ਗ਼ਜ਼ਲ
ਕੋਈ ਮਨ ਦੇ ਬੰਦ ਬੂਹੇ, ਖੋਹਲਕੇ ਆਉਂਦਾ ਹੈ ਰੋਜ਼ ।
ਕਬਰ ਕੋਰੀ ਰਾਤ ਦੀ ਨੂੰ , ਆਕੇ ਰੁਸ਼ਨਾਉਂਦਾ ਹੈ ਰੋਜ਼ ।
----
ਵਾਅਦੇ ਕਰਕੇ ਪਰਤੀਆਂ ਨਾ , ਸੀ ਹਵਾਵਾਂ ਇਸ ਲਈ,
ਰੁੱਖ ਹੁਣ ਤੋਂ ਪੱਤਿਆਂ ‘ਤੇ, ਨਾਮ ਲਿਖਵਾਉਂਦਾ ਹੈ ਰੋਜ਼ ।
----
ਚੁੱਪ ਹਾਂ ਜਾਂ ਲਿਖ ਰਿਹਾ ਹਾਂ, ਉਸਨੂੰ ਹੈ ਇਹ ਵੀ ਗਿਲਾ,
ਕਿਉਂ ਫਿਰ ਕੋਈ ਯਾਦ ਕਰਕੇ, ਉਸਨੂੰ ਤੜਪਾਉਂਦਾ ਹੈ ਰੋਜ਼।
----
ਰੱਸੀਆਂ ‘ਤੇ ਤੁਰਨ ਵਾਲੇ, ਵੇਖੇ ਬੜੇ ਸੀ ਲੋਕ ਪਰ,
ਵਕਤ ਸਾਨੂੰ ਅੱਗ ਉੱਤੇ, ਨਾਚ ਕਰਵਾਉਂਦਾ ਹੈ ਰੋਜ਼ ।
----
ਪਾਰਦਰਸ਼ੀ ਹੋ ਗਈ ਹੈ, ਜ਼ਿੰਦਗੀ ਦੀ ਹਰ ਦੀਵਾਰ,
ਬੰਦਾ ਗੂੜ੍ਹੇ ਸ਼ੋਖ਼ ਲੱਭਕੇ , ਰੰਗ ਰੰਗਵਾਉਂਦਾ ਹੈ ਰੋਜ਼।
----
ਮੈਂ ਕਿਹਾ ਮੇਰੇ ਖ਼ੁਦਾ!, ਇੱਕ ਵਾਰ ਤਾਂ ਉਸਨੂੰ ਮਿਲਾ,
ਕਹਿਣ ਲੱਗਾ ਕੌਣ ਪਾਗਲ, ਏਦਾਂ ਮਿਲਵਾਉਂਦਾ ਹੈ ਰੋਜ਼ ।
----
ਹੈ ਪੁਲ਼ਾਂ ਬਿਨ ਤਰਸਦਾ, ਬੈਠਾ ਕਿਨਾਰੇ ‘ਤੇ ‘ਅਜ਼ੀਮ’,
ਵਗਦੀ ਨਦੀ ਵਿੱਚ ਪਾਣੀਆਂ ਦੀ, ਕੰਧ ਬਣਵਾਉਂਦਾ ਹੈ ਰੋਜ਼।
3 comments:
ਸ਼ੇਖਰ ਪਿਆਰਿਆ!....ਅੱਜ ਤੇਰੀਆਂ ਸਾਰੀਆਂ ਗ਼ਜ਼ਲਾਂ ਅਤੇ ਗੀਤ ਪੜ੍ਹੇ ਨੇ...ਅੱਜ ਹੋਰ ਤਾਂ ਕੁਝ ਵੀ ਨ੍ਹੀਂ ਕੀਤਾ....ਮਨ ਕਰਦਾ ਸੀ ਕਿ ਕੁੱਝ ਏਹੋ ਜਿਹਾ ਪੜ੍ਹਨ ਨੂੰ ਮਿਲ਼ ਜਾਵੇ , ਜਿਸ ਅੰਦਰ ਸ਼ੀਸ਼ਾ ਬੇਸ਼ੱਕ ਨਾ ਹੋਵੇ..ਪਰ ਸਭ ਕੁੱਝ ਨਜ਼ਰ ਆਵੇ...ਮੇਰਾ ਅੱਜ ਦਾ ਦੁਪਹਿਰ ਤੋਂ ਬਾਅਦ ਦਾ ਦਿਨ ਤੇਰੀ ਸ਼ਾਇਰੀ ਦੇ ਲੇਖੇ ਸੀ। ਤਨਦੀਪ ਤੇਰੀ ਸ਼ਾਇਰੀ ਦੀ ਬਹੁਤ ਤਾਰੀਫ਼ ਕਰਦੀ ਹੁੰਦੀ ਹੈ, ਜਦ ਕਦੇ ਦੋ-ਚਾਰ ਮਹੀਨਿਆਂ ਬਾਅਦ ਮੇਲ ਦਾ ਆਦਾਨ-ਪ੍ਰਦਾਨ ਹੁੰਦਾ ਹੈ। ਇਹਨਾਂ ਤਥਾ-ਕਥਿਤ ਆਲੋਚਕਾਂ ਨੇ ਤੇਰਾ ਓਨਾ ਜ਼ਿਕਰ ਕਿਉਂ ਨਹੀਂ ਕੀਤਾ, ਜਿਨ੍ਹਾਂ ਓਹੋ ਜਿਹੇ ਲੇਖਕਾਂ ਦਾ ਕੀਤਾ ਹੈ, ਜਿਨ੍ਹਾਂ ਨੂੰ ਪਬਲਿਕ ਰਿਲੇਸ਼ਨ ਦਾ ਵਧੀਆ ਤਰੀਕਾ ਆਉਂਦਾ ਹੈ?? ਬਾਈ ਜੀ! ਇੱਕ ਵੀ ਵਧੀਆ ਪਾਠਕ ਮਿਲ਼ ਜਾਵੇ ਤਾਂ ਸਮਝੋ..ਤੁਸੀਂ ਛਾ ਗਏ ਓਂ...ਬਾਹਲ਼ੀ ਗੂੜ੍ਹ ਭਾਸ਼ਾ ‘ਚ ਮੈਨੂੰ ਗੱਲ ਕਰਨੀ ਨ੍ਹੀਂ ਆਉਂਦੀ।
ਦਰਸ਼ਨ ਦਰਵੇਸ਼
ਕਈ ਦਿਨਾਂ ਬਾਦ ਅੱਜ "ਆਰਸੀ" 'ਤੇ ਗੇੜਾ ਲੱਗਿਆ ਹੈ। ਆਪਣੀਆ ਰਚਨਾਵਾਂ ਬਾਰੇ ਬਾਈ ਦਰਸ਼ਨ ਦੀ ਟਿੱਪਣੀ ਪੜ੍ਹ ਕੇ ਬਹੁਤ ਸਾਰੇ ਸਵਾਲ ਮੇਰੇ ਪਿੱਛੇ ਪੈ ਗਏ ਹਨ ਪਰ ਮੈਨੂੰ ਪਤਾ ਹੈ ਕਿ ਇਹ ਸਵਾਲ ਮੇਰੇ ਨਹੀਂ ਹਨ, ਦਰਸ਼ਨ ਦਰਵੇਸ਼ ਦੇ ਵੀ ਨਹੀਂ ਹਨ ।ਉਹ ਜਾਣਦਾ ਹੈ ਕਿ ਪ੍ਰੀਭਾਸ਼ਾਵਾਂ ਤੋਂ ਮੁਕਤ ਖਿਆਲਾਂ ਨੂੰ ਹੁੰਗਾਰਿਆਂ ਦੇ ਮੁਹਤਾਜ ਹੋ ਕੇ ਵਿਗਸਨ ਦੀ ਆਦਤ ਹੀ ਨਹੀਂ ਹੁੰਦੀ । ਕਦੇ ਧਿਆਨ ਹੀ ਨਹੀਂ ਗਿਆ ਕਿ ਆਲੋਚਕ ਵੀ ਹੁੰਦੇ ਹਨ । ਜਦੋਂ ਤੁਹਾਡੇ ਵਰਗੇ ਸੱਜਣ ਪੜ੍ਹ ਲੈਣ ਤਾਂ ਹੋਰ ਕਿਸੇ ਦੀ ਕੀ ਲੋੜ ਹੈ। ਆਪਾਂ ਨਿਰਾਸ਼ ਹੋਣ ਵਾਲਿਆਂ 'ਚੋਂ ਨਹੀਂ ਹਾਂ। ਚੱਲੋ ਛੱਡੋ, ਅੱਜ ਤੁਹਾਡੇ ਨਾਂ ਇੱਕ ਸ਼ਿਅਰ ਕਰਦੇ ਹਾਂ:
"ਜਿਸ ਵਿੱਚ ਸਾਂਭਦਾਂ, ਪੱਥਰ ਦੇ ਬੁੱਤ ਮੈਂ,
ਆਪਣੇ ਸ਼ਹਿਰ ਵਿੱਚ, ਸ਼ੀਸ਼ੇ ਦਾ ਘਰ ਹਾਂ"
ਯਾਦ ਨਾਲ ਤੇਰਾ ਵੀਰ,
ਅਜ਼ੀਮ ਸ਼ੇਖ਼ਰ
Post a Comment