ਮੇਰੇ ਧਰਮ ਮਨੁੱਖਤਾ ਨੂੰ ਧਰਮਾਂ ਨੇ ਵੰਡ ਲਿਆ।
ਕਿਸੇ ਪੁਣ ਤੇ ਛਾਣ ਲਿਆ, ਕਿਸੇ ਛੱਜ ਪਾ ਛੰਡ ਲਿਆ।
----
ਕਦੇ ਜੰਨਤ ਦੇ ਸੁਪਨੇ ਕਦੇ ਹੂਰਾਂ ਦੇ ਲਾਰੇ।
ਸੱਚਾ ਮੋਮਨ ਓਹੀ ਏ ਜੋ ਕਾਫ਼ਰ ਨੂੰ ਮਾਰੇ।
ਮਿਲਖਾਂ ਦੇ ਲਾਲਚ, ਕਿਸੇ ਨੂੰ ਧੀ ਦੇ ਕੇ ਗੰਢ ਲਿਆ…….. .
ਮੇਰੇ ਧਰਮ ਮਨੁੱਖਤਾ ਨੂੰ.....
----
ਸੋਮਰਸ ਤੇ ਪਰੀਆਂ ਦੇ ਮੈਨੂੰ ਲਾਰੇ ਲਾਏ ਨੇ।
ਸੁਰਗਾਂ ਵਿੱਚ ਰਾਜ ਮਿਲੂ, ਜਿਹੇ ਜਾਲ਼ ਵਿਛਾਏ ਨੇ।
ਤੇਰਾ ਸਿਰ ਨਹੀਂ ਮੰਗਦੇ ਚੱਲ ਤੂੰ ਸਿਰ ਦੀ ਝੰਡ ਲਿਆ.. ..
ਮੇਰੇ ਧਰਮ ਮਨੁੱਖਤਾ ਨੂੰ......
----
ਉਠ ਕੌਮ ਦੇ ਲੇਖੇ ਲੱਗ ਤੂੰ ਯੋਧਾ ਸੂਰਾ ਏਂ।
ਹੁਣ ਪਿਛੇ ਨਹੀਂ ਮੁੜਨਾ ਤੂੰ ਕਰਨੀ ਦਾ ਪੂਰਾ ਏਂ।
ਭੋਰਾ ਕੱਚ ਨਾ ਤੇਰੇ ਵਿੱਚ, ਭੱਠੀ ਪਾ ਚੰਡ ਲਿਆ.. ..
ਮੇਰੇ ਧਰਮ ਮਨੁੱਖਤਾ ਨੂੰ....
----
ਮਰਨ ਪਿਛੋਂ ਹੋਣਾ ਕੀ ਕੋਈ ਵੀ ਜਾਣੇ ਨਾ।
ਅੱਜ ਤੇਰੇ ਹੱਥ ਵਿੱਚ ਹੈ ਕਿਉਂ ਅੱਜ ਪਛਾਣੇਂ ਨਾ।
‘ਝੱਜ’ ਤੂੰ ਹੀ ਦੁਖੀਆਂ ਲਈ ਕੋਈ ਸੁੱਖਾਂ ਦੀ ਠੰਡ ਲਿਆ.. ..
ਮੇਰੇ ਧਰਮ ਮਨੁੱਖਤਾ ਨੂੰ......
----
ਮੇਰੇ ਧਰਮ ਮਨੁੱਖਤਾ ਨੂੰ ਧਰਮਾਂ ਨੇ ਵੰਡ ਲਿਆ।
ਕਿਸੇ ਪੁਣ ਤੇ ਛਾਣ ਲਿਆ, ਕਿਸੇ ਛੱਜ ਪਾ ਛੰਡ ਲਿਆ।
1 comment:
ਸੋਹਣੇ ਖਿਆਲਾਂ ਨਾਲ ਭਰਪੂਰ ਗੀਤ
ਮੇਰੇ ਵਲੋਂ ਦਾਦ ਹਾਜ਼ਿਰ ਹੈ
Post a Comment