ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਗ਼ਜ਼ਲ

ਝੁੰਡ ਉਡਦੇ ਪੰਛੀਆਂ ਦਾ ਜਦੋਂ ਛਿਪ ਕੇ ਬਹਿ ਗਿਆ।

ਲੱਗਾ, ਜਿਵੇਂ ਦਰਿਆ ਕਿਤੇ ਰੇਤੇ ਚ ਛਹਿ ਗਿਆ।

ਡੁੱਬਾਂਗਾ ਇਉਂ ਕਿ ਲੋਕ ਕਿਨਾਰੇ ਦੇ ਕਹਿਣਗੇ,

ਇਕ ਚੰਦ ਸੀ ਜੋ ਕਾਲ਼ੇ ਸਮੁੰਦਰ ਚ ਲਹਿ ਗਿਆ।

ਹੜ੍ਹ ਵਾਂਗ ਕੁਝ ਕੁ ਛਿਣ ਜਦੋਂ ਚਾਨਣ ਦੇ ਵਗ ਟੁਰੇ,

ਕਲ਼ਯੁਗ ਤਾਂ ਇਕ ਤਰਫ਼ ਰਿਹਾ, ਸੂਰਜ ਵੀ ਤ੍ਰਹਿ ਗਿਆ।

ਵਹਿੰਦਾ ਰਿਹਾ ਲਹੂ ਉਦ੍ਹਾ ਬੱਤੀ ਚੋਂ, ਫੇਰ ਕੀ?

ਪਰ ਵਾਰ ਤਾਂ ਚਿਰਾਗ਼ ਹਨੇਰੇ ਦਾ ਸਹਿ ਗਿਆ।

ਤੈਨੂੰ ਜੇ ਪੇਚ ਪਾ ਲਿਆ ਸ਼ਬਦਾਂ ਦੇ ਜਾਲ਼ ਨੇ,

ਮੈਂ ਵੀ ਉਲ਼ਝ ਕੇ ਗੂੜ੍ਹਿਆਂ ਅਰਥਾਂ ਚ ਰਹਿ ਗਿਆ।

ਮਹਿਮਾ ਬੜੀ ਸੁਣੀਦੀ ਸੀ ਸੂਰਜ ਦੇ ਬੁਰਜ ਦੀ,

ਵੱਜਾ ਰਤਾ ਕੁ ਠੁੱਡ ਹਨੇਰੀ ਦਾ ਢਹਿ ਗਿਆ।

ਜਦ ਵਲ਼ ਲਿਆ ਚੁਫੇਰਿਓਂ ਕਾਲ਼ਖ ਦੀ ਕੰਧ ਨੇ,

ਅਪਣੇ ਲਹੂ ਚ ਬਾਲ਼ ਕੇ ਦੀਵੇ ਮੈਂ ਬਹਿ ਗਿਆ।

ਮਾਰੀ ਸੀ ਜਿਸਨੇ ਹਾਕ ਗਵਾਚੀ ਬਹਾਰ ਨੂੰ,

ਕਹਿਣੀ ਸੀ ਜੋ ਖਰੀ ਖਰੀ, ਪਤਝੜ ਚ ਕਹਿ ਗਿਆ।

1 comment:

ਤਨਦੀਪ 'ਤਮੰਨਾ' said...

ਡੈਡੀ ਜੀ ਨੇ ਪ੍ਰਿੰ: ਤਖ਼ਤ ਸਿੰਘ ਜੀ ਦੀ ਕਿਤਾਬ ਜਦੋਂ ਮੈਨੂੰ ਦਿੱਤੀ ਤਾਂ ਮੇਰੀ ਖ਼ੁਸ਼ੀ ਦੀ ਹੱਦ ਨਾ ਰਹੀ...ਝੱਟ ਇਹ ਗ਼ਜ਼ਲ ਟਾਈਪ ਕਰਕੇ ਸਾਰਿਆਂ ਨਾਲ਼ ਸਾਂਝੀ ਕਰਨ ਦੀ ਸੋਚੀ...ਸਾਰੀ ਗ਼ਜ਼ਲ ਕਮਾਲ ਦੀ ਹੈ!!

ਤੈਨੂੰ ਜੇ ਪੇਚ ਪਾ ਲਿਆ ਸ਼ਬਦਾਂ ਦੇ ਜਾਲ਼ ਨੇ,
ਮੈਂ ਵੀ ਉਲ਼ਝ ਕੇ ਗੂੜ੍ਹਿਆਂ ਅਰਥਾਂ ‘ਚ ਰਹਿ ਗਿਆ।
ਮਹਿਮਾ ਬੜੀ ਸੁਣੀਦੀ ਸੀ ਸੂਰਜ ਦੇ ਬੁਰਜ ਦੀ,
ਵੱਜਾ ਰਤਾ ਕੁ ਠੁੱਡ ਹਨੇਰੀ ਦਾ ਢਹਿ ਗਿਆ।

ਬਹੁਤ ਖ਼ੂਬ!! ਗ਼ਜ਼ਲ ਤੇ ਗ਼ਜ਼ਲਗੋ ਨੂੰ ਸਲਾਮ!!
ਤਮੰਨਾ