ ਅਤੇ ਹਰ ਚੀਜ਼ ਨੂੰ ਡੂੰਘਾਈ ਤੋਂ ਦੇਖਣ ਦੀ ਅਜੀਬ ਸਮਰੱਥਾ ਤੋਂ ਖ਼ੁਸ਼ ਵੀ ਹੁੰਦੀ ਹਾਂ ਤੇ ਨਜ਼ਮਾਂ ਵਿਚਲੇ ਰਹੱਸ ‘ਤੇ ਬਹੁਤ ਜ਼ਿਆਦਾ ਹੈਰਾਨ ਅਤੇ ਨਜ਼ਮਾਂ ਵਿੱਚ ਸਮੋਏ ਡਾਹਢੇ ਦਰਦ ਨਾਲ਼ ਉਦਾਸ ਵੀ। ਉਹਨਾਂ ਦੇ ਪੰਜ ਕਾਵਿ-ਸੰਗ੍ਰਹਿ ਹਨ: ‘ਪੁੱਠਾ ਘੁਕਦਾ ਚਰਖ਼ਾ’, ‘ਉੱਖੜੀ ਅਜ਼ਾਨ ਦੀ ਭੁਮਿਕਾ’, ‘ਸਹਿਜੇ ਸਹਿਜੇ ਕਹਿ’, 'ਮੈਂ ਉਡਾਣ ‘ਚ ਹਾਂ’, ‘ਨਿਰਦੇਸ਼ਕ’।
ਸਿਆਲ਼ਾਂ ਵਿੱਚ...
ਨਜ਼ਮ
ਨਵੰਬਰ ਦੀਆਂ ਸ਼ਾਮਾਂ ‘ਚ
ਜਿਉਂ ਚਾਹ ਦਾ ਘੁੱਟ ਹੋਵੇ
ਕੋਸੀ ਜੇਹੀ ਧੁੱਪ ਹੋਵੇ
ਇਸ ਤਰ੍ਹਾਂ ਲੋਚਦਾ ਹਾਂ ਮੈਂ ਤੈਨੂੰ।
ਸੰਦਲੀ ਸੁਪਨਿਆਂ ਦੀ ਬਰਸਾਤ ਹੋਵੇ
ਡੂੰਘੀ ਲਹਿ ਗਈ ਰਾਤ ਹੋਵੇ
ਤੇਰੀ ‘ਫਿਰ ਓਹੋ ਹੀ’ ਬਾਤ ਹੋਵੇ
ਇਸ ਤਰ੍ਹਾਂ ਲੋਚਦਾ ਹਾਂ ਮੈਂ
ਤੈਨੂੰ ਇਸ ਤਰ੍ਹਾਂ ਲੋਚਦਾ ਹਾਂ ਮੈਂ
ਜਿਵੇਂ ਤੈਰਾਕ ਡੂੰਘੇ ਪਾਣੀਆਂ ਨੂੰ।
ਰੱਬ ਦਾ ਖੇਲ੍ਹ ਹੋਵੇ
ਇਸ ਤਰ੍ਹਾਂ ਅੱਜ ਮੇਲ ਹੋਵੇ
ਜਿਉਂ ਬਿਰਖਾਂ ‘ਤੇ ਤਰੇਲ਼ ਹੋਵੇ
ਕਿਸ ਤਰ੍ਹਾਂ ਦਾ ਹਾਂ ਮੈਂ ਕੀ-ਕੀ ਸੋਚਦਾ ਹਾਂ
ਮੈਂ ਤੈਨੂੰ ਲੋਚਦਾ ਹਾਂ।
ਕੋਈ ਜਿਵੇਂ
ਡੁੱਬ ਰਹੀ ਕਿਸ਼ਤੀ ‘ਚੋਂ
ਖ਼ੁਦਾ ਨੂੰ ਹਾਕ ਮਾਰਦਾ ਹੈ
ਮੇਰੇ ਅੰਦਰ ਫੈਲਿਆ ਝੱਲ ਹੋਵੇ
ਤੇਰੀ ਸਿੱਧੀ-ਸਾਦੀ ਗੱਲ ਹੋਵੇ
ਜਿਸ ‘ਚ ਸੌ ਫ਼ਰੇਬ ਵਲ਼ ਹੋਵੇ
ਉਸ ਝਗੜੇ ਦਾ ਨਾ ਕੋਈ ਹੱਲ ਹੋਵੇ
ਬੱਸ....ਇੰਝ ਹੀ ਸੋਚਦਾ ਹਾਂ ਮੈਂ
ਤੈਨੂੰ ਲੋਚਦਾ ਹਾਂ ਮੈਂ।
ਜਿਵੇਂ ਟਿਕੇ ਪਾਣੀਆਂ ‘ਚ
ਕੋਈ ਪੱਥਰ ਮਾਰਦਾ ਹੈ
ਬਨ੍ਹੇਰੇ ‘ਤੇ ਦੀਵਾ ਜਗ ਰਿਹਾ ਹੋਵੇ
ਤੂੰ ਇਸ ਤਰ੍ਹਾਂ ਮਘ ਰਿਹਾਂ ਹੋਵੇਂ
ਫਿਰ ਭਾਵੇਂ ਸਭ ਕੁਝ ਹੀ ਮੁੱਕ ਜਾਵੇ
ਤੇ ਸਮਾਂ ਰੁਕ ਜਾਵੇ
ਖ਼ੁਦ ਤੋਂ ਬਚਣ ਲਈ
ਖ਼ੁਦ ਨੂੰ ਨੋਚਦਾ ਹਾਂ ਮੈਂ
ਪਰ ਤੈਨੂੰ ਲੋਚਦਾ ਹਾਂ ਮੈਂ
ਜਿਵੇਂ ਕੋਈ ਜੁਗਨੂੰ ਦੀ ਰੌਸ਼ਨੀ ‘ਚ
ਆਪਣੀ ਸ਼ਨਾਖ਼ਤ ਲੱਭਦਾ ਹੈ!
1 comment:
Marhoom Aasi ji di eh nazam mainu bahut ziada pasand hai...khoobsurat jazbatan nu jiss tarah byaan keeta hai ohna ne...kabil-e-tareef hai...
ਨਵੰਬਰ ਦੀਆਂ ਸ਼ਾਮਾਂ ‘ਚ
ਜਿਉਂ ਚਾਹ ਦਾ ਘੁੱਟ ਹੋਵੇ
ਕੋਸੀ ਜੇਹੀ ਧੁੱਪ ਹੋਵੇ
ਇਸ ਤਰ੍ਹਾਂ ਲੋਚਦਾ ਹਾਂ ਮੈਂ ਤੈਨੂੰ।
---------
ਮੇਰੇ ਅੰਦਰ ਫੈਲਿਆ ਝੱਲ ਹੋਵੇ
ਤੇਰੀ ਸਿੱਧੀ-ਸਾਦੀ ਗੱਲ ਹੋਵੇ
ਜਿਸ ‘ਚ ਸੌ ਫ਼ਰੇਬ ਵਲ਼ ਹੋਵੇ
ਉਸ ਝਗੜੇ ਦਾ ਨਾ ਕੋਈ ਹੱਲ ਹੋਵੇ
ਬੱਸ....ਇੰਝ ਹੀ ਸੋਚਦਾ ਹਾਂ ਮੈਂ
ਤੈਨੂੰ ਲੋਚਦਾ ਹਾਂ ਮੈਂ।
-------
ਪਰ ਤੈਨੂੰ ਲੋਚਦਾ ਹਾਂ ਮੈਂ
ਜਿਵੇਂ ਕੋਈ ਜੁਗਨੂੰ ਦੀ ਰੌਸ਼ਨੀ ‘ਚ
ਆਪਣੀ ਸ਼ਨਾਖ਼ਤ ਲੱਭਦਾ ਹੈ!
Kya baat hai!! Tuhadi kalam nu salaam!!
Tamanna
Post a Comment