ਮੈਂ ਇੱਕ ਦਿਸ਼ਾ
ਨਜ਼ਮ
ਰਾਤ ਪਈ ਤਾਂ ਸ਼ਹਿਰ ਤੇਰੇ ਵਿੱਚ,
ਚਾਨਣ ਦਾ ਹੜ੍ਹ ਆਇਆ।
ਸ਼ਹਿਰ-ਬ-ਦਰ ਹੋਇਆ ਫਿਰਦਾ,
ਇੱਕ ਮੇਰਾ ਹੀ ਸਾਇਆ।
ਖੰਡਤ ਹੋਇਆ ਸਾਂ, ਪਰ ਮੰਡਤ
ਮੈਂ ਨਹੀਂ ਸਾਂ ਹੋਇਆ,
ਮੰਡਨ ਬਿਨਾ ਜਿੰਦ ਨੂੰ ਕੀਕਣ
ਕਦ ਧਰਵਾਸਾ ਆਇਆ।
ਤਲ਼ੀਆਂ ਉੱਤੇ ਤਿਲੀਅਰ ਧਰ ਕੇ
ਹਿੱਕ ਤੇ ਚੋਗ ਚੁਗਾਈ।
ਜਿੰਦ ਦਾ ਪੰਛੀ ਅਜੇ ਵੀ ਉਸ ਤੇ
ਨਾ ਇਤਬਾਰ ਲਿਆਇਆ।
ਅੰਬਰ ਦੀ ਨਿਲੱਤਣ ਹੇਠਾਂ
ਪੰਛੀ ਉੱਡਦੇ ਫਿਰਦੇ,
ਮਨ ਦੇ ਅੰਬਰ ਹੇਠਾਂ ਏਦਾਂ
ਭੌਂਦਾ ਤੇਰਾ ਸਾਇਆ।
ਧੁਖਦੇ-ਧੁਖਦੇ ਆਲਮ ਉੱਤੇ
ਕੀਕਣ ਨਜ਼ਰ ਟਿਕਾਈਏ?
ਸਰਵਰ ਸੁੱਕੇ ਕਿਤ ਵੱਲ ਜਾਵੇ,
ਦਿਲ ਦਾ ਹੰਸ ਤਿਹਾਇਆ?
ਸ਼ਹਿਦ ਭਰੇ ਛੱਤੇ ਨੂੰ ਜੀਕਣ
ਖ਼ੁਦ ਮੱਖੀਆਂ ਪੀ ਲੀਤਾ,
ਬੁਲਬੁਲ ਨੇ ਜੀਕਣ ਨਗ਼ਮੇ ਦਾ
ਆਪੇ ਗਲ਼ਾ ਦਬਾਇਆ।
ਮੈਂ ਹੋਣੀ ਨਾਲ਼ ਅੱਖ ਮਿਲ਼ਾ ਕੇ
ਜਦ ਦਿਲ ਦੀ ਗੱਲ ਕੀਤੀ,
ਤੂੰ ਕਿਉਂ ਡਰ ਕੇ ਤਪਸ਼ਾਂ ਕੋਲ਼ੋਂ
ਘਰ ਆਪਣੇ ਮੁੜ ਆਇਆ?
ਮੈਂ ਇੱਕ ਦਿਸ਼ਾ, ਭਟਕਣਾ ਜਿਸਦੇ
ਪੈਰਾਂ ਹੇਠਾਂ ਵਿਛੀਆਂ,
ਦਿਸ਼ਾ-ਹੀਣ ਭਟਕਣ ਨੂੰ ਕਿਧਰੇ
ਦਿਸ-ਹੱਦਾ ਨਾ ਥਿਆਇਆ।
1 comment:
Marhoom Deol shaheb di eh kavita bahut hi sohni laggi...socheya sabh naal share kraan...
ਰਾਤ ਪਈ ਤਾਂ ਸ਼ਹਿਰ ਤੇਰੇ ਵਿੱਚ,
ਚਾਨਣ ਦਾ ਹੜ੍ਹ ਆਇਆ।
ਸ਼ਹਿਰ-ਬ-ਦਰ ਹੋਇਆ ਫਿਰਦਾ,
ਇੱਕ ਮੇਰਾ ਹੀ ਸਾਇਆ।
-------
ਮੈਂ ਹੋਣੀ ਨਾਲ਼ ਅੱਖ ਮਿਲ਼ਾ ਕੇ
ਜਦ ਦਿਲ ਦੀ ਗੱਲ ਕੀਤੀ,
ਤੂੰ ਕਿਉਂ ਡਰ ਕੇ ਤਪਸ਼ਾਂ ਕੋਲ਼ੋਂ
ਘਰ ਆਪਣੇ ਮੁੜ ਆਇਆ?
--
Wonderful!! Bahut hi khoob!!
Tamanna
Post a Comment