ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 29, 2009

ਸੰਤੋਖ ਧਾਲੀਵਾਲ - ਨਜ਼ਮ

ਨਜ਼ਮ

ਨਜ਼ਮ

ਨਾਜਾਇਜ਼ ਗਰਭ ਵਾਂਗੂੰ

ਉਹ ਨਜ਼ਮ ਨੂੰ ਲਕੋਂਦੀ ਰਹੀ

ਵਿਹੜੇ ਤੋਂ.........

ਮਾਂ ਤੋਂ..............

ਪਿਉ ਤੋਂ...........

ਜ਼ਮਾਨੇ ਤੋਂ

ਨਜ਼ਮ ਸੀ ਕਿ..........

ਉਸਨੂੰ ਰਾਤਾਂ ਨੂੰ ਸੌਣ ਨਾ ਦੇਂਦੀ

ਦਿਨੇ ਸੋਚਾਂ ਚ ਗਲਤਾਨ ਕਰੀ ਰੱਖਦੀ

.............................

ਕੀ ਲਿਖਦੀ ਰਹਿੰਦੀ ਹੈਂ ਬੇਟੇ---?

ਮਾਂ ਨੇ ਇੱਕ ਦਿਨ ਪੁਛਿਆ

ਉਹ ਧੁਰ ਪੈਰਾਂ ਤੱਕ ਹਿੱਲ ਗਈ

ਪਾੜ ਤੇ ਫੜੇ ਚੋਰ ਵਾਂਗੂੰ

........................

ਕੁਝ ਨਹੀਂ ਮਾਂ---

ਐਵੇਂ ਲਕੀਰਾਂ ਜਿਹੀਆਂ ਹੀ

ਵਾਹੁੰਦੀ ਰਹਿੰਦੀ ਹਾਂ

ਕੋਸ਼ਿਸ਼ ਕਰ ਰਹੀ ਹਾਂ

ਇਨ੍ਹਾਂ ਲਕੀਰਾਂ ਚੋਂ

ਇੱਕ ਚਿਹਰਾ ਸਿਆਨਣ ਦੀ

ਜੋ ਸਦਾ ਮੇਰੇ ਨੈਣਾਂ ਦੇ ਬੂਹਿਆਂ

ਧਰਨਾ ਮਾਰੀ ਬੈਠਾ ਰਹਿੰਦਾ ਹੈ........

...................

ਉਹ ਕਿਉਂ ਨਹੀਂ ਖੁੱਲ੍ਹ ਕੇ

ਨਜ਼ਮ ਲਿਖ ਸਕਦੀ?

............

ਸੰਸਕਾਰਾਂ ਤੋਂ ਡਰਦੀ

ਸੋਚਦੀ ਹੈ ਕਿ ਮਾਂ ਹੁਣੇ ਪੁੱਛੇਗੀ

............

ਉਹ ਕੌਣ ਹੈ---

ਕਿਸਦਾ ਚਿਹਰਾ

ਸਿਆਨਣ ਦੇ ਆਹਰ ਚ ਹੈਂ

ਜਿਸ ਲਈ ਤੂੰ ਲਕੀਰਾਂ

ਵਾਹੁੰਦੀ ਰਹਿੰਦੀ ਹੈਂ?”

..................

ਇੱਕ ਦਿਨ

ਉਸਨੇ ਇੱਕ ਨਜ਼ਮ

ਬਿਨਾ ਕਿਸੇ ਡਰੋਂ

ਬਿਨਾ ਸਹਿਮੋਂ

ਲਿਖਣ ਦੀ ਸੋਚੀ

ਕਾਗਜ਼ ਕਲਮ ਸੰਭਾਲੇ

ਕੀ ਵੇਖਦੀ ਹੈ.........

.............................

ਉਸਦੀਆਂ ਨਜ਼ਰਾਂ ਦੇ ਸਹਵੇਂ ਹੀ

ਕੋਈ ਉਸਦੇ ਅੱਖਰ ਹੀ

ਚੁਰਾ ਕੇ ਲੈ ਗਿਆ

ਬੇਗਾਨੇ ਕਰ ਦਿੱਤੇ ਗਏ

ਉਸਦੇ ਹਰਫ਼

ਉਸਦੇ ਪਲਾਂ ਤੋਂ

ਇਬਾਰਤ ਦੀਆਂ ਛਾਵਾਂ ਖੁਸ ਗਈਆਂ

ਜਿਨ੍ਹਾਂ ਦੀ ਛਾਵੇਂ ਬਹਿ

ਉਹ ਰੋਜ਼ ਨਜ਼ਮਾਂ ਲਿਖਦੀ ਸੀ

ਲਕੀਰਾਂ ਵਾਹੁੰਦੀ ਸੀ

ਇੱਕ ਚਿਹਰਾ ਸਿਆਨਣ ਦੇ ਲਈ।

................

ਉਸਨੇ ਹੁਣ...........

ਨਜ਼ਮ ਲਿਖਣੀ ਛੱਡ ਦਿੱਤੀ ਹੈ

ਪਰਾਏ ਅੱਖਰਾਂ ਨਾਲ਼

ਨਜ਼ਮ ਨਹੀਂ ਲਿਖੀ ਜਾ ਸਕਦੀ

1 comment:

सुभाष नीरव said...

बहुत बढ़िया नज्म है। बधाई !