ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 18, 2008

ਗੁਰਚਰਨ ਰਾਮਪੁਰੀ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਆਰਸੀ ਦੇ ਸਾਹਿਤਕ ਵਿਹੜੇ ਚ ਚੰਨ ਚੜ੍ਹ ਆਇਆ ਹੈ ਕਿਉਂਕਿ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਉੱਘੇ ਲੇਖਕ ਸਤਿਕਾਰਤ ਗੁਰਚਰਨ ਰਾਮਪੁਰੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਆਰਸੀ ਲਈ ਭੇਜੀਆਂ ਹਨ। ਉਹਨਾਂ ਦੀਆਂ ਖ਼ੁਬਸੂਰਤ ਨਜ਼ਮਾਂ ਤੇ ਗ਼ਜ਼ਲਾਂ ਪੰਜਾਬੀ ਦੇ ਸਿਰਮੌਰ ਅਖ਼ਬਾਰਾਂ, ਰਸਾਲਿਆਂ ਤੇ ਵੈੱਬ-ਸਾਈਟਾਂ ਤੇ ਆਪਾਂ ਪੜ੍ਹਦੇ ਹੀ ਰਹਿੰਦੇ ਹਾਂ। ਲੁਧਿਆਣਾ ਜ਼ਿਲੇ ਦੇ ਪਿੰਡ ਰਾਮਪੁਰ ( ਲੇਖਕਾਂ ਦੇ ਪਿੰਡ ਦੇ ਨਾਮ ਨਾਲ਼ ਮਸ਼ਹੂਰ) ਚ ਜਨਵਰੀ 23, 1929 ਨੂੰ ਜਨਮੇ ਰਾਮਪੁਰੀ ਸਾਹਿਬ 1944 ਤੋਂ ਲਿਖਦੇ ਆ ਰਹੇ ਨੇ ਤੇ 1964 ਤੋਂ ਕੈਨੇਡਾ ਚ ਨਿਵਾਸ ਕਰ ਰਹੇ ਹਨ।

ਉਹਨਾਂ ਦੁਆਰਾ ਰਚਿਤ ਪੁਸਤਕਾਂ ਚ : ਕਣਕਾਂ ਦੀ ਖ਼ੁਸ਼ਬੋ ( ਤਿੰਨ ਐਡੀਸ਼ਨ: 1953,1957,1997), ਕੌਲ ਕਰਾਰ ( ਦੋ ਐਡੀਸ਼ਨ: 1960, 1996), ਕਿਰਨਾਂ ਦਾ ਆਲ੍ਹਣਾ (ਦੋ ਐਡੀਸ਼ਨ: 1963, 1996), ਅੰਨ੍ਹੀ ਗਲ਼ੀ ( ਦੋ ਐਡੀਸ਼ਨ: 1972, 1997), ਕੰਚਨੀ, ਕ਼ਤਲਗਾਹ ( ਦੋ ਐਡੀਸ਼ਨ: 1985, 1996), ਅਗਨਾਰ ( ਦੋ ਐਡੀਸ਼ਨ: 1993, 1996), ਅੱਜ ਤੋਂ ਆਰੰਭ ਤੱਕ ( 2001), ਦੋਹਾਵਲੀ (2004), ਨਦੀ ਨਾਦ ( ਦੋ ਆਡਿਓ ਸੀ.ਡੀਜ਼ 2005), ਸਾਂਝਾ ਆਸਮਾਨ ( ਲਾਹੌਰ ਤੋਂ ਉਰਦੂ ਚ), ਪਾਰੇ ਕਾ ਨਗਰ ( ਹਿੰਦੀ ਚ) ਸ਼ਾਮਲ ਹਨ। । ਉਹਨਾਂ ਦੀਆਂ ਲਿਖਤਾਂ ਦਾ ਰੂਸੀ ਤੇ ਅੰਗਰੇਜ਼ੀ ਭਾਸ਼ਾ ਚ ਵੀ ਅਨੁਵਾਦ ਹੋ ਚੁੱਕਿਆ ਹੈ।

ਸਾਹਿਤਕ ਤੌਰ ਤੇ ਸਰਗਰਮ ਰਾਮਪੁਰੀ ਸਾਹਿਬ ਬਹੁਤ ਸਾਹਿਤ ਸਭਾਵਾਂ ਨਾਲ਼ ਸਬੰਧਿਤ ਰਹੇ ਹਨ ਤੇ ਅਨੇਕਾਂ ਇਨਾਮਾਂ, ਐਵਾਰਡਾਂ ਨਾਲ਼ ਸਨਮਾਨੇ ਜਾ ਚੁੱਕੇ ਹਨ, ਜਿਨ੍ਹਾਂ ਚੋਂ : ਪੰਜਾਬੀ ਲਿਖਾਰੀ ਸਭਾ ਰਾਮਪੁਰ, ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ, ਪੰਜਾਬੀ ਭਾਸ਼ਾ ਵਿਭਾਗ ਪਟਿਆਲਾ, ਨੰਦ ਲਾਲ ਨੂਰਪੁਰੀ ਐਵਾਰਡ ਅਮਰੀਕਾ, ਸ਼ਾਈਂ ਬੁੱਲੇ ਸ਼ਾਹ ਐਵਾਰਡ ਡੈਨਮਾਰਕ, ਪੰਜਾਬੀ ਲੇਖਕ ਮੰਚ ਵੈਨਕੂਵਰ, ਪੰਜਾਬੀ ਲਿਖਾਰੀ ਸਭਾ ਕੈਲਗਰੀ ਜ਼ਿਕਰਯੋਗ ਹਨ।

ਕੱਲ੍ਹ ਫੋਨ ਤੇ ਉਹਨਾਂ ਆਰਸੀ ਲਈ ਇੱਛਾਵਾਂ ਭੇਜੀਆਂ ਨੇ ਤੇ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ਹੈ, ਮੈਂ ਰਾਮਪੁਰੀ ਸਾਹਿਬ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਨੂੰ ਆਪਣੀ ਹਾਜ਼ਰੀ ਨਾਲ਼ ਭਾਗ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਸਲਾਮ ਕਰਦੀ, ਭੇਜੀਆਂ ਰਚਨਾਵਾਂ ਚੋਂ ਇੱਕ ਗ਼ਜ਼ਲ ਤੇ ਇੱਕ ਨਜ਼ਮ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲ਼ੇ ਦਿਨਾਂ 'ਚ ਸਾਂਝੀਆਂ ਕੀਤੀਆਂ ਜਾਣਗੀਆਂ...ਸ਼ੁਕਰੀਆ!

ਦੋਸਤੋ! ਇਹ ਗ਼ਜ਼ਲ ਮੈਂ ਬਚਪਨ ਤੋਂ ਸਤਿਕਾਰਤ ਜਗਜੀਤ ਸਿੰਘ ਜ਼ੀਰਵੀ ਜੀ ਦੀ ਆਵਾਜ਼ ਚ (ਰਿਕਾਰਡਡ) ਸੁਣਦੀ ਆਈ ਹਾਂ, ਤੇ ਮੇਰੀਆ ਮਨ-ਪਸੰਦੀਦਾ ਗ਼ਜ਼ਲਾਂ ਚੋਂ ਇੱਕ ਹੈ। ਕੱਲ੍ਹ ਮੇਲ ਚ ਆਈ ਇਹ ਗ਼ਜ਼ਲ ਦੇਖ ਕੇ ਅੱਖਾਂ ਭਰ ਆਈਆਂ!

ਗ਼ਜ਼ਲ

ਰਾਹ ਤੇਰੇ ਨੇ ਪੈਰ ਮੇਰੇ ਨੇ।

ਹਿਜਰ ਦੇ ਥਲ ਜਨੂੰ ਦੇ ਜੇਰੇ ਨੇ।

----

ਰੂਪ ਤੇਰਾ ਹੈ ਮਹਿਕਦੀ ਪੁੰਨਿਆ

ਮੇਰੇ ਅੰਬਰ ਤਾਂ ਪਰ ਹਨ੍ਹੇਰੇ ਨੇ।

----

ਜਿਹੜੀ ਮੱਸਿਆ ਅਸਾਂ ਨੇ ਮਿਲ਼ਣਾ ਹੈ

ਉਹਦੇ ਪੈਰਾਂ ਤਲੇ ਸਵੇਰੇ ਨੇ।

----

ਇਕ ਤਿਰੀ ਨਾਂਹ ਤੇ ਉਮਰ ਜ਼ਖ਼ਮੀ ਹੈ

ਗ਼ਮ ਦੇ ਸਾਏ ਗ਼ਮੋਂ ਲੰਮੇਰੇ ਨੇ।

----

ਜ਼ੁਲਮ ਦੇ ਝੱਖੜਾਂ ਚ ਅਣਖਾਂ ਨੂੰ

ਸਿਦਕ ਦੇ ਸਾਥ ਹੀ ਬਥੇਰੇ ਨੇ।

----

ਹੰਸ ਦਿਲ ਦੇ ਨੂੰ ਚੋਗ ਪਾਵਣ ਲਈ

ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ।

==========

ਰਾਮਪੁਰ

ਨਜ਼ਮ

ਪਿੰਡ ਮਿਰੇ

ਕਵਿਤਾ ਜੰਮਦੀ ਹੈ

ਮਹਿਕ, ਮੁਸਕਣੀ, ਮਿੱਟੀ ਦਾ ਮੋਹ,

ਮਿਹਨਤ, ਮੁੜ੍ਹਕਾ

ਰੂਪ, ਰੰਗ, ਕਣਕਾਂ ਤੇ ਕੁੜੀਆਂ

ਚਹਿਕ, ਚਾਨਣੀ

ਅੱਥਰੂ ਵਿਚ

ਆਕਾਸ਼ ਉੱਤਰਿਆ

ਕੰਢਿਆਂ ਦੇ ਲੰਗਾਰਾਂ ਵਿ

ਵਹਿਣਾਂ ਦੀ ਚਾਂਦੀ

ਅੱਗ, ਨਿੱਘ, ਰੋਸੇ ਦੀ ਠੰਡਕ

ਬੇ-ਦਲੀਲ ਵਿਸ਼ਵਾਸ ਅਨੇਕਾਂ।

ਬੇ-ਮਿਸਾਲ ਇਹ ਪਿੰਡ

ਧਰਤ ਦੇ ਹਰ ਪਿੰਡ ਵਾਂਗੂੰ

ਯੁੱਗਾਂ ਰਹੀ ਉਡੀਕ

ਇਹਨੂੰ ਵੀ ਕਿਸੇ ਕਲਮ ਦੀ।

ਪਰਸ ਅਨੇਕਾਂ ਕਲਮਾਂ ਵੀ

ਕਦ ਭੁੱਖਾਂ ਮਰੀਆਂ?

ਮੋਹ ਦੀ ਤ੍ਰਿਪਤੀ

ਕਦੋਂ ਹੋਈ ਹੈ?

ਇੱਕ ਨੋਕ ਤੇ...

ਸਾਰੀ ਸੁੰਦਰਤਾ

ਕਦ ਮਿਟ ਸਕੀ ਹੈ?

5 comments:

ਤਨਦੀਪ 'ਤਮੰਨਾ' said...

ਗੁਰਚਰਨ ਰਾਮਪੁਰੀ ਹੋਰਾਂ ਨਾਲ ਕੁਝ ਮਹੀਨੇ ਪਹਿਲਾਂ ਮੇਰੀ ਲੰਬੀ ਗੱਲਬਾਤ ਹੋਈ ਸੀ। ਉਹਨਾਂ ਦੀ ਰਚਨਾ ਪੜ੍ਹ ਕੇ ਰੂਹ ਰਾਜ਼ੀ ਹੋ ਗਈ। ਗੁਰਚਰਨ ਰਾਮਪੁਰੀ ਦੀ ਰਚਨਾ ਬਾਰੇ ਆਪਣੇ ਵਿਚਾਰ ‘ਆਰਸੀ’ ਰਾਹੀਂ ਪਹੁੰਚਾਉਣਾ ਚੰਗਾ ਲੱਗ ਰਿਹਾ ਹੈ।
ਇਕ ਵਾਰ ਫਿਰ ‘ਆਰਸੀ’ ਵਾਸਤੇ ਸ਼ੁੱਭਕਾਮਨਾਵਾਂ!

ਦਿਲੀ ਸੁਹਿਰਦਤਾ ਨਾਲ
ਸੁਰਿੰਦਰ ਸੋਹਲ
ਯੂ.ਐੱਸ.ਏ.
========
ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸੋਹਲ ਸਾਹਿਬ!
ਤਮੰਨਾ

ਗੁਰਦਰਸ਼ਨ 'ਬਾਦਲ' said...

ਸਵਾਗਤ ਹੈ ਰਾਮਪੁਰੀ ਸਾਹਿਬ! ਗ਼ਜ਼ਲ ਤੇ ਨਜ਼ਮ ਦੋਵੇਂ ਬਹੁਤ ਹੀ ਖ਼ੂਬਸੂਰਤ ਨੇ। ਰੱਬ ਤੁਹਾਨੂੰ ਸਿਹਤਯਾਬ ਕਰੇ! ਆਮੀਨ!ਲਿਖਤਾਂ ਭੇਜਣ ਲਈ ਸ਼ੁਕਰੀਆ ਜੀ।

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ
======

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਰਾਮਪੁਰੀ ਸਾਹਿਬ! ਆਪਣੀਆਂ ਖ਼ੂਬਸੂਰਤ ਲਿਖਤਾਂ ਨਾਲ਼ ਆਰਸੀ ਦਾ ਮਾਣ ਵਧਾਉਂਣ ਲਈ ਬੇਹੱਦ ਸ਼ੁਕਰੀਆ!ਜ਼ੀਰਵੀ ਸਾਹਿਬ ਦੀ ਗਾਈ ਤੁਹਾਡੀ ਇਹ ਗ਼ਜ਼ਲ ਮੈਂ ਅਕਸਰ ਗੁਣਗੁਣਾਉਂਦੀ ਰਹਿੰਦੀ ਹਾਂ...ਮੇਰੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚੋਂ ਇੱਕ ਹੈ..
ਰਾਹ ਤੇਰੇ ਨੇ ਪੈਰ ਮੇਰੇ ਨੇ।
ਹਿਜਰ ਦੇ ਥਲ ਜਨੂੰ ਦੇ ਜੇਰੇ ਨੇ।
----
ਰੂਪ ਤੇਰਾ ਹੈ ਮਹਿਕਦੀ ਪੁੰਨਿਆ
ਮੇਰੇ ਅੰਬਰ ਤਾਂ ਪਰ ਹਨ੍ਹੇਰੇ ਨੇ।
----
ਜਿਹੜੀ ਮੱਸਿਆ ਅਸਾਂ ਨੇ ਮਿਲ਼ਣਾ ਹੈ
ਉਹਦੇ ਪੈਰਾਂ ਤਲੇ ਸਵੇਰੇ ਨੇ।
----
ਇਕ ਤਿਰੀ ਨਾਂਹ ਤੇ ਉਮਰ ਜ਼ਖ਼ਮੀ ਹੈ
ਗ਼ਮ ਦੇ ਸਾਏ ਗ਼ਮੋਂ ਲੰਮੇਰੇ ਨੇ।
----
ਜ਼ੁਲਮ ਦੇ ਝੱਖੜਾਂ ‘ਚ ਅਣਖਾਂ ਨੂੰ
ਸਿਦਕ ਦੇ ਸਾਥ ਹੀ ਬਥੇਰੇ ਨੇ।
----
ਹੰਸ ਦਿਲ ਦੇ ਨੂੰ ਚੋਗ ਪਾਵਣ ਲਈ
ਕਿੰਨੇ ਹੰਝੂ ਯੁਗਾਂ ਨੇ ਕੇਰੇ ਨੇ।
ਸਾਰੇ ਸ਼ਿਅਰ ਹੀ ਕਮਾਲ ਦੇ ਨੇ...ਸਾਦਗੀ 'ਚ ਵਸੇ ਖ਼ਿਆਲ ਅਨਮੋਲ ਨੇ! ਮੁਬਾਰਕਬਾਦ ਕਬੂਲ ਕਰੋ!
ਪਿੰਡ ਮਿਰੇ
ਕਵਿਤਾ ਜੰਮਦੀ ਹੈ
ਮਹਿਕ, ਮੁਸਕਣੀ, ਮਿੱਟੀ ਦਾ ਮੋਹ,
ਮਿਹਨਤ, ਮੁੜ੍ਹਕਾ
ਰੂਪ, ਰੰਗ, ਕਣਕਾਂ ਤੇ ਕੁੜੀਆਂ
ਇਸ ਵਿੱਚ ਕੋਈ ਸ਼ੱਕ ਨਹੀਂ! ਤੁਹਾਨੂੰ, ਤੁਹਾਡੇ ਪਿੰਡ ਤੇ ਤੁਹਾਡੀਆਂ ਖ਼ੂਬਸੂਰਤ ਲਿਖਤਾਂ ਨੂੰ ਸਲਾਮ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਰਾਮਪੁਰੀ ਸਾਹਿਬ ਤਾਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਨੇ, ਉਹਨਾਂ ਦੀਆਂ ਲਿਖਤਾਂ ਬਹੁਤ ਜ਼ਿਆਦਾ ਪਸੰਦ ਆਈਆਂ!

ਇੰਦਰਜੀਤ ਸਿੰਘ
ਕੈਨੇਡਾ।
=======
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ!
ਤਮੰਨਾ

ਤਨਦੀਪ 'ਤਮੰਨਾ' said...

Gurcharan Rampuri is a great writer. I have read many books written by him.This ghazal is a masterpiece. Congratulations!

Satwinder Singh
United Kingdom
======
Thanks a lot Satwinder ji.
Tamanna