ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSaturday, January 3, 2009

ਸੁਖਿੰਦਰ - ਲੇਖ

ਜ਼ਿੰਦਗੀ ਦੀਆਂ ਹਕੀਕਤਾਂ ਨਾਲ ਖਹਿੰਦੀ ਸ਼ਾਇਰੀ ਸੁਖਮਿੰਦਰ ਰਾਮਪੁਰੀ

ਸੁਖਮਿੰਦਰ ਰਾਮਪੁਰੀ ਇੱਕ ਚੇਤੰਨ ਸ਼ਾਇਰ ਹੈ। ਉਸਦਾ ਨਵਾਂ ਪ੍ਰਕਾਸ਼ਿਤ ਹੋਇਆ ਗ਼ਜ਼ਲ ਸੰਗ੍ਰਹਿ ਇਹ ਸਫ਼ਰ ਜਾਰੀ ਰਹੇਪੜ੍ਹਦਿਆਂ ਮੈਨੂੰ ਅਜਿਹਾ ਹੀ ਮਹਿਸੂਸ ਹੋਇਆ ਹੈ।

ਸੁਖਮਿੰਦਰ ਰਾਮਪੁਰੀ ਅਜਿਹੇ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ ਜੋ ਗ਼ਜ਼ਲ ਲਿਖਣ ਵੇਲੇ ਆਪਣੇ ਹੱਥ ਵਿੱਚ ਤੱਕੜੀ ਲੈ ਕੇ ਬੈਠ ਜਾਂਦੇ ਹਨ ਅਤੇ ਗ਼ਜ਼ਲ ਵਿੱਚ ਸ਼ਾਮਿਲ ਹੋਣ ਵਾਲੇ ਹਰ ਸ਼ਬਦ ਦਾ ਭਾਰ ਤੋਲਣ ਲੱਗ ਜਾਂਦੇ ਹਨ। ਉਸਦੀ ਸ਼ਾਇਰੀ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਖਹਿੰਦੀ ਸ਼ਾਇਰੀ ਹੈ। ਉਸਦੀ ਗ਼ਜ਼ਲ ਦੇ ਹਰ ਸ਼ਿਅਰ ਵਿੱਚ ਕੋਈ ਨਵਾਂ ਵਿਸ਼ਾ ਛੋਹਿਆ ਹੁੰਦਾ ਹੈ। ਉਸਦੀ ਸ਼ਾਇਰੀ ਨੂੰ ਵਿਚਾਰਾਂ ਦੀ ਸ਼ਾਇਰੀ ਵੀ ਕਿਹਾ ਜਾ ਸਕਦਾ ਹੈ. ਰਾਮਪੁਰੀ ਦੀ ਸ਼ਾਇਰੀ ਨੂੰ ਲੋਕ-ਪੱਖੀ ਸ਼ਾਇਰੀ ਕਹਿਣ ਵਿੱਚ ਵੀ ਕੋਈ ਸੰਕੋਚ ਨਹੀਂ ਹੋ ਸਕਦਾ। ਕਿਉਂਕਿ ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਲੋਕ ਸੰਘਰਸ਼ਾਂ ਦੀ ਸਦੀਵੀ ਲੋੜ ਅਤੇ ਅਜਿਹੇ ਸੰਘਰਸ਼ਾਂ ਲਈ ਪ੍ਰਤੀਬੱਧਤਾ ਦੀ ਵੀ ਗੱਲ ਕਰਦੇ ਹਨ।

ਇਹ ਸਫ਼ਰ ਜਾਰੀ ਰਹੇਗ਼ਜ਼ਲ ਸੰਗ੍ਰਹਿ ਵਿੱਚ ਰਾਮਪੁਰੀ ਨੇ ਜਿੱਥੇ ਹਿੰਦੁਸਤਾਨ ਵਿੱਚ ਬਿਤਾਏ ਆਪਣੀ ਜ਼ਿੰਦਗੀ ਦੇ ਵਧੇਰੇ ਸਾਲਾਂ ਦੌਰਾਨ ਪ੍ਰਾਪਤ ਕੀਤੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ; ਉੱਥੇ ਹੀ ਉਸਨੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਬਿਤਾਈ ਆਪਣੀ ਜ਼ਿੰਦਗੀ ਵਿੱਚ ਹਾਸਿਲ ਕੀਤੇ ਤਜ਼ਰਬਿਆਂ ਨੂੰ ਵੀ ਆਪਣੀ ਸ਼ਾਇਰੀ ਦਾ ਹਿੱਸਾ ਬਣਾਇਆ ਹੈ।

ਸੁਖਮਿੰਦਰ ਰਾਮਪੁਰੀ ਦੀਆਂ ਗ਼ਜ਼ਲਾਂ ਪੜ੍ਹਨ ਵੇਲੇ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਤ ਕਰਦੀ ਹੈ ਉਹ ਇਹ ਹੈ ਕਿ ਰਾਮਪੁਰੀ ਪਾਠਕਾਂ ਨੂੰ ਸ਼ਬਦਾਂ ਦੇ ਜਾਲ ਵਿੱਚ ਉਲਝਾਉਣ ਦੀ ਥਾਂ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੈ ਅਤੇ ਸਮੱਸਿਆਵਾਂ ਲਈ ਜ਼ਿੰਮੇਵਾਰ ਧਿਰਾਂ ਦੀ ਵੀ ਸਪੱਸ਼ਟ ਸ਼ਬਦਾਂ ਵਿੱਚ ਹੀ ਨਿਸ਼ਾਨਦੇਹੀ ਕਰਦਾ ਹੈ. ਇਹ ਸਮੱਸਿਆਵਾਂ ਰਾਜਸੀ ਹੋਣ, ਸਮਾਜਿਕ ਹੋਣ, ਧਾਰਮਿਕ ਹੋਣ, ਸਭਿਆਚਾਰਕ ਹੋਣ ਜਾਂ ਆਰਥਿਕ ਹੋਣ।

ਹਿੰਦੁਸਤਾਨ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਚੰਦਰ ਸੇ਼ਖਰ ਆਜ਼ਾਦ ਅਤੇ ਉਨ੍ਹਾਂ ਦੇ ਹਜ਼ਾਰਾਂ ਹੋਰ ਇਨਕਲਾਬੀ ਕ੍ਰਾਂਤੀਕਾਰੀ ਸਾਥੀਆਂ ਨੇ ਕੁਰਬਾਨੀਆਂ ਦਿੱਤੀਆਂ। ਪਰ ਅੱਜ ਇਹ ਦੇਖਕੇ ਦੁੱਖ ਹੁੰਦਾ ਹੈ ਕਿ ਦੇਸ ਦੀ ਵਾਗਡੋਰ ਅਜਿਹੇ ਮੁਖੌਟਾਧਾਰੀ ਦੇਸ਼ ਭਗਤਾਂ ਦੇ ਹੱਥ ਆ ਚੁੱਕੀ ਹੈ ਜੋ ਕਿ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਆਪ ਤਾਂ ਡੁੱਬੇ ਹੀ ਹੋਏ ਹਨ ਉਹ ਆਪਣੇ ਕੰਮਾਂ ਸਦਕਾ ਹਿੰਦੁਸਤਾਨ ਦੇ ਕਰੋੜਾਂ ਲੋਕਾਂ ਨੂੰ ਵੀ ਡੋਬ ਰਹੇ ਹਨ। ਰਾਮਪੁਰੀ ਨੇ ਵੀ ਅਜਿਹੇ ਵਿਚਾਰਾਂ ਨੂੰ ਆਪਣੇ ਸ਼ਿਅਰ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ:

ਘਪਲ਼ੇ ਤੇ ਘਪਲਾ ਕਰ ਰਹੇ, ਮਿਹਨਤ ਦੇ ਨਾਲ ਜੋ

ਐਸੇ ਜੋ ਦੇਸ਼ ਭਗਤਨੇ, ਉਹਨਾਂ ਦਾ ਹਾਲ ਲਿਖ

ਪਰ ਰਾਮਪੁਰੀ ਆਪਣੇ ਸ਼ਿਅਰਾਂ ਰਾਹੀਂ ਇਹ ਗੱਲ ਵੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੰਦਾ ਹੈ ਕਿ ਇਹ ਹਾਲ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਨਹੀਂ ਬਲਕਿ ਸਾਰਾ ਆਵਾ ਹੀ ਊਤਿਆ ਪਿਆ ਹੈ:

ਹੁੰਦੇ ਸੀ ਅੱਗੇ ਕੁੜਕੜੂ, ਇਕ, ਦੋ ਹੀ ਦਾਲ ਵਿਚ,

ਹੁਣ ਕੁੜਕੜੂ ਹੀ ਕੁੜਕੜੂ, ਸਾਰੀ ਹੀ ਦਾਲ ਲਿਖ।

ਰਾਮਪੁਰੀ ਦੀਆਂ ਗ਼ਜ਼ਲਾਂ ਪੜ੍ਹਨ ਵੇਲੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਕੋਈ ਹਥਿਆਰਬੰਦ ਯੁੱਧ ਲੜ ਰਿਹਾ ਹੋਵੇ। ਪਰ ਇਸ ਯੁੱਧ ਵਿੱਚ ਉਸ ਦੇ ਹਥਿਆਰ ਉਸਦੇ ਵਿਸਫੋਟਕ ਸ਼ਿਅਰ ਹਨ ਜੋ ਕਿ ਪਾਠਕ ਦੀ ਚੇਤਨਾ ਵਿੱਚ ਹੈਂਡਗਰਨੇਡਾਂ ਵਾਂਗ ਫਟਦੇ ਹਨ।

ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਗ਼ਜ਼ਲ ਲਿਖਣ ਵਾਲਿਆਂ ਲੇਖਕਾਂ ਦਰਮਿਆਨ ਗ਼ਜ਼ਲ ਬਾਰੇ ਇੱਕ ਤਿੱਖੀ ਬਹਿਸ ਛਿੜੀ ਸੀ। ਕੁਝ ਲੇਖਕ ਇਸ ਗੱਲ ਦੇ ਹੱਕ ਵਿੱਚ ਸਨ ਕਿ ਗ਼ਜ਼ਲ ਲਿਖਣ ਵੇਲੇ ਤੋਲ ਤੁਕਾਂਤ ਦਾ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ; ਜਦੋਂ ਕਿ ਦੂਜੀ ਧਿਰ ਦਾ ਇਹ ਜ਼ੋਰ ਸੀ ਕਿ ਗ਼ਜ਼ਲ ਲਿਖਣ ਵੇਲੇ ਤੋਲ ਤੁਕਾਂਤ ਦਾ ਦੇਖਣਾ ਏਨਾ ਜ਼ਰੂਰੀ ਨਹੀਂ ਜਿੰਨਾ ਕਿ ਇਹ ਦੇਖਣਾ ਕਿ ਗ਼ਜ਼ਲ ਵਿੱਚ ਵਿਚਾਰ ਦੀ ਪ੍ਰਪੱਕਤਾ ਹੈ ਜਾਂ ਕਿ ਨਹੀਂ। ਇਸੇ ਲਈ ਜਦੋਂ ਅਨੇਕਾਂ ਗ਼ਜ਼ਲਗੋਆਂ ਦੀਆਂ ਰਚਨਾਵਾਂ ਪੜ੍ਹਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੇ ਸਿਰਫ ਸ਼ਬਦਾਂ ਨਾਲ ਸ਼ਬਦ ਮਿਲਾਉਣ ਦੀ ਹੀ ਕੋਸ਼ਿਸ਼ ਕੀਤੀ ਹੁੰਦੀ ਹੈ ਅਤੇ ਸਾਰੀ ਗ਼ਜ਼ਲ ਵਿੱਚ ਕੋਈ ਵੀ ਵਿਚਾਰ ਪ੍ਰਗਟ ਨਹੀਂ ਕੀਤਾ ਹੁੰਦਾ। ਪਰ ਰਾਮਪੁਰੀ ਦਾ ਹਰੇਕ ਸ਼ੇਅਰ ਕੋਈ ਨਵੀਂ ਗੱਲ ਕਹਿਕੇ ਪਾਠਕ ਦੀ ਚੇਤਨਾ ਨੂੰ ਹਲੂਣਾ ਦਿੰਦਾ ਹੈ।

ਇਸ ਗ਼ਜ਼ਲ ਸੰਗ੍ਰਹਿ ਵਿੱਚ ਰਾਮਪੁਰੀ ਨੇ ਅਨੇਕਾਂ ਵਿਸ਼ੇ ਛੋਹੇ ਹਨ। ਇਨ੍ਹਾਂ ਗ਼ਜ਼ਲਾਂ ਵਿੱਚ ਜਿੱਥੇ ਉਹ ਸੁਪਰਪਾਵਰ ਅਮਰੀਕਾ ਵੱਲੋਂ ਆਪਣੀਆਂ ਧਾੜਵੀ ਫੌਜਾਂ ਰਾਹੀਂ ਆਪਣੀ ਗੁੰਡਾਗਰਦੀ ਫੈਲਾਉਣ ਲਈ ਦੁਨੀਆਂ ਦੇ ਕੋਨੇ ਕੋਨੇ ਵਿੱਚ ਜੰਗ ਦੇ ਭਾਂਬੜ ਬਾਲਣ ਦੀਆਂ ਗੱਲਾਂ ਕਰਦਾ ਹੈ; ਉੱਥੇ ਹੀ ਉਹ ਧਾਰਮਿਕ ਅਸਥਾਨਾਂ ਦੀ ਅਜੋਕੀ ਹਾਲਤ ਵੀ ਬਿਆਨ ਕਰਦਾ ਹੈ ਜੋ ਕਿ ਲੁਟੇਰਿਆਂ, ਕਾਤਲਾਂ ਅਤੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਅੱਡੇ ਬਣਕੇ ਰਹਿ ਗਏ ਹਨ। ਰਾਮਪੁਰੀ ਦੇ ਕੁਝ ਸ਼ੇਅਰ ਇਸ ਪੱਖੋਂ ਸਾਡੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ:

ਇਸ ਧਰਤੀ ਦਾ ਕਣ ਕਣ ਰੋਂਦਾ, ਕਿਹੜਾ ਧੀਰ ਬੰਧਾਏ।

ਅੱਥਰੂ ਸਾਡੇ ਅੱਗ ਦੀਆਂ ਕਣੀਆਂ, ਕਿਹੜਾ ਪੂੰਝਣ ਆਏ।

-----

ਗੁਰੂ ਘਰ ਚੋਂ ਨਿਕਲਦੇ ਕਾਤਲ, ਮਸੀਤੋਂ,

ਮੰਦਰ ਚ ਜਾ ਵੜ੍ਹਦੀ ਏ ਪੈੜ ਕਤਲ ਦੀ।

----

ਅਪਣੀ ਲੋੜ ਲਈ ਹੀ ਬੰਦੇ, ਮਰਵਾਉਂਦੀ ਇਹ ਜੱਗ ਜਾਣੇ,

ਜਦ ਵੀ ਲੋੜ ਪਈ ਜੰਗ ਲਾਈ, ਮੰਡੀ ਦਿਆਂ ਪਸਾਰਾਂ ਨੇ।

----

ਗੋਲਕ, ਗੋਲਕ, ਗੋਲਕ, ਗੋਲਕ, ਗੋਲਕ ਹੀ,

ਇਸ ਗੋਲਕ ਬਿਨ ਕਿਹੜੇ ਲੜਦੇ ਜੰਗ ਅਸੀਂ।

ਰਾਮਪੁਰੀ ਦੀਆਂ ਗ਼ਜ਼ਲਾਂ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਯਥਾਰਵਾਦੀ ਹੁੰਦਿਆਂ ਉਹ ਪਰਾ-ਆਧੁਨਿਕਵਾਦੀ ਲੇਖਕਾਂ ਵਾਂਗ ਮਹਿਜ਼ ਮਨੁੱਖੀ ਦੁਨੀਆਂ ਦੀ ਲੀਲ੍ਹਾ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਨਹੀਂ ਰਹਿੰਦਾ, ਬਲਕਿ ਉਹ ਇਨ੍ਹਾਂ ਦ੍ਰਿਸ਼ਾਂਨੂੰ ਆਪਣੀ ਆਲੋਚਨਾਤਮਿਕ ਦ੍ਰਿਸ਼ਟੀ ਰਾਹੀਂ ਵੇਖਣ ਤੋਂ ਬਾਹਦ ਇਨ੍ਹਾਂ ਦੀ ਚੀਰ ਫਾੜ ਕਰਦਾ ਹੈ ਅਤੇ ਇਨ੍ਹਾਂ ਦ੍ਰਿਸ਼ਾਂ ਨੂੰ ਪੈਦਾ ਕਰਨ ਵਾਲੀਆਂ ਸ਼ਕਤੀਆਂ ਬਾਰੇ ਆਪਣਾ ਨਜ਼ਰੀਆ ਵੀ ਪੇਸ਼ ਕਰਦਾ ਹੈ। ਉਦਾਹਰਣ ਵਜੋਂ ਵੇਖੋ ਸੁਖਮਿੰਦਰ ਰਾਮਪੁਰੀ ਦੇ ਕੁਝ ਇਹ ਸ਼ਿਅਰ:

ਹੁਣ ਹਰ ਨਸ਼ਾ ਏ ਮਿਲਦਾ, ਮਿਲਦਾ ਸਵੇਰ, ਸ਼ਾਮ

ਲੰਗਰ ਅਟੁੱਟ ਵਰਤਦੇ, ਨੇ ਬੇਮਿਸਾਲ ਲਿਖ।

----

ਉਹ ਪਾੜ ਕੇ ਅਸਾਨੂੰ, ਲੁੱਟਦੇ ਨੇ ਬੇ-ਫਿ਼ਕਰ,

ਧੜਿਆਂ ਚ ਵੰਡੀ ਸੋਚ ਨਾ, ਸਮਝੇ ਇਹ ਚਾਲ ਲਿਖ।

----

ਕਿੰਨੇ ਸਕੂਲ ਬੰਦ ਹੋਏ ਤੇ ਠੇਕੇ ਖੁੱਲ੍ਹ ਗਏ,

ਕਿੰਨਾ ਤਰੱਕੀ ਕਰ ਗਿਆ ਪਿੰਡ ਦਾ ਕਲਾਲ ਲਿਖ।

----

ਦੇਖ ਲੈ ਲਿੰਕਨ ਦੇ ਘਰ ਦਾ ਰਾਖਾ, ਅੱਜ ਕੀ ਕਹਿ ਰਿਹੈ,

ਬਲ਼ਦਿਆਂ ਸਿਵਿਆਂ ਤੇ ਵੀ ਉਸ ਦੀ ਸਰਦਾਰੀ ਰਹੇ।

----

ਸੋਨੇ ਦੀ ਇਸ ਲੰਕਾ ਅੰਦਰ, ਸਭ ਦੀਆਂ ਨਕਲੀ ਮੁਸਕਾਨਾਂ,

ਮੁਸਕਾਨਾਂ ਦੇ ਹੇਠਾਂ ਸੋਗੀ, ਬੇ-ਵਸੀਆਂ ਨੇ, ਹਾਰਾਂ ਨੇ।

ਸਾਡੇ ਸਮਾਜ ਵਿੱਚ ਅਨੇਕਾਂ ਸਮੱਸਿਆਵਾਂ ਦਾ ਮੂਲ ਕਾਰਨ ਔਰਤ ਅਤੇ ਮਰਦ ਦੇ ਹੱਕਾਂ ਦੀ ਨ-ਬਰਾਬਰੀ ਹੈ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਔਰਤਾਂ ਦੇ ਬਲਾਤਕਾਰ ਹੁੰਦੇ ਹਨ, ਥਾਂ ਥਾਂ ਔਰਤਾਂ ਨੂੰ ਦਬਾਇਆ ਜਾਂਦਾ ਹੈ ਅਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਪਰ ਰਾਮਪੁਰੀ ਸਮਾਜ ਵਿੱਚ ਔਰਤ ਅਤੇ ਮਰਦ ਦੀ ਬਰਾਬਰੀ ਦੇ ਹੱਕ ਵਿੱਚ ਬੋਲਦਾ ਹੈ:

ਮਰਦ ਪ੍ਰਧਾਨ ਖਿੱਤਿਆਂ ਵਿੱਚ ਜਦੋਂ ਹਾਰੀ ਤਾਂ ਮੈਂ ਹਾਰੀ,

ਜ਼ਰਾ ਸੋਚੀਂ, ਵਿਚਾਰੀਂ, ਨਾਂ ਮਿਰੇ ਤੋਂ ਹਾਰ ਲਾਹ ਦੇਵੀਂ।

----

ਮਿਰੇ ਚਾਵਾਂ ਦੇ ਸਿਰ ਤੋਂ, ਸਹਿਮ ਦੀ, ਤਲਵਾਰ ਲਾਹ ਦੇਵੀਂ।

ਚਿਰਾਂ ਤੋਂ ਪਿਆਰ ਦੇ ਸਿਰ ਤੇ ਪਿਆ ਇਹ ਭਾਰ ਲਾਹ ਦੇਵੀਂ।

----

ਅਸਾਡਾ ਕੋਈ ਵੀ ਸੁਪਨਾ, ਲਿਆ, ਪੂਰਾ ਨਹੀਂ ਹੋਇਆ,

ਇਨ੍ਹਾਂ ਅਧਵਾਟਿਆਂ ਤੋਂ ਪਿਆਰ ਨੂੰ ਅੱਜ ਪਾਰ ਲਾਹ ਦੇਵੀਂ।

ਇਹ ਸਫ਼ਰ ਜਾਰੀ ਰਹੇਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਗ਼ਜ਼ਲਾਂ ਕੀ ਵਧੀਆ ਢੰਗ ਨਾਲ ਗਾਈਆਂ ਵੀ ਜਾ ਸਕਦੀਆਂ ਹਨ? ਇਸ ਪੱਖੋਂ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਪਰ ਇਨ੍ਹਾਂ ਗ਼ਜ਼ਲਾਂ ਬਾਰੇ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਪੜ੍ਹਨ ਅਤੇ ਵਿਚਾਰਨ ਯੋਗ ਗ਼ਜ਼ਲਾਂ ਹਨ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਹ ਗ਼ਜ਼ਲਾਂ ਲਿਖਣ ਵੇਲੇ ਸੁਖਮਿੰਦਰ ਰਾਮਪੁਰੀ ਦੇ ਪੈਰ ਧਰਤੀ ਉੱਤੇ ਹੀ ਰਹੇ ਹਨ ਅਤੇ ਉਸਨੇ ਆਪਣੀਆਂ ਗ਼ਜ਼ਲਾਂ ਵਿੱਚ ਆਪਣੇ ਚੌਗਿਰਦੇ ਵਿੱਚ ਵਿਚਰਦੇ ਆਮ ਲੋਕਾਂ ਦੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ, ਉਮੰਗਾਂ-ਇਛਾਵਾਂ, ਆਸ਼ਾਵਾਂ-ਨਿਰਾਸ਼ਾਵਾਂ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਬਣਾਇਆ ਹੈ। ਸੁਖਮਿੰਦਰ ਰਾਮਪੁਰੀ ਨੂੰ ਅਜਿਹੀਆਂ ਲੋਕ-ਪੱਖੀ, ਵਿਚਾਰ ਭਰਪੂਰ ਅਤੇ ਚੇਤਨਾ ਪੈਦਾ ਕਰਨ ਵਾਲੀਆਂ ਗ਼ਜ਼ਲਾਂ ਲਿਖਣ ਲਈ ਮੇਰੀਆਂ ਦਿਲੀ ਮੁਬਾਰਕਾਂ।


2 comments:

ਤਨਦੀਪ 'ਤਮੰਨਾ' said...

ਸੁਖਮਿੰਦਰ ਰਾਮਪੁਰੀ ਬਾਰੇ ਲੇਖ ਪੜ੍ਹ ਕੇ ਬਹੁਤ ਚੰਗਾ ਲੱਗਿਆ ‘ਇਹ ਸਫਰ ਜਾਰੀ ਰਹੇ’ ਗ਼ਜ਼ਲ ਸੰਗ੍ਰਹਿ ਨਾਲ ਸੁਖਮਿੰਦਰ ਰਾਮਪੁਰੀ ਦੀ ਸ਼ਾਇਰੀ ਦੇ ਇਕ ਹੋਰ ਪਰਤ ਸਾਹਮਣੇ ਆਈ ਹੈ। ਊਂਝ ਤਾਂ ਸੁਖਮਿੰਦਰ ਰਾਮਪੁਰੀ ਬਾਰੇ ਕਿਹਾ ਜਾਂਦਾ ਹੈ ਕਿ, ਓਸ ਨੇ ਕਵਿਤਾ, ਕਹਾਣੀ, ਲੇਖ ਆਦਿ ਵੀ ਲਿਖੇ ਪਰ ਸੁਖਮਿੰਦਰ ਰਾਮਪੁਰੀ ਗੀਤ ਨਾਲ ਇੱਕ-ਮਿੱਕ ਹੈ, ਗੀਤ ਸੁਖਮਿੰਦਰ ਅਤੇ ਸੁਖਮਿੰਦਰ ਗੀਤ ਹੈ। ਇਸ ਲੇਖ ਦੇ ਲੇਖਕ, ਅਦਾਰਾ ਆਰਸੀ ਅਤੇ ‘ਤਮੰਨਾ’ ਨੂੰ ਹਾਰਦਿਕ ਵਧਾਈ। ਰਾਮਪੁਰੀ ਬਾਰੇ ਮੈਂ ਬਹੁਤ ਕੁਝ ਲਿਖ ਤੇ ਕਹਿ ਸਕਦਾਂ ਕਿਉਂਕਿ ਸ਼ਾਗਿਰਦ ਹੋਣ ਦੇ ਨਾਤੇ ਬਸ ਗੂੰਗੇ ਦੇ ਗੁੜ ਖਾ ਕੇ ਨਾ ਦੱਸ ਸਕਣ ਵਾਲ਼ਾ ਹਾਲ ਹੈ।

ਇਸ ਧਰਤੀ ਦਾ ਕਣ ਕਣ ਰੋਂਦਾ ਕਿਹੜਾ ਧੀਰ ਬੰਨ੍ਹਾਏ,
ਅੱਥਰੂ ਸਾਡੇ ਅੱਗ ਦੇ ਸੋਹਲੇ ਕਿਹੜਾ ਪੂੰਝਣ ਆਏ।
-------
ਇਨ੍ਹਾਂ ਜ਼ਖ਼ਮਾਂ ਦਾ ਕੀ ਕਹਿਣਾ ਜਿਨ੍ਹਾਂ ਰੋਜ਼ ਹਰੇ ਰਹਿਣਾ।।
----
ਪਰ ਕੱਟੇ ਬਾਰ ਬਾਰ ,ਉੱਗ ਆਏ ਹਰ ਬਾਰ ,
ਮੇਰੇ ਪਰਾਂ ਦੀ ਕਹਾਣੀ ਮੇਰੀ ਜ਼ਿੰਦਗੀ ਦਾ ਸਾਰ।

ਧੰਨਵਾਦ ਸਹਿਤ
ਜਸਵੀਰ ਝੱਜ
ਇੰਡੀਆ
=========
ਬੇਹੱਦ ਸ਼ੁਕਰੀਆ ਝੱਜ ਸਾਹਿਬ!ਤੁਹਾਡੇ ਲਿਖੇ ਸਾਹਿਤਕ ਗੀਤ ਵੀ ਨਵੀਆਂ ਸਿਖ਼ਰਾਂ ਛੋਹ ਰਹੇ ਨੇ! ਨਵੇਂ ਸਾਲ 'ਚ ਤੁਹਾਡੇ ਹੋਰ ਖ਼ੂਬਸੂਰਤ ਗੀਤਾਂ ਨਾਲ਼ ਆਰਸੀ ਨੂੰ ਸ਼ਿੰਗਾਰਨ ਦੀ ਆਸ ਨਾਲ਼...

ਤਮੰਨਾ

ਤਨਦੀਪ 'ਤਮੰਨਾ' said...

ਸਤਿਕਾਰਤ ਅੰਕਲ ਸੁਖਮਿੰਦਰ ਰਾਮਪੁਰੀ ਸਾਹਿਬ! ਤੁਹਾਨੂੰ ਤੇ ਸਤਿਕਾਰਤ ਸੁਖਿੰਦਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ। ਲੇਖ ਬਹੁਤ ਹੀ ਵਧੀਆ ਲੱਗਿਆ। ਤੁਹਾਡੇ ਇਸ ਗ਼ਜ਼ਲ -ਸੰਗ੍ਰਹਿ ਦੀਆਂ ਕੁੱਝ ਗ਼ਜ਼ਲਾਂ ਮੈਨੂੰ ਪੜ੍ਹਨ ਦਾ ਮੌਕਾ ਮਿਲ਼ਿਐ.. ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ!

ਤੁਹਾਡੀ ਇਸ ਕਿਤਾਬ ਤੋਂ ਤੁਹਾਡੇ ਲਿਖੇ ਸ਼ਿਅਰਾਂ ਨਾਲ਼ ਤੁਹਾਡਾ ਤੇ ਸੁਖਿੰਦਰ ਸਾਹਬ ਦਾ ਸ਼ੁਕਰੀਆ ਅਦਾ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ ਕਿ...

"
ਨੱਚਦਿਆਂ ਮੋਰਾਂ ਵਾਂਗੂੰ ਰੋਣਾ, ਕਦ ਤੱਕ ਤੇਰੀ ਯਾਦ ਬਣੇਗਾ?
ਮਰਦਿਆਂ ਹੰਸਾਂ ਵਾਂਗੂੰ ਗਾ ਲੈ, ਯਾਦ ਰਹੇਂਗਾ।
---
ਬਿਰਛਾਂ ਨਾਲ਼ ਪਲ਼ੀ ਹੈ ਅੱਗ ਵੀ ਚੁੱਲ੍ਹਿਆਂ ਤੋਂ ਸਿਵਿਆਂ ਤੱਕ ਦੀ,
ਅੱਗ ਨੂੰ ਜੀਵਨ ਜਾਚ ਬਣਾ ਲੈ, ਯਾਦ ਰਹੇਂਗਾ।"

ਤੁਹਾਨੂੰ, ਤੁਹਾਡੇ ਪਿੰਡ ਰਾਮਪੁਰ ਤੇ ਤੁਹਾਡੀਆਂ ਲਿਖਤਾਂ ਨੂੰ ਸਲਾਮ!

ਤਮੰਨਾ