ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 28, 2008

ਡਾ: ਦੇਵਿੰਦਰ ਕੌਰ - ਨਜ਼ਮ

ਕਮੀਜ਼
ਨਜ਼ਮ

ਅਲਮਾਰੀ 'ਚ ਲਟਕ ਰਹੀ
ਵਰ੍ਹਿਆਂ ਤੋਂ....
ਉਹਦੀ ਕਮੀਜ਼
ਚੁੱਪ, ਖ਼ਾਮੋਸ਼…
ਰੋਜ਼ ਅਲਮਾਰੀ ਖੁੱਲ੍ਹਦੀ
ਰੋਜ਼ ਉਹ ਕਾਹਲ਼ 'ਚ ਹੁੰਦੀ
ਕਾਹਲ਼ ‘ਚ ਕਪੜੇ ਬਦਲਦੀ
ਬੈਗ ਮੋਢੇ ਲਟਕਾ ਨਿਕਲ਼ ਪੈਂਦੀ…
---
ਰੋਜ਼ ਬਾਹਰਲਾ ਬੂਹਾ ਖੁੱਲ੍ਹਦਾ
ਗਰਾਜ ਦਾ ਸ਼ਟਰ ਉੱਪਰ ਹੁੰਦਾ
ਕਾਰ ਬਾਹਰ ਨਿਕਲ਼ਦੀ
ਸ਼ਟਰ ਥੱਲੇ ਹੁੰਦਾ…
ਕਾਰ ਸੜਕਾਂ ਤੇ ਦੌੜਦੀ
ਉਹ ਅੰਦਰ ਬੈਠੀ
ਸੁਪਨੇ ਬੁਣਦੀ
ਸੋਚਾਂ ਸੰਵਾਰਦੀ…
---
ਅੱਜ ਅਲਮਾਰੀ ਦਾ ਬੂਹਾ ਖੋਲ੍ਹਦਿਆਂ
ਉਸ ਕਮੀਜ਼ ਵੱਲ ਵੇਖਿਆ
ਕਮੀਜ਼ ਦੀ ਚੁੱਪ ਟੁੱਟੀ
ਉਹਦਾ ਸਾਹ ਤੇਜ਼ ਹੋਇਆ…
ਉਸ ਕਾਹਲ਼ੀ-ਕਾਹਲ਼ੀ
ਕੱਪੜੇ ਬਦਲੇ
ਅਲਮਾਰੀ ਦਾ ਬੂਹਾ ਬੰਦ ਕੀਤਾ
ਸੂਟ ਬਦਲਿਆ
ਘਰ ਦਾ ਬੂਹਾ ਖੁੱਲ੍ਹਿਆ
ਗਰਾਜ ਦਾ ਸ਼ਟਰ ਉੱਚਾ ਹੋਇਆ
ਕਾਰ ਨਿਕਲੀ........
----
ਉਹ ਉੱਡ ਰਹੀ ਸੜ੍ਹਕਾਂ 'ਤੇ
ਸੋਚਾਂ, ਸੁਪਨਿਆਂ 'ਚ ਉਲ਼ਝੀ
ਸਵੱਖਤੇ ਕੰਮੋਂ ਪਰਤੀ
ਦੇਖਿਆ...
ਅੱਜ ਗਰਾਜ ਦਾ ਸ਼ਟਰ
ਉਸੇ ਤਰ੍ਹਾਂ ਖੁੱਲ੍ਹਾ ਸੀ
ਘਰ ਦਾ ਦਰਵਾਜ਼ਾ
ਕਿਸੇ ਚਾਬੀ ਦੀ ਉਡੀਕ 'ਚ ਨਹੀਂ ਸੀ
………………
ਅੱਜ ਕੱਲ੍ਹ ਕਵਿਤਾ
ਆਪਣਾ ਚਿਹਰਾ ਬਦਲ ਰਹੀ ਹੈ
ਲੋਹੇ ਦੀਆਂ ਜ਼ੰਜੀਰਾਂ ਦੀ ਥਾਂ
ਪੈਰਾਂ 'ਚ ਪਈਆਂ
ਸੋਨੇ ਦੀਆਂ ਝਾਂਜਰਾਂ ਦੀ
ਛਣ ਛਣ ਬੋਲਦੀ ਹੈ
ਖ਼ਿਆਲਾਂ ਦੇ ਸਮੁੰਦਰ 'ਚ!

3 comments:

ਤਨਦੀਪ 'ਤਮੰਨਾ' said...

ਡਾ:ਸਾਹਿਬਾ! ਤੁਹਾਡੀਆਂ ਨਜ਼ਮਾਂ ਦੀ ਮੈਂ ਫੈਨ ਬਣ ਗਈ ਹਾਂ। ਪਤਾ ਨਹੀਂ ਕਿਉਂ ਲੱਗਦੈ ਕਿ ਇਹ ਨਜ਼ਮਾਂ ਜਾਂ ਤਾਂ ਮੇਰੇ ਬਾਰੇ ਜਾਂ ਮੇਰੇ ਲਈ ਹੀ ਲਿਖੀਆਂ ਗਈਆਂ ਹੋਣ। ਇਹ ਨਜ਼ਮ ਵੀ ਬੇਹੱਦ ਖ਼ੂਬਸੂਰਤ ਹੈ।
ਅਲਮਾਰੀ 'ਚ ਲਟਕ ਰਹੀ
ਵਰ੍ਹਿਆਂ ਤੋਂ....
ਉਹਦੀ ਕਮੀਜ਼
ਚੁੱਪ, ਖ਼ਾਮੋਸ਼…
ਰੋਜ਼ ਅਲਮਾਰੀ ਖੁੱਲ੍ਹਦੀ
ਰੋਜ਼ ਉਹ ਕਾਹਲ਼ 'ਚ ਹੁੰਦੀ
ਕਾਹਲ਼ ‘ਚ ਕਪੜੇ ਬਦਲਦੀ
ਬੈਗ ਮੋਢੇ ਲਟਕਾ ਨਿਕਲ਼ ਪੈਂਦੀ…
=========
ਅੱਜ ਅਲਮਾਰੀ ਦਾ ਬੂਹਾ ਖੋਲ੍ਹਦਿਆਂ
ਉਸ ਕਮੀਜ਼ ਵੱਲ ਵੇਖਿਆ
ਕਮੀਜ਼ ਦੀ ਚੁੱਪ ਟੁੱਟੀ
ਉਹਦਾ ਸਾਹ ਤੇਜ਼ ਹੋਇਆ…
ਉਸ ਕਾਹਲ਼ੀ-ਕਾਹਲ਼ੀ
ਕੱਪੜੇ ਬਦਲੇ
==========
ਅੱਜ ਕੱਲ੍ਹ ਕਵਿਤਾ
ਆਪਣਾ ਚਿਹਰਾ ਬਦਲ ਰਹੀ ਹੈ
ਲੋਹੇ ਦੀਆਂ ਜ਼ੰਜੀਰਾਂ ਦੀ ਥਾਂ
ਪੈਰਾਂ 'ਚ ਪਈਆਂ
ਸੋਨੇ ਦੀਆਂ ਝਾਂਜਰਾਂ ਦੀ
ਛਣ ਛਣ ਬੋਲਦੀ ਹੈ
ਖ਼ਿਆਲਾਂ ਦੇ ਸਮੁੰਦਰ 'ਚ!
ਬਹੁਤ ਖ਼ੂਬ! Marvellous!
ਇਹ ਨਜ਼ਮ ਮੈਂ ਬਹੁਤ ਵਾਰ ਪੜ੍ਹੀ ਹੈ। ਬਹੁਤ-ਬਹੁਤ ਸ਼ੁਕਰੀਆ ਸਭ ਨਾਲ਼ ਆਰਸੀ ਤੇ ਸਾਂਝੀ ਕਰਨ ਲਈ। ਤੁਹਾਡੀ ਕਲਮ ਨੂੰ ਇੱਕ ਵਾਰ ਫੇਰ ਮੇਰਾ ਸਲਾਮ!ਇੱਕ ਦਿਨ ਕਾਲ ਕਰਾਂਗੀ..ਫੇਰ ਖ਼ੂਬ ਗੱਲਾਂ ਕਰਾਂਗੇ!

ਤਮੰਨਾ

ਤਨਦੀਪ 'ਤਮੰਨਾ' said...

ਦੇਵਿੰਦਰ ਕੌਰ ਜੀ ਦੀਆਂ ਸਾਰੀਆਂ ਨਜ਼ਮਾਂ ਕਾਬਿਲੇ-ਤਾਰੀਫ਼ ਹਨ। ਉਹਨਾਂ ਨੂੰ ਆਰਸੀ ਤੇ ਹੀ ਮੈਂ ਪਹਿਲੀ ਵਾਰ ਪੜ੍ਹਿਆ ਹੈ..ਕਮਾਲ ਦੀ ਸ਼ਾਇਰੀ ਹੈ।

ਕੁਲਜਿੰਦਰ ਕੌਰ
ਇੰਡੀਆ
==========
ਸ਼ੁਕਰੀਆ ਕੁਲਜਿੰਦਰ ਜੀ। ਫੇਰੀ ਪਾਉਂਦੇ ਰਿਹਾ ਕਰੋ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਦੀਦੀ, ਡਾ: ਦੇਵਿੰਦਰ ਕੌਰ ਜੀ ਦੀ ਇਹ ਨਜ਼ਮ ਵੀ ਬਹੁਤ ਪਸੰਦ ਆਈ।
ਉਹ ਉੱਡ ਰਹੀ ਸੜ੍ਹਕਾਂ 'ਤੇ
ਸੋਚਾਂ, ਸੁਪਨਿਆਂ 'ਚ ਉਲ਼ਝੀ
ਸਵੱਖਤੇ ਕੰਮੋਂ ਪਰਤੀ
ਦੇਖਿਆ...
ਅੱਜ ਗਰਾਜ ਦਾ ਸ਼ਟਰ
ਉਸੇ ਤਰ੍ਹਾਂ ਖੁੱਲ੍ਹਾ ਸੀ
ਘਰ ਦਾ ਦਰਵਾਜ਼ਾ
ਕਿਸੇ ਚਾਬੀ ਦੀ ਉਡੀਕ 'ਚ ਨਹੀਂ ਸੀ
………………
ਜਸਕੀਰਤ
ਕੈਨੇਡਾ
=========
ਸ਼ੁਕਰੀਆ ਜਸਕੀਰਤ।
ਤਮੰਨਾ