ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 1, 2009

ਗੁਰਪ੍ਰੀਤ - ਨਜ਼ਮ

ਸਾਹਿਤਕ ਨਾਮ: ਗੁਰਪ੍ਰੀਤ

ਨਿਵਾਸ: ਮਾਨਸਾ, ਪੰਜਾਬ

ਕਿੱਤਾ: ਅਧਿਆਪਨ

ਕਿਤਾਬਾਂ: ਦੋ ਕਾਵਿ-ਸੰਗ੍ਰਹਿ: - ਸ਼ਬਦਾਂ ਦੀ ਮਰਜੀ (1996),ਅਕਾਰਨ (2201) ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਇਨਾਮ-ਸਨਮਾਨ: 1996 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪ੍ਰੋ: ਮੋਹਨ ਸਿੰਘ ਕਵਿਤਾ ਪੁਰਸਕਾਰ ਨਾਲ਼ ਸਨਮਾਨਿਆ ਜਾ ਚੁੱਕਾ ਹੈ।

ਅੱਜ ਗੁਰਪ੍ਰੀਤ ਜੀ ਨੇ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਰਸੀ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ-ਬਹੁਤ ਸ਼ੁਕਰੀਆ।

ਬੇਟੀ ਲਈ ਪਿਤਾ

ਨਜ਼ਮ

ਸੁਬਹ ਉਠਦੀ

ਆਪਣੀ ਕੋਮਲ ਨਿੱਕੀ ਬਾਂਹ

ਮੈਨੂੰ ਕਲ਼ਾਵੇ ਭਰਦੀ ਪੁੱਛੇ ਬੇਟੀ

....ਉਠ ਖੜ੍ਹਾ ਦਿਨ....?

...........................

.....ਨਹੀਂ ਅਜੇ ਹੋਰ ਸੌਂ ਜਾ...!

ਆਖਦਾ ਮੈਂ.........

ਸੂਰਜ ਨੂੰ ਥੋੜ੍ਹੀ ਦੇਰ ਨਾਲ਼

ਨਿਕਲਣ ਲਈ ਨਿਵੇਦਨ ਕਰਦਾ

........................

ਉਹ ਹਸਦਾ ਤੇ ਆਖਦਾ

....ਮੈਂ ਵੀ ਇਕ ਬੇਟੀ ਦਾ ਪਿਤਾ ਹਾਂ

ਸਭ ਜਾਣਦਾ ਹਾਂ !

.........................

ਖੇਡਾਂ ਖੇਡਦਿਆਂ...............

ਦੁਨੀਆਂ ਨੂੰ ਪੜ੍ਹਦਿਆਂ ਪੜ੍ਹਾਉਂਦਿਆਂ

ਮੁਟਿਆਰ ਹੋ ਗਈ ਬੇਟੀ

................................

ਪਿਤਾ ਨੂੰ ਦਾੜ੍ਹੀ ਡਾਈ ਕਰਨ ਦੀ

ਤਾਕੀਦ ਕਰਦੀ ਹੈ...

ਨਾਭੀ ਕਮੀਜ਼ ਨਾਲ...

ਨਾਭੀ ਪੱਗ ਦੀ ਪੂਣੀ ਕਰਵਾਉਂਦੀ...

ਪਾਲਿਸ਼ ਕੀਤੇ ਚਮਕਦੇ...

ਬੂਟ ਪਾਉਣ ਲਈ ਆਖਦੀ ਹੈ....

...............................

ਨਵੀਂ ਦੁਨੀਆਂ ਦੇ

ਨਵੇਂ ਵਿਚਾਰਾਂ ਨਾਲ

ਸਿਆਣ ਕਰਵਾਉਂਦੀ ਹੈ......

...............................

ਮੈਂ.............

ਪਿਤਾ..............

ਬੇਟੀ ਕਰਕੇ ਬੁੱਢਾ ਹੋ ਰਿਹਾ.......

.........................................

ਬੇਟੀ ਕਰਕੇ ਜਵਾਨ ਹੋ ਰਿਹਾ ਹਾਂ।।

==============

ਖੂਹ

ਨਜ਼ਮ

ਖੂਹ ਕਿੰਨਾ ਡੂੰਘਾ

ਪਾਣੀ ਕਿੰਨਾ ਮਿੱਠਾ

ਜਾਣਨ ਉਹੀ

ਜੋ ਹਰ ਦਿਨ ਖੂਹ ਪੁੱਟ ਕੇ

ਪੀਣ ਪਾਣੀ

...................

ਜੇ ਨਾ ਹੁੰਦੇ..........

ਇਹ ਬੰਦੇ

ਤੇ ਮਿੱਠਾ ਪਾਣੀ

ਤਾਂ ਰਹਿ ਜਾਂਦੇ ਵਿਚਾਰੇ

ਖੂਹ ਸਾਰੇ

ਮਿੱਟੀ ਹੇਠਾਂ ਦੱਬੇ

.........................

ਪਾਣੀ ਪੀਂਦਾ ਬੰਦਾ

ਸੋਚ ਦਾ ਖੂਹ ਪੁੱਟੇ

.........................

ਹੋਰ ਸ਼ੈਆਂ ਕਿਹੜੀਆਂ

ਡੂੰਘੀਆਂ ਮਿੱਠੀਆਂ

ਜੋ ਰਹਿ ਗਈਆਂ

ਪੁੱਟਣ ਖੁਣੋਂ !


No comments: