ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 24, 2008

ਡਾ: ਦੇਵਿੰਦਰ ਕੌਰ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਨਿਵਾਸੀ ਉੱਘੀ ਲੇਖਿਕਾ ਮੈਡਮ ਡਾ: ਦੇਵਿੰਦਰ ਕੌਰ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਖ਼ੂਬਸੂਰਤ ਲਿਖਤਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਸਾਹਿਤਕ ਵੈੱਬ-ਸਾਈਟਾਂ ਤੇ ਪੜ੍ਹਦੇ ਹੀ ਰਹਿੰਦੇ ਹਾਂ। ਕਪੂਰਥਲਾ ਜ਼ਿਲੇ ਚ ਅਕਤੂਬਰ 20, 1948 ਨੂੰ ਜਨਮੀ ਡਾ: ਸਾਹਿਬਾ ਅੰਗਰੇਜ਼ੀ ਤੇ ਪੰਜਾਬੀ ਸਾਹਿਤ ਚ ਐਮ.ਏ. ਤੇ ਪੰਜਾਬੀ ਕਵਿਤਾ ਤੇ ਪੀ.ਐੱਚ.ਡੀ. ਹਨ। ਦਿੱਲੀ ਯੂਨੀਵਰਸਿਟੀ ਕਾਲਜ ਤੋਂ ਸੰਨ 1970 ਤੋਂ ਅਧਿਆਪਨ ਸ਼ੁਰੂ ਕਰਕੇ ਯੂ.ਕੇ. ਚ ਬਿਲਸਟਨ ਕਮਿਊਨਿਟੀ ਤੇ ਵੁਲਵਰਹੈਂਪਟਨ ਕਾਲਜ ਚ ਲੈਕਚਰਾਰ ਦੇ ਸਨਮਾਨਯੋਗ ਅਹੁਦਿਆਂ ਤੇ ਅਧਿਆਪਨ ਦੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਕਾਵਿ-ਸੰਗ੍ਰਹਿ : ਇਸ ਤੋਂ ਪਹਿਲਾਂ ਕਿ, ਨੰਗੀਆਂ ਸੜਕਾਂ ਦੀ ਦਾਸਤਾਨ, ਅਗਨ ਚੋਲ਼ਾ, ਸਾਹਿਤਕ ਆਲੋਚਨਾ ਚ: ਕ੍ਰਿਆ ਪ੍ਰਤਿਕ੍ਰਿਆ, ਪੰਜਵਾਂ ਚਿਰਾਗ਼, ਵੀਰ ਸਿੰਘ ਕਾਵਿ ਦਾ ਰੂਪ ਵਿਗਿਆਨਕ ਅਧਿਐਨ, ਵਿਵਿਧਾ, ਯੁਕਲਿਪਟਸ ਤੇ ਹੈਮਿੰਗਵੇਅ, ਅੰਮ੍ਰਿਤਾ ਪ੍ਰੀਤਮ ਦੀ ਗਲਪ ਤੇ ਕਾਵਿ ਚੇਤਨਾ, ਬਰਤਾਨਵੀ ਪੰਜਾਬੀ ਸਾਹਿਤ ਦੇ ਮਸਲੇ, ਦੇਵ, ਸ਼ਬਦ ਤੇ ਸਿਰਜਣਾ, ਬਰਤਾਨੀਆ ਚ ਲਿਖਿ ਜਾ ਰਹੀ ਪੰਜਾਬੀ ਕਵਿਤਾ ਇੱਕ ਇਤਿਹਾਸਕ ਪਰਿਪੇਖ, ਸੰਪਾਦਨਾ ਚ : ਨਿਬੰਧਨੀ, ਹਰਫ਼ ਹਮੇਸ਼ਾ, ਲੋਕ ਵੇਦੀ ਵਣਜਾਰਾ ਬੇਦੀ, ਨਵਾਂ ਪੁਰਾਣਾ ਮਾਖਿਓਂ ਸ਼ਾਮਲ ਹਨ। ਉਹ ਪੰਜਾਬੀ ਸਾਹਿਤ ਨੂੰ ਸਮਰਪਿਤ ਮੈਗਜ਼ੀਨ ਸਾਹਿਤਕ ਸੂਰਜ ( ਮਾਸਿਕ 1990-1993) ਦੇ ਸੰਪਾਦਕ ਰਹੇ ਅਤੇ ਅੱਜਕੱਲ੍ਹ ਤ੍ਰੈਮਾਸਿਕ ਮੈਗਜ਼ੀਨ ਪ੍ਰਵਚਨ ਦੀ ਸੰਪਾਦਨਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ 40-50 ਲੇਖ ਸਿਰਕੱਢਵੇਂ ਮੈਗਜ਼ੀਨਾਂ ਚ ਛਪ ਚੁੱਕੇ ਹਨ।

ਸਾਹਿਤਕ ਤੌਰ ਤੇ ਸਰਗਰਮ ਡਾ: ਦੇਵਿੰਦਰ ਕੌਰ ਜੀ ਸਾਹਿਤਕ ਸੇਵਾਵਾਂ ਬਦਲੇ ਬਹੁਤ ਸਾਹਿਤ ਸਭਾਵਾਂ ਵੱਲੋਂ ਸਨਮਾਨੇ ਜਾ ਚੁੱਕੇ ਹਨ। ਕਈ ਇਨਾਮਾਂ, ਜਿਨ੍ਹਾਂ ਚੋਂ : ਪੰਜਾਬੀ ਅਕਾਦਮੀ ਦਿੱਲੀ ਤੋਂ ਵਾਰਤਕ ਐਵਾਰਡ, ਹਰਿਆਣਾ ਅਕਾਦਮੀ ਤੇ ਕਲਾਕਾਰ ਲੇਖਕ ਮੰਡਲ ਤੋਂ ਸਾਹਿਤ ਸੇਵਾਵਾਂ ਐਵਾਰਡ, ਇੰਡੋ-ਕੈਨੇਡੀਅਨ ਟਾਈਮਜ਼ ਟਰੱਸਟ ਅਤੇ ਕੇਂਦਰੀ ਲਿਖਾਰੀ ਸਭਾ ਤੋਂ ਆਲੋਚਨਾ ਦੇ ਖੇਤਰ ਚ ਸੇਵਾਵਾਂ ਬਦਲੇ ਐਵਾਰਡ, ਪੰਜਾਬ ਸਟੇਟ ਬਿਜਲੀ ਬੋਰਡ ਲੇਖਕ ਸਭਾ, ਲੁਧਿਆਣਾ ਵੱਲੋਂ ਸਫ਼ਦਰ ਹਾਸ਼ਮੀ ਆਲੋਚਨਾ ਐਵਾਰਡ, ਪੰਜਾਬੀ ਸਾਹਿਤ ਸਭਾ ਸਾਉਥੈਂਪਟਨ ਯੂ.ਕੇ. ਤੋਂ ਸਾਹਿਤਕ ਸੇਵਾਵਾਂ ਲਈ ਐਵਾਰਡ, ਅਤੇ ਪੰਜਾਬੀ ਸੱਥ ਲਾਂਬੜਾ, ਯੌਰਪੀਅਨ ਇਕਾਈ ਵੱਲੋਂ ਸੰਤ ਸਿੰਘ ਸੇਖੋਂ ਆਲੋਚਨਾ ਐਵਾਰਡ ਪ੍ਰਮੁੱਖ ਹਨ।

ਉਹਨਾਂ ਨੇ ਈਮੇਲ ਚ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ ਅਤੇ ਬਲੌਗ ਲਈ ਸ਼ੁੱਭ-ਇੱਛਾਵਾਂ ਭੇਜੀਆਂ ਨੇ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਡਾ: ਦੇਵਿੰਦਰ ਕੌਰ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਰਚਨਾਵਾਂ ਚੋਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਮੇਰਾ ਸਲਾਮ! ਉਹਨਾਂ ਨੂੰ ਆਰਸੀ ਦਾ ਲਿੰਕ ਸਤਿਕਾਰਤ ਲੇਖਕ ਸੁਖਿੰਦਰ ਜੀ ਨੇ ਭੇਜਿਆ ਸੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ!

ਸਮਰਪਣ

ਨਜ਼ਮ

ਉਹ ਬਹੁਤ ਕੁਝ

ਕਹਿ ਸਕਦੀ ਸੀ

ਸ਼ਾਇਰ ਨੂੰ

ਲੱਭਦਿਆਂ ਲੱਭਦਿਆਂ

ਸ਼ਾਇਰੀ ਨੂੰ

ਲਿਖਦਿਆਂ ਲਿਖਦਿਆਂ

ਪਰ ਉਹ ਕੁਝ ਨਹੀਂ ਉਚਰਦੀ

---

ਉਹ ਉਸਨੂੰ ਪੁੱਛਦੇ ਨੇ

ਤੇਰੀ ਸੋਚ,

ਤੇਰੀ ਮੜ੍ਹਕ ਕਿਥੇ ਹੈ?

ਉਹ ਦੱਸਦੀ ਹੈ

ਉਹ ਗਵਾ ਆਈ ਹੈ

ਆਪਣੇ ਆਪ ਦੀ ਭਾਲ਼ ਵਿਚ

---

ਸ਼ਾਇਰ ਨੂੰ

ਲੱਭਦਿਆਂ ਲੱਭਦਿਆਂ

ਸ਼ਾਇਰੀ ਨੂੰ

ਲਿਖਦਿਆਂ ਲਿਖਦਿਆਂ

ਆਪਣੇ ਆਪ ਨੂੰ ਭਾਲ਼ਦਿਆਂ

ਉਹ ਬੇਗਾਨੀ ਹੋ ਗਈ ਇਕ ਦਿਨ

---

ਤੇ..............

ਸ਼ਾਇਰੀ ਦੇ ਦੇਸ 'ਚੋਂ

ਪਤਾ ਨਹੀਂ ਕਿਹੜੇ ਵੇਲ਼ੇ

ਤੁਰ ਪਈ ਉਹ

ਬੱਚਿਆਂ ਦੇ ਦੇਸ

ਫੁੱਲਾਂ ਪੱਤੀਆਂ ਦੇ ਦੇਸ

ਜਿਥੇ ਫੁੱਲਾਂ ਵਰਗੇ ਹਾਸੇ

ਮਾਸੂਮ ਅੱਖਾਂ 'ਚੋਂ ਉੱਡਦੀਆਂ ਘੁੱਗੀਆਂ

ਉਹਨੂੰ ਮਿਲ਼ਣ ਆਈਆਂ

ਤੇ ਉਹ ਹੋ ਗਈ ਸਾਰੀ ਦੀ ਸਾਰੀ

ਉਨ੍ਹਾਂ ਘੁੱਗੀਆਂ ਦੇ ਹਵਾਲੇ

==========

ਧੜਕਣ

ਨਜ਼ਮ

ਅਰਦਾਸ ਉਦਾਸ ਹੈ

ਉਸ ਵਿਚ ਬੋਲੇ ਜਾ ਰਹੇ

ਸ਼ਬਦ

ਉਸਨੂੰ ਯਾਦ ਕਰਾਉਂਦੇ ਨੇ

ਆਪਣੀ ਮਾਂ ਦੀਆਂ

ਬੇਰਹਿਮੀ ਨਾਲ

ਮਰ ਰਹੀਆਂ ਸੱਧਰਾਂ

ਆਪਣੀ ਨਾਨੀ ਦੇ

ਸੁੰਘੜ ਰਹੇ ਸਰੀਰ 'ਚੋਂ

ਘੁਟ ਘੁਟ ਜਾਂਦੀ ਰੂਹ

---

ਕਦੇ ਕਦੇ ਜਦ ਉਹ

ਮਨ ਦੇ ਗੁਰਦੁਆਰੇ 'ਚ ਬੈਠ

ਕੀਰਤਨ ਸੋਹਿਲੇ ਦਾ

ਪਾਠ ਕਰਦੀ ਹੈ

ਕਰ ਲੈਂਦੀ ਹੈ ਮਨ ਸ਼ਾਂਤ

---

ਫਿਰ ਵੀ....

ਉਸਨੂੰ ਜਾਪਦਾ ਹੈ

ਸ਼ਾਂਤੀ 'ਚੋਂ ਨਿਕਲ ਰਹੇ

ਸੇਕ ਦੀ ਹਵਾੜ੍ਹ

ਉਹ ਆਪਣੇ ਹੀ ਅੰਦਰ

ਕਿਤੇ ਭਰਦੀ ਰਹਿੰਦੀ ਹੈ

---

ਕਿੰਨਾ ਕੁ ਕੁਝ

ਸਹਿ ਸਕਦੀ ਹੈ ਉਹ

ਆਪਣੇ ਹਿੱਸੇ ਦੀ ਉਦਾਸੀ

ਜਾਂ ਸਾਰੇ ਪਿੰਡ ਦੀ ਅਰਦਾਸ 'ਚੋਂ

ਫੈਲ ਰਹੀ ਧੂਏਂ ਭਰੀ ਹਵਾ

---

ਸ਼ਾਂਤੀ ਤਾਂ ਬੱਸ

ਨਿਰੀ ਓਮ ਸ਼ਾਂਤੀ ਹੈ

ਅਰਦਾਸ ਤਾਂ ਨਿਰੀ ਸ਼ਾਂਤੀ ਹੈ

ਤੇ....

ਉਹ ..............

ਰੂਹ ਦੀ ਧੜਕਣ

ਭਾਲ਼ ਰਹੀ ਹੈ!


5 comments:

ਤਨਦੀਪ 'ਤਮੰਨਾ' said...

ਡਾ: ਦੇਵਿੰਦਰ ਕੌਰ ਜੀ...ਦੋਵੇਂ ਨਜ਼ਮਾਂ ਏਨੀਆਂ ਖ਼ੂਬਸੂਰਤ ਨੇ ਕਿ ਵਾਰ-ਵਾਰ ਪੜ੍ਹੀਆਂ ਤੇ ਅੱਖਰ-ਅੱਖਰ ਮਾਣਿਆ ਹੈ। ਲੱਗਦੈ ਕਿ ਨਜ਼ਮ' ਸਮਰਪਣ' ਜਾਂ ਤਾਂ ਮੇਰੇ ਬਾਰੇ ਲਿਖੀ ਗਈ ਹੈ ਜਾਂ ਫ਼ਿਰ ਮੇਰੇ ਲਈ! ਪੜ੍ਹ ਕੇ ਮਨ ਏਨਾ ਭਾਵੁਕ ਹੋ ਗਿਆ ਕਿ ਲਿਖ ਨਹੀਂ ਸਕਦੀ...
ਉਹ ਬਹੁਤ ਕੁਝ
ਕਹਿ ਸਕਦੀ ਸੀ
ਸ਼ਾਇਰ ਨੂੰ
ਲੱਭਦਿਆਂ ਲੱਭਦਿਆਂ
ਸ਼ਾਇਰੀ ਨੂੰ
ਲਿਖਦਿਆਂ ਲਿਖਦਿਆਂ
ਪਰ ਉਹ ਕੁਝ ਨਹੀਂ ਉਚਰਦੀ
---
ਉਹ ਉਸਨੂੰ ਪੁੱਛਦੇ ਨੇ
ਤੇਰੀ ਸੋਚ,
ਤੇਰੀ ਮੜ੍ਹਕ ਕਿਥੇ ਹੈ?
ਉਹ ਦੱਸਦੀ ਹੈ
ਉਹ ਗਵਾ ਆਈ ਹੈ
ਆਪਣੇ ਆਪ ਦੀ ਭਾਲ਼ ਵਿਚ
ਯਕੀਨ ਕਰਿਓ...ਇਹ ਸਵਾਲ ਮੈਂ ਆਪਣੇ ਆਪ ਤੋਂ ਬਹੁਤ ਵਾਰ ਪੁੱਛਦੀ ਹੁੰਦੀ ਹਾਂ...!
=====
ਸ਼ਾਇਰ ਨੂੰ
ਲੱਭਦਿਆਂ ਲੱਭਦਿਆਂ
ਸ਼ਾਇਰੀ ਨੂੰ
ਲਿਖਦਿਆਂ ਲਿਖਦਿਆਂ
ਆਪਣੇ ਆਪ ਨੂੰ ਭਾਲ਼ਦਿਆਂ
ਉਹ ਬੇਗਾਨੀ ਹੋ ਗਈ ਇਕ ਦਿਨ
---

ਤੇ..............
ਸ਼ਾਇਰੀ ਦੇ ਦੇਸ 'ਚੋਂ
ਪਤਾ ਨਹੀਂ ਕਿਹੜੇ ਵੇਲ਼ੇ
ਤੁਰ ਪਈ ਉਹ
ਬੱਚਿਆਂ ਦੇ ਦੇਸ
ਫੁੱਲਾਂ ਪੱਤੀਆਂ ਦੇ ਦੇਸ
ਜਿਥੇ ਫੁੱਲਾਂ ਵਰਗੇ ਹਾਸੇ
ਮਾਸੂਮ ਅੱਖਾਂ 'ਚੋਂ ਉੱਡਦੀਆਂ ਘੁੱਗੀਆਂ
ਉਹਨੂੰ ਮਿਲ਼ਣ ਆਈਆਂ
ਤੇ ਉਹ ਹੋ ਗਈ ਸਾਰੀ ਦੀ ਸਾਰੀ
ਉਨ੍ਹਾਂ ਘੁੱਗੀਆਂ ਦੇ ਹਵਾਲੇ
ਬਹੁਤ ਖ਼ੂਬ! ਅੱਖਾਂ ਫੇਰ ਭਰ ਆਈਆਂ!
==================
ਕਦੇ ਕਦੇ ਜਦ ਉਹ
ਮਨ ਦੇ ਗੁਰਦੁਆਰੇ 'ਚ ਬੈਠ
ਕੀਰਤਨ ਸੋਹਿਲੇ ਦਾ
ਪਾਠ ਕਰਦੀ ਹੈ
ਕਰ ਲੈਂਦੀ ਹੈ ਮਨ ਸ਼ਾਂਤ
---

ਫਿਰ ਵੀ....
ਉਸਨੂੰ ਜਾਪਦਾ ਹੈ
ਸ਼ਾਂਤੀ 'ਚੋਂ ਨਿਕਲ ਰਹੇ
ਸੇਕ ਦੀ ਹਵਾੜ੍ਹ
ਉਹ ਆਪਣੇ ਹੀ ਅੰਦਰ
ਕਿਤੇ ਭਰਦੀ ਰਹਿੰਦੀ ਹੈ
---
ਸ਼ਾਂਤੀ ਤਾਂ ਬੱਸ
ਨਿਰੀ ‘ਓਮ ਸ਼ਾਂਤੀ’ ਹੈ
ਅਰਦਾਸ ਤਾਂ ਨਿਰੀ ਸ਼ਾਂਤੀ ਹੈ
ਤੇ....
ਉਹ ..............
ਰੂਹ ਦੀ ਧੜਕਣ
ਭਾਲ਼ ਰਹੀ ਹੈ!
ਦੋਵਾਂ ਨਜ਼ਮਾਂ ਨੇ ਮੈਨੂੰ ਅਤਿਅੰਤ ਪ੍ਰਭਾਵਿਤ ਕੀਤਾ...ਤੁਹਾਨੂੰ, ਤੁਹਾਡੀ ਲੇਖਣੀ...ਤੁਹਾਡੀ ਸਾਹਿਤਕ ਘਾਲ਼ਣਾ ਨੂੰ ਮੇਰਾ ਸਲਾਮ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਡਾ: ਦੇਵਿੰਦਰ ਕੌਰ ਦੀਆਂ ਨਜ਼ਮਾਂ ਪੜ੍ਹ ਕੇ ਆਨੰਦ ਆ ਗਿਆ।
ਕਦੇ ਕਦੇ ਜਦ ਉਹ

ਮਨ ਦੇ ਗੁਰਦੁਆਰੇ 'ਚ ਬੈਠ

ਕੀਰਤਨ ਸੋਹਿਲੇ ਦਾ

ਪਾਠ ਕਰਦੀ ਹੈ

ਕਰ ਲੈਂਦੀ ਹੈ ਮਨ ਸ਼ਾਂਤ

---

ਫਿਰ ਵੀ....

ਉਸਨੂੰ ਜਾਪਦਾ ਹੈ

ਸ਼ਾਂਤੀ 'ਚੋਂ ਨਿਕਲ ਰਹੇ

ਸੇਕ ਦੀ ਹਵਾੜ੍ਹ

ਉਹ ਆਪਣੇ ਹੀ ਅੰਦਰ

ਕਿਤੇ ਭਰਦੀ ਰਹਿੰਦੀ ਹੈ

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
========
ਸ਼ੁਕਰੀਆ ਜੀ।
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਦੀਦੀ, ਡਾ: ਸਹਿਬਾ ਦੀਆਂ ਨਜ਼ਮਾਂ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ। ਔਰਤ ਦੇ ਜਜ਼ਬਾਤਾਂ ਨੂੰ ਔਰਤ ਹੀ ਸਮਝ ਸਕਦੀ ਹੈ।
ਸ਼ਾਇਰ ਨੂੰ

ਲੱਭਦਿਆਂ ਲੱਭਦਿਆਂ

ਸ਼ਾਇਰੀ ਨੂੰ

ਲਿਖਦਿਆਂ ਲਿਖਦਿਆਂ

ਆਪਣੇ ਆਪ ਨੂੰ ਭਾਲ਼ਦਿਆਂ

ਉਹ ਬੇਗਾਨੀ ਹੋ ਗਈ ਇਕ ਦਿਨ

---

ਤੇ..............

ਸ਼ਾਇਰੀ ਦੇ ਦੇਸ 'ਚੋਂ

ਪਤਾ ਨਹੀਂ ਕਿਹੜੇ ਵੇਲ਼ੇ

ਤੁਰ ਪਈ ਉਹ

ਬੱਚਿਆਂ ਦੇ ਦੇਸ

ਉਹਨਾਂ ਨੂੰ ਮੁਬਾਰਕਾਂ!

ਜਸਕੀਰਤ
ਕੈਨੇਡਾ
=========
ਸ਼ੁਕਰੀਆ ਜਸਕੀਰਤ।
ਤਮੰਨਾ

ਤਨਦੀਪ 'ਤਮੰਨਾ' said...

ਦੇਵਿੰਦਰ ਕੌਰ ਦੀਆਂ ਨਜ਼ਮਾਂ 'ਚ ਦਰਦ ਦਾ ਬਿਆਨ ਕਮਾਲ ਦਾ ਹੈ।ਆਰਸੀ ਦੀ ਤਰੱਕੀ ਦੀਆਂ ਦੁਆਵਾਂ ਕਰਦੀ...

ਕੁਲਜਿੰਦਰ ਕੌਰ
ਇੰਡੀਆ
=========
ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ, ਬਹੁਤ-ਬਹੁਤ ਸ਼ੁਕਰੀਆ ਕੁਲਜਿੰਦਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਦੇਵਿੰਦਰ ਜੀ ਦੀਆਂ ਨਜ਼ਮਾਂ ਮੈਨੂੰ ਤੇ ਤੁਹਾਡੀ ਆਂਟੀ ਜੀ ਨੂੰ ਬਹੁਤ ਚੰਗੀਆਂ ਲੱਗੀਆਂ। ਉਹਨਾਂ ਨੂੰ ਵੀ ਮੁਬਾਰਕਾਂ!ਦੋ ਕੁ ਮਹੀਨਿਆਂ 'ਚ ਆਰਸੀ ਦਾ ਪਰਿਵਾਰ ਏਨਾ ਵੱਧ-ਫੁੱਲ ਗਿਆ ਹੈ ਕਿ ਹੈਰਾਨੀ ਹੁੰਦੀ ਹੈ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ।
ਤਮੰਨਾ