ਅਜੋਕਾ ਨਿਵਾਸ: ਨਿਆਗਰਾ ਫਾਲਜ਼, ਯੂ.ਐੱਸ.ਏ.
ਕਿਤਾਬਾਂ: ਕਾਵਿ-ਸੰਗ੍ਰਹਿ: ਪੱਥਰ ਦੀ ਅੱਖ, ਗੁਲਾਬ, ਫ਼ਾਨੂਸ ਤੇ ਬਰਫ਼, ਆਨੰਦਪਰ ਬਨਾਮ ਦਿੱਲੀ, ਮੋਹ-ਮਹਿਲ, ਸੰਦਲੀ ਰੁੱਤ, ਮਿੱਟੀ ਦੇ ਮੋਰ ਅਤੇ ਗ਼ਜ਼ਲ ਸੰਗ੍ਰਹਿ: ਕਾਸ਼ਨੀ ਦੇ ਫੁੱਲ ਪ੍ਰਕਾਸ਼ਿਤ ਹੋ ਚੁੱਕੇ ਹਨ।
----
ਪ੍ਰਕਾਸ਼ਨ ਅਧੀਨ: ਕਾਵਿ-ਸੰਗ੍ਰਹਿ: ਕੱਚ ਦੀਆਂ ਮੁੰਦਰਾਂ, ਚੀਨੇ ਕਬੂਤਰ, ਢਾਈ ਪੱਤ ਮਛਲੀ ਦੇ, ਵਿਅੰਗ-ਸੰਗ੍ਰਹਿ: ਕਿੱਸਾ ਪਰਦੇਸੀ ਰਾਂਝਣ, ਹੱਸਦੇ ਹੱਸਦੇ ਜਾਂਦੇ ਜਾਂਦੇ ਅਤੇ ਵਾਰਤਕ-ਸੰਗ੍ਰਹਿ : ਪੰਜਾਬ ਦੇ ਮੇਲੇ ਪ੍ਰਕਾਸ਼ਨ ਅਧੀਨ ਹਨ।
----
ਇਨਾਮ-ਸਨਮਾਨ: 1977 ‘ਚ ਛਪੀ ਕਿਤਾਬ ਗੁਲਾਬ, ਫ਼ਾਨੂਸ ਤੇ ਬਰਫ਼ ਬਦਲੇ ਭਾਈ ਵੀਰ ਸਿੰਘ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਇਨਾਮਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।
----
ਕੰਵਲ ਸਾਹਿਬ ਨੂੰ ਸਭ ਤੋਂ ਲੰਮੀ ਤੋਰੀ ( Zuchhini Courgette) ਪੈਦਾ ਕਰਕੇ ਕਿਸੇ ਖੇਤੀ ਉਪਜ ਲਈ ਪਹਿਲੇ ਸਿੱਖ ਤੇ ਭਾਰਤੀ ਮੂਲ ਦੇ ਵਿਅਕਤੀ ਵਜੋਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰਨ ਦਾ ਵੀ ਮਾਣ ਹਾਸਲ ਹੈ।
---
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕੰਵਲ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਜਦ ਤੋਂ ਅਪਣੇ ਕਮਰੇ ਵਿਚ ਮੈਂ ਲਾਈਆਂ ਨੇ ਤਸਵੀਰਾਂ।
ਉਸ ਦਿਨ ਤੋਂ ਹੀ ਕਮਰੇ ਉਤੇ ਛਾਈਆਂ ਨੇ ਤਸਵੀਰਾਂ।
----
ਕਦੇ ਉਦਾਸ ਪਲਾਂ ਵਿਚ ਇਹਨਾਂ ਮੈਨੂੰ ਹੈ ਪਰਚਾਇਆ,
ਮੈਂ ਵੀ ਏਵੇਂ ਕਦੇ ਕਦੇ ਪਰਚਾਈਆਂ ਨੇ ਤਸਵੀਰਾਂ।
----
ਤਨਹਾਈ ਵਿਚ ਜਦੋਂ ਕਦੇ ਮੈਂ ‘ਵਾਜ਼ ਕਿਸੇ ਨੂੰ ਮਾਰੀ,
ਚੌਖਟਿਆਂ ‘ਚੋਂ ਨਿਕਲ਼ ਕੇ ਇਹ ਆਈਆਂ ਨੇ ਤਸਵੀਰਾਂ।
----
ਤਸਵੀਰਾਂ ਦੇ ਰੰਗਾਂ ਨੂੰ ਹੈ ਕੌਣ ਸੂਝ ਕੇ ਵਰਿਆ,
ਕਿਹੜੀ ਸੋਚ ਨੇ ਧੁਰ ਤੋਂ ਧੁਰ ਤਕ ਪਾਈਆਂ ਨੇ ਤਸਵੀਰਾਂ।
-----
ਇਹਨਾਂ ਦੀ ਗਰਮੀ ਨੇ ਮੇਰੇ ਯਖ਼ ਕੱਕਰ ਨੇ ਭੰਨੇ,
ਠਰੀਆਂ ਹੋਈਆਂ ਮੈਂ ਵੀ ਤਾਂ ਗਰਮਾਈਆਂ ਨੇ ਤਸਵੀਰਾਂ।
----
ਰੰਗ ਜ਼ਮਾਨੇ ਭਰ ਦੇ ਇਹਨਾਂ ਵਿਚ ਭਰ ਭਰ ਕੇ ਵੇਖੇ,
ਫਿਰ ਵੀ ਪਹਿਲਾਂ ਵਾਂਗੂੰ ਹੀ ਤਿਰਹਾਈਆਂ ਨੇ ਤਸਵੀਰਾਂ।
----
ਉਂਞ ਤਾਂ ਅਪਣੇ ਕਮਰੇ ਵਿਚ ਤਸਵੀਰਾਂ ਲਾਵਣ ਸਾਰੇ,
ਰਾਸ ਕਿਸੇ ਨੂੰ ਦੱਸੋ ਜੇਕਰ ਆਈਆਂ ਨੇ ਤਸਵੀਰਾਂ।
----
ਉਸ ਦਿਨ ਮੇਰਾ ਕਮਰਾ ਮੈਨੂੰ ਖਾਣ ਲਈ ਹੀ ਆਇਆ,
ਜਿਸ ਦਿਨ ਅਪਣੇ ਕਮਰੇ ‘ਚੋਂ ਮੈਂ ਲਾਹੀਆਂ ਨੇ ਤਸਵੀਰਾਂ।
----
ਕੀ ਆਖਾਂ ਇਹ ਚੰਗਾ ਹੋਇਆ ਜਾਂ ਕੁਝ ਹੋਇਆ ਮੰਦਾ,
ਜਦ ਬਾਜ਼ਾਰ ‘ਚ ਮੇਰੇ ਸੰਗ ਟਕਰਾਈਆਂ ਨੇ ਤਸਵੀਰਾਂ।
----
ਦਫ਼ਤਰ ਦੇ ਵਿਚ ਅਫ਼ਸਰ ਕਦੇ ਨਾ, ਕੰਮ ਦਾ ਸ਼ਿਕਵਾ ਕੀਤਾ,
ਜਦ ਵੀ ਉਸ ਵੱਲ ਹੱਸੀਆਂ ਤੇ ਸ਼ਰਮਾਈਆਂ ਨੇ ਤਸਵੀਰਾਂ।
----
ਹਾਕਮ ਦੇ ਮਨ ਭੁੱਖ ਵਸੀ ਹੈ ਤਸਵੀਰਾਂ ਮਾਨਣ ਦੀ,
ਆਪਣੀ ਕੋਠੀ ਚੁਣ ਚੁਣ ਉਸ ਮੰਗਵਾਈਆਂ ਨੇ ਤਸਵੀਰਾਂ।
================
ਗ਼ਜ਼ਲ
ਦਰਿਆ ਦੇ ਕੰਢੇ ਰਾਤ ਇਕ ਸੁਣਿਆ ਹੈ ਹੋਇਆ ਹਾਦਸਾ।
ਹੈ ਅਜਨਬੀ ਇਕ ਬੂੰਦ ਲਈ ਰੋਂਦਾ ਪਿਆਸਾ ਮਰ ਗਿਆ।
----
ਆਈ ਹਨੇਰੀ ਚੰਦਰੀ ਪੰਛੀ ਦੇ ਪੱਲੇ ਕੀ ਰਿਹਾ?
ਰੀਝਾਂ ਦਾ ਇਕੋ ਆਲ੍ਹਣਾ ਵੀ ਤੀਲ੍ਹਾ-ਤੀਲ੍ਹਾ ਹੋ ਗਿਆ।
----
ਸੀ ਉਹ ਗੁਬਾਰਾ ਰੰਗਲਾ ਉਡਿਆ ਤੇ ਉਡਦਾ ਹੀ ਗਿਆ,
ਬਸ ਕੀ ਪਤਾ ਕੀ ਹੋ ਗਿਆ? ਨਜ਼ਰੀਂ ਹੀ ਮੁੜ ਕੇ ਨਾ ਪਿਆ।
----
ਇਕ ਰੁੱਤ ਜ਼ਾਲਮ ਆਏਗੀ ਕਿ ਪੱਤ ਵੀ ਕਿਰ ਜਾਣਗੇ,
ਫੁੱਲਾਂ ‘ਚੋਂ ਹੱਸਦੇ ਰੁੱਖ ਨੇ ਇਹ ਨਾ ਕਦੇ ਸੀ ਸੋਚਿਆ।
----
ਉਹ ਨਾਗ ਇਕ ਫੁੰਕਾਰਦਾ ਜੂਹਾਂ ‘ਚ ਜੋ ਸੀ ਮੇਲ੍ਹਦਾ,
ਰੁਕਿਆ ਤੇ ਕੀਕਰ ਪਰਤਿਆ ਜਾਦੂ ਸੀ ਕਿਹੜੀ ਬੀਨ ਦਾ।
----
ਹੱਥਾਂ ‘ਚ ਸਾਰੀ ਤਾਸ਼ ਸੀ, ਸੀ ਵਕ਼ਤ ਚਲਦੀ ਖੇਡ ਵੀ,
ਬਸ ਮਾਤ ਉਸਨੂੰ ਦੇ ਗਿਆ ਇਕੋ ਹੀ ਪੱਤਾ ਰੰਗ ਦਾ।
----
ਨਾ ਜ਼ਿੰਦਗੀ, ਨਾ ਖ਼ੁਦਕੁਸ਼ੀ ਕਹੀਏ ਤਾਂ ਇਸ ਨੂੰ ਫੇਰ ਕੀ?
ਇਲਜ਼ਾਮ ਅਪਣੇ ਆਪ ‘ਤੇ ਹੈ ਯਾਰ ਅਪਣੇ ਕ਼ਤਲ ਦਾ।
----
ਮਰਦੇ ਆਵਾਜ਼ਾਂ ਦਿੱਤੀਆਂ, ਕੋਈ ਇਕ ਵੀ ਨਾ ਬਹੁੜਿਆ,
ਵਿੰਹਦੇ ਹੀ ਕੋਲ਼ੋਂ ਗੁਜ਼ਰਿਆ ਮਿੱਤਰਾਂ ਦਾ ਇਉਂ ਵੀ ਕਾਫ਼ਲਾ।
----
ਸੁਣਦੇ ਤਾਂ ਸੀ ਕਿ ਸਮਾਂ ਇਹ ਹੈ ਬਦਲਦੇ ਹੀ ਬਦਲਦਾ,
ਪਰ ਸਾਡੇ ਲਈ ਇਉਂ ਬਦਲਿਆ ਜਿਉਂ ਨਾ ਸੀ ਕਦੇ ਬਦਲਿਆ।
2 comments:
ਹੱਥਾਂ ‘ਚ ਸਾਰੀ ਤਾਸ਼ ਸੀ, ਸੀ ਵਕ਼ਤ ਚਲਦੀ ਖੇਡ ਵੀ,
ਬਸ ਮਾਤ ਉਸਨੂੰ ਦੇ ਗਿਆ ਇਕੋ ਹੀ ਪੱਤਾ ਰੰਗ ਦਾ।
waah...waah...!!
ਨਾ ਜ਼ਿੰਦਗੀ, ਨਾ ਖ਼ੁਦਕੁਸ਼ੀ ਕਹੀਏ ਤਾਂ ਇਸ ਨੂੰ ਫੇਰ ਕੀ?
ਇਲਜ਼ਾਮ ਅਪਣੇ ਆਪ ‘ਤੇ ਹੈ ਯਾਰ ਅਪਣੇ ਕ਼ਤਲ ਦਾ।
bhot khoob...!!
ਨਾ ਜ਼ਿੰਦਗੀ, ਨਾ ਖ਼ੁਦਕੁਸ਼ੀ ਕਹੀਏ ਤਾਂ ਇਸ ਨੂੰ ਫੇਰ ਕੀ?
ਇਲਜ਼ਾਮ ਅਪਣੇ ਆਪ ‘ਤੇ ਹੈ ਯਾਰ ਅਪਣੇ ਕ਼ਤਲ ਦਾ।
...Kawanl Sahib...thuaada eh shayar mainuN bohut hi pasand aaiay hai...all the best...
Regards...
Sukhdarshan Dhaliwal
Post a Comment