ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 25, 2008

ਸੁਖਿੰਦਰ - ਨਜ਼ਮ

ਬਦਲਦੇ ਸਮਿਆਂ ਵਿੱਚ
ਨਜ਼ਮ

ਘਰਾਂ ਦੀਆਂ ਛੱਤਾਂ
ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ
ਗੁੰਡੇ ਜੰਮ ਪੈਣ-
---
ਜਿਨ੍ਹਾਂ ਨੂੰ ਮਾਂ, ਭੈਣ, ਧੀ ਦੀ
ਕੋਈ ਸ਼ਰਮ ਨਾ ਹੋਵੇ,
ਗੁੰਡੇ....
ਜਿਨ੍ਹਾਂ ਦੇ ਨੱਕਾਂ ‘ਚੋਂ,
ਹਰ ਸਮੇਂ
ਹੰਕਾਰ ਦੇ ਠੂੰਹੇਂ ਡਿੱਗਦੇ ਹੋਣ
---
ਉਪਭੋਗਤਾਵਾਦ ਦੀ
ਚੱਲ ਰਹੀ ਹਨ੍ਹੇਰੀ ਵਿੱਚ
ਜਿਨ੍ਹਾਂ ਨੂੰ ਮਹਿਜ਼
ਚਮਕਦਾਰ ਚੀਜ਼ਾਂ ਦਾ ਹੀ ਮੋਹ ਹੋਵੇ,
ਕਾਲ਼ੇ ਧੰਨ ਨਾਲ ਬੈਂਕਾਂ ਦੀਆਂ
ਤਜੋਰੀਆਂ ਭਰਨ ਦੀ ਲਾਲਸਾ
---
ਕਾਮਵਾਸਨਾ ਜਗਾਂਦੀਆਂ
ਵੈੱਬਸਾਈਟਾਂ ‘ਚ ਉਲਝਿਆਂ
ਜਿਨ੍ਹਾਂ ਦੀ ਹਰ ਸ਼ਾਮ ਬੀਤੇ
ਭੰਗ, ਚਰਸ, ਕਰੈਕ, ਕੁਕੇਨ ਦੇ
ਸੂਟੇ ਲਾਂਦਿਆਂ ਦਿਨ ਚੜ੍ਹੇ
---
ਆ ਰਿਹਾ ਹੈ
ਗਲੋਬਲੀ ਸਭਿਆਚਾਰ
ਦਨਦਨਾਂਦਾ ਹੋਇਆ,
ਪੂਰੀ ਸਜ ਧਜ ਨਾਲ਼
ਤੁਹਾਡੇ ਬੂਹਿਆਂ ਉੱਤੇ
ਦਸਤਕ ਦੇਣ ਲਈ
---
ਜ਼ਰਾ ਉਹ ਵਿਹਲ ਲੈ ਲਵੇ
ਕਾਬੁਲ, ਕੰਧਾਰ, ਬਸਰਾ, ਬਗ਼ਦਾਦ ‘ਚ
ਬੰਬ ਬਰਸਾਉਣ ਤੋਂ
---
ਆਵੇਗਾ
ਉਹ ਜ਼ਰੂਰ ਆਵੇਗਾ
ਤੁਹਾਡੇ ਸਭ ਦੇ ਵਿਹੜਿਆਂ ‘ਚ
ਸੈਂਟਾ ਕਲਾਜ਼ ਵਾਂਗ
ਚਿਹਰੇ ਤੇ ਮੁਸਕਾਨ ਲੈ ਕੇ
'ਹੋ ਹੋ' ਕਰਦਾ ਹੋਇਆ
---
ਉਹ ਆਵੇਗਾ
ਤੁਹਾਡੇ ਵਿਹੜਿਆਂ ਵਿੱਚ
ਟੈਲੀਵੀਜ਼ਨ ਦੇ ਆਦਮ ਕੱਦ
ਸਕਰੀਨਾਂ ਰਾਹੀਂ
ਬਾਲੀਵੁੱਡ ਦੀਆਂ
ਦੂਹਰੇ ਅਰਥਾਂ ਵਾਲੀਆਂ
ਫਿਲਮਾਂ ‘ਚ ਲੁਕ ਕੇ
---
ਪ੍ਰਸ਼ਾਦਿ ਵਾਂਗੂੰ ਵੰਡੇਗਾ ਉਹ
ਤੁਹਾਡੇ ਬੱਚਿਆਂ ਨੂੰ
ਵਿਆਗਰਾ ਦੀਆਂ ਗੋਲੀਆਂ
ਬਲੂ ਮੂਵੀਆਂ ਦੇ ਭਰੇ ਬਕਸੇ
ਕਾਂਡੋਮ ਦੀਆਂ ਥੈਲੀਆਂ
ਦੇਹਨਾਦ ਦੇ
ਮਹਾਂ-ਸੰਗੀਤ ਵਿੱਚ
ਗੁੰਮ ਜਾਣ ਲਈ
---
ਆਏਗੀ ਫਿਰ
ਤੁਹਾਡੇ ਵਿਹੜਿਆਂ ਵਿੱਚ
ਗਲੋਬਲ ਸਭਿਆਚਾਰਕ ਕ੍ਰਾਂਤੀ
ਤਾਂਡਵ ਨਾਚ ਕਰਦੀ
ਤੁਹਾਡੇ ਮਸਤਕ ‘ਚ ਪਸਰੇ
ਗੌਰਵਮਈ ਵਿਰਸੇ ਨਾਲ ਜੁੜੇ
ਹਰ ਸ਼ਬਦ ਦਾ
ਬਲਾਤਕਾਰ ਕਰਦੀ ਹੋਈ
---
ਨਿਰਮਲ ਪਾਣੀਆਂ ਦੀ ਹਰ ਝੀਲ
ਹਰ ਝਰਨੇ
ਹਰ ਸਰੋਵਰ ‘ਚ
ਗੰਦਗੀ ਦੇ ਅੰਬਾਰ ਲਾਉਂਦੀ
---
ਅਜਿਹੀ ਬਦਬੂ ਭਰੀ ਪੌਣ ਵਿੱਚ
ਅਜਿਹੇ ਪ੍ਰਦੂਸਿ਼ਤ ਪਾਣੀਆਂ ਵਿੱਚ
ਅਜਿਹੇ ਤਲਖ਼ੀਆਂ ਭਰੇ ਮਾਹੌਲ ਵਿੱਚ
ਤੁਹਾਡੀ ਆਪਣੀ ਹੀ ਔਲਾਦ ਜਦ
ਤੁਹਾਡੇ ਰਾਹਾਂ ‘ਚ ਕੰਡੇ
ਵਿਛਾਣ ਲੱਗ ਪਵੇ
---
ਘਰਾਂ ਦੀਆਂ ਛੱਤਾਂ
ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ
ਗੁੰਡੇ ਜੰਮ ਪੈਣ!

4 comments:

ਤਨਦੀਪ 'ਤਮੰਨਾ' said...

ਸਤਿਕਾਰਤ ਸੁਖਿੰਦਰ ਜੀ..ਨਜ਼ਮ ਬਹੁਤ ਹੀ ਝਿੰਜੋੜ ਕੇ ਰੱਖਣ ਵਾਲ਼ੀ ਹੈ...ਬਹੁਤ-ਬਹੁਤ ਸ਼ੁਕਰੀਆ ਆਰਸੀ ਤੇ ਸਭ ਨਾਲ਼ ਸਾਂਝੀ ਕਰਨ ਤੇ।
ਘਰਾਂ ਦੀਆਂ ਛੱਤਾਂ
ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ
ਗੁੰਡੇ ਜੰਮ ਪੈਣ-
---
ਜਿਨ੍ਹਾਂ ਨੂੰ ਮਾਂ, ਭੈਣ, ਧੀ ਦੀ
ਕੋਈ ਸ਼ਰਮ ਨਾ ਹੋਵੇ,
ਗੁੰਡੇ....
ਜਿਨ੍ਹਾਂ ਦੇ ਨੱਕਾਂ ‘ਚੋਂ,
ਹਰ ਸਮੇਂ
ਹੰਕਾਰ ਦੇ ਠੂੰਹੇਂ ਡਿੱਗਦੇ ਹੋਣ
ਬਹੁਤ ਖ਼ੂਬ! ਦੂਜੇ ਦੇ ਘਰ ਲੱਗੀ ਅੱਗ ਬਸੰਤਰ ਲੱਗਦੀ ਹੁੰਦੀ ਹੈ!
ਆਵੇਗਾ
ਉਹ ਜ਼ਰੂਰ ਆਵੇਗਾ
ਤੁਹਾਡੇ ਸਭ ਦੇ ਵਿਹੜਿਆਂ ‘ਚ
ਸੈਂਟਾ ਕਲਾਜ਼ ਵਾਂਗ
ਚਿਹਰੇ ਤੇ ਮੁਸਕਾਨ ਲੈ ਕੇ
'ਹੋ ਹੋ' ਕਰਦਾ ਹੋਇਆ
---
ਉਹ ਆਵੇਗਾ
ਤੁਹਾਡੇ ਵਿਹੜਿਆਂ ਵਿੱਚ
ਟੈਲੀਵੀਜ਼ਨ ਦੇ ਆਦਮ ਕੱਦ
ਸਕਰੀਨਾਂ ਰਾਹੀਂ
ਬਾਲੀਵੁੱਡ ਦੀਆਂ
ਦੂਹਰੇ ਅਰਥਾਂ ਵਾਲੀਆਂ
ਫਿਲਮਾਂ ‘ਚ ਲੁਕ ਕੇ
ਇਹ ਵਿਨਾਸ਼ ਤਾਂ ਸ਼ੁਰੂ ਹੋ ਚੁੱਕਾ ਹੈ! ਘਟੀਆ ਸਾਹਿਤ...ਘਟੀਆ ਫਿਲਮਾਂ ਸਮਾਜ ਨੂੰ ਨਿਘਾਰ ਵੱਲ ਲੈ ਜਾ ਰਹੀਆਂ ਨੇ!
ਆਏਗੀ ਫਿਰ
ਤੁਹਾਡੇ ਵਿਹੜਿਆਂ ਵਿੱਚ
ਗਲੋਬਲ ਸਭਿਆਚਾਰਕ ਕ੍ਰਾਂਤੀ
ਤਾਂਡਵ ਨਾਚ ਕਰਦੀ
ਤੁਹਾਡੇ ਮਸਤਕ ‘ਚ ਪਸਰੇ
ਗੌਰਵਮਈ ਵਿਰਸੇ ਨਾਲ ਜੁੜੇ
ਹਰ ਸ਼ਬਦ ਦਾ
ਬਲਾਤਕਾਰ ਕਰਦੀ ਹੋਈ
ਬਹੁਤ ਹੀ ਵਧੀਆ ਨਜ਼ਮ ਹੈ!ਮੁਬਾਰਕਾਂ!

ਤਮੰਨਾ

ਤਨਦੀਪ 'ਤਮੰਨਾ' said...

ਸੁਖਿੰਦਰ ਜੀ ਦੀ ਨਜ਼ਮ ਵੀ ਬਹੁਤ ਸੋਹਣੀ ਹੈ। ਕਈ ਵਾਰ ਸੋਚ ਕੇ ਕੰਬ ਜਾਈਦਾ ਹੈ, ਜਿਸ ਤਰ੍ਹਾਂ ਸੰਸਕ੍ਰਿਤੀ ਦਾ ਵਿਨਾਸ਼ ਹੋਣਾ ਆਰੰਭ ਹੋ ਚੁੱਕਿਆ ਹੈ, ਖ਼ਾਸ ਤੌਰ ਤੇ ਇੰਡੀਆ ਵਿੱਚ। ਤਮੰਨਾ ਜੀ ਤੁਸੀਂ ਬਾਹਰ ਬੈਠੇ ਵੀ ਸੱਭਿਆਚਾਰ ਤੇ ਬੋਲੀ ਨੂੰ ਸਾਂਭੀ ਜਾਂਦੇ ਹੋ...ਮੁਬਾਰਕਾਂ।

ਜਸਵਿੰਦਰ ਸਿੰਘ ਗਿੱਲ
ਹਰਿਆਣਾ
ਇੰਡੀਆ
========
ਸ਼ੁਕਰੀਆ ਗਿੱਲ ਸਾਹਿਬ।
ਤਮੰਨਾ

ਤਨਦੀਪ 'ਤਮੰਨਾ' said...

ਸੁਖਿੰਦਰ ਜੀ ਦੀਆਂ ਦੋਵੇਂ ਨਜ਼ਮਾਂ ਖੋਖਲ਼ੇ ਸਮਾਜ ਦੀਆਂ ਖੋਖਲ਼ੀਆਂ ਰਹੁ-ਰੀਤਾਂ ਤੇ ਚੰਗਾ ਵਾਰ ਹਨ। ਭਵਿੱਖ ਬਾਰੇ ਕਵੀ ਚਿੰਤਤ ਨਜ਼ਰ ਆਉਂਦਾ ਹੈ ਤੇ ਬਾਕੀਆਂ ਨੂੰ ਜਗਾਉਂਣਾ ਚਾਹੁੰਦਾ ਹੈ।

ਮਨਧੀਰ ਭੁੱਲਰ
ਕੈਨੇਡਾ
========
ਸ਼ੁਕਰੀਆ ਮਨਧੀਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਕਵੀ ਸੁਖਿੰਦਰ ਦੀਆਂ ਨਜ਼ਮਾਂ ਸਾਡੀਆਂ ਸੋਚਾਂ ਤੇ ਦਗਦੇ ਹੋਏ ਸਵਾਲ ਛੱਡ ਜਾਂਦੀਆਂ ਹਨ।
ਆਏਗੀ ਫਿਰ
ਤੁਹਾਡੇ ਵਿਹੜਿਆਂ ਵਿੱਚ
ਗਲੋਬਲ ਸਭਿਆਚਾਰਕ ਕ੍ਰਾਂਤੀ
ਤਾਂਡਵ ਨਾਚ ਕਰਦੀ
ਤੁਹਾਡੇ ਮਸਤਕ ‘ਚ ਪਸਰੇ
ਗੌਰਵਮਈ ਵਿਰਸੇ ਨਾਲ ਜੁੜੇ
ਹਰ ਸ਼ਬਦ ਦਾ
ਬਲਾਤਕਾਰ ਕਰਦੀ ਹੋਈ

ਨਰਿੰਦਰਜੀਤ ਸਿੰਘ
ਯੂ.ਐੱਸ.ਏ.
===========
ਸ਼ੁਕਰੀਆ ਨਰਿੰਦਰ ਜੀ।
ਤਮੰਨਾ