ਮਾਂ ਪੰਜਾਬੀ ਤੋਂ ਬੇ-ਮੁੱਖ ਹੋਏ ਪੁੱਤਾਂ ਦੇ ਨਾਂ
ਨਜ਼ਮ
ਬਹੁਤ ਭਿਆਨਕ ਹੁੰਦਾ ਹੈ
ਜਿਸਮ ਦਾ ਗੁਲਾਮ ਹੋ ਜਾਣਾ
ਤਸੀਹੇ ਪਹਿਨ ਕੇ
ਜਿਉਂਦੇ ਹੋਣ ਦੀ ਅਦਾਕਾਰੀ ਕਰਨਾ
ਆਪਣੇ ਆਕਾ ਦੀ ਜੀਭ ਨੂੰ
ਆਪਣੇ ਪੱਥਰ-ਖਾਧੇ
ਪੋਪਲੇ ਮੂੰਹ ਵਿੱਚ ਰੱਖਣਾ
‘ਤੇ ਫੇਰ ‘ਹਾਂ’ ਨੂੰ ‘ਹਾਂ’ ਕਹਿਣਾ
‘ਧੁੱਪ’ ਨੂੰ ਛਾਂ ਕਹਿਣਾ।
----
ਹੋਰ ਵੀ ਭਿਆਨਕ ਹੁੰਦਾ ਹੈ
ਜ਼ਿਹਨ ਦਾ ਗੁਲਾਮ ਹੋ ਜਾਣਾ
ਆਪਣੀ ਹੀਣ-ਭਾਵਨਾ ਨੂੰ ਕੱਜਣ ਲਈ
ਅੰਬਰ ਵੱਲ ਛਲਾਂਗਾਂ ਮਾਰ ਕੇ ਦਿਖਾਉਂਣਾ
ਧਰਤੀ ਨਾਲ਼ੋਂ ਸਕੀਰੀ ਤੋੜਨਾ
ਤੇ ‘ਮੂੰਹ-ਪਰਨੇ’ ਡਿੱਗਣ ਦੇ
ਅੰਜਾਮ ਨੂੰ ਵਿੱਸਰ ਜਾਣਾ।
----
ਕਿਤੇ ਹੋਰ ਭਿਆਬਕ ਹੁੰਦਾ ਹੈ
ਆਪਣੀ ਹੀ ਮਹਿਰਮ ‘ਮਾਂ’ ਨੂੰ
ਧੱਫ਼ੇ ਮਰ ਕੇ ਡੇਗਣਾ
ਤੇ ਓਹਦੇ
ਸੋਨੇ ਵਰਗੇ ਜਿਸਮ ਉੱਤੇ
ਆਪਣੀਆਂ ਪੱਥਰ-ਪੈੜਾਂ ਨਾਲ਼
ਚਿੱਬ ਪਾ ਕੇ
ਕਿਸੇ ਬੇਗਾਨੀ ਨੂੰ ‘ਮਾਂ’ ਕਹਿਣਾ
ਤੇ ਅਸਲੋਂ ਹੀ ਵਿੱਸਰ ਜਾਣਾ
ਕਿ ਜਿਸ ਬਿਰਖ ਵਿੱਚੋਂ
ਜੜ੍ਹਾਂ ਮਨਫ਼ੀ ਹੋ ਜਾਂਦੀਆਂ ਨੇ
ਉਸ ‘ਤੇ..
ਕੋਈ ਲਗਰ ਨਹੀਂ ਫੁੱਟਦੀ
ਕੋਈ ਪੰਛੀ ਨਹੀਂ ਚਹਿਕਦਾ
ਕੋਈ ਫੁੱਲ ਨਹੀਂ ਖਿੜਦਾ।
ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਤੇ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਕਿਤਾਬ: ‘ਦੀਵਾ ਬਾਲ਼ ਪੰਜਾਬੀ ਦਾ’ ‘ਚੋਂ ਧੰਨਵਾਦ ਸਹਿਤ।
1 comment:
Bahut sunder aur prabhavkari kavit hai yeh !
Subhash Neerav
09810534373
Post a Comment