ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 4, 2008

ਗੁਰਮੇਲ ਬਦੇਸ਼ਾ - ਮਜ਼ਾਹੀਆ ਖ਼ਤ

ਦੋਸਤੋ! ਮੈਂ ਸਰੀ, ਕੈਨੇਡਾ ਵਸਦੇ ਸਤਿਕਾਰਤ ਗੁਰਮੇਲ ਬਦੇਸ਼ਾ ਜੀ ਦੀ ਨਜ਼ਮ ਪੋਸਟ ਕਰਨ ਵਕਤ ਉਹਨਾਂ ਦੇ ਲਿਖੇ ਮਜ਼ਾਹੀਆ ਖ਼ਤਾਂ ਦਾ ਜ਼ਿਕਰ ਕੀਤਾ ਸੀ, ਜੋ ਅੱਜਕੱਲ੍ਹ ਸਾਹਿਤਕ ਹਲਕਿਆਂ 'ਚ ਬੜੀ ਚਰਚਾ 'ਚ ਹਨ। ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੇਰੀ ਬੇਨਤੀ ਪਰਵਾਨ ਕਰਕੇ ਇੱਕ ਬਹੁਤ ਖ਼ੂਬਸੂਰਤ ਖ਼ਤ 'ਆਰਸੀ' ਦੇ ਪਾਠਕਾਂ ਲਈ ਲਿਖ ਕੇ ਭੇਜਿਆ ਹੈ...ਮੈਂ ਅੱਜ ਇਹ ਖ਼ਤ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ!

ਇੱਕ ਖ਼ਤ-ਘੱਗਰੇ ਦੀ ਲ਼ੌਣ ਵਰਗੀ ਕੁੜੀ ਦੇ ਨਾਂ

ਮਹਿਬੂਬਾ ਦੇ ਨਾਂ ਖ਼ਤ

ਢਾਕੇ ਦੀ ਮਲਮਲ ਵਰਗੀਏ!

ਮਾਂ ਦੀਏ ਦੁਲਾਰੀਏ-ਲਾਲ ਫੁਲਕਾਰੀਏ !!

ਲੱਠੇ ਦੀ ਚਾਦਰ ਵਰਗੇ

ਤੇਰੇ ਗੁਰਮੇਲ ਵਲੋਂ .......

ਰੱਤੇ ਸਾਲੂ ਵਰਗਾ ਪਿਆਰ !!!

ਲਿਸ਼ਕਣੇ ਗੋਟੇ ਵਰਗੀਏ ! ਪੱਗ ਦੇ ਤੁਰਲੇ ਵਾਂਗੂੰ ਆਕੜੇ ਮੇਰੇ ਖ਼ਿਆਲ ਤੈਨੂੰ ਪੁੱਛਦੇ ਨੇ ਕਿ ਕਿਤੇ ਤੂੰ ਚੁੰਨੀ ਲੈਣੀ ਨਾ ਭੁੱਲ ਜਾਵੇਂ ..? ਘੁੰਡ ਕੱਢਣਾ ਤਾਂ ਚੱਲ ਦੂਰ ਦੀ ਗੱਲ !!ਪਰ ਮੇਰੀਆਂ ਸਧਰਾਂ ਦੀ ਸੇਜ ਤੇਰੀ ਘੁੰਡ ਚੁਕਾਈ ਦੀ ਉਡੀਕ ਵਿੱਚ ਉੱਸਲਵੱਟੇ ਲੈ ਰਹੀਆਂ ਨੇ , ਤੇਰੀਆਂ ਯਾਦਾਂ ਦਾ ਕੱਚਾ ਦੁੱਧ ਸਰ੍ਹਾਣੇ ਪਿਆ ; ਵੇਖੀਂ ਕਿਤੇ ਖੱਟਾ ਹੀ ਨਾ ਹੋ ਜਾਵੇ? ਜੁਦਾਈ ਦਾ ਜਾਗ ਲਾ ਕੇ ਮੈਥੋਂ ਆਪਣੇ ਹੱਥੀਂ ਜਮਾਇਆ ਨਹੀਂ ਜਾਣਾ ਕੱਚਾ ਪੀਣਿਆਂ ਨੂੰ ਅਜੇ ਅਧ-ਰਿੜਕੇ ਦਾ ਸ਼ੌਂਕ ਨਹੀਂ ਜਾਗਿਆ ਮੈਂ ਤਾਂ ਅੜੀਏ! ਤੈਥੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ ਆਪਣੇ ਹਾਉਂਕਿਆਂ ਦੀ ਪੰਡ ਤੇਰੀ ਝੋਲੀ ਵਿੱਚ ਪਾ ਸਕਦਾ ਹਾਂ, ਪੀਪਾ ਹੰਝੂਆਂ ਦਾ ਤੇਰੇ ਹੁਸਨ ਦੇ ਮਾਨ-ਸਰੋਵਰ ਦੇ ਹੜ੍ਹ ਵਿੱਚ ਰੋੜ੍ਹ ਸਕਦਾ ਹਾਂ ,ਆਹੋ ! ਏਨੇ ਨਾਲ ਕਿਹੜਾ ਬੰਨ੍ਹ ਟੁੱਟਣ ਲੱਗੇ ਨੇ ? ਪੀੜਾਂ ਦੇ ਬੋਲ ਦਾ ਗੱਡਾ ਤੇਰੇ ਇਸ਼ਕ ਦੇ ਪਿੜ ਵਿੱਚ ਉਲਾਰ ਸਕਦਾ ਹਾਂ,ਮੈਂ ਤਾਂ ਆਪਣੇ ਲਈ ਇੱਕ ਪਰਾਗਾ ਵੀ ਨਹੀਂ ਰੱਖਣਾ ਚਾਹੁੰਦਾਂ, ਬੇਸ਼ੱਕ, ਭੁੱਖਾ ਮਰਦਾਂ ਤਾਂ ਮਰ ਜਾਵਾਂ ! ਨਾਲੇ ਇਹ ਵਣਜ ਤਾਂ ਹੁਣ ਘਾਟੇ ਦਾ ਸੌਦਾ ਹੀ ਬਣ ਕੇ ਰਹਿ ਗਿਆ ਏ

ਇਸ਼ਕ ਦੀਏ ਪੱਟੀਏ! ਕਰਜ਼ਾਈ ਜੱਟ ਦੀਏ ਜੱਟੀਏ! ਮੈਂ ਤਾਂ ਸਾਰੀ ਦੌਲਤ ਤੇਰੇ ਨਾਂ ਕਰ ਸਕਦਾ ਹਾਂ, ਵੀਹ ਹਜ਼ਾਰ ਦੀ ਲਾਇਨ ਆਫ਼ ਕਰੈਡਿਟ, ਜੋ ਕਿ ਸਾਰੀ ਭਰੀ ਪਈ ਏ, ਤੇਰੇ ਨਾਮ ਕਰ ਸਕਦਾ ਹਾਂ ਕੁਲੈਕਸ਼ਨ ਏਜੰਸੀਆਂ ਦੇ ਨਿੱਤ ਥੱਬਾ ਆਉਂਦੇ ਬਿੱਲ ਪਤਾ ਬਦਲਾਕੇ ਤੇਰੇ ਜੁੰਮੇ ਲਾ ਸਕਦਾ ਹਾਂ ਤੇਰੀ ਉਡੀਕ ਵਿੱਚ ਭਾਂਡਿਆਂ ਨਾਲ ਭਰੇ ਦੋਵੇਂ ਸਿੰਕ ਜੇ ਕਹਿੰਨੀ ਏਂ ਤਾਂ ਇਨ੍ਹਾਂ ਨੂੰ ਵੀ ਹੱਥ ਨਹੀਂ ਲਾਉਂਦਾ, ਬੇਸ਼ਕ ਆਪੇ ਆਕੇ ਧੋ-ਮਾਂਜ ਲਵੀਂ,ਮੇਰੀ ਕੀ ਹੈਸੀਅਤ ਕਿ ਇੱਕ ਚਮਚੇ ਨੂੰ ਹੱਥ ਵੀ ਲਾ ਜਾਵਾਂ..? ਅਜੇ 15-20 ਕੁ ਦਿਨ ਹੀ ਹੋਏ ਨੇ ,ਤਾਜੀਆਂ ਹੀ ਦਾਲਾਂ ਸਬਜ਼ੀਆਂ ਬਣਾਈਆਂ ਪਈਆਂ ਨੇ,ਤੇਰੀ ਉਡੀਕ ਵਿੱਚ ਇਹ ਵੀ ਬੇਹੀਆਂ ਹੋਣ ਦਾ ਨਾਂ ਨਹੀਂ ਲੈਂਦੀਆਂ ਪਰ ਲਗਦੈ ,ਤੇਰੀ ਝਾਕ ਵਿੱਚ ਮੈਨੂੰ ਉੱਲੀ ਲੱਗ ਜਾਣੀ ਏ, ਫੇਰ ਤੇਰੇ ਮਾਪਿਆਂ ਨੂੰ ਸੱਜਰਾ ਜਵਾਈ ਭਾਲ਼ਿਆਂ ਵੀ ਨਹੀਂ ਥਿਆਉਣਾ ,ਬੇਹੇ ਨੂੰ ਤੜਕਾ ਲਾਉਣ ਦਾ ਕੀ ਫਾਇਦਾ..?

ਤੇਰੀ ਤਨਹਾਈ ਵਿੱਚ ਹਿੱਕ ਤੇ ਹੱਥ ਮਾਰਕੇ ਦੁਹੱਥੜੀਂ ਪਿੱਟਦਾ ਹਾਂ ਤਾਂ ਪਿੰਡੇ ਦੀ ਧੂੜ ਨਾਸਾਂ ਨੂੰ ਚੜ੍ਹ ਆਉਂਦੀ ਏ, ਲੰਘਦੀ-ਟੱਪਦੀ ਕਦੇ ਮੇਰੇ ਪਿੰਡੇ ਦੀ ਵੈਅਕੁਮ ਹੀ ਕਰ ਜਾ ,ਮੇਰੀ ਜੈਨੀਟੋਰਨੀਏ ! ਤੇਰੀ ਯਾਦ ਚ ਗਿੱਟੇ-ਗੋਡੇ ਰਗੜਦਾ ਰਹਿੰਨਾ ਹਾਂ, ਮੈਲ਼ ਦੀਆਂ ਬੱਤੀਆਂ ਬਣ-ਬਣਕੇ ਸੋਫੇ ਤੇ ਅਣ-ਸੱਦੇ ਮਹਿਮਾਨਾਂ ਵਾਂਗੂੰ ਬਹਿ ਜਾਂਦੀਆਂ ਨੇ ਤੂੰ ਆਵੇਂ ਤਾਂ ਮੇਰੇ ਘਰ ਆਈਆਂ ਤੇਰੀਆਂ ਸਹੇਲੀਆਂ ਨਾਲ ਰਲ ਕੇ ਪਿਆਰ ਦੇ ਦੀਵਿਆਂ ਚ ਇਨ੍ਹਾਂ ਨੂੰ ਰੱਖ ਕੇ ਮੈਲ਼ੀ-ਮੈਲ਼ੀ ਦਿਵਾਲੀ ਹੀ ਮਨਾ ਲਈਏ

ਮੇਰੇ ਜਿਗਰ ਦੀਏ ਬੁਰਕੀਏ ! ਤੂੰ ਆਵੇਂ ਤਾਂ ਓਵਨ ਚ ਰੱਖ ਕੇ ਤੈਨੰ ਕੱਚਾ ਕਾਲਜਾ ਭੁੰਨ ਕੇ ਖੁਆਵਾਂ ਸੁਪਰ ਸਟੋਰ ਵਿੱਚ ਚਿਕਨ ਲਿਵਰਸਸਤਾ ਲੱਗਾ ਸੀ, ਇੱਕਠਾ ਚਾਰ ਪੌਂਡ ਹੀ ਲੈ ਆਇਆ ਹਾਂ,ਹੁਣ ਇਕੱਲੇ ਤੋਂ ਖਾ ਨਹੀਂ ਹੁੰਦਾਏਥੇ ਤਾਂ ਭੋਲੂ-ਟੋਮੀ ਹੋਣੀਂ ਵੀ ਆਵਾਰਾ ਨਹੀਂ ਫਿਰਦੇ, ਨਹੀਂ ਤਾਂ ਉਨਾਂ ਵਿਚਾਰੇ ਦਰਵੇਸ਼ਾਂ ਨੂੰ ਹੀ ਪਾ ਦਿੰਦਾ

ਮੇਰੀ ਭੂੰਡ-ਭਟੱਕੋ ! ਮਿਲਾਪੜੀ ਜਿਹੀ ਖਿੱਚ ਦੀਆਂ ਦਿਲ ਵਿੱਚ ਚਰੜ-ਭੂੰਡੀਆਂ ਨਿਕਲ ਰਹੀਆਂ ਨੇ! ਹੁਣ ਤੂੰ ਪੁੱਛਣੈ ਕਿ ਇਹ ਕੀ ਹੁੰਦੀਆਂ ਨੇ ? ਠੰਡੀਏ ਅੰਗਿਆਰੀਏ..! ਜਦੋਂ ਪੱਥਰ ਨਾਲ ਪੱਥਰ ਰਗੜੀਏ,ਜਿਹੜੀ ਵਿੱਚੋਂ ਅੱਗ ਨਿਕਲਦੀ ਏ; ਉਹਨੂੰ ਚਰੜ-ਭੂੰਡੀਆਂ ਕਹਿੰਦੇ ਨੇ ! ਕਦੇ ਮਿਲੇਂ ਤਾਂ ਕੱਢ ਕੇ ਦਿਖਾਊਂਗਾ …!

ਅੜੀਏ ! ਤੂੰ ਕਾਹਤੋਂ ਕੁਆਰੀ ਰੰਡੇਪਾ ਕੱਟੀ ਜਾਨੀ ਏਂ ? ਤੇਰੀ ਮਾਂਗ ਦਾ ਸੰਧੂਰ ਸਾਡੇ ਸੀਰੀ ਦੇ ਲਹੂ ਵਰਗੇ ਹੰਝੂ ਵਹਾ ਕੇ ਵਿੱਚੋ-ਵਿੱਚੀ ਖੁਰਦਾ ਜਾ ਰਿਹਾ ਏ ਹੁਣ ਤਾਂ ਤੇਰੇ ਹੋਣ ਵਾਲੇ ਸਿਰ ਦੇ ਸਾਂਈ ਨੂੰ ਲੋਕ ਸਿਰ ਦਾ ਮਧਾਣੀ ਚੀਰਾਕਹਿਣ ਲੱਗ ਪਏ ਨੇ ..!

ਤੇਰੇ ਪਿਆਰ ਦਾ ਝਰਨਾ ਮੇਰੇ ਇਸ਼ਕ ਦੇ ਸੁੱਕੇ ਖਾਲ ਚ ਕਦੋਂ ਕੁ ਵਹਿਣਾ ਏ ? ਭਾਦੋਂ ਦੀ ਦੁਪਹਿਰ ਵਿੱਚ ਖਾਲ ਵੀ ਘੜਕੇ ਨਾਈਆਂ ਦੀ ਮੁੰਨੀ ਕੱਟੀ ਵਾਂਗੂੰ ਛਾਂਗਿਆ ਪਿਆ ਏ ਵੇਖੀਂ ਕਿਤੇ, ਮੈਂ ਕੰਨੀ ਦੇ ਕਿਆਰੇ ਵਾਂਗੂੰ ਸੁੱਕਾ ਹੀ ਨਾ ਰਹਿ ਜਾਵਾਂ ? ਚੋਰੀ-ਚੋਰੀ ਨੱਕਾ ਕੋਈ ਹੋਰ ਈ ਨਾ ਮੋੜ ਜਾਵੇ ? ਸਧਰਾਂ ਦਾ ਵੇਹਲਾ ਪਿਆ ਵਾਹਣ ਸਿੰਙ ਕੇ ਇਕ ਵਾਰ ਰੌਣੀ ਕਰ ਜਾ, ਫੇਰ ਵੇਖੀਂ, ਰੋਹੀ ਦੇ ਕੱਲਰਾਂ ਵਿੱਚ ਵੀ ਚਾਵਾਂ ਦੇ ਸੰਧੂਰੀ ਫੁੱਲ ਟਹਿਕ ਪੈਣਗੇ ! ਜੇ ਅਮਰੀਕਨ ਸੁੰਡੀ ਨਾ ਪਈ ਤਾਂ ..!! ਮੈਂ ਪੋਲੇ-ਪੋਲੇ ਹੱਥਾਂ ਨਾਲ ਇਹ ਫੁੱਲ ਤੋੜ ਕੇ ਕਦੋਂ ਤੇਰੀਆਂ ਜ਼ੁਲਫਾਂ ਵਿੱਚ ਟੰਗੂਗਾ ? ਮੈਂ ਕਦੋਂ ਤੇਰੀਆਂ ਜੂੰਆਂ ਨੂੰ ਬਾਗ-ਬਗੀਚਿਆਂ ਦੀ ਸੈਰ ਕਰਵਾਊਂਗਾ ??

ਮੇਰੀਏ ਅਨਾਰਕਲੀਏ ! ਜੰਡ-ਕਰੀਰਾਂ ਵਰਗੀ ਮੇਰੀ ਜਵਾਨੀ ਤੇਰੇ ਲਾਰਿਆਂ ਵਾਲੇ ਥੋਹਰ ਦੇ ਫੁੱਲ ਸੁੰਘ-ਸੁੰਘਕੇ ਅੱਕਾਂ ਦੇ ਦੁੱਧ ਤੋਂ ਵੀ ਕੌੜੀ ਹੋਈ ਜਾਂਦੀ ਏ !! ਜੇ ਭੋਰਾ ਘੱਟ ਕੌੜੀ ਹੁੰਦੀ ਤਾਂ ਬੋਲਾ-ਨੋਨੀ ਜੂਸ ਵਰਗਾ ਕੋਈ ਜੂਸ ਬਣਾ ਕੇ ਹੀ ਵੇਚਣ ਲੱਗ ਪੈਂਦਾ ! ਇਸ਼ਕ ਦੇ ਨਾਲ-ਨਾਲ ਮਾੜੀ-ਮੋਟੀ ਕਮਾਈ ਕੀਤੀ ਵੀ ਆਪਣੇ ਬੱਚਿਆਂ ਦੀ ਗਰੈਜੂਏਸ਼ਨ ਦੇ ਕੰਮ ਆਉਣੀ ਸੀ ,ਕੋਈ ਐਜੂਕੇਸ਼ਨ ਪਲੈਨ ਵੀ ਨਹੀਂ ਸੀ ਲੈਣੀ ਪੈਂਣੀ ..!

ਕਦੇ ਗੁਲਕੰਦ ਵਰਗੇ ਹੁਸਨ ਦੀ ਪਿਉਂਦ ਚਾੜ੍ਹ ਕੇ ਮਿਠਾਸ ਭਰਿਆ ਅਹਿਸਾਸ ਹੀ ਦਿਵਾ ਦੇ ! ਮਿੱਠੀਏ ! ਐਵੇਂ ਡਰ ਨਾ ਮੈਨੂੰ ਸ਼ੂਗਰ ਨਹੀਂ ਹੋਣ ਲੱਗੀ ,ਏਥੇ ਹਰਬਲ ਦੀ ਇੱਕ ਪੁੜੀ ਸੌ ਬਿਮਾਰੀਆਂ ਤੋਂ ਨਿਜ਼ਾਤ ਦਿਵਾ ਦਿੰਦੀ ਏ ! ਕਮਲੇ ਡਾਕਟਰਾਂ ਨੇ ਐਵੇਂ ਡਿਗਰੀਆਂ ਲੈ ਕੇ ਐਨੇ ਹਸਪਤਾਲ ਖੋਲ੍ਹੇ ਹੋਏ ਨੇ ..?

ਤੇਰੀ ਯਾਦ ਚ.........

ਸਿਖਰ ਦੁਪਹਿਰੇ ਹੀ ਮੁਰਝਾਇਆ ਪਿਆ;

ਦੁਪਹਿਰ-ਖਿੜੀ ਦੇ ਫੁੱਲ ਵਰਗਾ

ਤੇਰਾ ਯਾਰ….

ਗੁਰਮੇਲ ਬਦੇਸ਼ਾ…!!

8 comments:

ਤਨਦੀਪ 'ਤਮੰਨਾ' said...

Respected Badesha saheb..khat bhej ke tan kamaal hi kar ditti tussi...main jinni tareef parents ton sunni si ehna khatan di..uss ton vadh enjoy keeta eh khat parh ke...

Depression hovey tan kaurriaan goliaan lain de zaroorat nahin...tuhade khat parh lainey chahidey ne...Bahut bahut shukriya eh khat meri request te sabh naal share karn layee.:)
ਤੇਰੀਆਂ ਯਾਦਾਂ ਦਾ ਕੱਚਾ ਦੁੱਧ ਸਰ੍ਹਾਣੇ ਪਿਆ ; ਵੇਖੀਂ ਕਿਤੇ ਖੱਟਾ ਹੀ ਨਾ ਹੋ ਜਾਵੇ? ਜੁਦਾਈ ਦਾ ਜਾਗ ਲਾ ਕੇ ਮੈਥੋਂ ਆਪਣੇ ਹੱਥੀਂ ਜਮਾਇਆ ਨਹੀਂ ਜਾਣਾ ।ਕੱਚਾ ਪੀਣਿਆਂ ਨੂੰ ਅਜੇ ਅਧ-ਰਿੜਕੇ ਦਾ ਸ਼ੌਂਕ ਨਹੀਂ ਜਾਗਿਆ । ਮੈਂ ਤਾਂ ਅੜੀਏ! ਤੈਥੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ ।ਆਪਣੇ ਹਾਉਂਕਿਆਂ ਦੀ ਪੰਡ ਤੇਰੀ ਝੋਲੀ ਵਿੱਚ ਪਾ ਸਕਦਾ ਹਾਂ, ਪੀਪਾ ਹੰਝੂਆਂ ਦਾ ਤੇਰੇ ਹੁਸਨ ਦੇ ਮਾਨ-ਸਰੋਵਰ ਦੇ ਹੜ੍ਹ ਵਿੱਚ ਰੋੜ੍ਹ ਸਕਦਾ ਹਾਂ ,ਆਹੋ ! ਏਨੇ ਨਾਲ ਕਿਹੜਾ ਬੰਨ੍ਹ ਟੁੱਟਣ ਲੱਗੇ ਨੇ ?
----
ਇਸ਼ਕ ਦੀਏ ਪੱਟੀਏ! ਕਰਜ਼ਾਈ ਜੱਟ ਦੀਏ ਜੱਟੀਏ! ਮੈਂ ਤਾਂ ਸਾਰੀ ਦੌਲਤ ਤੇਰੇ ਨਾਂ ਕਰ ਸਕਦਾ ਹਾਂ, ਵੀਹ ਹਜ਼ਾਰ ਦੀ ਲਾਇਨ ਆਫ਼ ਕਰੈਡਿਟ, ਜੋ ਕਿ ਸਾਰੀ ਭਰੀ ਪਈ ਏ, ਤੇਰੇ ਨਾਮ ਕਰ ਸਕਦਾ ਹਾਂ । ਕੁਲੈਕਸ਼ਨ ਏਜੰਸੀਆਂ ਦੇ ਨਿੱਤ ਥੱਬਾ ਆਉਂਦੇ ਬਿੱਲ ਪਤਾ ਬਦਲਾਕੇ ਤੇਰੇ ਜੁੰਮੇ ਲਾ ਸਕਦਾ ਹਾਂ ।
hehehe..mainu ni si pata ke tohfey ch...ikk ashiq mashooq nu maxed out credit cards vi de sakda hai..:) Need to watch out!! :)

ਤੂੰ ਆਵੇਂ ਤਾਂ ਓਵਨ ‘ਚ ਰੱਖ ਕੇ ਤੈਨੰ ਕੱਚਾ ਕਾਲਜਾ ਭੁੰਨ ਕੇ ਖੁਆਵਾਂ ।ਸੁਪਰ ਸਟੋਰ ਵਿੱਚ ‘ਚਿਕਨ ਲਿਵਰ’ ਸਸਤਾ ਲੱਗਾ ਸੀ, ਇੱਕਠਾ ਚਾਰ ਪੌਂਡ ਹੀ ਲੈ ਆਇਆ ਹਾਂ,ਹੁਣ ਇਕੱਲੇ ਤੋਂ ਖਾ ਨਹੀਂ ਹੁੰਦਾ।ਏਥੇ ਤਾਂ ਭੋਲੂ-ਟੋਮੀ ਹੋਣੀਂ ਵੀ ਆਵਾਰਾ ਨਹੀਂ ਫਿਰਦੇ, ਨਹੀਂ ਤਾਂ ਉਨਾਂ ਵਿਚਾਰੇ ਦਰਵੇਸ਼ਾਂ ਨੂੰ ਹੀ ਪਾ ਦਿੰਦਾ ।
Modern Ranjhey di shiddat kamaal di hai..:)Sach jaaneo ehnu parh ke main enna hass ke dass nahin sakdi.

ਮੈਂ ਪੋਲੇ-ਪੋਲੇ ਹੱਥਾਂ ਨਾਲ ਇਹ ਫੁੱਲ ਤੋੜ ਕੇ ਕਦੋਂ ਤੇਰੀਆਂ ਜ਼ੁਲਫਾਂ ਵਿੱਚ ਟੰਗੂਗਾ ? ਮੈਂ ਕਦੋਂ ਤੇਰੀਆਂ ਜੂੰਆਂ ਨੂੰ ਬਾਗ-ਬਗੀਚਿਆਂ ਦੀ ਸੈਰ ਕਰਵਾਊਂਗਾ ??

This is an extreme. Tuhanu pata ke $40.00 de shampoo/conditioner laun waaliyaan de ਜੂੰਆਂ nahin paindiaan..:)

Bahut khoob!! This was my first time to read such a letter written by you. Mom ton tuhada suneha mill geya hai..jald hi call kraangi.

Keep it up, Badesha saheb.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ
ਗੁਰਮੇਲ ਬਦੇਸ਼ਾ ਜੀ ਦਾ ਖ਼ਤ ਪੜ੍ਹਕੇ ਤਾਂ ਢਿੱਡੀਂ ਪੀੜਾਂ ਪੈ ਗਈਆਂ। ਇਹਨਾਂ ਨੂੰ ਵਧਾਈਆਂ।

ਕੁਲਜੀਤ ਸੰਧੂ
ਯੂ.ਐੱਸ.ਏ.
=====================
Badesha ji da khat pasand karn layee bahut bahut shukriya Kuljit ji.

Tamanna

ਤਨਦੀਪ 'ਤਮੰਨਾ' said...

ਤਨਦੀਪ !ਤੁਹਾਨੂੰ ਅਦਬ ਸਹਿਤ ਸਤਿ ਸ੍ਰੀ ਅਕਾਲ !!
ਤਨਦੀਪ ! ਕੁਝ ਮੇਰੀ ਜਿਆਦਾ ਹੀ ਤਾਰੀਫ਼ ਨਹੀ ਕਰ ਦਿੱਤੀ ? ਐਨੇ ਜੋਗਾ ਤਾਂ ਨਹੀਂ ਸੀ। ਚਲੋ ਫਿਰ ਵੀ ਸਿਰ-ਮੱਥੇ ! ਬਾਕੀ ਤੁਸੀਂ ਫੋਟੋ ਬਾਰੇ ਕਿਹਾ ਸੀ ,ਕਿਸੇ ਨੇ ਪਹਿਲਾਂ ਵੀ ਮੈਥੋਂ ਫੋਟੋ ਮੰਗੀ ਸੀ । ਮੈਂ ਕਿਹਾ ਕਿ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਕਿ ਮੈਂ ਸੋਹਣਾ ਨਹੀਂ ? ਮੈਂ ਕਿਹਾ "ਮੈਂ ਐਨਾ ਸੋਹਣਾ ਹਾਂ ਕਿ ਮੇਰੇ 'ਤੇ ਤਾਂ ਜਨੌਰ ਡਿੱਗ-ਡਿੱਗ ਪੈਂਦੇ ਨੇ !ਉਹ ਕਹਿੰਦੇ; ਕਿਹੜੇ ਜਨੌਰ ? ਮੈਂ ਕਿਹਾ;"ਜਿਹੜੇ ਗਿਰਝਾਂ ਨੇ ਪੌਂਚਿਆਂ 'ਚ ਫਸਾਏ ਹੁੰਦੇ ਨੇ !"ਕਹਿੰਦੇ,"ਗਿਰਝਾਂ ਵੀ ਸਿਆਣੀਆਂ
ਨੇ,ਆਸੇ-ਪਾਸੇ ਸਿਟਣਗੀਆਂ ਤਾਂ ਪ੍ਰਦੂਸ਼ਣ ਹੀ ਫੈਲੇਗਾ,ਸੋਚਦੀਆਂ ਹੋਣਗੀਆਂ ਗਰਬੇਜ਼ ਕੇਨ 'ਚ ਹੀ ਪਾ ਦਿੰਨੀਆਂ...!! ਵੈਸੇ,ਦਿਲੋਂ ਧੰਨਵਾਦੀ ਹਾਂ ਕਿ ਆਪ ਜੀ ਨੇ ਮੈਨੂੰ ਇਸ ਯੋਗ ਸਮਝਿਐ । ਉਂਝ ਤਸਵੀਰ ਤਾਂ ਸੋਹਣਿਆਂ ਦੀ ਹੀ ਸੋਹਣੀ ਹੁੰਦੀ ਹੈ !

'ਜੇ ਤੂੰ ਸ਼ਾਇਰ ਹੋਵੇਂ ,ਮੈਂ ਵੀ ਸ਼ਾਇਰ ਹੋਵਾਂ ! ਗੱਲ ਸ਼ੇਅਰਾਂ ਵਿੱਚ ਸਮਝਾ ਦੇਵਾਂ!
ਉਮਰਾਂ ਤੋਂ ਲੰਮੀ ਬਾਤ ਕੋਈ ਦੋ ਲਫ਼ਜ਼ਾਂ ਵਿੱਚ ਮੁਕਾ ਦੇਵਾਂ..!

ਸੱਚ ! ਦੱਸਣ ਵਾਲੀ ਇੱਕ ਗੱਲ ਤਾਂ ਭੁੱਲ ਹੀ ਗਈ ।ਹੁਣ ਫਿਰ ਯਾਦ ਕਰਕੇ ਦਸੂੰਗਾ!

ਕਿਸੇ ਭੁੱਲੀ-ਵਿੱਸਰੀ ਯਾਦ ਵਰਗਾ
ਆਪਦਾ ਨਿੱਤਨੇਮੀ ਇੰਟਰਨੈਟੀ-ਪਾਠਕ
ਗੁਰਮੇਲ ਬਦੇਸ਼ਾ
ਸਰੀ, ਕੈਨੇਡਾ
--------------
ਸਤਿਕਾਰਤ ਬਦੇਸ਼ਾ ਸਾਹਿਬ...ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ...ਬਹੁਤ ਸਾਰੀਆਂ ਟਿੱਪਣੀਆਂ ਅਜੇ ਪੋਸਟ ਕਰਨ ਵਾਲ਼ੀਆਂ ਰਹਿੰਦੀਆਂ ਨੇ..ਬਹੁਤ ਤਾਰੀਫ਼ ਆਈ ਹੈ....ਤੁਹਾਡੇ ਖ਼ਤ ਦੀ!ਵਿਅੰਗ ਵਾਲ਼ੀ ਤਾਂ ਕਮਾਲ ਕਰ ਦਿੰਦੇ ਓ..! ਸ਼ਾਇਰ ਵੀ ਬਹੁਤ ਵਧੀਆ ਹੋ...ਸੁਨੇਹਾ ਸ਼ਾਇਰੀ ਰਾਹੀਂ ਵੀ ਪਹੁੰਚ ਗਿਆ ਹੈ...ਹੁਣ ਜ਼ਰਾ ਫੋਟੋ ਵੀ ਭੇਜ ਦਿਓ..ਮੈਨੂੰ ਤੇ ਆਰਸੀ ਦੇ ਬਾਕੀ ਪਾਠਕ/ਲੇਖਕ ਦੋਸਤਾਂ ਨੂੰ ਤੁਹਾਡੇ ਦਰਸ਼ਨ ਕਰਨ ਦੀ ਤਵੱਕੋ ਹੈ!ਆਸ ਹੈ..ਜਲਦ ਪੂਰੀ ਕਰੋਗੇ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ, ਗੁਰਮੇਲ ਬਦੇਸ਼ਾ ਦਾ ਲਿਖਿਆ ਖ਼ਤ ਮੈਂ ਆਪ ਤਾਂ ਪੜ੍ਹਿਆ ਹੀ...ਦੋਸਤਾਂ ਨੂੰ ਵੀ ਪੜ੍ਹ ਕੇ ਸੁਣਾਇਆ, ਬਹੁਤ ਹਾਸਾ ਆਇਆ। ਐਹੋ ਜਿਹੀਆਂ ਚਿੱਠੀਆਂ ਹੋਰ ਲਗਾਓ!

ਸਤਵਿੰਦਰ ਸਿੰਘ
ਯੂ.ਕੇ.
=======
ਬਹੁਤ-ਬਹੁਤ ਸ਼ੁਕਰੀਆ ਸਤਵਿੰਦਰ ਸਿੰਘ ਜੀ।
ਤਮੰਨਾ

ਤਨਦੀਪ 'ਤਮੰਨਾ' said...

Gurmail Badesha 's letter to mehbooba is indeed a masterpiece. Please convey my best wishes to him.

Parmeet Singh
United Kingdom.
=====
Thank u Parmeet ji.
Tamanna

ਤਨਦੀਪ 'ਤਮੰਨਾ' said...

ਗੁਰਮੇਲ ਬਦੇਸਾ ਦਾ ਲਿਖਿਆ ਖ਼ਤ ਪੜ੍ਹ ਕੇ ਤੁਹਾਡੇ ਆਟੀ ਜੀ ਹੱਸੀ ਜਾਣ...ਮੈਨੂੰ ਦੱਸਣ ਨਾ..ਜਦੋਂ ਮੈਂ ਪੜ੍ਹਿਆ ਤਾਂ ਪਤਾ ਲੱਗਿਆ ਕਿ ਹਾਸੇ ਦਾ ਰਾਜ਼ ਕੀ ਹੈ। ਬਦੇਸ਼ਾ ਜੀ ਨੇ ਬਹੁਤ ਸੋਹਣਾ ਖ਼ਤ ਲਿਖਿਆ ਹੈ। ਉਹਨਾਂ ਨੂੰ ਕਹੋ, ਹੋਰ ਖ਼ਤ ਲਿਖਣ। ਇਹ ਵਿਅੰਗ ਲਿਖਣ ਦੀ ਕਲਾ ਕਰਮਾਂ ਨਾਲ਼ ਮਿਲ਼ਦੀ ਹੈ।
ਸ਼ੁੱਭ ਚਿੰਤਕ,
ਇੰਦਰਜਿਤ ਸਿੰਘ
ਕੈਨੇਡਾ
====

ਸ਼ੁਕਰੀਆ ਅੰਕਲ ਜੀ..ਜਲਦੀ ਹੀ ਬਦੇਸ਼ਾ ਜੀ ਦਾ ਨਵਾਂ ਖ਼ਤ ਸ਼ਾਮਿਲ ਕਰਾਂਗੇ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ..ਇੱਕ ਦੋਸਤ ਦੇ ਲਿੰਕ ਭੇਜਣ ਤੇ ਆਰਸੀ ਬਾਰੇ ਪਤਾ ਲੱਗਿਆ ਸੀ। ਗੁਰਮੇਲ ਬਦੇਸ਼ਾ ਦਾ ਖ਼ਤ ਬਹੁਤ ਵਧੀਆ ਲੱਗਿਆ। ਉਹਨਾਂ ਨੂੰ ਮੁਬਾਰਕਾਂ!

ਕਰਮਦੀਪ ਕਰਮ
ਯੂ.ਐੱਸ.ਏ.
=====
ਸ਼ੁਕਰੀਆ ਕਰਮਦੀਪ ਜੀ!
ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ...
ਅਜੇ ਘੜਾ ਅਕਲ ਦਾ ਊਣਾ ਏ, ਜਦ ਭਰ ਕੇ ਡੁੱਲੂ ਵੇਖਾਂਗੇ !
ਹੁਣ ਤਾਂ ਤਸਵੀਰਾਂ ਭੇਜਤੀਆਂ,ਜਦ ਭੇਦ ਇਨਾਂ ਦਾ ਖੁੱਲੂ ਵੇਖਾਂਗੇ!
ਧੰਨਵਾਦ ਬਾਕੀ ਫੇਰ!
ਗੁਰਮੇਲ ਬਦੇਸ਼ਾ
ਕੈਨੇਡਾ
====
Badesha saheb.. You and your sense of humour!! I guess, instead of doctors, we need many people like you in this society so that we can get rid of depression and stress. I wondered if that pic was yours, but then, mom confirmed...and I trust her.. :)

Regards
Tamanna