
ਨਜ਼ਮ
(1)
ਸੁਪਨੇ ਵਿਚ ਆਈ ਮੇਰੀ ਮਾਂ ਕਹਿਣ ਲੱਗੀ,
“ ਨਾ ਵੇ ਪੁੱਤ! ਏਦਾਂ ਦੀ ਕਵਿਤਾ ਨਹੀਂ ਪੜ੍ਹੀਦੀ
ਸੁੱਖੀ ਸਾਂਦੀ ਤੂੰ ਕਿਉਂ ਜੋਬਨ-ਰੁੱਤੇ ਮਰੇਂ
ਮਰਨ ਤੇਰੇ ਵੈਰੀ, ਤੇਰੇ ਦੁਸ਼ਮਣ
ਜਾਂ ਉਹ ਧਗੜੇ,
ਜਿਹੜੇ ਨਿੱਤ ਤੈਨੂੰ ਗ਼ਲਤ ਪੱਟੀਆਂ ਪੜ੍ਹਾਉਂਦੇ ਆ।
..............
ਚੱਲ ਜੇ ਮੇਰਾ ਕੋਈ ਫਿਕਰ ਨਹੀਂ ਤੈਨੂੰ
ਤਾਂ ਆਪਣੇ ਬਾਪ ਵੱਲ ਤਾਂ ਦੇਖ
ਉਹ ਤਾਂ ਅੱਗੇ ਹੀ ਕੰਡੇ ਵਾਂਗੂੰ
ਸੁੱਕਿਆ ਪਿਆ ਦੇਖ ਦੇਖ ਤੈਨੂੰ।
................
ਭੈੜਿਆ ਬਹੂ ਦਾ ਹੀ ਖ਼ਿਆਲ ਕਰ
ਤੇ ਆਹ ਉਹਦੇ ਚੂਚੇ
ਮਸਾਂ ਮੂੰਹ ਦੇਖਿਆ ਅਸੀਂ ਤਾਂ
ਕੁਛ ਉਹਨਾਂ ਦਾ ਹੀ ਖ਼ਿਆਲ ਕਰ।
................
ਜੋਬਨ ਰੁੱਤੇ ਤਾਂ ਪੁੱਤ ਕੋਈ
ਦੁਸ਼ਮਣ ਨੂੰ ਵੀ ਨਾ ਮਾਰੇ
ਆਹ ਦੇਖ, ਵੇ ਪੁੱਤ!
ਮੈਂ ਤੇਰੇ ਮੂਹਰੇ ਹੱਥ ਬੰਨ੍ਹਦੀ ਆਂ!”
----
(2)
ਅੱਜ ਸੁਪਨੇ ‘ਚ ਮੇਰੀ ਸਵਰਗਵਾਸੀ ਮਾਂ ਨੇ
ਮੇਰੀ ਖੁੱਲ੍ਹੀ ਕਵਿਤਾ ਸੁਣੀ
ਤਾਂ ਸੁੰਨ ਹੋ ਗਈ
..........
ਸ਼ਾਇਦ ਉਹਨੂੰ ਭੁਲੇਖਾ ਪੈ ਗਿਆ ਸੀ
ਜਿਵੇਂ ਪੁੱਤ ਦੇ ਗਲ਼ੇ ਨੂੰ
ਕੋਈ ਰੋਗ ਲੱਗ ਗਿਆ ਹੋਵੇ,
ਖੁੱਲ੍ਹੀ ਕਵਿਤਾ ਦਾ ਰੋਗ!
ਜਾਂ ਸ਼ਾਇਦ ‘ਹਾਇਕੂ’ ਦਾ ਰੋਗ!
............
ਕਹਿੰਦੀ, ਪੁੱਤ ਦੇ ਗਲ਼ੇ ਵਿਚ ਰਸਾ ਹੈ ਨ੍ਹੀਂ
ਰਾੜੇ ਵਾਲ਼ੇ ਸੰਤਾਂ ਵਰਗਾ।
...........
ਪਰ, ਪੁੱਤ ਨੇ ਕਿਹੜਾ
ਮੇਰੀ ਗੱਲ ਮੰਨਣੀ ਆਂ
ਮਨਾਂ ਚੁੱਪ ਈ ਭਲੀ ਆ!
----
(3)
ਟੀ.ਵੀ. ਉੱਤੇ ਜਦੋਂ ਮੈਂ
ਇਰਾਕੀ/ਫਲਸਤੀਨੀ ਮਾਵਾਂ ਨੂੰ ਦੇਖਦਾ ਹਾਂ
ਮੈਨੂੰ ਬੁਸ਼ ਦਿਸ ਪੈਂਦਾ ਹੈ
ਮੈਨੂੰ ਆਪਣੇ ਪਿੰਡ ਦੀਆਂ ਮਾਵਾਂ
ਸਾਫ਼ ਦਿਸਣ ਲੱਗ ਪੈਂਦੀਆਂ ਹਨ
ਮੈਨੂੰ ਆਪਣਾ ਆਪ ਦਿਸਣੋਂ ਹਟ ਜਾਂਦਾ ਹੈ
ਟੈਲੀਵੀਜ਼ਨ ਦੇਖੀ ਨਹੀਂ ਜਾਂਦੀ।
..................
ਫਿਰ ਕਿਸੇ ਮਾਂ ਦੇ ਬੋਲ
ਧਰਵਾਸ ਦਵਾਉਂਦੇ ਹਨ,
“ਪੁੱਤ ਸਭ ਦੁੱਖ-ਸੁੱਖ
ਆਖਰ ਵਿਚ ਢਲ਼ ਜਾਂਦੇ ਹਨ
ਬਹੁਤਾ ਫਿਕਰ ਨਾ ਕਰਿਆ ਕਰ!”
5 comments:
ਤਮੰਨਾ ਜੀ, ਅੱਜ ਇੱਕੋ ਵਿਸ਼ੇ ਤੇ ਕਵਿਤਾਵਾਂ ਇਕੱਠੀਆਂ ਲਾ ਦਿੱਤੀਆਂ। ਘਣਗਸ ਜੀ ਦੀ ਨਜ਼ਮ ਵੀ ਬਹੁਤ ਵਧੀਆ ਹੈ।
ਜਿਹੜੇ ਧਗੜੇ ਤੈਨੂੰ ਨਿੱਤ ਗ਼ਲਤ ਪੱਟੀਆਂ ਪੜ੍ਹਾਉਂਦੇ ਆਂ
ਮਾਂ ਦੀਆਂ ਗਾਲ੍ਹਾਂ, ਘਿਓ ਦੀਆਂ ਨਾਲ਼ਾਂ ਯਾਦ ਆ ਗਈਆਂ।
ਮਾਂ ਵਿਚਾਰੀ ਨੂੰ ਹਾਇਕੂ ਕੀ ਪਤਾ ਲੱਗਣੇ ਸਨ, ਉਹਦੇ ਲੋਕ ਗੀਤਾਂ ਦੀਆਂ ਲੰਮੀਆਂ ਹੇਕਾਂ ਮੂਹਰੇ ਤਾਂ ਸਭ ਤੁੱਛ ਹਨ।
ਮਨਧੀਰ ਦਿਓਲ
ਕੈਨੇਡਾ
ਘਣਗਸ ਜੀ, ਮਾਂਵਾਂ ਠੰਡੀਆਂ ਛਾਂਵਾਂ। ਜਿੰਨੀਆਂ ਮਰਜੀ ਗਾਲਾਂ ਕੱਢਣ, ਔਲਾਦ ਦਾ ਦੁੱਖ ਸਹਿਣ ਨਹੀਂ ਕਰ ਸਕਦੀਆਂ।
ਕਵਿਤਾ ਵਧੀਆ ਲੱਗੀ।
ਸੁਖਵੀਰ ਸੈਂਹਬੀ
ਲੁਧਿਆਣਾ
khoobsoorat khayaalbandi
Gurdev singh ji diyan nazama hameshan bilkul vakhri taran diyan hundian han .vakiya he kavita oh jo dimaag de naal naal dil nu ve sakoon pahunchave te rooh taq uttar jave.
ਕਹਿੰਦੀ, ਪੁੱਤ ਦੇ ਗਲ਼ੇ ਵਿਚ ਰਸਾ ਹੈ ਨ੍ਹੀਂ
ਰਾੜੇ ਵਾਲ਼ੇ ਸੰਤਾਂ ਵਰਗਾ।
Ghangas ji di poem parh ke Maa hor vi chete aaye.
Amol Minhas
California
Post a Comment