ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 26, 2008

ਮਰਹੂਮ ਭਾਗ ਸਿੰਘ ਖੇਲਾ - ਮਿੰਨੀ ਕਹਾਣੀ

ਇਸ ਵਾਰਤਾ ਨੂੰ ਇਹ ਸਿਰਲੇਖ ਦਿੰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸ਼ਬਦ ਉਸ ਮਰਹੂਮ ਲੇਖਕ ਨੂੰ ਸ਼ਰਧਾਂਜਲੀ ਵੀ ਹੈ ਤੇ ਅਪਣੱਤ ਦਾ ਅਹਿਸਾਸ ਵੀ। ਭਾਗ ਸਿੰਘ ਖੇਲਾ ! ਜੀ ਹਾਂ! ਇਹੋ ਨਾਮ ਸੀ ਉਸ ਅਲਬੇਲੇ ਸ਼ਾਇਰ ਦੋਸਤ ਦਾ। ਉਸ ਬਾਰੇ ਮੇਰੇ ਚੇਤਿਆਂ ਚ ਬੱਸ ਏਨਾ ਕੁ ਹੀ ਮਹਿਫ਼ੂਜ਼ ਹੈ ਕਿ ਉਹ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਓਂ ਦੇ ਪਿੰਡ ਸ਼ੇਰਪੁਰ ਕਲਾਂ ਦਾ ਵਸਨੀਕ ਸੀ ਅਤੇ ਕਾਮਰੇਡੀ ਖ਼ਿਆਲਾਂ ਦਾ ਸੱਚਾ-ਸੁੱਚਾ ਬੰਦਾ ਸੀ।

ਭਾਗ ਸਿੰਘ ਖੇਲਾ ਨੈਕਸਲਾਈਟ ਮੂਵਮੈਂਟ ਚ ਕਾਫ਼ੀ ਦੇਰ ਰੂਪੋਸ਼ ਰਿਹਾ, ਅਖੀਰ ਵਿਚ ਐਡਵੋਕੇਟ ਸ਼੍ਰੀ ਓਮ ਪ੍ਰਕਾਸ਼ ਅਤਰੇ ਅਤੇ ਐਡਵੋਕੇਟ ਸ: ਦੀਦਾਰ ਸਿੰਘ ਆਕਾਸ਼ ਦੇ ਉੱਦਮ ਤੇ ਪ੍ਰੇਰਨਾ ਨਾਲ਼ ਜਗਰਾਓਂ ਕੰਪਲੈਕਸ ਵਿੱਚ ਰੋਟੀ-ਰੋਜ਼ੀ ਲਈ ਟਾਈਪਿਸਟ ਬਣਕੇ ਪਰਿਵਾਰ ਪਾਲ਼ਣ ਲੱਗਾ। ਪਰ ਸਿਰਫ਼ਿਰੇ ਲੋਕਾਂ ਨੂੰ ਸੱਚਾਈ ਰਾਸ ਨਾ ਆਈ, ਤੇ ਉਹਨਾਂ ਦੀ ਗੋਲ਼ੀ ਦਾ ਸ਼ਿਕਾਰ ਹੋ ਗਿਆ।

ਅੱਜ ਤੋਂ ਪੰਤਾਲ਼ੀ ਕੁ ਸਾਲ ਪਹਿਲਾਂ ਦੀ ਉਸਦੀ ਲਿਖੀ ਮਿੰਨੀ ਕਹਾਣੀ ਵੀ ਮੇਰੇ ਚੇਤਿਆਂ ਵਿੱਚ ਸਾਂਭੀ ਪਈ ਹੈ, ਕਹਾਣੀ ਦਾ ਨਾਮ ਤਾਂ ਹੁਣ ਯਾਦ ਨਹੀਂ ਹੈ। ਜੇ ਕਿਸੇ ਮਾਣਯੋਗ ਪਾਠਕ / ਲੇਖਕ ਕੋਲ਼ ਪ੍ਰੀਤ-ਲੜੀ ਦੇ ਏਨਾ ਕੁ ਸਮਾਂ ਪਹਿਲਾਂ ਦੇ ਅੰਕ ਸਾਂਭੇ ਪਏ ਹੋਣ ਤਾਂ ਇਹ ਕਹਾਣੀ ਕਿਸੇ ਅੰਕ ਦੇ ਕਿਸੇ ਸਫ਼ੇ ਦੇ ਐਨ ਅਖੀਰ ਤੇ ਛਪੀ ਲੱਭ ਜਾਵੇਗੀ।

ਅਰਜ਼ ਹੈ ਕਿ ਜੇ ਕਿਸੇ ਨੂੰ ਇਹ ਕਹਾਣੀ ਛਪੀ ਹੋਈ ਲੱਭ ਜਾਵੇ ਤਾਂ, ਈਮੇਲ ਕਰਕੇ ਜ਼ਰੂਰ ਦੱਸਣ ਤਾਂ ਜੋ ਕਹਾਣੀ ਦਾ ਸਹੀ ਸਿਰਲੇਖ ਪਾਠਕਾਂ ਤੱਕ ਪੁਜਦਾ ਕੀਤਾ ਜਾ ਸਕੇ। ਇਹ ਕਹਾਣੀ ਛਪਣ ਤੋਂ ਤੁਰੰਤ ਬਾਅਦ ਸਾਹਿਤਕ ਦੁਨੀਆ ਚ ਛਾ ਗਈ ਸੀ। ਇਹ ਮਾਣ ਵੀ ਇਸੇ ਲੇਖਕ ਦੇ ਹਿੱਸੇ ਆਉਂਦਾ ਹੈ ਕਿ ਇਸ ਤੋਂ ਛੋਟੀ ਕਹਾਣੀ ਸ਼ਾਇਦ ਹੀ ਦੁਨੀਆ ਚ ਕਿਤੇ ਲਿਖੀ ਗਈ ਹੋਵੇ।

ਪਾਠਕਾਂ ਤੋਂ ਭਰਵੇਂ ਹੁੰਘਾਰੇ ਦੀ ਆਸ ਚ....

ਤੁਹਾਡਾ

ਗੁਰਦਰਸ਼ਨ ਬਾਦਲ

ਮਿੰਨੀ ਕਹਾਣੀ

ਐਂਤਕੀ ਵਾਲ਼ੀਆਂ ਬਣਵਾ ਦਿਓ!

-----

ਫ਼ਸਲ ਤਾਂ ਘਰ ਆ ਲੈਣ ਦੇ!

----

ਠੱਕ....!ਠੱਕ....!ਠੱਕ....!

----

ਬੂਹੇ ਤੇ ਪਿੰਡ ਦਾ ਸ਼ਾਹ ਖੜ੍ਹਾ ਸੀ!!!

5 comments:

ਤਨਦੀਪ 'ਤਮੰਨਾ' said...

ਬਾਦਲ ਸਾਹਿਬ! ਮਿੰਨੀ ਕਹਾਣੀ ਏਨੀ ਵਧੀਆ ਹੈ ਕਿ ਤਾਰੀਫ਼ ਵੀ ਕਾਫ਼ੀ ਨਹੀਂ! ਬਹੁਤ-ਬਹੁਤ ਸ਼ੁਕਰੀਆ..ਸਭ ਨਾਲ਼ ਸਾਂਝੀ ਕਰਨ ਲਈ!
ਛੌਟੀ ਕਿਰਸਾਣੀ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀ, ਏਦੂੰ ਵੱਧ ਖ਼ੂਬਸੂਰਤ ਕਹਾਣੀ ਨਾ ਲਿਖੀ ਗਈ ਹੈ ਨਾ ਲਿਖੀ ਜਾਵੇਗੀ! ਮਰਹੂਮ ਸ: ਭਾਗ ਸਿੰਘ ਖੇਲਾ ਜੀ ਦੀ ਕਲਮ ਨੂੰ ਸਲਾਮ!
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਸਾਹਿਬ! ਸੱਚ ਹੈ ਕਿ ਇਸਤੋਂ ਛੋਟੀ ਮਿੰਨੀ ਕਹਾਣੀ ਸਾਰੀ ਉਮਰ 'ਚ ਨਾ ਦੇਖੀ ਨਾ ਪੜ੍ਹੀ ਹੈ। ਖੇਲਾ ਜੀ ਨੂੰ ਸੱਚੀਂ ਸ਼ਰਧਾਂਜਲੀ ਹੈ।

ਜਗਤਾਰ ਸਿੰਘ ਬਰਾੜ
ਕੈਨੇਡਾ
===========
ਸ਼ੁਕਰੀਆ ਜੀ।
ਤਮੰਨਾ

ਤਨਦੀਪ 'ਤਮੰਨਾ' said...

What a beautiful short story wriiten by this author! I am amazed.

Satwinder Singh
United Kingdom.
=======
Thank You.
Tamanna

ਤਨਦੀਪ 'ਤਮੰਨਾ' said...

ਜਿਸ ਗੱਲ ਨੂੰ ਲਿਖਣ ਲਈ ਬਹੁਤਿਆਂ ਨੇ ਨਾਵਲ ਲਿਖ ਦੇਣੇ ਸੀ, ਖੇਲਾ ਸਾਹਿਬ ਨੇ ਚਾਰ ਸਤਰਾਂ 'ਚ ਮੁਕਾ ਦਿੱਤੀ। ਬਾਦਲ ਜੀ। ਤੁਹਾਡਾ ਬਹੁਤ ਧੰਨਵਾਦ!

ਨਰਿੰਦਰਜੀਤ ਸਿੰਘ
ਯੂ.ਐੱਸ.ਏ.
========
ਸ਼ੁਕਰੀਆ ਨਰਿੰਦਰ ਜੀ!
ਤਮੰਨਾ

ਤਨਦੀਪ 'ਤਮੰਨਾ' said...

ਭਾਗ ਸਿੰਘ ਖੇਲਾ ਜੀ ਦੀ ਮਿੰਨੀ ਕਹਾਣੀ ਵਾਕਿਆ ਹੀ ਕਾਬਿਲੇ-ਤਾਰੀਫ਼ ਹੈ। ਬਾਦਲ ਸਾਹਿਬ ਨੇ ਏਨੀ ਦੇਰ ਯਾਦ ਰੱਖੀ, ਇਹੀ ਉਸ ਲੇਖਕ ਦੀ ਸੱਚੀ ਪ੍ਰਾਪਤੀ ਹੈ।
ਮਨਧੀਰ ਭੁੱਲਰ
ਕੈਨੇਡਾ
==========
ਸ਼ੁਕਰੀਆ ਮਨਧੀਰ ਜੀ!
ਤਮੰਨਾ