ਫਿਰੇ ਆਤੰਕ ਹਰ ਪਾਸੇ ਹਰਿਕ ਨੂੰ ਮੌਤ ਦਾ ਡਰ ਹੈ।
ਮਗਰ ਹਾਕਮ ਇਹ ਕਹਿੰਦੇ ਨੇ ਵਤਨ ਸਾਡਾ ਸੁਤੰਤਰ ਹੈ।
----
ਮੈਂ ਕਿਹੜੇ ਸਾਲ, ਦਿਨ ਅਤੇ ਮਹੀਨੇ ‘ਚੋਂ ਗੁਜ਼ਰਦਾ ਹਾਂ
ਦੁਆਉਂਦਾ ਯਾਦ ਨਿੱਤ ਮੈਨੂੰ ਮੇਰੇ ਘਰ ਦਾ ਕਲੰਡਰ ਹੈ।
----
ਬਗਾਨੇ ਸ਼ਹਿਰ ਵਿਚ ਮੈਨੂੰ ਬੜਾ ਹੈ ਹੋਸਲਾ ਇਸ ਦਾ
ਕਿ ਪੈਰਾਂ ਹੇਠ ਓਹੀ ਧਰਤ ਓਹੀ ਸਿਰ ਤੇ ਅੰਬਰ ਹੈ।
----
ਤੂੰ ਛੱਡ ਕਰਨੇ ਇਹ ਦਾਅਵੇ ਹਾਰ ਵੀ ਮਨਜ਼ੂਰ ਹੈ ਤੈਨੂੰ
ਤਿਰੇ ਅੰਦਰ ਅਜੇ ਪਰ ਖੌਲ਼ਦਾ ਨਾਦਰ ਸਿਕੰਦਰ ਹੈ।
----
ਉਨ੍ਹਾਂ ਨੇ ਚੁਪ ‘ਚੋਂ ਵੀ ਸੁਰਜੀਤ ਕਰ ਲੈਣਾ ਹੈ ਸਰਗਮ ਨੂੰ
ਜਿਨ੍ਹਾਂ ਦੇ ਬੰਸਰੀ ਬੁੱਲ੍ਹਾਂ ‘ਤੇ ਪੈਰਾਂ ਵਿੱਚ ਝਾਂਜਰ ਹੈ।
----
ਜਿਨ੍ਹੇ ਟੁੱਟਣ ਨਹੀਂ ਦਿੱਤਾ ਮੇਰਾ ਰਿਸ਼ਤਾ ਜੋ ਖ਼ੁਦ ਨਾਲੋਂ
ਮੁਹੱਬਤ ਕਰ ਰਿਹਾ ਮੈਨੂੰ ਉਹ ਮੇਰਾ ਆਪਣਾ ਘਰ ਹੈ।
----
ਜਦੋਂ ਦਾ ਹੋ ਗਿਆ ਮੈਂ ਅਪਣੇ ਹੀ ਆਪ ਦੇ ਨੇੜੇ
ਨਾ ਜੀਣੇ ਦੀ ਖ਼ੁਸ਼ੀ ਕੋਈ ਨਾ ਮਰਨੇ ਦਾ ਕੋਈ ਡਰ ਹੈ।
ਤੂੰ ਐਵੇਂ ਰਿਸ਼ਤਿਆਂ ਦੀ ਜੂਹ ਚ ਬਹਿ ਕੇ ਕੋਸ ਨਾ ਖ਼ੁਦ ਨੂੰ
ਇਹ ਰਿਸ਼ਤੇ ਵੀ ਤਾਂ ‘ਢਿੱਲੋਂ’ ਇਕ ਤਰ੍ਹਾਂ ਦਾ ਹੀ ਅਡੰਬਰ ਹੈ।
No comments:
Post a Comment