ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 18, 2008

ਗੁਰਮੇਲ ਬਦੇਸ਼ਾ - ਨਜ਼ਮ

ਅੱਜ ਤੇ ਅਤੀਤ

ਨਜ਼ਮ

ਸੀਤ ਸਾਗਰ ਦੀ ਹਿੱਕ 'ਤੇ

ਆਥਣ ਵੇਲੇ ਬੱਦਲ਼ਾਂ 'ਚੋਂ

ਸੂਰਜ ਝਾਕਦਾ

ਆਪਣੇ ਰੂਪ ਦਾ

ਪ੍ਰਤੀਬਿੰਬ ਬਣਾਉਂਦਾ ਹੈ !

---

ਪਾਣੀ ਚਮਕਦਾ ਹੈ

ਸੂਰਜ ਦਗਦਾ ਹੈ !!

ਪਾਣੀ ਦੀ ਸਤਾਹ 'ਤੇ

ਪੋਲੀਆਂ-ਪੋਲੀਆਂ

ਨਿੱਕੀਆਂ-ਨਿੱਕੀਆਂ

ਲਹਿਰਾਂ ਮੇਲ੍ਹਦੀਆਂ ਨੇ !

ਸੀਤ ਪੌਣਾਂ ਉਪਰੋਂ

ਖਹਿ-ਖਹਿ ਗੁਜ਼ਰਦੀਆਂ

ਤੇ....

ਮੇਰੇ ਤਨ ਨੂੰ

ਠੰਡਕ ਦਿੰਦੀਆਂ !

---

ਮਨ ਦੀ ਭੜਾਸ 'ਚੋਂ ਕੋਸਾ ਜਿਹਾ

ਹਾਉਂਕਾ ਉਪਜਦਾ

ਕਦੇ ਰੇਤ 'ਤੇ

ਖਰਮਸਤੀ ਕਰਨ ਨੂੰ

ਜੀਅ ਕਰਦਾ

---

ਮੈਂ ਰੇਤ ਨਾਲ ਖੇਡਦਾ-ਖੇਡਦਾ

ਓੜਕ ਰੇਤ ਹੋ ਜਾਂਦਾ ਹਾਂ

ਹੌਲ਼ੀ-ਹੌਲ਼ੀ ਮੁੱਠੀਆਂ 'ਚੋਂ

ਰੇਤ ਕਿਰਦੀ ਹੈ

ਆਪਣੇ ਸੁਪਨਿਆਂ ਵਾਂਗ

ਆਪਣੇ ਰੇਤ ਦੇ ਬਣਾਏ

ਘਰਾਂ ਵਾਂਗ

ਤੇ.....

ਖੰਡਰ ਹੋਏ ਅਰਮਾਨਾਂ ਦਾ ਮਲਬਾ

ਮੈਂ ਬੁੱਕ ਭਰ-ਭਰ

ਪਾਣੀ 'ਚ ਰੋੜ੍ਹਦਾ ਹਾਂ

---

ਸੂਰਜ ਛਿਪ ਜਾਂਦਾ ਹੈ

ਪਾਣੀ ਦੀ ਚਮਕ ਘਟਦੀ ਹੈ

ਪੌਣਾਂ ਦਾ ਵਹਾਓ ਬਦਲਦਾ ਹੈ

ਤੇ....

ਮੈ ਇਕੱਲਾ

ਇੱਟਾਂ ਲੱਕੜਾਂ ਦੇ

ਬਣਾਏ ਘਰਾਂ ਵੱਲ

ਵਾਪਸ ਪਰਤ ਆਉਂਦਾ ਹਾਂ

ਤੇਰੀਆਂ ਅਭੁੱਲ ਯਾਦਾਂ ਨਾਲ ਲੈ ਕੇ!

1 comment:

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ! ਨਜ਼ਮ ਬਹੁਤ ਹੀ ਖ਼ੂਬਸੂਰਤ ਹੈ, ਮੁਬਾਰਕਬਾਦ ਕਬੂਲ ਕਰੋ!ਇਹ ਸਤਰਾਂ ਤੇ ਉਹਨਾਂ ਵਿਚਲਾ ਖ਼ਿਆਲ ਬਹੁਤ ਜ਼ਿਆਦਾ ਪਸੰਦ ਆਏ..

ਖੰਡਰ ਹੋਏ ਅਰਮਾਨਾਂ ਦਾ ਮਲਬਾ
ਮੈਂ ਬੁੱਕ ਭਰ-ਭਰ
ਪਾਣੀ 'ਚ ਰੋੜ੍ਹਦਾ ਹਾਂ
---
ਸੂਰਜ ਛਿਪ ਜਾਂਦਾ ਹੈ
ਪਾਣੀ ਦੀ ਚਮਕ ਘਟਦੀ ਹੈ
ਪੌਣਾਂ ਦਾ ਵਹਾਓ ਬਦਲਦਾ ਹੈ
ਤੇ....
ਮੈ ਇਕੱਲਾ
ਇੱਟਾਂ ਲੱਕੜਾਂ ਦੇ
ਬਣਾਏ ਘਰਾਂ ਵੱਲ
ਵਾਪਸ ਪਰਤ ਆਉਂਦਾ ਹਾਂ
ਤੇਰੀਆਂ ਅਭੁੱਲ ਯਾਦਾਂ ਨਾਲ ਲੈ ਕੇ!

ਬਹੁਤ ਖ਼ੂਬ! ਨਜ਼ਮ ਸਭ ਨਾਲ਼ ਸਾਂਝੀ ਕਰਨ ਤੇ ਬਹੁਤ-ਬਹੁਤ ਸ਼ੁਕਰੀਆ!

ਤਮੰਨਾ