ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 8, 2008

ਅਜ਼ੀਮ ਸ਼ੇਖਰ - ਗੀਤ

ਗੀਤ

ਉਮਰ ਮੇਰੀ ਦੇ ਲੰਮੇ ਪੈਂਡੇ, ਬਣਦੇ ਜਾਣ ਸਜ਼ਾਵਾਂ ।
ਦਿਲੋਂ ਕਿਸੇ ਨੇ ਕਦੇ ਨਾ ਕਰੀਆਂ ਸਾਡੇ ਲਈ ਦੁਆਵਾਂ ।
----
ਸਾਡੇ ਸੀਨੇ ਅੰਦਰ ਮੋਈਆਂ, ਜੀ ਭਰਕੇ ਗੁਲਜ਼ਾਰਾਂ,
ਪਲ ਦੋ ਪਲ ਲਈ ਚਾਨਣ ਕਰਕੇ, ਬੁਝ ਗਏ ਦੀਪ ਹਜ਼ਾਰਾਂ,
ਰੋਜ਼ ਬੁਲਬੁਲਾਂ ਭੇਸ ਬਦਲਕੇ, ਬਣ ਕੇ ਫਿਰਨ ਗੁਟਾਰਾਂ,
ਡੋਲੀ ਚੁੱਕਣ ਵੇਲੇ ਹੋਵੇ, ਪੈਰੀਂ ਪੀੜ ਕੁਹਾਰਾਂ,
ਸ਼ਹਿਰ ਮੇਰੇ ਦੀਆਂ ਮੋਈਆਂ ਰੀਝਾਂ ਕਿੱਥੇ ਜਾ ਦਫ਼ਨਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
----
ਸਿਰ 'ਤੇ ਧੁੱਪਾਂ ਮੋਢੇ ਅਰਥੀ, ਕੰਡੇ ਖਿਲਰੇ ਰਾਹੀਂ,
ਲੋਕਾਂ ਵੱਢੀਆਂ ਗਲ਼ ਨਾ ਲੱਗੀਆਂ, ਸਾਡੇ ਭੱਜੀਆਂ ਬਾਹੀਂ,
ਨੈਣੀਂ ਬਰਸਣ ਸਾਉਣ ਘਟਾਵਾਂ, ਔੜ ਪਈ ਹੈ ਸਾਹੀਂ,
ਗਲੀ ਬਾਜ਼ਾਰੀਂ ਭਟਕਣ ਰੀਝਾਂ, 'ਕੱਲੀਆਂ ਰੋਵਣ ਧਾਹੀਂ,
ਕੀ ਸੋਚਾਂ ਕੀ ਹੁੰਦਾ ਜਾਵੇ ਕੀ ਮਨ ਨੂੰ ਸਮਝਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
----
ਪਹਿਲਾਂ ਚੁਭਣ ਕਸੀਰ ਹਮੇਸ਼ਾ, ਫਿਰ ਕੋਈ ਬੁਰਕੀ ਜੁੜਦੀ,
ਮੰਗਤੀ ਮੌਤ ਮੰਗੇ ਜ਼ਿੰਦਗਾਨੀ, ਲੱਖ ਮੋੜਾਂ ਨਹੀਂ ਮੁੜਦੀ,
ਬੰਦ ਸੰਦੂਕ ਰੁੜਣ ਵਿੱਚ ਨਦੀਆਂ, ਵਿੱਚ ਜੱਗ-ਜਨਣੀ ਰੁੜ੍ਹਦੀ,
ਇੱਕ ਦਿਨ ਇੱਜ਼ਤ ਊਣੇ ਘਰ ਦੀ, ਮੁੱਕ ਜਾਏ ਥੁੜਦੀ ਥੁੜਦੀ,
ਮੋਮ ਦੇ ਬੰਦਿਆਂ ਵਾਲੀ ਨਗਰੀ ਕੀ ਆਵਾਂ ਕੀ ਜਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
----
ਬਾਰਿਸ਼ ਵੇਲ਼ੇ ਛੰਨਾਂ ਅੰਦਰ, ਨਿਭਦਾ ਨਹੀਂ ਬਸੇਰਾ,
ਪਲਕਾਂ ਓਹਲੇ ਰਾਤਾਂ ਕੱਟਕੇ, ਲਾਹੇ ਨੀਂਦ ਹਨ੍ਹੇਰਾ,
ਪੱਥਰ ਦਾ ਬੁੱਤ ਰੱਬ ਨੂੰ ਪੁੱਛੇ, ਕੀ ਤੇਰੈ ਕੀ ਮੇਰਾ,
ਜੂਠੀ ਸਰਘੀ ਪੱਲੇ ਸਾਡੇ, ਬੇਹਾ ਜਿਹਾ ਸਵੇਰਾ,
ਉੱਠਣ ਸਾਰ ਉਨੀਂਦੇ ਸੁਪਨੇ ਹੰਝੂਆਂ ਨਾਲ ਨੁਹਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
----
ਹਾਸੇ-ਬਚਪਨ ਬੁੱਢੀਆਂ-ਗ਼ਰਜ਼ਾਂ, ਤੁਰਦੇ ਨਹੀਂ ਨਿਭਾਕੇ,
ਸਾਹਾਂ ਦੀ ਮੈਲੀ ਵਲਟੋਹੀ, ਦੁੱਖੜੇ ਮਾਂਜਣ ਆ ਕੇ,
ਊਰੀ-ਜਿੰਦ ਗ਼ਮਾਂ ਦੀਆਂ ਅੱਟੀਆਂ, ਦੇਵਣ ਕੱਫ਼ਣ ਬਣਾ ਕੇ,
ਮੁੰਦਰਾਂ ਪਾਈ ਫਿਰਦੈ 'ਸ਼ੇਖਰ' ਮੁੰਦਰੀਆਂ ਪਿਘਲ਼ਾ ਕੇ,
ਹੋ ਕੇ ਦੂਰ ਤੁਰੇ ਹੁਣ ਸਾਥੋਂ ਸਾਡਾ ਹੀ ਪਰਛਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ ਬਣਦੇ ਜਾਣ ਸਜ਼ਾਵਾਂ।
ਦਿਲੋਂ ਕਿਸੇ ਨੇ ਕਦੇ ਨਾ ਕਰੀਆਂ ਸਾਡੇ ਲਈ ਦੁਆਵਾਂ।

3 comments:

ਤਨਦੀਪ 'ਤਮੰਨਾ' said...

Respected Shekhar ji...geet bahut ziada khoobsurat hai..doonghey bhaav aarth wala...
ਸਾਡੇ ਸੀਨੇ ਅੰਦਰ ਮੋਈਆਂ, ਜੀ ਭਰਕੇ ਗੁਲਜ਼ਾਰਾਂ,
ਪਲ ਦੋ ਪਲ ਲਈ ਚਾਨਣ ਕਰਕੇ, ਬੁਝ ਗਏ ਦੀਪ ਹਜ਼ਾਰਾਂ,
ਰੋਜ਼ ਬੁਲਬੁਲਾਂ ਭੇਸ ਬਦਲਕੇ, ਬਣ ਕੇ ਫਿਰਨ ਗੁਟਾਰਾਂ,
ਡੋਲੀ ਚੁੱਕਣ ਵੇਲੇ ਹੋਵੇ, ਪੈਰੀਂ ਪੀੜ ਕੁਹਾਰਾਂ,
ਸ਼ਹਿਰ ਮੇਰੇ ਦੀਆਂ ਮੋਈਆਂ ਰੀਝਾਂ ਕਿੱਥੇ ਜਾ ਦਫ਼ਨਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
-----
ਬਾਰਿਸ਼ ਵੇਲ਼ੇ ਛੰਨਾਂ ਅੰਦਰ, ਨਿਭਦਾ ਨਹੀਂ ਬਸੇਰਾ,
ਪਲਕਾਂ ਓਹਲੇ ਰਾਤਾਂ ਕੱਟਕੇ, ਲਾਹੇ ਨੀਂਦ ਹਨ੍ਹੇਰਾ,
ਪੱਥਰ ਦਾ ਬੁੱਤ ਰੱਬ ਨੂੰ ਪੁੱਛੇ, ਕੀ ਤੇਰੈ ਕੀ ਮੇਰਾ,
ਜੂਠੀ ਸਰਘੀ ਪੱਲੇ ਸਾਡੇ, ਬੇਹਾ ਜਿਹਾ ਸਵੇਰਾ,
ਉੱਠਣ ਸਾਰ ਉਨੀਂਦੇ ਸੁਪਨੇ ਹੰਝੂਆਂ ਨਾਲ ਨੁਹਾਵਾਂ,
ਉਮਰ ਮੇਰੀ ਦੇ ਲੰਮੇ ਪੈਂਡੇ।
Bahut khoob!! Enna sohna sahitak geet geet likhan te mubarakbaad kabool karo.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ ,

ਸਤਿ ਸ੍ਰੀ ਅਕਾਲ ,

ਅਜ਼ੀਮ ਸ਼ੇਖਰ ਦਾ ਗੀਤ ਪੜ ਕੇ ਚਿੱਠੀ ਲਿਖਣੋ ਰਿਹਾ ਨੀ ਗਿਆ ! ਪੂਰਾ ਗੀਤ ਦਿਲ ਚ, ਲਹਿ ਗਿਆ ਤੇ ਲੂੰ ਕੰਡਾ ਜਿਹਾ ਖੜਾ ਕਰ ਗਿਆ ! ਇਹਨੂੰ ਕਹਿਦੇ ਆ ਕੁਦਰਤੀ ਸ਼ਇਰੀ ! ਲਿਖਿਆ ਕਦੇ ਵੀ ਮਿਥਕੇ ਨਈਂ ਜਾ ਸਕਦਾ ! ਇਹ ਤਾਂ ਧੁਰ ਕੀ ਬਾਣੀ ਦੀ ਤਰ੍ਹਾਂ ਹੁੰਦਾ ਜਦ ਵੀ ਉਠਦਾ ਧੁਰੋਂ ਹੀ ਉਠਦਾ ! ਅਜ਼ੀਮ ਨੂੰ ਮੇਰੀ ਮੁਬਾਰਕਬਾਦ ! ਅਜ਼ੀਮ ਦੀ ਕਲਮ ਤੋਂ ਬਹੁਤ ਸਾਰੀਆਂ ਆਸਾਂ ਨੈ ! ਪਰ ਇਕ ਅੰਤਰੇ ਵਿਚਲੀ ਇਕ ਲਾਈਨ ਮੇਰੀ ਸਮਝ ਵਿੱਚ ਨਈਂ ਆਈ , ਸਾਇਦ ਮੇਰੀ ਸਮਝ ਦੇ ਦਾਇਰੇ ਤੋਂ ਬਾਹਰ ਹੈ , ਇਸ ਲਈ ਪਲੀਜ਼ ਅਜ਼ੀਮ ਨੂੰ ਮੇਰਾ ਸੁਨੇਹਾ ਪਹੁੰਚਾ ਦੇਣਾ !
----
ਰੋਜ਼ ਬੁਲਬੁਲਾਂ ਭੇਸ ਬਦਲਕੇ , ਬਣਕੇ ਫਿਰਨ ਗੁਟਾਰਾਂ
----
ਗੁਟਾਰਾਂ ਦਾ ਬੁਲਬੁਲਾਂ ਦੇ ਭੇਸ ਵਿਚ ਹੋਣਾ ਤਾਂ ਸਮਝ ਅਉਦਾ ਹੈ , ਪਰ ਬੁਲਬੁਲਾਂ ਦਾ ਗੁਟਾਰਾਂ ਦੇ ਭੇਸ ਵਿਚ ਹੋਣਾ ਪੂਰੀ ਤਰਾਂ ਨਾਲ ਸਪੱਸ਼ਟ ਨਈਂ ਹੁੰਦਾ ! ਗੀਤ ਬਹੁਤ ਹੀ ਖੂਬਸੂਰਤ ਹੈ , ਏਨੇ ਵਧੀਆਂ ਗੀਤ ਬਹੁਤ ਹੀ ਘੱਟ ਲਿਖੇ ਜਾਂਦੇ ਹਨ !
ਸੁੱਖੀ ਧਾਲੀਵਾਲ !
ਯੂ.ਐੱਸ.ਏ.
======
ਸੁੱਖੀ ਜੀ ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ। ਤੁਹਾਡਾ ਸੁਨੇਹਾ ਸ਼ੇਖਰ ਜੀ ਤੱਕ ਪਹੁੰਚਾ ਦਿੱਤਾ ਗਿਆ ਹੈ। ਇਸਦਾ ਜਵਾਬ ਤਾਂ ਓਹੀ ਦੇ ਸਕਦੇ ਹਨ!

ਤਮੰਨਾ

ਤਨਦੀਪ 'ਤਮੰਨਾ' said...

ਸੁੱਖੀ ਬਾਈ ਜੀ,
ਸਤਿ ਸ੍ਰੀ ਆਕਾਲ ਪ੍ਰਵਾਨ ਹੋਵੇ ।
ਸ਼ੁਕਰ ਹੈ ਤੁਸੀਂ ਗੀਤ ਉਵੇਂ ਪੜ੍ਹਿਆ ਹੈ ਜਿਵੇਂ ਗੀਤ ਚਾਹੁੰਦਾ ਸੀ ਕਿ ਕੋਈ ਮੈਨੂੰ ਇੰਝ ਪੜ੍ਹੇ ਤਾਂ ਠੀਕ ਹੈ। ਤੁਸੀਂ ਆਪਣੇ ਨਜ਼ਰੀਏ ਤੋਂ ਜਿਵੇਂ ਵੇਖਿਆ ਹੈ ਉਸ ਤਰ੍ਹਾਂ ਇਹ ਠੀਕ ਹੀ ਲਗਦਾ ਹੈ। ਸ਼ਾਇਰੀ ਵਿੱਚ ਅਕਸਰ ਕਈ ਗੱਲਾਂ ਵਿਰੋਧਾਭਾਸ ਪੈਦਾ ਕਰ ਦਿੰਦੀਆਂ ਹਨ । ਪਰ ਮੇਰਾ ਖਿ਼ਆਲ ਦੋਨੇਂ ਪਾਸੇ ਹੀ ਸੀ, ਗ਼ੁਟਾਰਾਂ ਦਾ ਬੁਲਬੁਲਾਂ ਬਣਨਾ ਅਤੇ ਬੁਲਬੁਲਾਂ ਦਾ ਗ਼ੁਟਾਰਾਂ ਬਣਨਾ, ਫੇਰ ਵੀ ਅੱਗੇ ਤੋਂ ਖ਼ਿਆਲ ਰੱਖਾਂਗਾ। ਯਾਦ ਕਰਾਉਣ ਲਈ ਬਹੁਤ ਸ਼ੁਕਰੀਆ ਬਾਈ ਜੀ ।
ਨਿਮਰਤਾ ਸਹਿਤ ਤੁਹਾਡਾ ਵੀਰ,
ਅਜ਼ੀਮ ਸ਼ੇਖਰ
============
ਸ਼ੁਕਰੀਆ ਸ਼ੇਖਰ ਜੀ..ਤੁਹਾਡਾ ਸੁਨੇਹਾ ਵੀ ਸੁੱਖੀ ਜੀ ਤੱਕ ਪਹੁੰਚ ਗਿਆ ਹੈ!
ਤਮੰਨਾ