ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 19, 2009

ਗੁਰਚਰਨ ਗਿੱਲ 'ਮਨਸੂਰ' - ਗ਼ਜ਼ਲ

ਸਾਹਿਤਕ ਨਾਮ: ਗੁਰਚਰਨ ਗਿੱਲ ਮਨਸੂਰ

ਨਿਵਾਸ: ਕੈਨੇਡਾ

ਉਰਦੂ ਚ ਛਪ ਚੁੱਕੀਆਂ ਕਿਤਾਬਾਂ: ਧਨਕ, ਆਈਨਾ ਦਾਰ, ਹੁਸਨੇ-ਇੰਤਖ਼ਾਬ ( ਭਾਗ 1,2,3), ਰੰਗੋ-ਮਹਿਕ, ਤਨਵੀਰ, ਤਲਾਸ਼, ਛਪਾਈ ਅਧੀਨ: ਅਹਿਸਾਸ, ਪਿਨਹਾਂ। ਮਨਸੂਰ ਸਾਹਿਬ ਦੀ ਹੱਥ-ਲਿਖਤ ਬੇਹੱਦ ਖ਼ੂਬਸੂਰਤ ਹੈ ਤੇ ਇਹਨਾਂ ਦੀਆਂ ਕਿਤਾਬਾਂ ਦੀ ਖ਼ਾਸੀਅਤ ਹੈ ਕਿ ਇਹਨਾਂ ਤੇ ਸਾਰੀਆਂ ਕਿਤਾਬਾਂ ਆਪਣੇ ਹੱਥੀਂ ਲਿਖਕੇ ਛਪਵਾਉਂਦੇ ਹਨ, ਪ੍ਰਿਟਿੰਗ ਪ੍ਰੈੱਸ ਤੋਂ ਪ੍ਰਿੰਟ ਨਹੀਂ ਕਰਵਾਉਂਦੇ, ਇਹ ਸਾਹਿਤਕ ਦੁਨੀਆਂ ਚ ਵੱਖਰੀ ਮਿਸਾਲ ਹੈ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਰਚਨਾਵਾਂ ਚੋਂ ਦੋ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਕਿਣਕਾ ਸਹਿਰਾਅ ਵੀ ਹੁੰਦਾ ਹੈ।

ਕਤਰਾ ਦਰਿਆ ਵੀ ਹੁੰਦਾ ਹੈ।

----

ਬੀਅ ਕੇਵਲ ਜੰਗਲ਼ ਹੀ ਨਹੀਂ,

ਕੁਝ ਰਿਜ਼ਕ ਜਿਹਾ ਵੀ ਹੁੰਦਾ ਹੈ।

----

ਇਕ ਲਫ਼ਜ਼ ਖ਼ੁਦਾ ਹੋ ਜਾਂਦਾ ਹੈ।

ਇਕ ਲਫ਼ਜ਼ ਖ਼ੁਦਾ ਵੀ ਹੁੰਦਾ ਹੈ।

----

ਹੰਝੂ ਹੈ ਜੋ ਪਛਤਾਵੇ ਦਾ,

ਉਹ ਰਤਨ ਜਿਹਾ ਵੀ ਹੁੰਦਾ ਹੈ।

----

ਹੱਕ-ਸੱਚ ਲਈ ਸੂਲ਼ੀ ਚੜ੍ਹਦਾ ਜੋ,

ਮਨਸੂਰ ਖ਼ੁਦਾ ਵੀ ਹੁੰਦਾ ਹੈ।

==============

ਗ਼ਜ਼ਲ

ਕੌਣ ਨੇ ਖੋਟੇ ਕੌਣ ਖਰੇ?

ਇਸ਼ਕ ਕੁਠਾਲ਼ੀ ਪਰਖ ਕਰੇ।

----

ਇਸ਼ਕ-ਕੁਠਾਲ਼ੀ ਵਿਚ ਗਲ਼ ਕੇ,

ਆਸ਼ਕ ਉਤਰਨ ਖਰੇ-ਖਰੇ।

----

ਕੌਣ ਪਲਾਂਘੇ ਅੱਗ-ਦਰਿਆ?

ਕੌਣ ਤਰੇ ਤੇ ਪਾਰ ਕਰੇ?

----

ਇਸ਼ਕ ਨਾ ਕੱਚੇ ਨੂੰ ਪਰਖੇ,

ਇਸ਼ਕ ਨਾ ਡੁੱਬੇ, ਤਰੇ-ਤਰੇ।

----

ਮੌਤ ਵੀ ਪਾਸਾ ਵੱਟ ਜਾਵੇ,

ਆਸ਼ਕ ਕੋਲ਼ੋਂ ਡਰੇ-ਡਰੇ।

----

ਇਸ਼ਕ ਚ ਮੈਂ ਵੀ ਮਰਦੀ ਹੈ,

ਤੂੰ ਹੀ, ਤੂੰ ਹੀ, ਇਸ਼ਕ ਕਰੇ।

----

ਸੂਲ਼ੀ ਚੜ੍ਹਦਾ ਹੈ ਮਨਸੂਰ,

ਜੱਗ ਅਕਾਰਨ ਮੌਤ ਮਰੇ।


1 comment:

Rajinderjeet said...

Satikaryog Mansoor sahib,main tuhanu Sahit Sabha Lakhewali de kavi darbar 'ch milea si koi 5-6 saal pehlan. Tusi mainu Urdu pustak Dhank vi ditti si jo aje tak mere kol hai.Main Kotkapura ton haan. Kaafi chir baad tuhanu Aarsi de raahin mil ke bahut achha lagya,main Tandeep da behad dhanvadi haan......
Rajinderjeet.