ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 22, 2009

ਬਿੱਕਰ ਸਿੰਘ ਖੋਸਾ - ਗ਼ਜ਼ਲ

ਸਾਹਿਤਕ ਨਾਮ: ਬਿੱਕਰ ਸਿੰਘ ਖੋਸਾ

ਨਿਵਾਸ: ਕੈਨੇਡਾ

ਲੇਖਣੀ ਦਾ ਆਰੰਭ ਕਹਾਣੀ ਲਿਖਣ ਨਾਲ਼ ਕੀਤਾ ਸੀ ਤੇ ਪਹਿਲੀ ਲਿਖੀ ਕਹਾਣੀ ਹੀ ਸਿਰਕੱਢ ਰਸਾਲੇ ਆਰਸੀ ਚ ਛਪੀ ਸੀ। ਕਿਤਾਬਾਂ ਛਪਵਾਉਂਣ ਨਾਲ਼ੋਂ ਚੰਗਾ ਲਿਖਣ ਨੂੰ ਤਰਜ਼ੀਹ ਦਿੰਦੇ ਹਨ, ਉਂਝ ਅਲੱਗ-ਅਲੱਗ ਕਿਤਾਬਾਂ ਚ ਲਿਖਤਾਂ ਛਪ ਚੁੱਕੀਆਂ ਹਨ । ਖੋਸਾ ਸਾਹਿਬ ਕੇਂਦਰੀ ਪੰਜਾਬੀ ਲਿਖਾਰੀ ਸਭਾ, ਉੱਤਰੀ ਅਮਰੀਕਾ ਦੇ ਮੈਂਬਰ ਹਨ।

ਖੋਸਾ ਸਾਹਿਬ ਨੇ ਪਹਿਲੀ ਵਾਰ ਆਰਸੀ ਪਰਿਵਾਰ ਨਾਲ਼ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਸਾਂਝ ਪਾਈ ਹੈ, ਉਹਨਾਂ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਜੀਅ ਆਇਆਂ ਨੂੰ।

ਗ਼ਜ਼ਲ

ਆਪਣਿਆਂ ਨੂੰ ਤੱਕ ਮੱਥੇ ਵਿੱਚ ਘੂਰੀ ਹੈ।

ਬਿੱਲੋ ਦੀ ਅੱਖ ਘਰ ਤੋਂ ਬਾਹਰ ਸਰੂਰੀ ਹੈ।

----

ਨਿੱਖਰੇ ਰੂਪ ਦੁਹਾਈਆਂ ਪਾਉਂਦੇ ਲੰਘਦੇ ਨੇ,

ਖਿੰਡਦੀ ਜਾਂਦੀ ਅੰਗਾਂ ਦੀ ਕਸਤੂਰੀ ਹੈ।

----

ਤਾਹੀਓਂ ਗੱਲ ਗੱਲ ਤੇ ਖਿੜ ਪੁੜ ਜਾਂਦੇ ਨੇ

ਹਸਣਾ ਸਿਹਤ ਸਲਾਮਤ ਲਈ ਜ਼ਰੂਰੀ ਹੈ।

----

ਜਿਸਨੂੰ ਲਾਉਂਣਾ ਅਤੇ ਬੁਝਾਉਂਣਾ ਆਉਂਦਾ ਹੈ,

ਉਸਦੀ ਮੁੱਠੀ ਵਿੱਚ ਹੀ ਬੱਸ ਮਸ਼ਹੂਰੀ ਹੈ।

----

ਜਿੰਨੀਂ ਵੱਧ ਪੂਜਾ ਹੁੰਦੀ ਏ ਹੁਸਨਾਂ ਦੀ,

ਓਨੀ ਨਿੱਤ ਵਧਦੀ ਜਾਂਦੀ ਮਗ਼ਰੂਰੀ ਹੈ।

----

ਹੁਣ ਨਾ ਚਾਕ ਰੰਝੇਟਾ ਕੰਨ ਪੜਵਾਉਂਦਾ ਹੈ,

ਨਾ ਹੀ ਹੀਰ ਸਲੇਟੀ ਛੰਨੇ ਚੂਰੀ ਹੈ।

----

ਤੇਰੇ ਲਾਰੇ ਇਕਰਾਰਾਂ ਵਿੱਚ ਬਦਲ਼ਣ ਲਈ,

ਨਿੱਤ ਇੱਕ ਚੱਕਰ ਪਟਿਆਲ਼ੇ ਤੋਂ ਧੂਰੀ ਹੈ।

===================

ਗ਼ਜ਼ਲ

ਕਾਲ਼ੇ, ਘੁੱਪ ਹਨੇਰੇ ਤੋਂ ਡਰ ਲਗਦਾ ਹੈ।

ਆਪਣੇ ਚਾਰ ਚੁਫ਼ੇਰੇ ਤੋਂ ਡਰ ਲੱਗਦਾ ਹੈ।

----

ਲਹੂ ਪੀਣੀਆਂ ਲੋੜਾਂ ਦੀ ਚਿਚਲਾਹਟ ਹੈ,

ਮੈਨੂੰ ਤਾਂ ਘਰ ਮੇਰੇ ਤੋਂ ਡਰ ਲਗਦਾ ਹੈ।

----

ਕੱਲ੍ਹ ਜਿੱਥੇ ਚੂਰੀ ਕੁੱਟ ਪਾਈ ਕਾਵਾਂ ਨੂੰ,

ਸੁੰਨੇ ਅੱਜ ਬਨੇਰੇ ਤੋਂ ਡਰ ਲੱਗਦਾ ਹੈ।

----

ਦੁਸ਼ਮਣ ਜਿੱਥੇ ਭੇਸ ਬਦਲ ਕੇ ਬੈਠੇ ਨੇ,

ਦੋਸਤੀਆਂ ਦੇ ਘੇਰੇ ਤੋਂ ਡਰ ਲੱਗਦਾ ਹੈ।

----

ਦਾਗ਼ੀ ਹੋਈ ਜ਼ਮੀਰ ਲੁਕਾਈ ਫਿਰਦੇ ਹਾਂ,

ਚਾਨਣ ਭਰੇ ਸਵੇਰੇ ਤੋਂ ਡਰ ਲਗਦਾ ਹੈ।

----

ਸਾਂਝਾਂ ਵਿਚ ਹੀ ਬੁੱਕਲ਼ ਦੇ ਸੱਪ ਪਲ਼ਦੇ ਨੇ,

ਰਿਸ਼ਤੇ ਤੇਰੇ ਮੇਰੇ ਤੋਂ ਡਰ ਲਗਦਾ ਹੈ।

----

ਲੋਕਾਂ ਦੇ ਹਰ ਹਾਸੇ ਅੰਦਰ ਟਿਚਕਰ ਹੈ,

ਤਾਹੀਓਂ ਹਾਸੇ ਤੇਰੇ ਤੋਂ ਡਰ ਲੱਗਦਾ ਹੈ।


No comments: