ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 3, 2009

ਡਾ: ਸੁਖਪਾਲ - ਨਜ਼ਮ

ਸਾਹਿਤਕ ਨਾਮ: ਡਾ: ਸੁਖਪਾਲ

ਨਿਵਾਸ: ਕੈਨੇਡਾ

ਵਿੱਦਿਆ: ਵੈਟ੍ਰਨਰੀ ਸਾਇੰਸ ਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਤੋਂ ਡਿਗਰੀ ( 1982) ਅਤੇ ਯੂਨੀਵਰਸਿਟੀ ਆਫ਼ ਗੁਅਲਫ਼ ਕੈਨੇਡਾ ਤੋਂ ਡਾਕਟਰੇਟ ( 1995)

ਕਿੱਤਾ: ਅਧਿਆਪਨ (ਐਨੀਮਲ ਐਨਸਥੀਜ਼ੀਆ ਯੂਨੀਵਰਸਿਟੀ ਆਫ਼ ਗੁਅਲਫ਼)

ਕਿਤਾਬਾਂ: ਚੁੱਪ ਚੁਪੀਤੇ ਚੇਤਰ ਚੜ੍ਹਿਆ (2003), ਰਹਣੁ ਕਿਥਾਊ ਨਾਹਿ ( 2007)

ਦੋਸਤੋ! ਡਾ: ਸੁਖਪਾਲ ਜੀ ਦੀਆਂ ਰਚਨਾਵਾਂ ਆਰਸੀ ਪਹਿਲਾਂ ਵੀ ਮੈਂ ਉਹਨਾਂ ਦੀ ਕਿਤਾਬ ਚੁੱਪ ਚੁਪੀਤੇ ਚੇਤਰ ਚੜ੍ਹਿਆ ਚੋਂ ਸ਼ਾਮਲ ਕੀਤੀਆਂ ਹਨ, ਜੋ ਉਹਨਾਂ ਨੇ ਮੈਨੂੰ ਕੈਲਗਰੀ ਵਿਖੇ ਇੱਕ ਯਾਦਗਾਰੀ ਮੁਲਾਕਾਤ ਦੌਰਾਨ ਦਿੱਤੀ ਸੀ, ਪਰ ਅੱਜ ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਉਹਨਾਂ ਨੇ ਨਵੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਹਾਜ਼ਰੀ ਲਵਾਈ ਹੈ। ਮੈਂ ਡਾ: ਸਾਹਿਬ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਵੀਆਂ ਰਚਨਾਵਾਂ ਚੋਂ ਦੋ ਨਜ਼ਮਾਂ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਓਦੋਂ ਤੇ ਹੁਣ

ਨਜ਼ਮ

ਸ਼ੀਸ਼ੇ ਵਿੱਚ ਤੱਕਿਆਂ

ਆਪਣਾ ਤਨ

ਲਗਦਾ ਹੈ ਭੱਦਾ

ਮੈਂ ਪਹਿਨ ਲੈਂਦਾ ਹਾਂ

ਸੋਹਣੇ ਧੋਤੇ ਸੁਆਰੇ ਹੋਏ ਕੱਪੜੇ

ਮੇਰਾ ਫ਼ਿਕਰਘਟ ਜਾਂਦਾ ਹੈ

ਮੁੱਕਦਾ ਤਾਂ ਨਹੀਂ

...............

ਕਦੀ ਵੇਲ਼ਾ ਸੀ

.................

ਮੇਰੇ ਕੋਲ ਚੰਗੇ ਕੱਪੜੇ ਨਾ ਸਨ

ਮੈਂ ਮੰਗਵੇਂ ਕੱਪੜੇ ਪਾ ਲੈਂਦਾ ਸਾਂ

ਦੂਜਿਆਂ ਅੱਗੇ ਪੇਸ਼ ਹੋਣਵੇਲੇ

ਓਦੋਂ ਤੇ ਹੁਣ ਦਰਮਿਆਨ

ਫਰਕ ਕੋਈ ਬਹੁਤਾ ਨਹੀਂ

.....................

ਫ਼ਿਕਰ ਓਦੋਂ ਵੀ ਸੀ

ਫ਼ਿਕਰ ਹੁਣ ਵੀ ਹੈ

ਨੰਗੇ ਹੋਣ ਦੀ ਹਿੰਮਤ

ਨਾ ਓਦੋਂ ਸੀ........

.....................

ਨਾ ਹੁਣ ਹੈ।

===========

ਆਖਰੀ ਕਵਿਤਾ

ਨਜ਼ਮ

ਇਹ ਕਵਿਤਾ

ਮੇਰੀ ਆਖਰੀ ਹੈ

ਇਸਨੂੰ ਪੂਰਾ ਕਰਨ ਮਗਰੋਂ

ਮੈਂ ਵਿਦਾ ਹੋ ਜਾਣਾ ਹੈ

ਕੋਈ ਕਾਹਲ ਨਹੀਂ

ਏਸ ਨੂੰ ਪੂਰਾ ਕਰਨ ਦੀ

ਕੋਈ ਚਿੰਤਾ ਨਹੀਂ

ਏਸ ਤੋਂ ਅਗਲੀ ਕਵਿਤਾ ਦੀ

ਕੋਈ ਝੋਰਾ ਨਹੀਂ

ਮੈਥੋਂ ਪਿਛਲੀ ਕਵਿਤਾ

ਚੰਗੀ ਨਾ ਲਿਖ ਹੋਈ

..........................

ਇਹ ਆਖਰੀ ਕਵਿਤਾ

ਮੈਂ ਲਿਖਣੀ ਹੈ

..............

ਆਪੇ ਨਾਲ ਇੱਕ-ਮਿੱਕ ਹੋ ਕੇ

.................

ਧਰਤੀ ਵਾਂਗ ਇਕਾਗਰ ਹੋ ਕੇ

................

ਪਾਣੀ ਵਾਂਗ ਰੱਜ ਕੇ

.................

ਪੌਣ ਵਾਂਗ ਮੁਕਤ ਹੋ ਕੇ

...................

ਖਲਾਅ ਵਾਂਗ ਹਰ ਥਾਈਂ ਪਸਰ ਕੇ

...................

ਅਗਨੀ ਵਾਂਗ ਸ਼ੁੱਧ ਹੋ ਕੇ

....................

ਇਸ ਕਵਿਤਾ ਵਿੱਚ

ਮੈਂ ਸਮਾਅ ਜਾਣਾ ਹੈ

ਸਾਰੇ ਦਾ ਸਾਰਾ ..............

..........................

ਕੋਈ ਮੈਨੂੰ ਯਾਦ ਕਰੇ

ਤਾਂ ਮੈਂ ਨਹੀਂ

ਇਹ ਕਵਿਤਾ ਯਾਦ ਆਵੇ

ਇਸ ਤੋਂ ਪਿਛਲੀ ਕਵਿਤਾ ਵੀ

ਮੈਂ ਏਵੇਂ ਹੀ ਲਿਖੀ ਸੀ

ਇਸ ਤੋਂ ਅਗਲੀ ਵੀ

ਏਵੇਂ ਹੀ ਲਿਖਾਂਗਾ........


No comments: