ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਸ਼ਿਵਚਰਨ ਜੱਗੀ ਕੁੱਸਾ - ਯਾਦਾਂ

ਦਾਣਾ ਪਾਣੀ ਖਿੱਚ ਕੇ ਲਿਆਉਂਦਾ....
(ਯਾਦਾਂ ਦੇ ਦੀਵੇ)


ਮੇਰਾ ਚੌਦਾਂ ਸਾਲ ਦਾ ਪੁੱਤਰ ਕਬੀਰ ਬੜਾ ਸ਼ਰਾਰਤੀ ਲੜਕਾ ਹੈ। ਉਹ ਕਈ ਦਿਨ ਮੈਨੂੰ ਬਾਤਾਂ ਜਿਹੀਆਂ ਪਾਉਂਦਾ ਰਿਹਾ, "ਡੈਡ ਕੁੱਤਾ ਲੈਣੈਂ..!" ਮੈਂ ਉਸ ਨੂੰ ਹੱਸ ਕੇ ਹੀ ਟਾਲ਼ਦਾ ਰਿਹਾ, "ਜਦੋਂ ਤੂੰ ਘਰ 'ਚ ਹੈਗੈਂ-ਹੋਰ ਆਪਾਂ ਨੂੰ ਕਿਸੇ ਜਾਨਵਰ ਦੀ ਲੋੜ ਈ ਨ੍ਹੀ..!" ਇਕ ਦਿਨ ਸ਼ਾਮ ਨੂੰ ਮੈਂ ਕੁਦਰਤੀਂ ਘਰ ਹੀ ਸੀ ਤਾਂ ਉਸ ਦਾ ਫ਼ੋਨ ਆ ਗਿਆ, "ਪਾਪਾ ਮੈਂ ਟੈਸਕੋ ਕੋਲ਼ ਖੜ੍ਹੈਂ-ਮੈਨੂੰ ਆ ਕੇ ਲੈ ਜਾਵੋਂਗੇ ਪਲੀਜ਼..?" ਖ਼ੈਰ ਮੈਂ ਕਾਰ ਦੀ ਚਾਬੀ ਚੁੱਕੀ ਅਤੇ ਉਸ ਨੂੰ ਲੈਣ ਤੁਰ ਪਿਆ। ਟੈਸਕੋ ਵਾਲ਼ੇ ਪੈਟਰੋਲ ਪੰਪ ਦੇ ਕੋਲ਼ ਉਹ ਇਕੱਲਾ ਨਹੀਂ, ਇਕ ਕੁੱਤੀ ਦਾ ਪਟਾ ਜਿਹਾ ਫੜੀ ਖੜ੍ਹਾ ਸੀ। ਮੈਨੂੰ ਖੁੜਕ ਗਈ ਕਿ ਕਬੀਰ ਸਾਹਿਬ ਕਿਸੇ ਮਿੱਤਰ ਤੋਂ ਕੁੱਤੀ ਲੈ ਆਏ ਹਨ।
-"ਇਹ ਕੁਤੀੜ੍ਹ ਜੀ ਕਿੱਥੋਂ ਫੜ ਲਿਆਇਆ ਉਏ...?" ਮੈਂ ਕਾਰ ਵਿਚ ਵੜਦੇ ਨੂੰ ਉਸ ਨੂੰ ਕੌੜਿਆ।
-"ਇਕ ਦੋਸਤ ਕੁੜੀ ਨੇ ਦਿੱਤੀ ਐ ਡੈਡ..!" ਉਸ ਨੇ ਝਿਜਕਦਿਆਂ ਹੋਇਆਂ ਕਿਹਾ। ਇੰਨੇ ਚਿਰ ਨੂੰ ਕੁੱਤੀ ਵੀ ਛਾਲ਼ ਮਾਰ ਕੇ ਕਾਰ ਵਿਚ ਚੜ੍ਹ ਆਈ ਸੀ ਅਤੇ ਪਟਰਾਣੀਂ ਬਣ ਮੌਜ ਨਾਲ਼ ਮੇਰੇ ਬਰਾਬਰ ਦੀ ਸੀਟ 'ਤੇ ਬਿਰਾਜਮਾਨ ਹੋ ਚੁੱਕੀ ਸੀ। ਉਸ ਨੇ ਦੋ ਕੁ ਵਾਰ ਮੇਰੇ ਹੱਥ ਨੂੰ ਜੀਭ ਨਾਲ਼ ਚੱਟਿਆ। ਮੇਰ ਜਿਹੀ ਕੀਤੀ। ਮੈਂ ਵੀ ਬਜ਼ੁਰਗ ਵਾਂਗ ਉਸ ਦਾ ਸਿਰ ਜਿਹਾ ਪਲ਼ੋਸਣ ਲੱਗ ਪਿਆ ਅਤੇ ਘਰ ਲੈ ਆਇਆ....।
ਮੇਰੇ ਸਕੂਲ ਮੌਕੇ ਖ਼ਾਸ ਤੌਰ 'ਤੇ ਪੰਜਾਬ ਵਿਚ ਕੁੱਤਿਆਂ ਨਾਲ਼ ਮੇਰਾ ਖ਼ਾਸ ਮੋਹ ਰਿਹਾ ਹੈ। ਸਾਡੇ ਖੇਤ ਦੋ ਕੁੱਤੇ, 'ਮੌਜੀ' ਅਤੇ 'ਮੋਤੀ' ਰੱਖੇ ਹੋਏ ਸਨ। ਸ਼ੇਰਾਂ ਵਰਗੇ ਕੌੜ ਕੁੱਤੇ! ਇਕ ਕੁੱਤੀ ਰੱਖੀ ਹੋਈ ਸੀ, ਜਿਸ ਦਾ ਨਾਂ 'ਮੀਨਾ' ਸੀ। ਸਾਡੀ ਜ਼ਮੀਨ ਦੋ ਥਾਂ ਸੀ। ਇਕ ਖੂਹ ਵਾਲ਼ਾ ਖੇਤ ਅਤੇ ਦੂਜਾ ਢਾਬ ਵਾਲ਼ਾ ਖੇਤ ਵੱਜਦਾ ਸੀ। ਕੁੱਤਿਆਂ ਵਿਚ ਇਹ ਗੁਣ ਸੀ ਕਿ ਜਿੰਨਾਂ ਚਿਰ ਕੋਈ ਪਸ਼ੂ ਸਾਡੇ ਖੇਤ ਦੀ ਜੂਹ ਤੋਂ ਪਰ੍ਹੇ ਹੁੰਦਾ ਸੀ, ਤਾਂ ਉਹ ਕੰਨ ਚੁੱਕ ਕੇ ਵੇਖਦੇ ਰਹਿੰਦੇ। ਪਰ ਜਦ ਪਸ਼ੂ ਸਾਡੀ ਜ਼ਮੀਨ ਵਿਚ ਆ ਵੜਦਾ ਤਾਂ ਉਹ ਛੂਟ ਵੱਟ ਲੈਂਦੇ ਅਤੇ ਪਸ਼ੂ ਨੂੰ ਪਹਿਲਾਂ ਖੋਤੀ-ਗੇੜ ਭਜਾਉਂਦੇ ਅਤੇ ਫਿਰ ਪਿੰਡ ਵਾੜ ਕੇ ਆਉਂਦੇ। ਇਹੀ ਕਾਰਨ ਸੀ ਕਿ ਛੇਤੀ ਕੀਤੇ ਸਿਆਣਾ ਪਸ਼ੂ ਸਾਡੀ ਜ਼ਮੀਨ ਵਿਚ ਨਹੀਂ ਸੀ ਵੜਦਾ। ਅਗਰ ਜੇ ਕੋਈ ਪਸ਼ੂ ਦੂਜੀ ਵਾਰ ਫ਼ਸਲ ਵਿਚ ਵੜਨ ਦੀ ਗਲਤੀ ਕਰ ਲੈਂਦਾ ਤਾਂ ਮੌਜੀ ਹੋਰੀਂ ਉਸ ਦੇ ਗਿੱਟੇ ਲਹੂ-ਲੁਹਾਣ ਕਰ ਦਿੰਦੇ! ਮੌਜੀ ਅਤੇ ਮੋਤੀ ਇੱਕੋ ਮਾਂ ਦੇ ਜਾਏ ਭਰਾ ਵੀ ਸਨ ਅਤੇ ਹਮ-ਉਮਰ ਵੀ। ਇਕ ਵਾਰ ਸਾਡੇ ਗੁਆਂਢ ਖੇਤ ਵਾਲ਼ਾ ਤਾਇਆ ਲਾਲ ਸਿੰਘ ਪਹੀ-ਪਹੀ ਤੁਰਿਆ ਖੇਤ ਨੂੰ ਆ ਰਿਹਾ ਸੀ। ਛੇਤੀ ਕੀਤੇ ਕੁੱਤੇ ਕਿਸੇ ਬੰਦੇ ਨੂੰ ਕੁਝ ਨਹੀਂ ਆਖਦੇ ਸਨ। ਭੌਂਕਦੇ ਤਾਂ ਉਹ ਬਹੁਤ ਹੀ ਘੱਟ ਸਨ। ਬੱਸ ਐਕਸ਼ਨ ਹੀ ਕਰਦੇ ਸਨ। ਤਾਇਆ ਲਾਲ ਸਿੰਘ ਦੀਆਂ ਕਲਕੱਤੇ ਦੋ ਗੱਡੀਆਂ ਪਾਈਆਂ ਹੋਈਆਂ ਸਨ ਅਤੇ ਉਹ ਬਹੁਤ ਹੀ ਘੱਟ ਪਿੰਡ ਗੇੜਾ ਮਾਰਦਾ ਸੀ।
ਆਉਂਦੇ ਤਾਏ ਨੂੰ ਦੇਖ ਕੇ ਕੁੱਤੇ ਕੰਨ ਚੁੱਕੀ ਮੇਰੇ ਕੋਲ਼ ਖੜ੍ਹੇ ਹੀ ਜਾਇਜ਼ਾ ਜਿਹਾ ਰਹੇ ਸਨ। ਮੈਂ ਟਿਊਬਵੈੱਲ ਕੋਲ਼ ਬੈਠਾ ਸਕੂਲ ਦਾ ਕੰਮ ਕਰ ਰਿਹਾ ਸੀ। ਉਦੋਂ ਮੈਂ ਸ਼ਾਇਦ ਅੱਠਵੀਂ ਵਿਚ ਪੜ੍ਹਦਾ ਸੀ।
-"ਆਹ ਕਤੀੜ੍ਹ ਕਿੱਡੇ ਕਿੱਡੇ ਰੱਖੇ ਐ ਉਏ-ਇਹਨਾਂ ਤੋਂ ਕਿਸੇ ਨੂੰ ਮਰਵਾਉਣੈਂ..?" ਤਾਇਆ ਬੜਾ ਅੱਖੜ ਬੰਦਾ ਸੀ। ਬੋਲਣ ਚੱਲਣ ਦੀ ਉਸ ਨੂੰ ਘੱਟ ਹੀ ਅਕਲ ਸੀ। ਬੱਸ ਐਨੀ ਆਖਣ ਦੀ ਦੇਰ ਸੀ ਕਿ ਕੁੱਤਿਆਂ ਨੇ ਭਾਂਪ ਲਿਆ ਕਿ ਇਹ ਦੁਰਭਾਸ਼ਾ ਸਾਡੇ ਲਈ ਹੀ ਵਰਤੀ ਗਈ ਹੈ। ਕੁੱਤਾ ਅਤੇ ਘੋੜ੍ਹਾ ਬੜੀ ਸਿਆਣੀਂ ਜ਼ਾਤ ਹੈ। ਸੁਣਦਿਆਂ ਹੀ ਮੌਜੀ ਨੇ ਆਪਣੇ ਪੌਡੇ ਤਾਏ ਦੀ ਹਿੱਕ ਨੂੰ ਜਾ ਲਾਏ। ਉਸ ਦੇ ਮਗਰ ਮੋਤੀ ਕਰੋਧ ਵਿਚ ਉਸ ਦਾ 'ਬਾਡੀਗਾਰਡ' ਬਣਿਆਂ ਖੜ੍ਹਾ ਸੀ। ਰਿੱਛ ਜਿੱਡੇ ਕੁੱਤੇ ਦੇ ਛਾਤੀ ਨੂੰ ਲੱਗੇ ਪੌਡੇ ਦੇਖ ਕੇ ਤਾਏ ਦੇ ਆਪਣੇ 'ਕੁੱਤੇ ਫ਼ੇਲ੍ਹ' ਹੋ ਗਏ ਅਤੇ ਸਾਹ ਮਗਜ ਨੂੰ ਚੜ੍ਹ ਗਏ। ਮੈਂ ਵੀ ਖ਼ਤਰਾ ਮਹਿਸੂਸ ਕਰਕੇ ਕਾਪੀ ਪੈੱਨ ਸੁੱਟ ਕੇ ਉਠ ਖੜ੍ਹਿਆ, "ਤਾਇਆ ਜੀ-ਹੁਣ ਬੋਲਿਓ ਨਾ..! ਚੁੱਪ ਕਰਕੇ ਖੜ੍ਹੇ ਰਿਹੋ..! ਨਹੀਂ ਇਹ ਤੁਹਾਨੂੰ ਪਾੜ ਦੇਣਗੇ!" ਮੈਂ ਉਸ ਨੂੰ ਖ਼ਬਰਦਾਰ ਕੀਤਾ। ਬੋਲਣ ਜੋਕਰਾ ਤਾਂ ਤਾਇਆ ਪਹਿਲਾਂ ਹੀ ਨਹੀਂ ਸੀ ਰਿਹਾ। ਉਸ ਦਾ ਬਲੱਡ ਤਾਂ ਪਹਿਲਾਂ ਹੀ ਘਟ ਗਿਆ ਸੀ ਅਤੇ ਉਹ ਠੱਕੇ ਦੀ ਮਾਰੀ ਬੱਕਰੀ ਵਾਂਗ ਕੰਬੀ ਜਾ ਰਿਹਾ ਸੀ। ਮੈਂ ਜਾ ਕੇ ਮੌਜੀ ਦੇ ਚੁਪੇੜ ਜਿਹੀ ਮਾਰੀ ਅਤੇ ਮੋਤੀ ਨੂੰ ਵੀ ਦਬਕਿਆ। ਆਦਮ ਕੱਦ ਕੁੱਤੇ ਮੇਰੇ ਬੜੇ ਹੀ ਆਗਿਆਕਾਰ ਸਨ। ਖ਼ੈਰ ਮੇਰੇ ਇਸ਼ਾਰੇ 'ਤੇ ਮੌਜੀ ਨੇ ਤਾਏ ਦੀ ਛਾਤੀ ਤੋਂ ਪੌਡੇ ਚੁੱਕ ਲਏ ਅਤੇ ਦੋਨੋਂ ਕੁੱਤੇ ਬਕਰੈਣ ਥੱਲੇ ਆ ਕੇ ਅਰਾਮ ਨਾਲ਼ ਬੈਠ ਗਏ।
ਮੈਂ ਕਦੇ ਕਦੇ ਮੋਤੀ ਅਤੇ ਮੌਜੀ ਦੇ ਉਪਰ 'ਘੋੜ-ਸਵਾਰੀ' ਵੀ ਕਰ ਲੈਂਦਾ ਸੀ। ਮੈਂ ਕੰਨ ਫੜ ਕੇ ਉਹਨਾਂ ਦੇ ਉਪਰ ਬੈਠ ਜਾਣਾ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਗੁੱਸੇ ਹੋਣਾ, "ਉਏ ਯਧ ਕਮਲਿ਼ਆ-ਥੱਲੇ ਉਤਰ...! ਇਹਦੀ ਢੂਹੀ ਤੋੜ ਦੇਂਗਾ..!" ਜੇ ਕਿਤੇ ਮੋਤੀ ਅਤੇ ਮੌਜੀ ਨੂੰ ਖੇਤ ਵਿਚ ਪਏ ਪਸ਼ੂ ਬਾਰੇ ਨਾ ਪਤਾ ਚੱਲਣਾ ਤਾਂ ਮੈਂ ਦੇਖ ਕੇ ਸਿਰਫ਼ ਇਤਨਾ ਹੀ ਆਖਣਾ, "ਚੱਕ ਮੋਤੀ...!" ਬੱਸ ਐਨੀ ਗੱਲ ਉਹਨਾਂ ਨੂੰ 'ਵਾਧੂ' ਹੁੰਦੀ ਸੀ ਅਤੇ ਉਹ ਸੁਹਿਰਦ ਫ਼ੌਜੀ ਵਾਂਗ ਸਿਰਤੋੜ ਭੱਜਦੇ ਅਤੇ ਇਕੱਲੇ ਹੀ ਪਸ਼ੂ ਫ਼ਸਲ 'ਚੋਂ ਬਾਹਰ ਕੱਢ ਕੇ ਆਉਂਦੇ! ਉਹਨਾਂ ਦੇ ਨਾਲ਼ ਭੱਜਣ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਸੀ। ਉਹ ਪੈਂਦੇ ਵੀ ਸਿਰਫ਼ ਪਸ਼ੂ ਦੇ ਗਿੱਟਿਆਂ ਨੂੰ ਹੀ ਸਨ। ਜਦੋਂ ਮੈਂ ਸਕੂਲੋਂ ਆਉਣਾ, ਤਾਂ ਕਿਤਾਬਾਂ ਵਾਲ਼ਾ ਝੋਲ਼ਾ ਰੱਖ ਸਿੱਧਾ ਖੇਤ ਨੂੰ ਤੁਰ ਜਾਣਾ। ਜਦੋਂ ਮੈਂ ਛੱਪੜ ਵਾਲ਼ੀ ਡੰਡੀ 'ਤੇ ਹੋਣਾਂ ਤਾਂ ਦੋਨਾਂ ਕੁੱਤਿਆਂ ਨੇ ਤਕਰੀਬਨ ਇਕ ਕਿਲੋਮੀਟਰ ਭੱਜ ਕੇ ਆ ਕੇ ਮੇਰਾ ਸੁਆਗਤ ਕਰਨਾ ਅਤੇ ਮੇਰੇ ਗੋਡੇ ਲੱਤਾਂ ਚੱਟਦਿਆਂ, ਮੈਨੂੰ ਅਗਵਾਈ ਦੇ ਕੇ ਖੇਤ ਲੈ ਕੇ ਜਾਣਾਂ। ਨਾਲ਼ ਦੇ ਖੇਤਾਂ ਵਾਲ਼ੇ ਇਹਨਾਂ ਤੋਂ ਭੈਅ ਖਾਂਦੇ ਸਨ।
ਮੀਨਾ ਬਹੁਤ ਹੀ ਸਾਊ ਕੁੱਤੀ ਸੀ। ਨਾ ਤਾਂ ਉਹ ਕਿਸੇ ਨੂੰ ਵੱਢਦੀ ਸੀ ਅਤੇ ਨਾ ਹੀ ਕਦੇ ਭੌਂਕਦੀ ਸੀ। ਬੱਸ ਉਹ ਚੁੱਪ-ਚਾਪ ਹੀ ਕੋਲ਼ ਆ ਕੇ, ਨੀਵੀਂ ਜਿਹੀ ਪਾ ਕੇ ਪੂਛ ਹਿਲਾਉਂਦੀ ਰਹਿੰਦੀ ਰਹਿੰਦੀ। ਹਾਂ, ਬੱਚੇ ਦੇਣ ਵੇਲ਼ੇ ਉਹ ਜ਼ਰੂਰ ਕੌੜ ਹੋ ਜਾਂਦੀ। ਇਹ ਗੱਲ ਸਮਝ ਆਉਣ ਵਾਲ਼ੀ ਵੀ ਸੀ! ਬੱਚਿਆਂ ਦੀ ਰਾਖੀ ਕਰਨੀ ਮਾਂ ਦਾ ਫ਼ਰਜ਼ ਵੀ ਹੈ ਅਤੇ ਕਰਮ ਵੀ! ਮੌਜੀ ਅਤੇ ਮੋਤੀ ਉਸ ਦੇ ਹੀ ਬੱਚੇ ਸਨ। ਜਦ ਉਹ ਬੱਚੇ ਦਿੰਦੀ, ਤਾਂ ਸਾਡੇ ਤੂੜੀ ਵਾਲ਼ੇ ਕੋਠੇ 'ਚ ਹੀ ਦਿੰਦੀ। ਜਦੋਂ ਉਸ ਦੇ ਬੱਚੇ ਦਿੱਤੇ ਹੁੰਦੇ ਤਾਂ ਉਸ ਤੂੜੀ ਵਾਲ਼ੇ ਕੋਠੇ ਵਿਚ ਸਿਰਫ਼ ਦੋ ਬੰਦੇ ਜਾ ਸਕਦੇ ਸਨ, ਇਕ ਮੈਂ ਅਤੇ ਇਕ ਮੇਰੇ ਦਾਦਾ ਜੀ! ਹੋਰ ਉਹ ਕਿਸੇ ਨੂੰ ਅੰਦਰ ਨਹੀਂ ਵੜਨ ਦਿੰਦੀ ਸੀ। ਬੁਰੀ ਤਰ੍ਹਾਂ ਘੂਰਦੀ ਅਤੇ ਕਰੋਧੀ ਹੋਈ ਵੱਢਣ ਵੀ ਆਉਂਦੀ। ਇਕ ਵਾਰ ਸਾਡਾ ਸੀਰੀ ਜੈਬਾ ਅੰਦਰ ਤੂੜੀ ਲੈਣ ਜਾ ਵੜਿਆ। ਮੀਨਾ ਦੇ ਬੱਚੇ ਦਿੱਤੇ ਹੋਏ ਸਨ। ਮੀਨਾ ਉਸ ਦੇ ਬੁਰੀ ਤਰ੍ਹਾਂ ਮਗਰ ਪੈ ਗਈ। ਉਹ ਦੁਹਾਈ ਦਿੰਦਾ ਮੇਰੇ ਵੱਲ ਭੱਜਿਆ ਆਵੇ, "ਜੱਗਿਆ ਬਚਾਈਂ ਉਏ ਛੋਟੇ ਭਾਈ-ਮੈਨੂੰ ਦੰਦ ਮਾਰੂ ਸਹੁਰੀ..!" ਮੈਂ ਉਠ ਕੇ ਮੀਨਾ ਨੂੰ ਘੂਰ ਕੇ ਪੈਰ ਦੜੱਕਾ ਜਿਹਾ ਮਾਰਿਆ, ਉਹ ਉਥੇ ਹੀ ਰੁਕ ਗਈ। ਮੈਂ ਉਸ ਦਾ ਕੰਨ ਫੜ ਕੇ ਫਿਰ ਤੂੜੀ ਵਾਲ਼ੇ ਕੋਠੇ ਵਿਚ ਉਸ ਦੇ ਬੱਚਿਆਂ ਕੋਲ਼ ਛੱਡ ਆਇਆ।
ਹਾੜ੍ਹੀ ਦੀ ਵਾਢੀ ਚੱਲ ਰਹੀ ਸੀ। ਮੈਂ ਸਕੂਲੋਂ ਘਰ ਆਇਆ ਤਾਂ ਬੇਬੇ (ਦਾਦੀ) ਨੇ ਚਾਹ ਦਾ ਡੋਲਣਾ ਹੱਥ ਫੜਾ ਦਿੱਤਾ, "ਤੂੰ ਖੇਤ ਤਾਂ ਜਾਣਾ ਈ ਐਂ ਪੁੱਤ-ਮੁੰਡਿਆਂ ਦੀ ਚਾਹ ਵੀ ਲੈਂਦਾ ਜਾਹ-ਸਵੇਰ ਦੇ ਲੱਗੇ ਵੇ ਐ ਜਿਉਣ ਜੋਕਰੇ..!" ਮੈਂ ਡੋਲਣਾ ਫੜ ਕੇ ਖੇਤ ਨੂੰ ਤੁਰ ਪਿਆ। ਆਮ ਵਾਂਗ ਮੌਜੀ ਅਤੇ ਮੋਤੀ ਨੇ ਮੇਰਾ ਡੰਡੀ 'ਤੇ ਹੀ ਸੁਆਗਤ ਕੀਤਾ। ਜਦ ਖੇਤ ਗਿਆ ਤਾਂ ਮੀਨਾ ਨਜ਼ਰ ਨਾ ਆਈ। ਕਿਉਂਕਿ ਮੀਨਾ ਮੇਰੇ ਕੋਲ਼ ਕਦੇ ਵੀ ਭੱਜ ਕੇ ਡੰਡੀ 'ਤੇ ਨਹੀਂ ਸੀ ਆਉਂਦੀ। ਜਦ ਮੈਂ ਖੇਤ ਪਹੁੰਚਦਾ ਤਾਂ ਉਹ ਸਤਿਕਾਰ ਜਿਹੇ ਨਾਲ਼ ਪੂਛ ਹਿਲਾ ਕੇ ਮੇਰੇ ਕੋਲ਼ ਆਉਂਦੀ ਅਤੇ ਮੇਰੇ ਪੈਰ ਚੱਟਦੀ। ਪਰ ਅੱਜ ਮੀਨਾ ਮੈਨੂੰ ਨਾ ਦਿਸੀ। ਮੈਂ ਚਾਹ ਵਰਤਾਉਂਦਿਆਂ ਸਾਡੇ ਦੂਜੇ ਸੀਰੀ ਚਾਚੇ ਗਾਮੇ ਨੂੰ ਪੁੱਛਿਆ, "ਚਾਚਾ ਜੀ ਮੀਨਾ ਨ੍ਹੀ ਦੀਂਹਦੀ ਕਿਤੇ..?" ਤਾਂ ਚਾਹ ਦੀ ਚੁਸਕੀ ਲੈ ਕੇ ਉਸ ਨੇ ਬੜੇ ਮਜਾਜ਼ ਨਾਲ਼ ਦੱਸਿਆ, "ਉਹਨੂੰ ਹਲ਼ਕਿਆ ਕੁੱਤਾ ਦੰਦ ਮਾਰ ਗਿਆ ਸੀ-ਅੱਜ ਕੁੱਟ ਕੇ ਮਾਰੀ ਐ...!" ਮੇਰੇ ਸਿਰ ਨੂੰ ਚੱਕਰ ਆਇਆ, "ਥੋਨੂੰ ਕੀ ਪਤੈ ਬਈ ਉਹਨੂੰ ਹਲ਼ਕਿਆ ਕੁੱਤਾ ਦੰਦ ਮਾਰ ਗਿਆ ਸੀ?" ਮੇਰੇ ਸਿਰ ਵਿਚ ਭੰਮੀਰੀਆਂ ਘੁਕੀ ਜਾ ਰਹੀਆਂ ਸਨ, "ਹਰਨਾਮ ਦੱਸਦਾ ਸੀ...!" ਕਿਸੇ ਦੇ ਮੂੰਹ ਹਿਲਾਉਣ 'ਤੇ ਹੀ, ਬਿਨਾਂ ਕਿਸੇ ਤਹਿਕੀਕਾਤ ਤੋਂ ਕਿਸੇ ਬੇਜ਼ੁਬਾਨ ਬੇਦੋਸ਼ੇ ਜਾਨਵਰ ਨੂੰ ਕੁੱਟ ਕੇ ਮਾਰ ਦੇਣਾ, ਕਿੱਧਰਲੀ ਇਨਸਾਨੀਅਤ ਹੈ? ਮੇਰਾ ਸਰੀਰ ਝੂਠਾ ਪਿਆ ਹੋਇਆ ਸੀ।
-"ਕਿੱਥੇ ਮਾਰੀ ਐ..?" ਮੈਂ ਬੌਂਦਲਿ਼ਆ ਹੋਇਆ ਪੁੱਛ ਰਿਹਾ ਸਾਂ। ਮੇਰੇ ਕੰਨਾਂ ਵਿਚ ਬਿੰਡੇ ਟਿਆਂਕੀ ਜਾ ਰਹੇ ਸਨ।
-"ਔਹ ਆਪਣੀ ਪਰਲੀ ਜ਼ਮੀਨ 'ਚ-ਕਣਕ ਦੀ ਮੰਡਲ਼ੀ ਕੋਲ਼ੇ...!" ਚਾਚਾ ਬੜੇ ਸ਼ਾਂਤਮਈ ਢੰਗ ਨਾਲ਼ ਗੱਲਾਂ ਕਰ ਰਿਹਾ ਸੀ। ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਪਰ ਕਰੋਧ ਮੇਰੇ ਸਿਰ ਨੂੰ ਬਾਰੂਦ ਬਣ ਚੜ੍ਹਦਾ ਜਾ ਰਿਹਾ ਸੀ। ਮੈਂ ਸਾਡੇ ਕਿਸੇ ਸੀਰੀ ਨੂੰ ਕਦੇ ਕੌੜਾ ਬਚਨ ਨਹੀਂ ਕੀਤਾ ਸੀ।
ਮੈਂ ਚਾਹ ਵਾਲ਼ਾ ਡੋਲਣਾ ਰੱਖ ਸਿਰਤੋੜ ਮੰਡਲ਼ੀ ਵੱਲ ਨੂੰ ਦੌੜ ਪਿਆ।
ਜਦ ਜਾ ਕੇ ਦੇਖਿਆ ਤਾਂ ਮੀਨਾ ਦੀ ਲਾਸ਼ ਪਈ ਸੀ। ਅੱਖਾਂ ਖੁੱਲ੍ਹੀਆਂ ਸਨ ਅਤੇ ਨੱਕ ਮੂੰਹ 'ਚੋਂ ਖ਼ੂਨ ਨਿਕਲ਼ ਕੇ ਸੁੱਕ ਚੁੱਕਾ ਸੀ। ਦੇਖ ਕੇ ਮੇਰਾ ਦਿਲ ਦੋਫ਼ਾੜ ਹੋ ਗਿਆ ਅਤੇ ਮੇਰਾ ਉਚੀ-ਉਚੀ ਰੋਣ ਨਿਕਲ਼ ਗਿਆ। ਹਰ ਰੋਜ਼ ਮੇਰੇ ਪੈਰ ਚੱਟ ਕੇ ਮੇਰਾ ਸੁਆਗਤ ਕਰਨ ਵਾਲ਼ੀ ਮੀਨਾ ਜੱਗ ਜਹਾਨ ਛੱਡ ਪਤਾ ਨਹੀਂ ਕਿੱਧਰ ਤੁਰ ਗਈ ਸੀ ਜਾਂ ਮੱਲੋਮੱਲੀ ਤੋਰ ਦਿੱਤੀ ਗਈ ਸੀ! ਮੇਰੇ ਸਿਰ ਨੂੰ ਐਸਾ ਗੁੱਸਾ ਗੁੱਸਾ ਚੜ੍ਹਿਆ ਕਿ ਮੈਂ ਸਾਰੇ ਹਾੜ੍ਹੀ ਵੱਢਦਿਆਂ ਨੂੰ ਉਚੀ-ਉਚੀ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, "ਉਏ ਤੁਸੀਂ ਮੇਰੀ ਮੀਨਾ ਮਾਰਤੀ ਉਏ ਥੋਡੀ ਭੈਣ ਦੀ...! ਉਏ ਤੁਸੀਂ ਬਿਨਾਂ ਗੱਲੋਂ ਮੇਰੀ ਮੀਨਾ ਮਾਰਤੀ ਉਏ ਭੈਣ ਚੋਦੋ...!" ਪਰ ਕੋਈ ਨਾ ਬੋਲਿਆ। ਕਿਸੇ ਨੇ 'ਚੂੰ' ਵੀ ਨਾ ਕੀਤੀ। ਮੈਂ ਲਾਸ਼ ਕੋਲ਼ ਬੈਠ ਕੇ ਮੀਨਾ ਦੀਆਂ ਖੁੱਲ੍ਹੀਆਂ ਅੱਖਾਂ ਬੰਦ ਕੀਤੀਆਂ ਅਤੇ ਹੁਬਕੀਏਂ ਰੋਂਦਾ ਪਹੀ-ਪਹੀ ਪਿੰਡ ਨੂੰ ਤੁਰ ਪਿਆ। ਰਾਹ ਵਿਚ ਮੇਰੇ ਦਾਦਾ ਜੀ ਨੇ ਮੈਨੂੰ ਖਾਲੀ ਡੋਲਣਾਂ ਫ਼ੜਾਉਣਾ ਚਾਹਿਆ। ਪਰ ਮੈਂ ਡੋਲਣਾਂ ਫ਼ੜ ਖੇਤ ਵਿਚ ਚਲਾ ਕੇ ਮਾਰਿਆ ਅਤੇ ਚੱਕਵੇਂ ਪੈਰੀਂ ਪਿੰਡ ਨੂੰ ਤੁਰ ਪਿਆ। ਮੇਰਾ ਰੋਣਾ ਬੰਦ ਨਹੀਂ ਹੁੰਦਾ ਸੀ। ਦਾਦਾ ਜੀ ਨਾਲ਼ ਮੇਰੀ ਇਹ ਸ਼ਾਇਦ ਜਿ਼ੰਦਗੀ ਦੀ ਪਹਿਲੀ ਬਦਸਲੂਕੀ ਸੀ। ਦਾਦਾ ਜੀ ਨੇ ਵੀ ਹਾਲਾਤ ਦੇਖ ਕੇ ਮੈਨੂੰ ਕੁਝ ਨਾ ਕਿਹਾ। ਉਹਨਾਂ ਨੂੰ ਭਲੀ ਭਾਂਤ ਪਤਾ ਸੀ ਕਿ ਮੈਂ ਤਿੰਨਾਂ ਕੁੱਤਿਆਂ ਨੂੰ ਕਿੰਨਾਂ ਮੋਹ ਕਰਦਾ ਸਾਂ।
ਘਰ ਆ ਕੇ ਮੈਂ ਬੇਬੇ ਨੂੰ ਸਵਾ ਗਜ ਖੱਦਰ ਦੇਣ ਬਾਰੇ ਕਿਹਾ।
-"ਖੱਦਰ ਕੀ ਕਰਨੈਂ ਮੇਰੇ ਪੁੱਤ ਨੇ..?" ਬੇਬੇ ਨੇ ਬੜੇ ਪਿਆਰ ਨਾਲ਼ ਪੁੱਛਿਆ।
ਮੇਰਾ ਫਿ਼ਰ ਭੁੱਬ ਵਾਂਗ ਉਚੀ ਉਚੀ ਰੋਣ ਨਿਕਲ਼ ਗਿਆ।
-"ਉਹਨਾਂ ਮੇਰੇ ਸਾਲਿ਼ਆਂ ਨੇ ਆਪਣੀ ਮੀਨਾ ਮਾਰਤੀ-ਅਖੇ ਹਲ਼ਕਿਆ ਕੁੱਤਾ ਵੱਢ ਗਿਆ।" ਸ਼ਾਇਦ ਬੇਬੇ ਨੂੰ ਵੀ ਪਤਾ ਸੀ। ਉਸ ਨੇ ਮੈਨੂੰ ਸਵਾ ਗਜ ਖੱਦਰ ਪਾੜ ਕੇ ਦੇ ਦਿੱਤਾ ਅਤੇ ਮੈਂ ਚੁੱਪ ਚਾਪ ਰੋਂਦਾ ਖੇਤ ਨੂੰ ਤੁਰ ਪਿਆ। ਖੇਤ ਆ ਕੇ ਮੈਂ ਕਹੀ ਲਈ ਅਤੇ ਮੀਨਾ ਦੀ ਲਾਸ਼ ਕੋਲ਼ ਜਾ ਕੇ ਟੋਆ ਪੁੱਟਣਾਂ ਸ਼ੁਰੂ ਕਰ ਦਿੱਤਾ। ਮੈਨੂੰ ਟੋਆ ਪੁੱਟਦੇ ਨੂੰ ਦੇਖ ਕੇ ਜੈਬਾ ਕਣਕ ਵੱਢਣੀਂ ਛੱਡ ਮੇਰੇ ਕੋਲ਼ ਆ ਗਿਆ, "ਪਰ੍ਹੇ ਹਟ ਛੋਟੇ ਭਾਈ-ਟੋਆ ਮੈਂ ਪੱਟਦੈਂ-!" ਉਸ ਨੇ ਆਖਿਆ ਤਾਂ ਮੇਰੇ ਗੁੱਸੇ ਨੂੰ ਹੋਰ ਲਾਂਬੂ ਲੱਗ ਗਿਆ।
-"ਬਾਈ ਜੈਬਿਆ, ਵਾਪਸ ਖੇਤ ਚਲਿਆ ਜਾਹ-ਨਹੀਂ ਆਹ ਕਹੀ ਨਾਲ਼ ਤੇਰੇ ਟੋਟੇ ਨਾ ਹੋ ਜਾਣ..!" ਮੈਂ ਟੋਆ ਪੁੱਟਦਾ ਪੁੱਟਦਾ ਨਾਲ਼ ਦੀ ਨਾਲ਼ ਉਚੀ ਉਚੀ ਰੋਈ ਵੀ ਜਾ ਰਿਹਾ ਸਾਂ। ਮੋਟੇ-ਮੋਟੇ ਹੰਝੂ ਮੇਰੀ ਹਿੱਕ 'ਤੇ 'ਤਰਿੱਪ-ਤਰਿੱਪ' ਡਿੱਗੀ ਜਾ ਰਹੇ ਸਨ। ਜੈਬਾ ਚੁੱਪ ਚਾਪ ਖੇਤ ਤੁਰ ਗਿਆ। ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਜੈਬਾ, ਮੇਜਰ ਅਤੇ ਚਾਚਾ ਗਾਮਾਂ ਸਾਡੇ ਨਾਲ਼ ਸੀਰੀ ਚੱਲੇ ਆ ਰਹੇ ਸਨ। ਮੈਂ ਉਹਨਾਂ ਨਾਲ਼ 'ਬਾਈ ਜੀ' ਜਾਂ 'ਚਾਚਾ ਜੀ' ਤੋਂ ਬਿਨਾਂ ਗੱਲ ਨਹੀਂ ਕੀਤੀ ਸੀ। ਪਰ ਅੱਜ ਗੱਲ ਮੇਰੇ ਵੱਸੋਂ ਬਾਹਰ ਹੋਈ ਪਈ ਸੀ। ਮੀਨਾ ਦੀ ਲਾਸ਼ ਮੇਰੇ ਕਰੋਧ ਨੂੰ ਪੁਲੀਤਾ ਲਾਈ ਜਾ ਰਹੀ ਸੀ। ਮੈਂ ਮੁੜ੍ਹਕੋ-ਮੁੜ੍ਹਕੀ ਹੋਏ ਨੇ ਟੋਆ ਪੁੱਟ ਕੇ ਖੱਦਰ ਦਾ ਟੋਟਾ ਵਿਛਾਇਆ। ਫਿ਼ਰ ਮੀਨਾ ਨੂੰ ਚੁੱਕ ਕੇ ਆਪਣੇ ਸੀਨੇਂ ਨਾਲ਼ ਲਾਇਆ ਅਤੇ ਖੱਦਰ ਉਪਰ ਲਿਟਾ ਕੇ ਉਸ ਨੂੰ ਸਹਿਜ ਨਾਲ਼ ਲਪੇਟਿਆ। ਨਾਲ਼ ਦੀ ਨਾਲ਼ ਮੈਂ ਰੋਂਦਾ 'ਵਾਹਿਗੁਰੂ-ਵਾਹਿਗੁਰੂ' ਦਾ ਜਾਪ ਵੀ ਕਰੀ ਜਾ ਰਿਹਾ ਸੀ। ਫਿਰ ਬੜੇ ਅਦਬ ਨਾਲ਼ ਉਸ ਨੂੰ ਟੋਏ ਵਿਚ ਰੱਖਿਆ ਅਤੇ ਜਾਪ ਕਰਦਿਆਂ ਹੀ ਮਿੱਟੀ ਪਾ ਦਿੱਤੀ। ਫ਼ੇਰ ਖੇਤੋਂ ਇਕ ਕਿੱਕਰ ਦਾ ਡਾਹਣਾ ਲਿਆ ਕੇ ਉਸ ਦੇ ਦਫ਼ਨਾਉਣ ਵਾਲ਼ੀ ਜਗਾਹ 'ਤੇ ਰੱਖਿਆ ਕਿ ਰਾਤ ਨੂੰ ਅਵਾਰਾ ਕੁੱਤੇ ਇਸ ਦੀ ਲਾਸ਼ ਦੀ ਖੇਹ-ਖ਼ਰਾਬੀ ਨਾ ਕਰ ਜਾਣ। ਵੈਸੇ ਛੇਤੀ ਕੀਤੇ ਮੋਤੀ ਅਤੇ ਮੌਜੀ ਅਵਾਰਾ ਕੁੱਤਿਆਂ ਨੂੰ ਖੇਤ ਵਿਚ ਵੜਨ ਨਹੀਂ ਸਨ ਦਿੰਦੇ। ਪਰ ਮੈਂ ਆਪਣੇ ਮਨ ਦਾ ਸ਼ੰਕਾ ਨਵਿਰਤ ਕਰ ਲਿਆ। ਫਿ਼ਰ ਮੀਨਾ ਦੀ ਕਬਰ 'ਤੇ ਖੜ੍ਹ ਕੇ ਅਰਦਾਸ ਕੀਤੀ ਅਤੇ ਚੁੱਪ ਚਾਪ ਘਰ ਆ ਗਿਆ। ਉਦੋਂ ਮੈਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤਖ਼ਤੂਪੁਰਾ ਵਿਖੇ ਸਕੂਲੀ ਪੜ੍ਹਾਈ ਦੇ ਨਾਲ਼-ਨਾਲ਼ ਗੁਰਬਾਣੀ ਦਾ ਅਧਿਐਨ ਵੀ ਕਰ ਰਿਹਾ ਸੀ, ਕਾਫ਼ੀ ਗੁਰਬਾਣੀ ਮੈਨੂੰ ਕੰਠ ਸੀ ਅਤੇ ਅਸੀਂ ਹਰ ਰੋਜ਼ ਪਹਿਲੀ ਪਾਤਿਸ਼ਾਹੀ ਦੇ ਗੁਰਦੁਆਰੇ ਜਾ ਕੇ ਅਰਦਾਸ ਵੀ ਕਰਦੇ ਸਾਂ।
ਰਾਤ ਨੂੰ ਭੁੱਖ ਨਾ ਲੱਗੀ। ਬੇਬੇ ਦਾ ਦਿੱਤਾ ਦੁੱਧ ਵੀ ਨਾ ਪੀਤਾ। ਕਈ ਦਿਨ ਮੇਰਾ ਖੇਤ ਜਾਣ ਨੂੰ ਜੀਅ ਨਾ ਕੀਤਾ। ਜੇ ਬੇਬੇ ਖੇਤ ਚਾਹ ਲਿਜਾਣ ਨੂੰ ਆਖਦੀ ਤਾਂ ਮੈਂ ਇੱਕੋ ਗੱਲ ਨਾਲ਼ ਬੇਬੇ ਨੂੰ ਚੁੱਪ ਕਰਵਾ ਦਿੰਦਾ, "ਬੇਬੇ ਮੀਨਾ ਦੇ ਕਾਤਲਾਂ ਵਾਸਤੇ ਨਾ ਤਾਂ ਮੈਨੂੰ ਰੋਟੀ ਲਿਜਾਣ ਵਾਸਤੇ ਆਖੀਂ ਤੇ ਨਾ ਚਾਹ-ਮੈਥੋਂ ਕੋਈ ਮਰਜੂ...!" ਬੇਬੇ ਮੇਰੇ ਗੁੱਸੇ ਨੂੰ ਸਮਝਦੀ ਸੀ। ਬੇਬੇ ਕਈ ਵਾਰ ਖ਼ੁਦ ਵੀ ਗਿ਼ਲਾ ਕਰ ਚੁੱਕੀ ਸੀ, "ਪੁੱਤ ਖਾਣੇ ਦਿਆਂ ਨੇ ਨਿੱਜ ਨੂੰ ਜਾਣੇ ਅਮਲੀ ਦੇ ਆਖੇ ਲੱਗ ਕੇ ਕਿੱਡੀ ਸੋਹਣੀਂ ਨਸਲ ਦੀ ਕੁੱਤੀ ਮਾਰਤੀ!" ਬੇਬੇ ਦੀ ਗੱਲ ਸੁਣ ਕੇ ਮੇਰਾ ਫਿ਼ਰ ਰੋਣ ਨਿਕਲ਼ ਜਾਂਦਾ ਅਤੇ ਕਦੇ ਅੱਖਾਂ ਵਿਚ ਚੰਗਿਆੜੇ ਮੱਚਦੇ। ਸਮਾਂ ਪੈਣ 'ਤੇ ਜਿੰਨਿਆਂ ਨੇ ਮੀਨਾ ਮਾਰੀ ਸੀ, ਸਾਰਿਆਂ ਨੂੰ ਹੀ ਸਮੇਂ ਸਮੇਂ ਅਨੁਸਾਰ ਹਲ਼ਕੇ ਕੁੱਤੇ ਨੇ ਵੱਢਿਆ ਅਤੇ ਸਾਰਿਆਂ ਨੂੰ ਸਰਕਾਰੀ ਹਸਪਤਾਲ਼ ਮੋਗਾ ਤੋਂ ਹਲ਼ਕਾਅ ਦੇ ਚੌਦਾਂ-ਚੌਦਾਂ ਟੀਕੇ ਧੁੰਨੀਂ ਵਿਚ ਕਰਵਾਉਣੇ ਪਏ!
ਹਫ਼ਤੇ ਕੁ ਬਾਅਦ ਜਦੋਂ ਮੈਂ ਖੇਤ ਗਿਆ ਤਾਂ ਮੋਤੀ ਅਤੇ ਮੌਜੀ ਮੈਨੂੰ ਦੇਖ ਕੇ ਪਿੰਡ ਵਾਲ਼ੀ ਡੰਡੀ 'ਤੇ ਆ ਗਏ ਅਤੇ ਮੇਰੇ ਗੋਡੇ-ਲੱਤਾਂ ਚੱਟਣ ਦੀ ਥਾਂ ਮੇਰੇ ਸਾਹਮਣੇਂ ਲਿਟਣ ਲੱਗ ਪਏ। ਜਿਵੇਂ ਗੁੱਸਾ ਕਰ ਰਹੇ ਹੋਣ ਕਿ ਤੂੰ ਕਿੰਨੇ ਦਿਨ ਹੋ ਗਏ ਖੇਤ ਹੀ ਨਹੀਂ ਆਇਆ। ਮੈਂ ਦੋਨਾਂ ਨੂੰ ਥਾਪੜ ਕੇ, ਭੁੰਜੇ ਬੈਠ ਆਪਣੇ ਗਲ਼ ਨਾਲ਼ ਲਾ ਲਿਆ ਅਤੇ ਆਪਣੇ ਨਾਲ਼ ਤੋਰ ਲਿਆ। ਮੇਰਾ ਮਨ ਭਰਿਆ ਭਰਿਆ ਰਹਿੰਦਾ। ਖੇਤ ਆ ਕੇ ਜਦੋਂ ਮੀਨਾ ਮੈਨੂੰ ਨਾ ਦਿਸਦੀ ਤਾਂ ਮੈਂ ਹੋਰ ਉਦਾਸ ਹੋ ਜਾਂਦਾ ਅਤੇ ਮੈਨੂੰ ਹੌਲ ਜਿਹੇ ਪੈਣ ਲੱਗ ਪੈਂਦੇ। ਮੇਜਰ, ਜੈਬੇ ਅਤੇ ਚਾਚੇ ਗਾਮੇ ਨੂੰ ਮੈਂ ਆਪਣੇ 'ਬਾਹਰ' ਆਉਣ ਤੱਕ ਨਹੀਂ ਬੁਲਾਇਆ ਸੀ। ਕਦੇ ਕਦੇ ਮੈਂ ਮੀਨਾ ਦੀ 'ਕਬਰ' 'ਤੇ ਚਲਿਆ ਜਾਣਾਂ। ਕਬਰ 'ਤੇ ਘਾਹ ਉਗ ਆਇਆ ਸੀ। ਮੀਨਾ ਦੇ ਦਫ਼ਨਾਉਣ ਤੋਂ ਕੁਝ ਦੇਰ ਬਾਅਦ ਜਦ ਮੇਰੇ ਡੈਡੀ ਉਥੇ ਫ਼ਸਲ ਬੀਜਣ ਲੱਗੇ ਤਾਂ ਮੈਂ ਮੀਨਾ ਦੀ ਕਬਰ ਜਿੰਨੀ ਥਾਂ 'ਤੇ ਗੋਲ਼ ਦਾਇਰਾ ਵਾਹ ਦਿੱਤਾ ਕਿ ਐਨੀ ਥਾਂ 'ਤੇ ਕੁਝ ਨਾ ਬੀਜਿਆ ਜਾਵੇ, ਅਤੇ ਇਹ ਥਾਂ ਹਰ ਹਾਲਤ ਵਿਚ ਖਾਲੀ ਰਹਿਣੀ ਚਾਹੀਦੀ ਹੈ! ਮੇਰੇ ਡੈਡੀ ਨੇ ਮੇਰੀ ਬੇਨਤੀ ਦੀ ਕਦਰ ਕੀਤੀ ਅਤੇ ਜਿੰਨਾਂ ਚਿਰ ਮੈਂ ਭਾਰਤ ਰਿਹਾ, ਉਤਨੀਂ ਥਾਂ ਹਮੇਸ਼ਾ ਅਣਬੀਜੀ ਹੀ ਰਹੀ। ਕੁਝ ਦਿਨਾਂ ਬਾਅਦ ਹੀ ਮੈਂ ਸਕੂਲ ਵਿਚੋਂ ਚਾਰ ਗੇਂਦੇ ਦੇ ਬੂਟੇ ਲਿਆ ਕੇ ਉਸ ਥਾਂ 'ਤੇ ਲਾ ਦਿੱਤੇ। ਜਿੰਨਾਂ ਚਿਰ ਮੈਂ ਭਾਰਤ ਰਿਹਾ, ਮੀਨਾ ਦੀ ਕਬਰ 'ਤੇ ਗੇਂਦੇ ਲਾਉਣ ਦਾ ਕੰਮ ਹਰ ਸਾਲ ਨਿਰੰਤਰ ਜਾਰੀ ਰਿਹਾ। ਮੇਰੇ 'ਬਾਹਰ' ਆਉਣ ਤੋਂ ਬਾਅਦ ਜ਼ਮੀਨ ਦੀਆਂ ਵੰਡੀਆਂ ਪੈ ਗਈਆਂ ਅਤੇ ਉਹ ਜ਼ਮੀਨ ਮੇਰੇ ਫ਼ੌਜੀ ਚਾਚੇ ਦੀ ਮਲਕੀਅਤ ਬਣ ਗਈ...।
.....ਗੱਲ ਕਬੀਰ ਦੀ ਲਿਆਂਦੀ ਕੁੱਤੀ ਦੀ ਚੱਲ ਰਹੀ ਸੀ। ਨਾਂ ਉਸ ਦਾ 'ਮਿੰਮੀ' ਸੀ। ਘਰ ਆ ਕੇ ਉਸ ਦੇ ਖਾਣੇਂ-ਦਾਣੇਂ ਅਤੇ ਰਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਓਪਰਾ ਜਿਹਾ ਘਰ ਦੇਖ ਕੇ ਮਿੰਮੀ ਡੌਰ-ਭੌਰ ਜਿਹੀ ਝਾਕ ਰਹੀ ਸੀ। ਕਬੀਰ ਨਾਲ਼ ਤਾਂ ਉਹ ਵਾਹਵਾ ਘੁਲ਼-ਮਿਲ਼ ਗਈ ਸੀ। ਪਰ ਜਦੋਂ ਕਬੀਰ ਸਕੂਲ ਚਲਿਆ ਜਾਂਦਾ, ਉਹ ਕੰਬਲ਼ ਵਿਚ ਮੂੰਹ ਲਕੋ ਕੇ ਬੈਠ ਜਾਂਦੀ। ਜਿਵੇਂ ਉਹ ਸਾਨੂੰ ਦੇਖਣਾਂ ਜਾਂ ਸਾਨੂੰ ਆਪਣਾ ਮੂੰਹ ਦਿਖਾਉਣਾ ਨਾ ਚਾਹੁੰਦੀ ਹੋਵੇ। ਕਬੀਰ ਦੇ ਆਉਣ ਤੱਕ ਖਾਣਾ ਵੀ ਨਾ ਖਾਂਦੀ। ਬੱਸ ਪਾਣੀ ਜਾਂ ਮਾੜਾ ਮੋਟਾ ਦੁੱਧ ਪੀ ਛੱਡਦੀ। ਘਰ ਵਾਲ਼ੀ ਉਸ ਨੂੰ ਗਾਰਡਨ ਵਿਚ ਜਾਂ ਗਾਰਡਨ ਤੋਂ ਬਾਹਰ ਛੱਡ ਦਿੰਦੀ, ਜਿੱਥੇ ਉਹ ਆਪਣਾ 'ਕਿਰਿਆ-ਕਰਮ' ਕਰਕੇ ਆਪ ਦੇ ਆਪ ਹੀ ਅੰਦਰ ਆ ਜਾਂਦੀ ਅਤੇ ਘਰਵਾਲ਼ੀ ਗਾਰਡਨ ਵਾਲ਼ਾ ਦਰਵਾਜਾ ਬੰਦ ਕਰ ਦਿੰਦੀ।
ਦੋ ਦਿਨ ਬੀਤ ਗਏ ਸਨ। ਨਾ ਤਾਂ ਸਾਨੂੰ ਉਸ ਦੀ ਕੋਈ ਰਜਿ਼ਸਟ੍ਰੇਸ਼ਨ ਵਾਲ਼ੀ ਕਾਪੀ ਮਿਲ਼ੀ ਸੀ ਅਤੇ ਨਾ ਹੀ ਟੀਕਿਆਂ ਵਾਲ਼ੀ। ਦੂਜੀ ਵੱਡੀ ਗੱਲ ਇਹ ਸੀ ਕਿ ਕੁੱਤੀ ਦਿਲ ਨਹੀਂ ਲਾ ਰਹੀ ਸੀ। ਸਾਰੀ ਰਾਤ ਜਾਂ ਤਾਂ ਤੁਰੀ ਫਿ਼ਰਦੀ ਰਹਿੰਦੀ ਅਤੇ ਜੇ ਉਸ ਨੂੰ ਨੀਂਦ ਆ ਵੀ ਜਾਂਦੀ ਤਾਂ ਸੁੱਤੀ ਪਈ ਚੂਕਣ ਲੱਗ ਜਾਂਦੀ। ਤੀਜੇ ਦਿਨ ਮੈਂ ਕਬੀਰ ਤੋਂ ਬਾਰੀਕੀ ਨਾਲ਼ ਜਾਣਕਾਰੀ ਹਾਸਲ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਸ ਦੀ ਮਾਲਕਣ ਕੁੜੀ ਨੇ ਕਤੂਰੇ ਲੈ ਕੇ ਇਸ ਨੂੰ ਮਗਰੋਂ ਲਾਹਿਆ ਹੈ। ਮੈਂ ਹੈਰਾਨ ਅਤੇ ਦੁਖੀ ਜਿਹਾ ਹੋ ਗਿਆ, ਕਿੱਡੀ ਬੇਰਹਿਮ ਹੈ ਦੁਨੀਆਂ। ਕੀ ਹੋ ਗਿਆ ਮਿੰਮੀ ਇਕ ਜਾਨਵਰ ਹੈ, ਪਰ ਮਾਂ ਦੀ ਮਮਤਾ ਤਾਂ ਉਸ ਵਿਚ ਵੀ ਹੈ! ਹੁਣ ਪਤਾ ਲੱਿਗਆ ਕਿ ਉਹ ਆਪਣੇ ਬੱਚਿਆਂ ਬਿਨਾਂ ਦਿਲ ਨਹੀਂ ਲਾ ਰਹੀ। ਮੈਨੂੰ ਮਹਿਸੂਸ ਹੋਇਆ ਕਿ ਅਸੀਂ ਇਸ ਦਾ ਪਾਪ ਲੈ ਰਹੇ ਹਾਂ। ਮੈਂ ਕਬੀਰ ਨੂੰ ਕਿਹਾ ਕਿ ਉਹ ਆਪਣੀ ਦੋਸਤ ਨੂੰ ਫ਼ੋਨ ਕਰੇ ਅਤੇ ਆਖੇ ਕਿ ਅਸੀਂ ਮਿੰਮੀ ਨੂੰ ਵਾਪਸ ਛੱਡਣ ਆ ਰਹੇ ਹਾਂ। ਅਗਰ ਉਸ ਨੇ ਵਾਪਸ ਨਾ ਲਈ ਤਾਂ ਅਸੀਂ ਕੌਂਸਲ ਨੂੰ ਰਿਪੋਰਟ ਦਿਆਂਗੇ। ਖ਼ੈਰ ਕਬੀਰ ਨੇ ਫ਼ੋਨ ਕਰ ਦਿੱਤਾ ਅਤੇ ਉਹ ਕੁੜੀ ਆਪਣੀ ਕੁੱਤੀ ਨੂੰ ਵਾਪਸ ਲੈਣ ਲਈ ਰਜ਼ਾਮੰਦ ਹੋ ਗਈ। ਮੈਂ ਅਤੇ ਕਬੀਰ ਮਿੰਮੀ ਨੂੰ ਕਾਰ 'ਚ ਛੱਡਣ ਤੁਰ ਗਏ। ਮੈਂ ਕਾਰ 'ਚੋਂ ਉਤਰ ਕੇ ਮਿੰਮੀ ਦਾ ਪਟਾ ਗੋਰੀ ਦੇ ਹੱਥ ਦਿੱਤਾ ਅਤੇ ਵੈਰਾਗਮਈ ਕਿਹਾ, "ਇਹਨੂੰ ਇਹਦੇ ਕਤੂਰਿਆਂ ਨਾਲ਼ੋਂ ਅਜੇ ਨਾ ਵਿਛੋੜੋ-ਮਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ-ਬੇਰਹਿਮ ਨਾ ਬਣੋਂ...!" ਤਾਂ ਗੋਰੀ ਕੁੜੀ ਨੇ ਧੰਨਵਾਦ ਕਰਕੇ ਮਿੰਮੀ ਦਾ ਪਟਾ ਫ਼ੜ ਲਿਆ ਤਾਂ ਮਿੰਮੀ ਮੇਰੇ ਪੈਰ ਚੱਟਣ ਲੱਗ ਪਈ ਅਤੇ ਮੈਨੂੰ ਤੀਹ ਸਾਲ ਪਹਿਲਾਂ ਵਾਲ਼ੀ ਮੀਨਾ ਚੇਤੇ ਆ ਗਈ ਅਤੇ ਮੇਰਾ ਮਨ ਭਰ ਆਇਆ। ਮੈਂ ਮਿੰਮੀ ਨੂੰ ਇਕ ਤਰ੍ਹਾਂ ਨਾਲ਼ ਬੁੱਕਲ਼ 'ਚ ਲੈ ਕੇ ਪਿਆਰ ਕੀਤਾ ਅਤੇ ਮੈਂ ਤੇ ਕਬੀਰ ਭਰੇ ਮਨ ਨਾਲ਼ ਕਾਰ ਵਿਚ ਆ ਬੈਠੇ....!

3 comments:

ਕਾਵਿ-ਕਣੀਆਂ said...

ਬਹੁਤ ਕਮਾਲ ਦੀ ਲਿਖਤ ਹੈ ਕੁੱਸਾ ਸਾਹਿਬ........ਪੜ੍ਹ ਕੇ ਵੈਰਾਗਮਈ ਮਾਹੌਲ ਹੋ ਗਿਆ ਏ....

ਤਨਦੀਪ 'ਤਮੰਨਾ' said...

ਕੁੱਸਾ ਸਾਹਿਬ!! ਸੱਚੀਂ ਆਹ ਇੱਕ ਵੱਖਰਾ ਪਹਿਲੂ ਪਤਾ ਲੱਗਿਆ ਤੁਹਾਡੀ ਸਖਸ਼ੀਅਤ ਦਾ ਕਿ ਤੁਹਾਨੂੰ ਕੁੱਤਿਆਂ ਨਾਲ਼ ਵੀ ਏਨਾ ਪਿਆਰ ਸੀ..ਮੈਨੂੰ ਤਾਂ ਲੱਗਦਾ ਸੀ ਕਿ ਫੁੱਲਾਂ ਨਾਲ਼ ਹੀ ਹੈ...ਮੈਨੂੰ ਕੀ ਪਤਾ ਸੀ ਕਿ ਬਹਾਰ ਰੁੱਤੇ ਗੇਂਦੇ ਦੇ ਫੁੱਲ ਅਜੇ ਵੀ ਮੀਨਾ ਦੀ ਯਾਦ 'ਚ ਲੱਗਦੇ ਨੇ ਤੁਹਾਡੇ ਘਰ ਦੇ ਗਾਰਡਨ ਦੀਆਂ ਕਿਆਰੀਆਂ 'ਚ!!ਬਹੁਤ ਹੀ ਵਧੀਆ ਲੱਗਿਆ ਪੜ੍ਹ ਕੇ। ਕਬੀਰ ਨਾਲ਼ ਮੇਰੀ ਪੂਰੀ ਹਮਦਰਦੀ ਹੈ..:)
ਤਮੰਨਾ

सुभाष नीरव said...

आज यूं ही 'आरसी' के पुराने पन्ने पलटने लगा तो कुस्सा जी का यह संस्मरण पढ़ा, मन द्रवित हो उठा। कुत्ते जैसे वफ़ादार जानवर पर इतना बढ़िया संस्मरण मैंने नहीं पढ़ा अब तक। मैं इसका हिंदी अनुवाद शीर्षक बदल कर (मौजी,मोती और मीना) अपने ब्लॉग में देना चाहता हूँ। क्या आप और कुस्सा जी इसकी इजाज़त देंगे ? शीघ्र उत्तर दें तो बड़ी कृपा होगी।

सुभाष नीरव
09810534373
www.kathapunjab.blogspot.com
www.gavaksh.blogspot.com
Email.subhashneerav@gmail.com