ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, February 2, 2009

ਇਮਰੋਜ਼ - ਨਜ਼ਮ

ਸਾਹਿਤਕ ਨਾਮ: ਇਮਰੋਜ਼

ਜਨਮ: ਜਨਵਰੀ 26, 1926

ਜਨਮ ਅਸਥਾਨ: ਚੱਕ ਨੰਬਰ 36, ਲਾਇਲਪੁਰ (ਪਾਕਿਸਤਾਨ)

ਕਿੱਤਾ: ਚਿੱਤਰਕਾਰ

ਨਿਵਾਸ: ਨਵੀਂ ਦਿੱਲੀ

ਕਿਤਾਬਾਂ: ਕਾਵਿ-ਸੰਗ੍ਰਹਿ: ਜਸ਼ਨ ਜਾਰੀ ਹੈ (ਪ੍ਰਕਾਸ਼ਿਤ), ਨਜ਼ਮ ਜਾਰੀ ਹੈ ( ਛਪਾਈ ਅਧੀਨ)

ਦੋਸਤੋ! ਮੈਨੂੰ ਇਸ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਇਮਰੋਜ਼ ਜੀ ਨੇ ਆਪਣੀਆਂ ਤਾਜ਼ਾ ਤੇ ਅਣਛਪੀਆਂ ਨਜ਼ਮਾਂ ਆਰਸੀ ਤੇ ਬੜੇ ਮੋਹ ਨਾਲ਼ ਲਗਾਉਂਣ ਲਈ ਦਿੱਤੀਆਂ ਹਨ। ਇਮਰੋਜ਼ ਜੀ ਕਿਸੇ ਵੀ ਤੁਆਰਫ਼ ਦੇ ਮੋਹਤਾਜ਼ ਨਹੀਂ। ਜਨਮ ਭਾਵੇਂ ਉਹਨਾਂ ਦਾ 1926 ਚ ਹੋਇਆ, ਪਰ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਜਨਵਰੀ 26, 1958 ਤੋਂ ਹੋਈ ਮੰਨਦੇ ਨੇ, ਜਦੋਂ ਸਤਿਕਾਰਤ ਅੰਮ੍ਰਿਤਾ ਪ੍ਰੀਤਮ ਜੀ ਨਾਲ਼ ਉਹਨਾਂ ਦੀ ਯਾਦਗਾਰੀ ਮੁਲਾਕਾਤ, ਉਮਰਾਂ ਤੋਂ ਲੰਮੇ ਵਾਅਦਿਆਂ ਚ ਬਦਲ ਗਈ। ਨਾਗਮਣੀ ਵਰਗਾ ਸਾਹਿਤਕ ਰਸਾਲਾ ਉਹਨਾਂ ਦੋਹਾਂ ਦੀ ਸਾਹਿਤ ਤੇ ਕਲਾ ਪ੍ਰਤੀ ਮੁਹੱਬਤ ਅਤੇ ਸ਼ਿੱਦਤ ਦੀ ਉਪਜ ਸੀ।

.......

ਪਰਸੋਂ ਕੋਈ ਦੋ-ਢਾਈ ਘੰਟੇ ਉਹਨਾਂ ਨਾਲ਼ ਫੋਨ ਤੇ ਹੋਈ ਖ਼ੂਬਸੂਰਤ ਗੁਫ਼ਤਗੂ ਯਾਦਗਾਰੀ ਹੋ ਨਿੱਬੜੀ, ਜਲਦ ਹੀ ਵਿਸਤਾਰ ਚ ਲਿਖ ਕੇ ਉਹਨਾਂ ਦਾ ਆਖਿਆ ਇੱਕ-ਇੱਕ ਲਫ਼ਜ਼ ਆਰਸੀ ਪਰਿਵਾਰ ਨਾਲ਼ ਸਾਂਝਾ ਕਰਾਂਗੀ। ਉਹਨਾਂ ਨੇ ਬਲੌਗ ਲਈ ਢੇਰ ਸਾਰੀਆਂ ਸ਼ੁੱਭ-ਕਾਮਨਾਵਾਂ ਭੇਜੀਆਂ ਨੇ, ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।

......

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਇਮਰੋਜ਼ ਜੀ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਦਸ ਕੁ ਹੋਰ ਰਚਨਾਵਾਂ ਆਰਸੀ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਨੀਰਵ ਸਾਹਿਬ ਦਾ ਵੀ ਬਹੁਤ-ਬਹੁਤ ਸ਼ੁਕਰੀਆ।

--------***********----------**********--------------

ਨੋਟ: ਇਹਨਾਂ ਅਣਛਪੀਆਂ ਰਚਨਾਵਾਂ ਦੇ ਸਾਰੇ ਹੱਕ ਲੇਖਕ ਦੇ ਰਾਖਵੇਂ ਹਨ। ਕਿਰਪਾ ਕਰਕੇ ਇਹਨਾਂ ਨੂੰ ਆਰਸੀ ਤੋਂ ਕਾਪੀ ਕਰਕੇ ਕਿਸੇ ਹੋਰ ਸਾਈਟ ਜਾਂ ਅਖ਼ਬਾਰ ਚ ਛਾਪਣ ਦੀ ਖੇਚਲ ਨਾ ਕੀਤੀ ਜਾਵੇ..ਸ਼ੁਕਰਗੁਜ਼ਾਰ ਹੋਵਾਂਗੇ।

ਧੀਆਂ

ਨਜ਼ਮ

ਉਸਨੇ ਇੱਕ ਧੀ ਜੰਮੀ ਹੈ

ਪਰ ਉਸਦੀ ਲਿਖਤ ਨੇ ਕਈ.........

....................

ਉਸਨੂੰ ਆਪ

ਜ਼ੇਵਰ ਪਹਿਨਣ ਦਾ

ਕੋਈ ਸ਼ੌਂਕ ਨਹੀ

ਪਰ..

ਓਹ ਆਪਣੀ ਪਸੰਦ ਦੇ....

ਛੋਟੇ-ਛੋਟੇ ਜ਼ੇਵਰ

ਖਰੀਦਦੀ ਰਹਿੰਦੀ ਹੈ

ਜਦੋਂ ਵੀ ਕੋਈ ਧੀ

ਮਿਲ਼ਣ ਆ ਜਾਂਦੀ ਹੈ

ਓਹ..

ਓਹਦਾ ਸ਼ਗਨ ਜ਼ਰੂਰ ਕਰਦੀ ਹੈ

.............

ਕਦੇ ਜ਼ੇਵਰ ਨਾਲ਼...

ਕਦੇ ਕਿਤਾਬਾਂ ਨਾਲ਼

..............

ਹੁਣ ਜਦੋਂ ਵੀ....

ਉਸਦੇ ਵਕਤ ਦੀ ਜਾਈ

ਉਸਦੀ ਲਿਖਤ ਦੀ ਜਾਈ

ਕੋਈ ਧੀ ਮੈਨੂੰ ਮਿਲ਼ਣ ਆਉਂਦੀ ਹੈ

ਤਾਂ......

ਮੇਰੀ ਇੱਕ ਪੇਂਟਿੰਗ ..

ਉਸਦਾ ਸ਼ਗਨ ਬਣ ਜਾਂਦੀ ਹੈ

ਇਹਨਾਂ ਅਹਿਸਾਸ ਦੀਆਂ ਜਾਈਆਂ ਲਈ...

ਸਾਡੇ ਘਰ ਨਾ ਤਾਂ ਕਦੇ

ਜ਼ੇਵਰਾਂ ਦੀ ਕਮੀ ਹੋਈ ਹੈ

.....ਨਾ ਕਦੇ ਕਿਤਾਬਾਂ ਦੀ

......ਨਾ ਕਦੇ ਪੇਂਟਿੰਗਾਂ ਦੀ।

===============

ਫ਼ਿਕਰ

ਨਜ਼ਮ

ਇਹ ਰੱਬ ਦਾ ਕੋਈ

ਤਜ਼ਰਬਾ ਹੋ ਸਕਦਾ ਹੈ

ਕਰਾਮਤ ਨਹੀਂ

ਕਿ ਬੱਚਾ...

ਔਰਤ ਦਾ ਜਿਸਮ ਪੈਦਾ ਕਰੇ...

ਔਰਤ ਨਹੀਂ!

----

ਔਰਤ ਨੇ ਨਹੀਂ

ਔਰਤ ਦੇ ਜਿਸਮ ਨੇ

ਜ਼ਬਰ ਦੇ ਬੱਚੇ ਜੰਮੇ

ਰੇਪ ਦੇ ਬੱਚੇ ਪੈਦਾ ਕੀਤੇ

ਤੇ...

ਅਣਚਾਹੇ ਮਰਦਾਂ ਦੇ ਵੀ!

----

ਔਰਤ ਨਾਲ਼ ਇਹ ਜ਼ੁਲਮ

ਹੁੰਦਾ ਆ ਰਿਹੈ ਸਦੀਆਂ ਤੋਂ..

ਕੁੱਝ ਨਾ ਸਕੀ

ਬੇਬੱਸ ਬਰਦਾਸ਼ਤ ਕਰਦੀ ਰਹੀ

----

ਇਸ ਜ਼ੁਲਮ ਨਾਲ਼

ਇੱਕ ਹੋਰ ਜ਼ੁਲਮ ਹੁੰਦਾ ਆ ਰਿਹੈ

ਮਨਚਾਹੀ ਨਸਲ ਦੀ ਥਾਂ..

ਅਣਚਾਹੀ ਨਸਲ ਪੈਦਾ ਹੁੰਦੇ ਜਾਣਾ

ਵਧਦੀ ਜਾ ਰਹੀ ਅਣਚਾਹੀ ਨਸਲ ਦਾ

ਕਿਸੇ ਨੂੰ ਕੋਈ ਫ਼ਿਕਰ ਨਹੀਂ

ਕਿਸੇ ਨੂੰ ਵੀ ਕੋਈ ਵੀ ਫ਼ਿਕਰ

ਨਜ਼ਰ ਨਹੀਂ ਆ ਰਿਹੈ

ਨਾ ਰੱਬ ਨੂੰ ..

ਨਾ ਲੋਕਾਂ ਨੂੰ

---

ਇਹ ਰੱਬ ਦਾ ਕੋਈ

ਤਜ਼ਰਬਾ ਹੀ ਹੋ ਸਕਦੈ

ਕਰਾਮਾਤ ਨਹੀਂ

ਕਰਾਮਾਤ ਹੁੰਦੀ

ਤਾਂ..

ਔਰਤ ਦਾ ਆਦਰ ਹੁੰਦਾ

ਓਹਦੀ ਮਰਜ਼ੀ ਦਾ ਆਦਰ

ਓਹ ਮਰਜ਼ੀ ਨਾਲ਼

ਬੱਚਾ ਪੈਦਾ ਕਰਦੀ

ਤੇ ਉਹ ਵੀ...

ਮਨਚਾਹੇ ਮਰਦ ਦਾ

----

ਮਨਚਾਹੀ ਨਸਲ

ਸਿਰਫ਼ ਓਦੋਂ ਪੈਦਾ ਹੋਵੇਗੀ

ਜਦੋਂ ਬੱਚਾ....

ਨਾ ਅਣਚਾਹੇ ਮਰਦ ਦਾ ਹੋਵੇਗਾ

ਤੇ ਨਾ ਹੀ ਅਣਚਾਹੀ ਔਰਤ ਦਾ।




7 comments:

ਤਨਦੀਪ 'ਤਮੰਨਾ' said...

ਤਨਦੀਪ, ਇਮਰੋਜ਼ ਜੀ ਦੀਆਂ ਨਜ਼ਮਾਂ ਲਾਜਵਾਬ ਨੇ!ਬਲੌਗ ਸੋਹਣਾ ਹੁੰਦਾ ਜਾ ਰਿਹਾ ਹੈ, ਸਭ ਨੂੰ ਮੁਬਾਰਕਾਂ!

ਸੁਰਜੀਤ
ਕੈਨੇਡਾ
==========
ਬਹੁਤ-ਬਹੁਤ ਸ਼ੁਕਰੀਆ ਸੁਰਜੀਤ ਜੀ! ਤੁਹਾਡੀਆਂ ਭੇਜੀਆਂ ਨਵੀਆਂ ਨਜ਼ਮਾਂ ਵੀ ਕਮਾਲ ਦੀਆਂ ਨੇ। ਜਲਦ ਹੀ ਪੋਸਟ ਕਰਾਂਗੀ।
ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਇਮਰੋਜ਼..ਤੁਹਾਨੂੰ ਅਕੀਦਤ ਦੇ ਫੁੱਲ ਨਜ਼ਰ ਕਰਦਾ ਹਾਂ। ਆਰਸੀ ਬਹੁਤ ਹੀ ਖ਼ੁਸ਼ਨਸੀਬ ਹੈ, ਜਿਸਨੇ ਤੁਹਾਡੇ ਇਹਨਾਂ ਲਫ਼ਜ਼ਾਂ ਦੀ ਫ਼ਸਲ ਸਾਂਭ ਲਈ ਹੈ ਅਤੇ ਆਪਣੇ ਸਾਹਿਤਕ ਵਿਹੜੇ 'ਚ ਤੁਹਾਨੂੰ 'ਜੀਅ ਆਇਆਂ' ਆਖਿਆ ਹੈ। ਤੁਹਾਡੇ ਨਾਲ਼ ਹੋਈਆਂ ਇੱਕ-ਦੋ ਮੁਲਾਕਾਤਾਂ,ਵਰ੍ਹਿਆਂ ਪੁਰਾਣੇ ਨਾਗਮਣੀ ਘਰ 'ਚ ਲੈ ਗਈਆਂ। ਮੈਂ ਆਰਸੀ ਦਾ ਇੱਕ ਅਦਨਾ ਜਿਹਾ ਪਾਠਕ, ਤੁਹਾਡੀ ਆਮਦ ਉੱਤੇ ਨਜ਼ਰਾਂ ਵਿਛਾਉਂਦਾ ਹਾਂ!
ਦਰਸ਼ਨ ਦਰਵੇਸ਼
ਪੰਜਾਬ
=================
ਦਰਵੇਸ਼ ਜੀ, ਆਰਸੀ ਤੇ ਇਮਰੋਜ਼ ਜੀ ਦੀ ਹਾਜ਼ਰੀ ਨੇ ਪੰਜਾਬੀ ਸਾਹਿਤ ਦਾ ਕੱਦ ਹੋਰ ਬੁਲੰਦ ਕਰ ਦਿੱਤਾ ਹੈ। ਉਹਨਾਂ ਨੇ ਜਿਸ ਮੁਹੱਬਤ ਨਾਲ਼ ਇਹ ਨਜ਼ਮਾਂ ਭੇਜ ਕੇ ਆਸ਼ੀਰਵਾਦ ਦਿੱਤਾ ਹੈ, ਮੈਂ ਖ਼ੁਦ ਬੇਹੱਦ ਖ਼ੁਸ਼ ਵੀ ਹਾਂ ਤੇ ਹੈਰਾਨ ਵੀ। ਅੱਖਾਂ ਭਰ ਆਈਆਂ ਨੇ! ਇਮਰੋਜ਼ ਜੀ ਦੀ ਲਿਖਤ ਤੇ ਕਲਾ ਨੂੰ ਸਾਡਾ ਸਭ ਦਾ ਸਲਾਮ!!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਇਮਰੋਜ਼ ਜੀ ਦੀਆਂ ਨਜ਼ਮਾਂ ਨਾਲ਼ ਹਾਜ਼ਰੀ,ਆਰਸੀ ਦੀ ਪ੍ਰਾਪਤੀ ਹੈ ਤੇ ਸਾਡੇ ਸਭ ਲਈ ਮਾਣ ਵਾਲ਼ੀ ਗੱਲ। ਇਮਰੋਜ਼ ਸਾਹਿਬ..ਖ਼ੁਸ਼ਆਮਦੀਦ !ਨਜ਼ਮਾਂ ਕਮਾਲ ਦੀਆਂ ਨੇ।

ਦਵਿੰਦਰ ਸਿੰਘ ਪੂਨੀਆ
ਕੈਨੇਡਾ
===============
ਬਹੁਤ-ਬਹੁਤ ਸ਼ੁਕਰੀਆ ਪੂਨੀਆ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਬੇਟੇ! ਆਰਸੀ 'ਚ ਇਮਰੋਜ਼ ਦੀ ਹਾਜ਼ਰੀ ਕਰਾਮਾਤ ਤੋਂ ਘੱਟ ਨਹੀਂ ਹੈ,ਮੈਂ ਆਰਸੀ ਖੋਲ੍ਹੀ ਤੇ ਹੈਰਾਨ ਰਹਿ ਗਿਆ, ਸਭ ਤੇਰੀ ਮਿਹਨਤ ਦਾ ਨਤੀਜਾ ਹੈ। ਉਹਨਾਂ ਦੀਆਂ ਦੋਵੇਂ ਨਜ਼ਮਾਂ ਬਹੁਤ ਵਧੀਆ ਨੇ। ਆਰਸੀ ਨੂੰ ਬਹੁਤ-ਬਹੁਤ ਵਧਾਈਆਂ।

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
=========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ, ਇਮਰੋਜ਼ ਜੀ ਦੀਆਂ ਨਜ਼ਮਾਂ ਨਾਲ਼ ਅੱਜ ਆਰਸੀ ਨੇ ਇੱਕ ਹੋਰ ਮੰਜ਼ਿਲ ਤਹਿ ਕਰ ਲਈ ਹੈ। ਉਹਨਾਂ ਦੀ ਹਾਜ਼ਰੀ ਤੇਰੀ ਪ੍ਰਾਪਤੀ ਹੈ। ਰੱਬ ਹੋਰ ਤਰੱਕੀਆਂ ਬਖ਼ਸ਼ੇ!

ਇੰਦਰਜੀਤ ਸਿੰਘ
ਕੈਨੇਡਾ
=========

ਸ਼ੁਕਰੀਆ ਅੰਕਲ ਜੀ। ਮੇਰਾ ਹੌਸਲਾ ਹੋਰ ਬੁਲੰਦ ਹੋਇਆ ਹੈ।
ਤਮੰਨਾ

ਤਨਦੀਪ 'ਤਮੰਨਾ' said...

ਇਮਰੋਜ਼ ਹੁਰਾਂ ਦਾ ਮੇਰੇ ‘ਤੇ ਬਹੁਤ ਅਸਰ ਹੈ ਤੇ ਮੈਂ ਪੁੱਛੇ ਬਗੈਰ ਉਨ੍ਹਾਂ ਨੂੰ ਗੁਰੂ ਬਣਾ ਲਿਆ ਸੀ । ਨਾਗਮਣੀ ‘ਚ ਉਨ੍ਹਾਂ ਦੀਆਂ ਵਾਹੀਆਂ ਲਕੀਰਾਂ ਤੋਂ ਮੇਰੇ ਪੋਟਿਆਂ ਨੇ ਹਰਕਤ ਸਿੱਖੀ । ਇਸ ਮਹਾਨ ਬੰਦੇ ਦੀ ਮੇਰੇ ਦਿਲ ‘ਚ ਹਮੇਸ਼ ਕਦਰ ਰਹੇਗੀ । ਅੰਮ੍ਰਿਤਾ ਜੀ ਜਦ ਬੇਹੱਦ ਬੀਮਾਰ ਸਨ ਉਦੋਂ ਉਨ੍ਹਾਂ ਨਾਲ ਅਤੇ ਇਮਰੋਜ਼ ਹੁਰਾਂ ਨਾਲ ਕੁਝ ਮਿੰਟਾਂ ਦੀ ਗੱਲਬਾਤ ਅਜੇ ਵੀ ਸੱਜਰੀ ਪਈ ਹੈ। ਪਰ ਕਿਸੇ ਨੂੰ ਮੁਹੱਬਤ ਕਰਨ ਲਈ ਉਸ ਸ਼ਖ਼ਸ ਨੂੰ ਮਿਲਣਾ ਜ਼ਰੂਰੀ ਨਹੀਂ । ਅੱਜ ਇਸ ਮਹਾਨ ਆਰਟਿਸਟ ਦੀ ਹਾਜ਼ਰੀ ‘ਆਰਸੀ’ ਦੇ ਵਿਹੜੇ ਲੱਗੀ ਹੈ ,ਬਹੁਤ ਚੰਗਾ ਲੱਗਾ। ਦੋਏ ਨਜ਼ਮਾਂ ਬਹੁਤ ਡੁੰਘੇ ਅਹਿਸਾਸ ਸਮੋਈ ਬੈਠੀਆਂ ਹਨ।

ਪ੍ਰਤੀਕ ਸਿੰਘ
ਟਰਾਂਟੋ, ਕੈਨੇਡਾ
==========
ਆਰਸੀ ਤੇ ਫੇਰੀ ਪਾਉਂਣ 'ਤੇ ਆਪਣੇ ਵਿਚਾਰ ਭੇਜਣ ਲਈ ਬੇਹੱਦ ਸ਼ੁਕਰੀਆ ਪ੍ਰਤੀਕ ਜੀ!ਤੁਹਾਡੀਆਂ ਲਿਖਤਾਂ ਦਾ ਇੰਤਜ਼ਾਰ ਹੈ!!
ਤਮੰਨਾ

Unknown said...

kinna sohna sushil tey sachha-suchha tey pyara hovayga oh sansar jis vich imroz horan dey eh ehsaas sach dey roop vich amal ho jaangay... shayad saaray klaakar hoangay....
shukkriya imroz g'
mussavar raji'